Welcome to Canadian Punjabi Post
Follow us on

22

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਉਂਟੇਰੀਓ ਵਿੱਚ ਲੋਂਗ ਟਰਮ ਕੇਅਰ ਹੋਮ ਹਿੰਸਾ ਅਤੇ ਅਣਗਹਿਲੀ ਦਾ ਸਿ਼ਕਾਰ ਕਿਉਂ?

January 22, 2019 09:26 AM

ਪੰਜਾਬੀ ਪੋਸਟ ਸੰਪਾਦਕੀ

ਉਂਟੇਰੀਓ ਹੈਲਥ ਕੋਲੀਸ਼ਨ ਨੇ Situation Critical (ਗੰਭੀਰ ਹਾਲਾਤ) ਸਿਰਲੇਖ ਤਹਿਤ ਕੱਲ ਉਂਟੇਰੀਓ ਦੇ ਲੌਂਗ ਗਰਮ ਕੇਅਰ ਹੋਮਾਂ ਵਿੱਚ ਪੈਦਾ ਹੋਈ ਸਥਿਤੀ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ਵਿੱਚ ਇਹਨਾਂ ਕੇਅਰ ਹੋਮਾਂ ਵਿੱਚ 27 ਸੀਨੀਅਰਾਂ ਦੇ ਸੀਨੀਅਰਾਂ ਹੱਥੋਂ ਕਤਲ ਹੋ ਚੁੱਕੇ ਹਨ। ਕੁੱਲ ਉਂਟੇਰੀਓ ਵਿੱਚ ਵੱਖ 2 ਲੌਂਗ ਟਰਮ ਕੇਅਰ ਹੋਮਾਂ ਵਿੱਚ 80,000 ਦੇ ਕਰੀਬ ਸੀਨੀਅਰ ਰਹਿ ਰਹੇ ਹਨ। ਜੇ ਇਸ ਗਿਣਤੀ ਦਾ ਟੋਰਾਂਟੋ ਦੀ ਜਨਸੰਖਿਆ ਨਾਲ ਮੁਕਾਬਲਾ ਕੀਤਾ ਜਾਵੇ ਤਾਂ ਸੀਨੀਅਰ ਹੋਮਾਂ ਵਿੱਚ ਕਤਲ ਹੋਣ ਦੀ ਦਰ ਟੋਰਾਂਟੋ ਨਾਲੋਂ 4 ਗੁਣਾ ਵੱਧ ਬਣਦੀ ਹੈ। ਅਸੀਂ ਜਾਣਦੇ ਹਾਂ ਕਿ ਵੱਡੇ ਸ਼ਹਿਰਾਂ ਵਿੱਚ ਕਤਲ ਅਤੇ ਹਿੰਸਾਂ ਦੀਆਂ ਘਟਨਾਵਾਂ ਵਿੱਚ ਜਿ਼ਆਦਾਤਰ ਨੌਜਵਾਨ ਸ਼ਾਮਲ ਹੁੰਦੇ ਹਨ, ਜਿਸਤੋਂ ਲੌਂਗ ਟਰਮ ਕੇਅਰ ਹੋਮਾਂ ਵਿੱਚ ਹਿੰਸਾ ਦੀ ਗੰਭੀਰਤਾ ਨੂੰ ਵਧੇਰੇ ਸਪੱਸ਼ਟਤਾ ਨਾਲ ਸਮਝਿਆ ਜਾ ਸਕਦਾ ਹੈ। 

ਸਿਰਫ਼ ਕਤਲਾਂ ਦਾ ਹੋਣਾ ਹੀ ਸੀਨੀਅਰ ਹੋਮਾਂ ਦੀ ਸਮੱਸਿਆ ਨਹੀਂ ਹੈ। ਸੀਨੀਅਰਾਂ ਵੱਲੋਂ ਕੇਅਰ ਹੋਮ ਦੇ ਸਟਾਫ ਨਾਲ ਬੁਰਾ ਵਰਤਾਅ ਕਰਨਾ, ਥੱਪੜ ਮਾਰਨੇ, ਗਾਲਾਂ ਕੱਢਣੀਆਂ ਆਦਿ ਕਿੰਨੀਆਂ ਹੀ ਗੱਲਾਂ ਹਨ ਜੋ ਪੈਦਾ ਹੋਈ ਸਥਿਤੀ ਦੀ ਗੰਭੀਰਤਾ ਬਾਰੇ ਦੱਸਦੀਆਂ ਹਨ। ਡੀਮੈਂਸ਼ੀਆ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਸੀਨੀਅਰਾਂ ਨੂੰ ਸੰਭਾਲਣ ਲਈ ਲੋੜੀਂਦੇ ਸਾਧਨਾਂ ਦੀ ਬਹੁਤ ਘਾਟ ਹੈ ਜਿਸ ਕਾਰਣ ਉਹ ਹਿੰਸਾਤਮਕ ਵਰਤਾਅ ਉੱਤੇ ਉੱਤਰ ਆਉਂਦੇ ਹਨ। ਸਟਾਫ ਵੱਲੋਂ ਕੀਤਾ ਜਾਂਦਾ ਮਾੜਾ ਵਤੀਰਾ ਸਮੱਸਿਆ ਵਿੱਚ ਵਾਧਾ ਕਰਦਾ ਹੈ। ਕਈ ਵਾਰ ਸੀਨੀਅਰਾਂ ਦੇ ਡਾਇਪਰ ਕਈ 2 ਦਿਨ ਤੱਕ ਨਹੀਂ ਬਦਲੇ ਜਾਂਦੇ। ਰਿਪੋਰਟ ਮੁਤਾਬਕ ਲੌਂਗ ਟਰਮ ਹੋਮਾਂ ਵਿੱਚ ਰਹਿਣ ਵਾਲੇ 97% ਸੀਨੀਅਰਾਂ ਵਿੱਚ ਗੁੱਸੇ ਵਾਲਾ ਵਤੀਰਾ ਵੇਖਣ ਨੂੰ ਮਿਲਦਾ ਹੈ। ਸਟਾਫ ਦੀ ਘਾਟ ਅਤੇ ਸਿਖਲਾਈ ਤੋਂ ਸੱਖਣੇ ਸਟਾਫ ਵੱਲੋਂ ਬਣਦੀ ਸੇਵਾ ਨਾ ਦੇਣ ਕਾਰਣ ਸੀਨੀਅਰਾਂ ਦੇ ਗੁੱਸੇ ਦਾ ਪਾਰਾ ਹੋਰ ਚੜ ਜਾਂਦਾ ਹੈ।

 ਇਸ ਰਿਪੋਰਟ ਨੂੰ ਲੈ ਕੇ ਮੁੱਖ ਧਾਰਾ ਦੇ ਮੀਡੀਆ ਨੇ ਸਹੂਲਤਾਂ ਦੀ ਕਮੀ, ਬੈੱਡਾਂ ਦੀ ਘਾਟ, ਵੇਟ ਲਿਸਟ, ਹਸਪਤਾਲਾਂ ਵਿੱਚੋਂ ਸੀਨੀਅਰਾਂ ਨੂੰ ਲੌਂਗ ਟਰਮ ਹੋਮਾਂ ਵਿੱਚ ਧੱਕਣ ਦੇ ਰੁਝਾਨ ਆਦਿ ਬਾਰੇ ਗੱਲਾਂ ਕੀਤੀਆਂ ਹਨ। ਇਹ ਸਾਰੇ ਹੀ ਬਹੁਤ ਅਹਿਮ ਮੁੱਦੇ ਹਨ ਪਰ ਜਿਸ ਗੱਲ ਦਾ ਮੁੱਖ ਧਾਰਾ ਦੇ ਮੀਡੀਆ ਨੇ ਨੋਟਿਸ ਨਹੀਂ ਲਿਆ, ਉਹ ਹੈ ਐਥਨਿਕ ਕਮਿਉਨਿਟੀਆਂ ਨਾਲ ਸਬੰਧਿਤ ਸੀਨੀਅਰਾਂ ਦੀਆਂ ਲੋੜਾਂ। ਰਿਪੋਰਟ ਮੁਤਾਬਕ ਉਂਟੇਰੀਓ ਦੀ ਜਨਸੰਖਿਆ ਲਾਮਿਸਾਲ ਤਰੀਕੇ ਨਾਲ ਵਿਭਿੰਨ ਹੈ ਜਿੱਥੇ 30% ਦੇ ਕਰੀਬ ਲੋਕ ਖੁਦ ਨੂੰ ਘੱਟ ਗਿਣਤੀ ਕਮਿਉਨਿਟੀ ਨਾਲ ਸਬੰਧਿਤ ਦੱਸਦੇ ਹਨ। ਉਂਟੇਰੀਓ ਭਰ ਵਿੱਚ 56 ਅਜਿਹੇ ਲੌਂਗ ਟਰਮ ਕੇਅਰ ਹੋਮ ਹਨ ਜੋ ਐਥਨਿਕ ਭਾਈਚਾਰੇ ਦੇ ਸੀਨੀਅਰਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਇਹਨਾਂ ਵਿੱਚੋਂ ਜਿ਼ਆਦਾਤਰ ਕੈਥੋਲਿਕ, ਕਨਫੂਸ਼ੀਅਸ, ਪੁਰਤਗਾਲੀ, ਫਿਨਲੈਂਡੀ, ਫਿਲੀਪੀਨੀ ਅਤੇ ਯਹੂਦੀ ਆਦਿ ਕਮਿਉਨਿਟੀਆਂ ਦੀਆਂ ਲੋੜਾਂ ਪੂਰਾ ਕਰਨ ਵਾਲੇ ਹਨ। ਦੋ ਹੋਮ ਚੀਨੀ ਭਾਈਚਾਰੇ ਦੇ ਸੀਨੀਅਰਾਂ ਦੀ ਸੰਭਾਲ ਕਰਦੇ ਹਨ। ਸਾਊਥ ਏਸ਼ੀਅਨ ਖਾਸ ਕਰਕੇ ਪੰਜਾਬੀ ਸੀਨੀਅਰਾਂ ਬਾਰੇ ਨਾ ਕੋਈ ਰਿਪੋਰਟ ਵਿੱਚ ਜਿ਼ਕਰ ਹੈ ਅਤੇ ਨਾ ਹੀ ਸਾਡੀ ਕਮਿਉਨਿਟੀ ਵਿੱਚ ਪੰਜਾਬੀ ਸੀਨੀਅਰਾਂ ਲਈ ਲੌਂਗ ਟਰਮ ਕੇਅਰ ਬਣਾਉਣ ਬਾਰੇ ਗੱਲ ਚੱਲਦੀ ਹੈ। 

1990ਵਿਆਂ ਦੇ ਦਹਾਕੇ ਤੋਂ ਪਹਿਲਾਂ ਉਂਟੇਰੀਓ ਦੇ ਲਗਭੱਗ ਸਾਰੇ (ਕੁੱਝ ਨੂੰ ਛੱਡ ਕੇ) ਕੇਅਰ ਹੋਮ ਸਰਕਾਰੀ ਕੰਟਰੋਲ ਅਧੀਨ ਹੁੰਦੇ ਹਨ। ਮਾਈਕ ਹੈਰਿਸ ਤੋਂ ਲੈ ਕੇ ਡਾਲਟਨ ਮਗਿੰਟੀ ਤੋਂ ਕੈਥਲਿਨ ਵਿੱਨ ਤੱਕ ਇੱਕ ਤੋਂ ਬਾਅਦ ਇੱਕ ਸਰਕਾਰਾਂ ਨੇ ਇਹ ਯਕੀਨੀ ਬਣਾਇਆ ਕਿ ਅੱਜ 59% ਲੋਂਗ ਟਰਮ ਹੋਮ ਪ੍ਰਾਈਵੇਟ ਹੱਥਾਂ ਵਿੱਚ ਹਨ। ਇੱਕ ਪਾਸੇ ਸੀਨੀਅਰਾਂ ਲਈ ਲੋੜੀਂਦੀਆਂ ਸੇਵਾਵਾਂ ਅਤੇ ਸ੍ਰੋਤਾਂ ਲਈ ਡਾਲਰਾਂ ਦੀ ਘਾਟ ਦਾ ਸ਼ੋਰ ਸ਼ਰਾਬਾ ਹੋ ਰਿਹਾ ਹੈ, ਦੂਜੇ ਪਾਸੇ ਪ੍ਰਾਈਵੇਟ ਕੇਅਰ ਹੋਮ ਮੁਨਾਫਾ ਕਮਾ ਰਹੇ ਹਨ। ਕਾਰਣ ਇਹ ਕਿ ਉਹ ਸਰਕਾਰ ਜਾਂ ਨਾਨ-ਪਰੌਫਿਟ ਸੰਸਥਾਵਾਂ ਵਾਗੂੰ ਕਿਸੇ ਚੁਣੇ ਨੁਮਾਇੰਦਿਆਂ ਜਾਂ ਬੋਰਡ ਆਫ ਡਾਇਰੈਕਟਰ ਕੋਲ ਜਵਾਬਦੇਹੀ ਨਹੀਂ ਹੁੰਦੇ। ਪ੍ਰਾਈਵੇਟ ਕੇਅਰ ਹੋਮ ਆਪਣੇ ਅਪਰੇਟਿੰਗ ਬੱਜਟ ਦਾ 42% ਸਟਾਫ ਉੱਤੇ ਖਰਚ ਕਰਦੇ ਹਨ ਜਦੋਂ ਕਿ ਸਰਕਾਰੀ ਜਾਂ ਨਾਨ-ਪਰੌਫਿਟ ਵੱਲੋਂ 75% ਬੱਜਟ ਸਟਾਫਿੰਗ ਉੱਤੇ ਖਰਚ ਕੀਤਾ ਜਾਂਦਾ ਹੈ। 

ਰਿਪੋਰਟ ਦਾ ਅੰਤਲਾ ਹਿੱਸਾ ਮਹਾਤਮਾ ਗਾਂਧੀ ਦੇ ਇਹਨਾਂ ਸ਼ਬਦਾਂ ਨਾਲ ਸਮਾਪਤ ਹੁੰਦਾ ਹੈ,” ਕਿਸੇ ਦੇਸ਼ ਦੀ ਮਹਾਨਤਾ ਦਾ ਇਸ ਗੱਲ ਤੋਂ ਮਾਪੀ ਜਾਂਦੀ ਹੈ ਕਿ ਉੱਥੇ ਸਮਾਜ ਦੇ ਸੱਭ ਤੋਂ ਕਮਜ਼ੋਰ ਵਰਗ ਦਾ ਕਿੰਨਾ ਖਿਆਲ ਰੱਖਿਆ ਜਾਂਦਾ ਹੈ”। ਇਸ ਕਥਨ ਨੂੰ ਸੱਚ ਬਣਾਉਣ ਲਈ ਲੌਂਗ ਟਰਮ ਕੇਅਰ ਹੋਮਾਂ ਦਾ ਪ੍ਰਾਈਵੇਟ ਹੱਥਾਂ ਵਿੱਚੋਂ ਵਾਪਸ ਲੈਣਾ ਤਾਂ ਸੰਭਵ ਨਹੀਂ ਪਰ ਇਹਨਾਂ ਦੇ ਕੰਮਕਾਜ ਨੂੰ ਜਵਾਬਦੇਹ ਤਾਂ ਜਰੂਰ ਬਣਾਇਆ ਜਾਣਾ ਚਾਹੀਦਾ ਹੈ।

Have something to say? Post your comment