Welcome to Canadian Punjabi Post
Follow us on

21

May 2019
ਸੰਪਾਦਕੀ

ਸੱਭਨਾਂ ਦਾ ਸੁਆਗਤ ਹੈ ਟਰੂਡੋ ਹੋਰਾਂ ਦੇ ਮੈਰੀਉਆਨਾ ਸੰਸਾਰ ਵਿੱਚ!

September 18, 2018 09:49 AM
 
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕੈਨੇਡਾ ਭਰ ਵਿੱਚ ਲੋਕਾਂ ਲਈ ਮਨੋਰੰਜਨ ਮੰਤਵਾਂ ਵਾਸਤੇ ਮੈਰੀਊਆਨਾ ਭਾਵ ਭੰਗ ਪੀਣ ਲਈ ਖੁੱਲ ਦੇਣ ਦਾ ਸੁਫ਼ਨਾ 17 ਅਕਤੂਬਰ ਨੂੰ ਸੱਚ ਹੋ ਜਾਵੇਗਾ। ਮੈਰੀਉਆਨਾ ਪੀਣਾ ਇਸ ਦਿਨ ਤੋਂ ਕੈਨੇਡਾ ਵਿੱਚ ਲੀਗਲ ਹੋ ਜਾਵੇਗਾ। ਜਿੱਥੇ ਇਸ ਦਿਨ ਦੀ ਆਸ ਵਿੱਚ ਮੈਰੀਉਆਨਾ ਦੇ ਆਸ਼ਕਾਂ ਨੂੰ ਲਾਲੀਆਂ ਚੜ ਰਹੀਆਂ ਹਨ, ਪ੍ਰਧਾਨ ਮੰਤਰੀ ਟਰੂਡੋ ਖੁਦ ਕੈਨੇਡੀਅਨਾਂ ਨੂੰ ਦੱਬੇ ਸੁਰ ਵਿੱਚ ਸੁਚੇਤ ਕਰ ਰਹੇ ਹਨ ਕਿ ਆਪਣੇ ਮਨੋਰੰਜਨ ਬਾਰੇ ਖੁੱਲ ਲੈਣ ਤੋਂ ਪਹਿਲਾਂ ਖੁਦ ਦੀ ਚਾਦਰ ਵੇਖ ਕੇ ਪੈਰ ਪਸਾਰਨਾ।

ਪ੍ਰਧਾਨ ਮੰਤਰੀ ਦਾ ਤਾੜਨਾ ਦਾ ਕਾਰਣ ਇਹ ਹੈ ਕਿ ਅਮਰੀਕਾ ਦੇ ਸੁਰੱਖਿਆ ਅਧਿਕਾਰੀਆਂ ਨੇ ਕੈਨੇਡੀਅਨਾਂ ਨੂੰ ਤਾੜਨਾ ਕੀਤੀ ਹੈ ਕਿ ਬੇਸ਼ੱਕ ਤੁਹਾਡੇ ਮੁਲਕ ਵਿੱਚ ਮੈਰੀਉਆਨਾ ਲੀਗਲ ਹੋ ਜਾਵੇਗਾ ਪਰ ਅਮਰੀਕੀ ਫੈਡਰਲ ਕਨੂੰਨ ਮੁਤਾਬਕ ਇਹ ਗੈਰਕਨੂੰਨੀ ਹੈ। ਬੀਤੇ ਦਿਨੀਂ ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਸੀਨੀਅਰ ਅਧਿਕਾਰੀ ਟੈਡ ਓਵਨਜ਼ ਨੇ ਇੱਕ ਮੀਡੀਆ ਮੁਲਾਕਾਤ ਵਿੱਚ ਇਸ ਸਬੰਧੀ ਸਖ਼ਤ ਤਾੜਨਾ ਕੀਤੀ ਸੀ। ਉਸ ਮੁਤਾਬਕ ਜੇ ਅਮਰੀਕੀ ਹੋਮਲੈਂਡ ਸਿਕਿਉਰਿਟੀ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਮੈਰੀਉਆਨਾ ਦਾ ਸੇਵਨ ਕਰਦੇ ਹੋ ਜਾਂ ਕਰਦੇ ਰਹੇ ਹੋ ਜਾਂ ਮੈਰੀਉਆਨਾ ਨਾਲ ਸਬੰਧਿਤ ਕਿਸੇ ਵਿਉਪਾਰ ਵਿੱਚ ਰੁਜ਼ਗਾਰਸ਼ੁਦਾ ਹੋ, ਅਸੀਂ ਤੁਹਾਡੇ ਅਮਰੀਕਾ ਦਾਖਲੇ ਉੱਤੇ ਉਮਰ ਭਰ ਦੀ ਪਾਬੰਦੀ ਲਾ ਸਕਦੇ ਹਾਂ।

ਟੈਡ ਓਵਨਜ਼ ਦੀ ਧਮਕੀ ਕਿੰਨੀ ਕੁ ਸਹੀ ਹੋ ਸਕਦੀ ਹੈ ਇਸਦਾ ਪਤਾ ਵੈਨਕੂਵਰ ਵਾਸੀ ਸੈਮ ਜ਼ਾਈਮਰ (Sam Znaimer) ਤੋਂ ਜਿ਼ਆਦਾ ਸ਼ਾਇਦ ਹੀ ਕਿਸੇ ਨੂੰ ਹੋਵੇ। ਸੈਮ ਇਸ ਸਾਲ ਮਈ ਮਹੀਨੇ ਵਿੱਚ ਆਪਣੀ ਬੇਟੀ ਨਾਲ ਸ਼ਾਪਿੰਗ ਕਰਨ ਲਈ ਵੈਨਕੂਵਰ ਲਾਗਲੇ ਬਲੈਂਕ ਬਾਰਡਰ ਰਾਹੀਂ ਅਮਰੀਕਾ ਜਾਣਾ ਚਾਹੁੰਦਾ ਸੀ ਪਰ ਉਲਟਾ ਆਪਣੇ ਉੱਤੇ ਅਮਰੀਕਾ ਦਾਖਲੇ ਦਾ ਉਮਰ ਭਰ ਦਾ ਬੈਨ ਲੁਆ ਬੈਠਾ ਹੈ। ਸੈਮ ਨੇ ਨਾ ਕਦੇ ਮੈਰੀਉਆਨਾ ਪੀਤਾ ਹੈ ਅਤੇ ਨਾ ਹੀ ਮੈਰੀਉਆਨਾ ਇੰਡਸਟਰੀ ਵਿੱਚ ਰੁਜ਼ਗਾਰਸ਼ੁਦਾ ਹੈ। ਸੈਮ ਦਾ ਗੁਨਾਹ ਸਿਰਫ਼ ਐਨਾ ਸੀ ਕਿ ਉਸਨੇ ਮੈਰੀਉਆਨਾ ਵਿੱਚ ਧੰਦਾ ਕਰਨ ਵਾਲੀ ਇੱਕ ਕੰਪਨੀ ਦੇ ਸ਼ੇਅਰ ਖਰੀਦੇ ਹੋਏ ਸਨ ਜਿਸ ਬਾਰੇ ਉਸਨੇ ਅਮਰੀਕੀ ਬਾਰਡਰ ਅਧਿਕਾਰੀਆਂ ਨੂੰ ਸੱਚ 2 ਦੱਸ ਦਿੱਤਾ ਹੈ।

ਕੀ ਅਮਰੀਕਾ ਜਾਣ ਵਾਲੇ ਸਾਰੇ ਕੈਨੇਡੀਅਨਾਂ ਨੂੰ ਅਮਰੀਕੀ ਬਾਰਡਰ ਅਧਿਕਾਰੀਆਂ ਕੋਲ ਮੈਰੀਉਆਨਾ ਬਾਰੇ ਸੱਚ 2 ਬੋਲ ਦੇਣਾ ਚਾਹੀਦਾ ਹੈ? ਆਮ ਕੈਨੇਡੀਅਨ ਆਸ ਕਰੇਗਾ ਕਿ ਇਸ ਬਾਰੇ ਮੈਰੀਉਆਨਾ ਨੂੰ ਲਾਗੂ ਕਰਨ ਦੀ ਮੁਹਿੰਮ ਦੇ ਮਸੀਹਾ ਵਜੋਂ ਜਾਣੇ ਜਾਂਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਚੰਗੀ ਸਲਾਹ ਕੌਣ ਦੇ ਸਕਦਾ ਹੈ? ਪਰ ਟਰੂਡੋ ਹੋਰੀਂ ਇਸ ਬਾਰੇ ਕੋਰਾ ਪੱਲਾ ਝਾੜ ਕੇ ਦੁੱਧ ਧੋਤੇ ਹੋ ਰਹੇ ਹਨ। ਬੀਤੇ ਦਿਨੀਂ ਮੈਨੀਟੋਬਾ ਵਿੱਚ ਸੀ ਬੀ ਸੀ ਨਾਲ ਮੁਲਾਕਾਤ ਦੌਰਾਨ ਟਰੂਡੋ ਹੋਰਾਂ ਨੇ ਸਪੱਸ਼ਟ ਕੀਤਾ ਸੀ ਕਿ ਅਮਰੀਕਾ ਜਾਣ ਦੇ ਚਾਹਵਾਨ ਕੈਨੇਡੀਅਨ ਮੈਰੀਉਅਨਾ ਬਾਰੇ ਬਾਰਡਰ ਉੱਤੇ ਗੱਲ ਆਪਣੀ ਸੋਚ ਮੁਤਾਬਕ ਦੇਣ। ਵੈਸੇ ਉਹਨਾਂ ਇਹ ਵੀ ਕਿਹਾ ਕਿ ਮੈਂ ਅਮਰੀਕੀ ਬਾਰਡਰ ਅਧਿਕਾਰੀਆਂ ਕੋਲ ਝੂਠ ਨਹੀਂ ਬੋਲਿਆ (ਬਕੌਲ ਪ੍ਰਧਾਨ ਮੰਤਰੀ “I’ve never lied to a border guard” )। ਟਰੰਪ ਨਾਲ ਟਰੂਡੋ ਹੋਰਾਂ ਦੇ ਸਬੰਧ ਅਜਿਹੇ ਹਨ ਕਿ ਮੈਰੀਉਆਨਾ ਬਾਰੇ ਗੱਲ ਕਰਨੀ ਲੱਗਭੱਗ ਨਾਮੁਮਕਿਨ ਹੈ।

ਇਸ ਆਰਟੀਕਲ ਵਿੱਚ ਸੈਮ ਜ਼ਾਈਮਰ ਉੱਤੇ ਬੈਨ ਦਾ ਜਿ਼ਕਰ ਕੀਤਾ ਗਿਆ ਸੀ। ਸੈਮ ਦਾ ਕੇਸ ਲੜਨ ਵਾਲੇ ਅਮਰੀਕਨ ਇੰਮੀਗਰੇਸ਼ਨ ਵਕੀਲ ਲੇਨ ਸਾਂਡਰਸ ਦਾ ਆਖਣਾ ਹੈ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਛੱਡਣ ਤੋਂ ਬਾਅਦ ਟਰੂਡੋ ਹੋਰਾਂ ਨੂੰ ਖੁਦ ਵੀ ਅਮਰੀਕਾ ਦਾਖਲੇ ਦੇ ਬੈਨ ਦਾ ਸਿ਼ਕਾਰ ਹੋਣਾ ਪੈ ਸਕਦਾ ਹੈ। ਕਾਰਣ ਇਹ ਕਿ ਉਹ ਬੀਤੇ ਵਿੱਚ ਮੈਰੀਉਆਨਾ ਪੀਣ ਦਾ ਇਕਬਾਲ ਕਰ ਚੁੱਕੇ ਹਨ।

