Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਮਿੱਟੀ ਨੂੰ ਫਰੋਲ ਜੋਗੀਆ..

January 17, 2019 11:03 PM

-ਗੁਰਪ੍ਰੀਤ ਸਿੰਘ ਤੂਰ
ਦੇਸ਼ ਵੰਡ ਵੇਲੇ ਸ਼ਰੀਫਾਂ ਦੀ ਉਮਰ ਅਠਾਰਾਂ ਵਰ੍ਹੇ ਸੀ, ਉਸ ਦਾ ਪਰਵਾਰ ਹਰਚੰਦਪੁਰੇ ਪਿੰਡ ਰਹਿੰਦਾ ਸੀ। ਉਹ ਤੇ ਉਸ ਦੀ ਭੈਣ ਰਹਿਮਤਾਂ ਨੇੜਲੇ ਪਿੰਡ ਸਾਰੋਂ ਵਿਆਹੀਆਂ ਹੋਈਆਂ ਸਨ, ਪਰ ਉਨ੍ਹਾਂ ਦਾ ਮੁਕਲਾਵਾ ਅਜੇ ਨਹੀਂ ਦਿੱਤਾ ਸੀ। ਗਰਮੀਆਂ ਦੀ ਇਕ ਸ਼ਾਮ ਬੱਚੇ ਪਿੰਡ ਦੇ ਦਰਵਾਜ਼ੇ ਵਿੱਚ ਖੇਡ ਰਹੇ ਸਨ ਕਿ ਮੁਸਲਮਾਨ ਬੰਦੇ ਤੇ ਔਰਤਾਂ ਆਪਣੇ ਬੱਚਿਆਂ ਨੂੰ ਬਾਹੋਂ ਫੜ-ਫੜ ਕੇ ਘਰਾਂ ਨੂੰ ਲਿਜਾਣ ਲੱਗੇ। ਅਚਾਨਕ ਕੁਝ ਲੋਕ ਕੋਠਿਆਂ ਉਤੇ ਖੜੇ ਦਿਖਾਈ ਦਿੱਤੇ। ਨੇੜਲੇ ਪਿੰਡ ਭੋਜੇਵਾਲ ਅੱਗ ਦੀਆਂ ਲਾਟਾਂ ਵਿਖਾਈ ਦਿੱਤੀਆਂ। ਉਸ ਦਿਨ ਛੁਪਦਾ ਸੂਰਜ ਸਹਿਮ ਦਾ ਸੁਨੇਹਾ ਦੇ ਗਿਆ। ਅਗਲੀ ਸਵੇਰ ਸ਼ਰੀਫਾਂ ਦੇ ਅੱਬਾ ਨੇ ਦੋਵੇਂ ਭੈਣਾਂ ਨੂੰ ਪਹਿਲੇ ਪਹਿਰ ਉਠਾਇਆ ਤੇ ਲਾਗਲੇ ਪਿੰਡ ਸਾਰੋਂ ਦੇ ਵੱਖੋ-ਵੱਖ ਘਰਾਂ ਵਿੱਚ ਛੱਡ ਆਇਆ ਆਪਣੀ ਅਮਾਨਤ ਸਾਂਭੋ ਭਾਈ, ਦੋਵਾਂ ਘਰਾਂ ਵਿੱਚ ਹੱਥ ਜੋੜ ਕੇ ਉਹ ਏਹੋ ਬੋਲ, ਬੋਲ ਸਕਿਆ।
ਸਾਰੋਂ ਪਿੰਡ ਦੇ ਲੋਕਾਂ ਨੇ ਮੁਸਲਮਾਨ ਪਰਵਾਰਾਂ ਨੂੰ ਸੁਰੱਖਿਆ ਦਾ ਭਰੋਸਾ ਤਾਂ ਦਿੱਤਾ, ਪਰ ਬੁੱਝਦੀ ਅੱਗ ਨੂੰ ਫੂਕਾਂ ਮਾਰਨ ਵਾਂਗ ਅਫਵਾਹਾਂ ਫੈਲਦੀਆਂ ਤੇ ਸਹਿਮ ਡੂੰਘਾ ਹੋਈ ਜਾਂਦਾ। ਅਜਿਹੇ ਹਾਲਾਤ ਵਿੱਚ ਅਚਾਨਕ ਇਕ ਰਾਤ ਸਾਰੋਂ ਪਿੰਡ ਦੇ ਮੁਸਲਮਾਨ ਪਰਵਾਰ ਇਕੱਠੇ ਹੋਏ ਤੇ ਮਾਲਰੇਕੋਟਲੇ ਨੂੰ ਚੱਲ ਪਏ। ਪੇਕੇ ਪਿੰਡ ਹਰਚੰਦਪੁਰੇ ਕੋਲ ਦੀ ਲੰਘਦਿਆਂ ਸ਼ਰੀਫਾਂ ਦੇ ਪਤੀ ਨੇ ਉਸ ਨੂੰ ਪੁੱਛਿਆ ਕਿ ਜੇ ਉਹ ਮਾਪਿਆਂ ਕੋਲ ਜਾਣਾ ਚਾਹੁੰਦੀ ਹੈ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ। ਸ਼ਰੀਫਾਂ ਨੇ ਆਪਣੇ ਪੇਕੇ ਘਰ ਨੂੰ ਦੂਰੋਂ ਵੇਖਿਆ ਤੇ ਫੇਰ ਅੱਖਾਂ ਬੰਦ ਕਰਕੇ ਭੱਜ ਕੇ ਕਾਫਲੇ ਨਾਲ ਜਾ ਰਲੀ।
ਮਾਲੇਰਕੋਟਲੇ ਕੈਂਪ ਵਿੱਚ ਸ਼ਰੀਫਾਂ ਨੂੰ ਪੇਕਾ ਪਰਵਾਰ ਵੀ ਮਿਲ ਗਿਆ। ਓਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਮਾਲੇਰਕੋਟਲਾ ਰਿਆਸਤ ਦੇ ਪਿੰਡਾਂ ਵਿੱਚ ਮੁਸਲਮਾਨ ਪਰਵਾਰਾਂ ਨੂੰ ਉਠਾਇਆ ਤੇ ਮਾਰਿਆ ਨਹੀਂ ਜਾਂਦਾ। ਉਸ ਦਾ ਪੇਕਾ ਪਰਵਾਰ ਤੇ ਭੈਣ ਰਹਿਮਤਾਂ ਦਾ ਪਰਵਾਰ ਰਿਸ਼ਤੇਦਾਰਾਂ ਕੋਲ ਮਾਲੇਕੋਟਲਾ ਰਿਆਸਤ ਦੇ ਪਿੰਡ ਹਥਨ ਰੁਕ ਗਏ। ਦਿਨ ਛਿਪ ਚੁੱਕਿਆ ਸੀ, ਪਰ ਸ਼ਰੀਫਾਂ ਪਤੀ ਦਾ ਪੱਲਾ ਫੜ ਰੇਲ ਗੱਡੀ ਵਿੱਚ ਜਾ ਬੈਠੀ, ਜੋ ਲਾਹੌਰ ਨੂੰ ਜਾਣ ਲਈ ਤਿਆਰ ਖੜੀ ਸੀ।
ਲਾਹੌਰ ਉਹ ਪਰਵਾਰ ਸਮੇਤ ਤਿੰਨ ਮਹੀਨੇ ਕੈਂਪ ਵਿੱਚ ਰਹੀ। ਇਕ ਥਾਂ ਤੋਂ ਦੂਜੀ ਥਾਂ ਆਖਰ ਸ਼ਰੀਫਾਂ ਦਾ ਪਰਵਾਰ ਬਾਗਾਂ ਦੇ ਠੇਕੇ ਲੈਂਦਿਆਂ-ਲੈਂਦਿਆਂ ਸਿੰਧ ਪ੍ਰਾਂਤ ਦੇ ਜ਼ਿਲਾ ਮੀਰਪੁਰ ਜਾ ਵਸਿਆ। ਉਸ ਨੇ ਵਿੱਛੜੇ ਪਰਵਾਰ ਨਾਲ ਰਾਬਤਾ ਕਾਇਮ ਕਰਨ ਲਈ ਕਈ ਯਤਨ ਕੀਤੇ, ਪਰ ਮਿਲਾਪ ਦੀ ਕਿਸੇ ਤੰਦ ਨੂੰ ਬੂਰ ਨਾ ਪਿਆ। ਉਸ ਦੀਆਂ ਪਾਈਆਂ ਚਿੱਠੀਆਂ ਰਿਆਸਤਾਂ ਦੀ ਅਦਲਾ ਬਦਲੀ ਕਾਰਨ ਮੰਜ਼ਿਲ ਤੱਕ ਨਾ ਪਹੁੰਚ ਸਕੀਆਂ, ਪਰ ਜ਼ਿੰਦਗੀ ਦੇ ਅੰਤਲੇ ਪੜਾਅ 'ਤੇ ਸ਼ਰੀਫਾਂ ਦੇ ਯਤਨ ਸਫਲ ਹੋਏ।
ਮਾਲੇਰਕੋਟਲਾ ਦੇ ਪਿੰਡਾਂ ਵਿੱਚ ਆਪਣੀਆਂ ਰਿਸ਼ਤੇਦਾਰੀਆਂ ਨੂੰ ਮਿਲਣ ਆਉਂਦੇ ਜਾਂਦੇ ਪਾਕਿਸਤਾਨੀ ਵਸਨੀਕਾਂ ਦੇ ਹੱਥ ਸੁਨੇਹਿਆਂ ਅਤੇ ਸੰਤੋਖ ਸਿੰਘ ਅਲਾਲ ਨਾਮੀਂ ਵਿਅਕਤੀ ਦੀ ਮਦਦ ਨਾਲ ਉਸ ਨੇ ਆਪਣੇ ਭਾਈਆਂ ਨੂੰ ਲੱਭ ਲਿਆ। ਇਧਰ ਆਉਣ ਤੋਂ ਪਹਿਲਾਂ ਉਸ ਨੇ ਫੋਨ ਕਰਕੇ ਆਪਣੇ ਪਰਵਾਰਕ ਮੈਂਬਰਾਂ ਬਾਰੇ ਪੁੱਛਦਿਆਂ ਦੱਸਦਿਆਂ ਆਪਣੇ ਮੰਜ਼ਿਲ ਦਾ ਪੱਕਾ ਯਕੀਨ ਕਰ ਲਿਆ ਸੀ। ਨਵੰਬਰ ਮਹੀਨੇ ਉਹ ਆਪਣੀ ਧੀ ਬਸ਼ੀਰਾਂ ਨੂੰ ਲੈ ਕੇ ਪੇਕੇ ਘਰ ਪਹੁੰਚ ਗਈ।
ਮਾਲੇਰਕੋਟਲੇ ਪਹੁੰਚਦਿਆਂ ਉਸ ਦੀਆਂ ਅੱਖਾਂ ਦੇ ਕੋਏ ਸਿੱਲ੍ਹੇ ਹੋਣ ਲੱਗੇ। ਹਥਨ ਪਿੰਡ ਪਹੁੰਚ ਕੇ ਆਪਣੇ ਭਾਈਆਂ ਤੇ ਉਨ੍ਹਾਂ ਦੇ ਪਰਵਾਰਾਂ ਨੂੰ ਧਾਹ ਕੇ ਮਿਲੀ। ਸ਼ਰੀਫਾਂ ਇਕੱਲੇ-ਇਕੱਲੇ ਘਰ ਦੇਰ ਰਾਤ ਤੱਕ ਆਪਣੀ ਸਾਂਝ ਪੱਕੀ ਪੀਡੀ ਕਰਦੀ ਰਹਿੰਦੀ। ਤੀਜੇ ਦਿਨ ਉਹ ਆਪਣੇ ਪੇਕੇ ਪਿੰਡ ਹਰਚੰਦਪੁਰੇ ਪਹੁੰਚੀ ਤੇ ਉਸ ਨੇ ਆਪਣੇ ਘਰ ਨੂੰ ਲੱਭਣ ਦਾ ਯਤਨ ਕੀਤਾ, ਪਰ ਸਮੇਂ ਦੀਆਂ ਪਰਤਾਂ ਨੇ ਬਹੁਤ ਕੁਝ ਉਲਟਾਅ ਪੁਲਟਾਅ ਦਿੱਤਾ ਸੀ, ਪਰ ਪਿੰਡ ਦੇ ਬਾਹਰ ਡੇਰੇ ਵਾਲੀ ਥਾਂ ਪੁਰਾਣੇ ਰੁੱਖਾਂ ਨੇ ਉਸ ਨੂੰ ਨਿਰਾਸ਼ ਨਹੀਂ ਹੋਣ ਦਿੱਤਾ। ਉਸ ਨੇ ਪਿੰਡ ਦਾ ਪੁਰਾਣਾ ਦਰਵਾਜ਼ਾ ਲੱਭ ਲਿਆ, ਜਿਥੇ ਬਚਪਨ ਵਿੱਚ ਖੇਡਿਆ ਕਰਦੀ ਸੀ। ਦਰਵਾਜ਼ੇ ਵੜਦਿਆਂ ਉਸ ਨੇ ਜੁੱਤੀ ਲਾਹ ਦਿੱਤੀ ਤਾਂ ਕਿ ਉਸ ਦੇ ਪੈਰ ਉਸ ਦੀ ਜਨਮ ਭੂਮੀ ਨੂੰ ਛੂਹ ਸਕਣ, ਉਂਗਲੀਆਂ ਨੂੰ ਆਲੇ ਵਿੱਚ ਘੁੰਮਾਇਆ ਤਾਂ ਜੋ ਹੱਥ ਸੁੱਚੇ ਹੋ ਜਾਣ। ਭਾਵੇਂ ਉਹ ਪੰਦਰਾਂ ਵੀਹ ਦਿਨ ਰਹੀ, ਪਰ ਉਹ ਸਹੁਰੇ ਪਿੰਡ ਸਾਰੋਂ ਵੀ ਗਈ। ਵੰਡ ਵੇਲੇ ਸਾਰੋਂ ਤੋਂ ਚੱਲ ਕੇ ਹਰਚੰਦਪੁਰੇ ਵਿੱਚ ਦੀ ਲੰਘ ਕੇ ਮਾਲੇਰਕੋਟਲਾ ਨੂੰ ਜਾਂਦਿਆਂ ਸ਼ਰੀਫਾਂ ਦੇ ਮਨ ਨੇ ਸਮੇਂ ਦੀਆਂ ਇਨ੍ਹਾਂ ਪਰਤਾਂ ਨੂੰ ਵਾਰ-ਵਾਰ ਦੇਖਿਆ ਤੇ ਉਸ ਨੇ ਆਪਣੇ ਚਿਹਰੇ ਨੂੰ ਚੁੰਨੀ ਨਾਲ ਢੱਕ ਲਿਆ।
ਧੀਆਂ ਦੇ ਉਧਾਲੇ, ਵਿਛੋੜੇ ਦਾ ਦਰਦ ਤੇ ਵੱਢ ਟੁੱਕ ਦੀਆਂ ਕਈ ਪਰਤਾਂ ਉਸ ਦੇ ਅਚੇਤ ਮਨ ਵਿੱਚ ਘੂਕ ਸੁੱਤੀਆਂ ਪਈਆਂ ਹਨ। ਭਾਵੇਂ ਉਸ ਨੇ ਇਕੱਤਰ ਵਰ੍ਹਿਆਂ ਬਾਅਦ ਆਪਣੇ ਮਾਂ ਜਾਇਆਂ ਨੂੰ ਲਭ ਲਿਆ, ਪਰ ਉਸ ਦੇ ਮਨ ਅੰਦਰ ਗੁਆਚ ਜਾਣ ਦਾ ਡਰ ਹੈ। ਇੱਧਰ ਆਉਣ ਤੋਂ ਪਹਿਲਾਂ ਉਸ ਨੇ ਮੀਰਪੁਰ-ਮਾਲੇਰਕੋਟਲਾ ਇਹ ਦੋਵੇਂ ਨਾਮ ਆਪਣੇ ਚੇਤਿਆਂ ਵਿੱਚ ਪੱਕੇ ਖੁਣ ਲਏ ਸਨ। ਚੱਲਣ ਤੋਂ ਪਹਿਲਾਂ ਉਸ ਨੇ ਦੋਵੇਂ ਪਤਿਆਂ ਦੀਆਂ ਦੋ-ਦੋ ਕਾਪੀਆਂ ਕਰਵਾ ਕੇ ਆਪਣੇ ਪਹਿਰਾਵੇ ਅੰਦਰ ਵੱਖੋ-ਵੱਖ ਸਾਂਭ ਲਈਆਂ ਸਨ। ਮੇਰੇ ਨਾਲ ਗੱਲਾਂ ਕਰਦੀ-ਕਰਦੀ ਉਹ ਕੋਲ ਬੈਠੀ ਆਪਣੀ ਧੀ ਬਸ਼ੀਰਾ ਨੂੰ ਪੱਛਣ ਲੱਗੀ, ‘ਲਾਹੌਰ ਟੇਸ਼ਣ ਦਾ ਪਤਾ ਤੈਨੂੰ, ਆਪਾਂ ਗੁਆਚ ਤਾਂ ਨਈ ਜਾਮਾਂਗੀਆਂ।' ਮੈਂ ਉਸ ਨੂੰ ਕਰੰਸੀ ਨੋਟ ਪਾਸੇ ਰੱਖ ਕੇ ਪਤੇ ਵਾਲੀਆਂ ਪਰਚੀਆਂ ਦੀਆਂ ਤਹਿਆਂ ਲਾਉਂਦੇ ਵੇਖਿਆ।
ਦੇਸ਼ ਵੰਡ ਸਮੇਂ ਸਭ ਤੋਂ ਵੱਧ ਦੁੱਖ ਔਰਤਾਂ ਨੇ ਸਹਾਰਿਆ। ਕਈ ਥਾਵਾਂ 'ਤੇ ਔਰਤਾਂ ਨੇ ਇੱਜ਼ਤ ਬਚਾਉਣ ਲਈ ਖੂਹਾਂ ਵਿੱਚ ਛਾਲਾਂ ਮਾਰ ਦਿੱਤੀਆਂ। ਕਈ ਪਰਵਾਰਾਂ ਨੇ ਧੀਆਂ ਧਿਆਣੀਆਂ ਨੂੰ ਇਕੱਠੀਆਂ ਕਰਕੇ ਆਪਣੇ ਆਪ ਨੂੰ ਅੱਗ ਦੀ ਭੇਂਟ ਕਰ ਦਿੱਤਾ। ਇਕ ਬਾਪ ਨੇ ਆਪਣੀਆਂ ਤਿੰਨ ਧੀਆਂ ਨਾਲ ਚੁੱਲ੍ਹੇ ਚੌਂਕੇ ਵਿੱਚ ਬੈਠ ਕੇ ਸਵੇਰੇ ਰੋਟੀ ਖਾਧੀ ਤੇ ਫਿਰ ਕੁਹਾੜੀ ਚੁੱਕ ਕੇ ਵੱਡੀ ਧੀ ਤੋਂ ਸ਼ੁਰੂ ਹੋ ਕੇ ਤਿੰਨੋਂ ਧੀਆਂ ਦੇ ਸਿਰ ਵੱਢ ਦਿੱਤੇ ਸਨ। ਜਿਹੜੀ ਔਰਤ ਜਰਵਾਣਿਆਂ ਉਧਾਲ ਲਈਆਂ, ਉਨ੍ਹਾਂ ਨੇ ਅਥਾਹ ਦੁੱਖ ਭੋਗੇ। ਉਧਾਲੀਆਂ ਔਰਤਾਂ ਨੂੰ ਲੱਭਣ ਲਈ ਸਰਕਾਰੀ ਪੱਧਰ 'ਤੇ ਕੁਝ ਕੋਸ਼ਿਸ਼ਾਂ ਹੋਈਆਂ। ਗੁਆਚੇ ਤੇ ਵਿੱਛੜੇ ਪਰਵਾਰਕ ਮੈਂਬਰਾਂ ਨੂੰ ਮਿਲਾਉਣ ਲਈ ਮੀਡੀਆ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਕਈ ਗੈਰ ਸਰਕਾਰੀ ਸੰਸਥਾਵਾਂ ਅੱਜ ਤੱਕ ਯਤਨਸ਼ੀਲ ਹਨ ਅਤੇ ਕਈ ਵਿਅਕਤੀਆਂ ਨੇ ਨਿੱਜੀ ਯਤਨ ਕਰਦਿਆਂ ਸੰਸਥਾਵਾਂ ਵਾਂਗ ਕੰਮ ਕੀਤਾ ਹੈ।
