ਕੁਣਾਲ ਕਪੂਰ ਤੇ ਅਮਾਇਰਾ ਦਸਤੂਰ ਦੀ ਜੋੜੀ ਸਾਇਕਾਲੋਜੀਕਲ ਥ੍ਰਿਲਰ ਫਿਲਮ ‘ਕੋਈ ਜਾਨੇ ਨਾ’ ਵਿੱਚ ਨਜ਼ਰ ਆਏਗੀ। ਫਿਲਮ ਦੀ ਸ਼ੂਟਿੰਗ ਪੰਚਗਨੀ ਵਿੱਚ ਸ਼ੁਰੂ ਹੋ ਗਈ ਹੈ। ਫਿਲਮ ਦਾ ਨਿਰਦੇਸ਼ਨ ਅਮਿਤ ਹਾਜ਼ੀ ਕਰ ਰਹੇ ਹਨ। ਵਿਕਰਮ ਭੱਟ ਦੀ ‘ਹਾਂਟੇਡ’ ਅਤੇ ‘1920 ਏਵਿਲ ਰਿਟਰਨਸ’ ਵਰਗੀਆਂ ਫਿਲਮਾਂ ਦਾ ਲੇਖਨ ਕਰ ਚੁੱਕੇ ਅਮੀਰ ਹਾਜ਼ੀ ਦੀ ਬਤੌਰ ਡਾਇਰੈਕਟਰ ਇਹ ਪਹਿਲੀ ਫਿਲਮ ਹੋਵੇਗੀ।
ਨਿਰਦੇਸ਼ਨ ਵਿੱਚ ਆਪਣੀ ਨਵੀਂ ਪਾਰੀ ਬਾਰੇ ਉਨ੍ਹਾਂ ਦਾ ਕਹਿਣਾ ਹੈ, ‘‘ਮੈਂ ਹਮੇਸ਼ਾ ਤੋਂ ਆਪਣੀ ਕਿਸੇ ਫਿਲਮ ਦਾ ਨਿਰਦੇਸ਼ਨ ਕਰਨਾ ਚਾਹੁੰਦਾ ਸੀ। ਸਾਲ 1988 ਵਿੱਚ ਮੈਂ ਫਿਲਮ ‘ਗੈਂਗ’ ਵਿੱਚ ਮਜ਼ਹਰ ਖਾਨ ਨੂੰ ਅਸਿਸਟ ਕੀਤਾ ਸੀ। ਉਸ ਅਨੁਭਵ ਨੇ ਮੇਰਾ ਜੀਵਨ ਬਦਲ ਦਿੱਤਾ। ਮੈਂ ‘ਸਵਦੇਸ਼’ ਵਿੱਚ ਆਮਿਰ ਖਾਨ ਅਤੇ ਆਸ਼ੂਤੋਸ਼ ਗੋਵਾਰੀਕਰ ਨਾਲ ਕੰਮ ਕੀਤਾ, ਜਿਨ੍ਹਾਂ ਤੋਂ ਮੈਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲੀ। ਇਸ ਫਿਲਮ ਨੂੰ ਬਣਾਉਣ ਦਾ ਆਈਡੀਆ ਮੈਨੂੰ ਇੱਕ ਸ਼ਾਰਟ ਫਿਲਮ ਤੋਂ ਮਿਲਿਆ ਸੀ। ਮੈਂ ਆਮਿਰ ਖਾਨ ਅਤੇ ਆਸ਼ੂਤੋਸ਼ ਗੋਵਾਰੀਕਰ ਨੂੰ ਕਹਾਣੀ ਸੁਣਾਈ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਇਸ ਸਕ੍ਰਿਪਟ ਦਾ ਨਿਰਦੇਸ਼ਨ ਮੈਨੂੰ ਖੁਦ ਕਰਨਾ ਚਾਹੀਦਾ ਹੈ। ਫਿਲਮ ਵਿੱਚ ਸੱਤ ਗਾਣੇ ਹਨ। ਹਰ ਗਾਣਾ ਕਹਾਣੀ ਨੂੰ ਅੱਗੇ ਵਧਾਏਗਾ।” ਗੌਰਤਲਬ ਹੈ ਕਿ ਫਿਲਮ ‘ਕੋਈ ਜਾਨੇ ਨਾ' ਇਸ ਸਾਲ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ।