ਟੋਰਾਂਟੋ, 22 ਜਨਵਰੀ (ਪੋਸਟ ਬਿਊਰੋ)- ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ 30 ਸਾਲ ਸਵੇਰੇ ਅਤੇ ਸ਼ਾਮ ਅਰਦਾਸ ਦੀ ਸੇਵਾ ਨਿਭਾਉਣ ਵਾਲੇ ਭਾਈ ਬਲਵੀਰ ਸਿੰਘ ਜੀ ਦਾ ਸਨਮਾਨ ਕੱਲ੍ਹ ਓਂਟਾਰੀਓ ਖਾਲਸਾ ਦਰਬਾਰ ਦੀ ਕਮੇਟੀ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਗੁਰੂ ਘਰ ਦੇ ਮੁੱਖ ਪ੍ਰਬੰਧਕ ਭਾਈ ਰਣਜੀਤ ਸਿੰਘ ਦੂਲੇ ਨੇ ਭਾਈ ਬਲਵੀਰ ਸਿੰਘ ਜੀ ਦੀ ਸਿਫ਼ਤ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਵੱਡੇ ਭਾਗ ਹਨ, ਜਿਨ੍ਹਾਂ ਨੂੰ ਇਹ ਸੇਵਾ ਮਿਲੀ ਤੇ ਲਗਾਤਾਰ ਇਨ੍ਹਾਂ ਨੇ ਇਹ ਸੇਵਾ ਨਿਭਾਈ। ਭਾਈ ਗੁਰਪ੍ਰੀਤ ਸਿੰਘ ਬੱਲ ਨੇ ਸਟੇਜ ਤੋਂ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਉਹੀ ਬਲਵੀਰ ਸਿੰਘ ਹਨ, ਜਿਨ੍ਹਾਂ ਉਤੇ ਗੁਰੂ ਮਹਾਰਾਜ ਨੇ ਕ੍ਰਿਪਾ ਕੀਤੀ ਜਦੋ ਪੰਜਾਬ ਵਿਚ ਬੇਅਦਬੀ ਕਾਂਡ ਹੋਇਆ, ਉਸ ਤੋ ਬਾਅਦ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਤਾਂ ਉਸ ਸਮੇਂ ਇਨ੍ਹਾਂ ਨੇ ਬਾਦਲ ਨੂੰ ਸਿਰੋਪਾਉ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਥੇ ਇਹ ਦੱਸਣਯੋਗ ਹੈ ਕਿ ਉਸ ਸਮੇ ਇਨ੍ਹਾਂ ਨੂੰ ਕੁੱਝ ਸਮੇਂ ਲਈ ਸਸਪੈਂਡ ਕਰ ਦਿੱਤਾ ਸੀ ਤੇ ਇਨ੍ਹਾਂ ਦੀ ਤਬਦੀਲੀ ਕਰ ਦਿੱਤੀ ਗਈ ਸੀ। ਬਾਅਦ ਵਿਚ ਹੁਣ ਉਨ੍ਹਾਂ ਨੇ ਸੇਵਾਮੁਕਤ ਹੋ ਕੇ ਪਿਛਲੇ ਇਕ ਮਹੀਨੇ ਤੋਂ ਓਟਾਰੀਓ ਖਾਲਸਾ ਦਰਬਾਰ ਵਿਖੇ ਸੇਵਾ ਨਿਭਾਈ। ਬਲਵੀਰ ਸਿੰਘ ਨੇ ਇਸ ਸਤਿਕਾਰ ਲਈ ਸੰਗਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਗੁਰੂ ਘਰ ਦੇ ਮੁੱਖ ਵਜੀਰ ਭਾਈ ਭਲਿੰਦਰ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਭੇਂਟ ਕੀਤਾ ਤੇ ਗੁਰੂ ਘਰ ਦੀ ਕਮੇਟੀ ਨੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਨਾਲ ਨਵਾਜਿ਼ਆ। ਉਹ ਅੱਜ ਪੰਜਾਬ ਲਈ ਰਵਾਨਾ ਹੋ ਰਹੇ ਹਨ।