ਪੰਜਾਬੀ ਦੀ ਕਹਾਵਤ ਹੈ ਕਿ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ। ਮੈਰੀਉਅਨਾ ਲੀਗਲ ਹੋਣ ਨਾਲ ਕੋਈ ਮਨੋਰੰਜਨ ਕਰੇ, ਕਿਸੇ ਦਾ ਧੀ ਪੁੱਤ ਨਿਪੁੰਸਕ ਹੋਵੇ, ਮਾਨਸਿਕ ਰੋਗੀ ਬਣੇ, ਜੁੰਮੇਵਾਰੀਆਂ ਤੋਂ ਭੱਜਣ ਵਾਲੇ ਭਗੌੜਾ ਯੂਥ ਬਣੇ ਜਾਂ ਤੁਹਾਡੇ ਅਮਰੀਕਾ ਦਾਖਲੇ ਉੱਤੇ ਬੈਨ ਲੱਗੇ, ਮੈਰੀਉਅਨਾ ਤੋਂ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਦੀ ਜਾਣੇ ਬਲਾ। ਉਹਨਾਂ ਨੂੰ ਮੁਨਾਫੇ ਦੇ ਐਨੇ ਵੱਡੇ ਅਵਸਰ ਵਿਖਾਈ ਦੇ ਰਹੇ ਹਨ ਕਿ ਕੋਕਾ ਕੋਲਾ ਨੇ ਵੀ ਕੱਲ ਮੈਰੀਉਆਨਾ ਦੇ ਮਿਸ਼ਰਣ ਵਾਲੇ ਕੋਕ ਬਣਾਉਣ ਦਾ ਐਲਾਨ ਦਿੱਤਾ ਹੈ। ਮੈਰੀਉਆਨਾ ਦੇ ਧੰਦੇ ਵਿੱਚ ਸ਼ਾਮਲ ਕੰਪਨੀਆਂ ਦੇ ਸ਼ੇਅਰ ਧੜਾ ਧੜ ਸਿਖਰਾਂ ਨੂੰ ਛੂਹਣ ਲੱਗੇ ਹਨ। Canopy Growth ਦੇ ਸ਼ੇਅਰਾਂ ਵਿੱਚ 74%, Tilray ਦੇ ਸ਼ੇਅਰਾਂ ਵਿੱਚ 158% ਵਾਧਾ ਹੋ ਚੁੱਕਾ ਹੈ। Corona ਅਤੇ Kim Crawford ਬੀਅਰ ਬਣਾਉਣ ਵਾਲੀ ਕੰਪਨੀ ਕਾਨਸਟੈਲੇਸ਼ਨ ਬਰਾਂਡਜ਼ (Constellation Brands) ਨੇ ਮੈਰੀਉਆਨਾ ਇੰਡਸਟਰੀ ਵਿੱਚ 5 ਬਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।

17 ਅਕਤੂਬਰ ਤੋਂ ਪ੍ਰਧਾਨ ਮੰਤਰੀ ਟਰੂਡੋ ਹੋਰਾਂ ਦੇ ਪੈਦਾ ਕੀਤੇ ਮੈਰੀਉਆਨਾ ਸੰਸਾਰ ਵਿੱਚ ਤੁਹਾਡੇ ਦਾਖਲੇ ਦਾ ਸੁਆਗਤ ਹੈ।
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਚਾਈਲਡ ਟੈਕਸ ਬੈਨੇਫਿਟ ਨੂੰ ਲੈ ਕੇ ਸਿਆਸਤ
ਨਸ਼ੇ ਚੈੱਕਿੰਗ ਲਈ ਬਰੈਥਲਾਈਜ਼ਰ ਟੈਸਟ:- ਚਾਰਟਰ ਚੁਣੌਤੀ ਕਰ ਸਕਦੀ ਹੈ ਪੁਲੀਸ ਦੀ ਤਾਕਤ ਨੂੰ ਦਰੁਸਤ
ਯੂਨਾਈਟਡ ਨੇਸ਼ਨਜ਼ ਸੁਰੱਖਿਆ ਕਾਉਂਸਲ ਸੀਟ ਲਈ ਕੈਨੇਡਾ ਦਾ ਵੱਕਾਰ ਦਾਅ ਉੱਤੇ