ਸ਼ਰੀਫਾਂ ਨੂੰ ਉਸ ਦੇ ਪਰਵਾਰ ਨਾਲ ਮਿਲਾਉਣ ਵਾਲੇ ਸੰਤੋਖ ਸਿੰਘ ਅਲਾਲ ਦੀ ਆਪਣੀ ਜ਼ਿੰਦਗੀ ਦੀ ਕਹਾਣੀ ਵੀ ਕਾਫਲਿਆਂ ਤੇ ਹੱਲਿਆਂ ਦੇ ਸਹਿਮ ਤੇ ਭੈਅ ਨਾਲ ਭਿੱਜੀ ਹੋਈ ਹੈ। ਦਰਅਸਲ ਸੰਤੋਖ ਸਿੰਘ ਮੁਸਲਮਾਨ ਪਰਵਾਰ ਨਾਲ ਸਬੰਧਤ ਹੈ ਤੇ ਹੱਲਿਆਂ ਵੇਲੇ ਉਹ ਮਾਂ ਦੇ ਪੇਟ ਵਿੱਚ ਸੀ। ਪਿੰਡ ਵਾਸੀਆਂ ਨੇ ਮੁਸਲਮਾਨ ਪਰਵਾਰਾਂ ਨੂੰ ਪੂਰਨ ਸੁਰੱਖਿਆ ਦਾ ਭਰੋਸਾ ਦਿੱਤਾ, ਪਰ ਹਾਲਾਤ ਵਿਗੜਦੇ ਦੇਖ ਕੇ ਉਨ੍ਹਾਂ ਨੂੰ ਮਾਲੇਰਕੋਟਲੇ ਕੈਂਪ ਵਿੱਚ ਛੱਡ ਆਉਣ ਜਾਂ ਧਰਮ ਬਦਲ ਲੈਣ ਲਈ ਪ੍ਰੇਰਿਆ। ਸੰਤੋਖ ਸਿੰਘ ਦੀ ਮਾਂ ਦੇ ਹਾਲਾਤ ਕਾਫਲਿਆਂ ਦਾ ਸਫਰ ਕਰਨ ਵਾਲੇ ਨਹੀਂ ਸਨ, ਇਸ ਪਰਵਾਰ ਨੇ ਆਪਣਾ ਧਰਮ ਬਦਲ ਲਿਆ। ਉਸ ਪਿੰਡ ਦੇ ਬਹੁਤੇ ਮੁਸਲਮਾਨ ਮਾਲੇਰਕੋਟਲੇ ਕੈਂਪ ਵਿੱਚ ਪਹੰੁਚ ਗਏ ਸਨ। ਪਿੰਡ ਵਾਸੀਆਂ ਨੇ ਉਸ ਦੇ ਬਾਪ ਦੇ ਸਿਰ ਪੱਗ ਬੰਨ੍ਹ ਕੇ ਉਸ ਦਾ ਨਾਮ ਅਬਦੁਲ ਅਜੀਜ ਤੋਂ ਅਮਰਜੀਤ ਰੱਖ ਦਿੱਤਾ। ਪਿੰਡ ਵਾਲਿਆਂ ਨੇ ਇਸ ਪਰਵਾਰ ਨੂੰ ਇਹ ਵੀ ਭਰੋਸਾ ਦਿੱਤਾ ਕਿ ਹਾਲਾਤ ਠੀਕ ਹੋ ਜਾਣ 'ਤੇ ਉਹ ਆਪਣਾ ਧਰਮ ਫੇਰ ਅਪਣਾ ਸਕਦੇ ਹਨ।
ਸਕੂਲ ਦਾਖਲ ਹੋਣ ਸਮੇਂ ਤੱਕ ਇਸ ਬੱਚੇ ਦਾ ਕੋਈ ਨਾਮ ਨਹੀਂ ਸੀ, ਉਸ ਦੀ ਨਾਨੀ ਉਸ ਨੂੰ ਵਧਾਤਾ-ਵਧਾਤਾ ਕਹਿੰਦੀ ਰਹਿੰਦੀ। ਸਕੂਲ ਅਧਿਆਪਕ ਸੰਤੋਸ਼ ਕੁਮਾਰ ਨੇ ਉਸ ਦੇ ਬਾਪ ਅਮਰਜੀਤ ਤੋਂ ਹੱਲਿਆਂ ਤੇ ਧਰਮ ਬਦਲੀ ਦੀ ਗੱਲ ਸੁਣਦਿਆਂ-ਸੁਣਦਿਆਂ ਉਸ ਦਾ ਨਾਮ ਆਪਣੇ ਹੀ ਨਾਮ 'ਤੇ ਸੰਤੋਸ਼ ਸਿੰਘ ਲਿਖ ਲਿਆ, ਜੋ ਕਾਗਜ਼ਾਂ ਕਾਪੀਆਂ 'ਤੇ ਉਤਾਰੇ ਸਮੇਂ ਸੰਤੋਖ ਸਿੰਘ ਹੋ ਗਿਆ। ਇਕ ਹਿੰਦੂ ਅਧਿਆਪਕ ਵੱਲੋਂ ਮੁਸਲਮਾਨ ਬੱਚੇ ਦਾ ਸਿੱਖ ਨਾਮਕਰਨ ਧਾਰਮਿਕ ਵਿਆਕਰਣ ਦਾ ਸੁਗੰਧਿਤ ਫੁੱਲ ਹੈ। ਸਮਾਂ ਪਾ ਕੇ ਦਾੜ੍ਹੀ ਕੇਸਾਂ ਤੇ ਦਸਤਾਰ ਵਾਲਾ ਸੰਤੋਖ ਸਿੰਘ ਬਿਜਲੀ ਬੋਰਡ ਵਿੱਚ ਭਰਤੀ ਹੋ ਗਿਆ। ਬਿਜਲੀ ਬੋਰਡ ਵਿੱਚ ਨੌਕਰੀ ਕਰਦਿਆਂ ਉਸ ਦੇ ਪਿੰਡ ‘ਅਲਾਲ' ਦਾ ਨਾਮ ਉਸ ਦੇ ਨਾਮ ਨਾਲ ਆ ਜੁੜਿਆ। ਸਮੇਂ-ਸਮੇਂ 'ਤੇ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੇ ਇਸ ਪਰਵਾਰ ਨੂੰ ਆਪਣੇ ਫੈਸਲੇ ਅਨੁਸਾਰ ਧਰਮ ਮੰਨਣ ਦਾ ਸੁਝਾਅ ਦਿੱਤਾ, ਪਰ ਅਮਰਜੀਤ ਤੇ ਸੰਤੋਖ ਸਿੰਘ ਨੇ ਇਹ ਕਹਿ ਕੇ ਇਸ ਫੈਸਲੇ ਨੂੰ ਠੁਕਰਾ ਦਿੱਤਾ ਕਿ ਜਿਸ ਦਸਤਾਰ ਨੇ ਜ਼ਿੰਦਗੀ ਬਖਸ਼ੀ ਹੋਵੇ ਉਸ ਨੂੰ ਇੰਜ ਵਿਸਾਰਿਆਂ ਨਹੀਂ ਜਾ ਸਕਦਾ।
ਸਾਲ 2015 ਦੌਰਾਨ ਸੰਤੋਖ ਸਿੰਘ ਆਪਣੀ ਭੂਆ ਦੇ ਪਰਵਾਰ ਵਿੱਚੋਂ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ। ਵਿਆਹ ਸਿੰਧ ਪ੍ਰਾਂਤ ਦੇ ਧੁਰ ਅੰਦਰ ਇਕ ਕਸਬੇ ਵਿੱਚ ਸੀ ਤੇ ਦੋਵਾਂ ਦੇਸ਼ਾਂ ਦੇ ਹਾਲਾਤ ਤਣਾਅ ਵਾਲੇ ਸਨ। ਰਾਤ ਦਾ ਲੰਬਾ ਸਫਰ ਉਸ ਦੀ ਭੂਆ ਦੇ ਪੁੱਤਰਾਂ ਨੇ ਇਕ ਸਿੱਖ ਦੇ ਭੇਸ ਵਿੱਚ ਮੁਸਲਮਾਨ ਰਿਸ਼ਤੇਦਾਰ ਨੂੰ ਦੋ ਤਿੰਨ ਵਾਰ ਵੇਖਿਆ ਤੇ ਬੇਨਤੀ ਕੀਤੀ ਕਿ ਪੱਗ ਲਾਹ ਕੇ ਦੁਪੱਟਾ ਬੰਨ੍ਹਿਆ ਜਾ ਸਕਦਾ ਹੈ? ਜੀਪ ਰੋਕ ਕੇ ਉਹ ਸਲਾਹਾਂ ਕਰਨ ਲੱਗੇ। ਸੰਤੋਖ ਸਿੰਘ ਕਹਿੰਦਾ, ਮੈਨੂੰ ਘਰ ਛੱਡ ਜਾਓ, ਤੁਸੀਂ ਵਿਆਹ ਵੇਖ ਆਏ, ਪਰ ਉਸ ਦੇ ਰਿਸ਼ਤੇਦਾਰਾਂ ਨੇ ਉਸ ਦਾ ਫੈਸਲਾ ਪਲਟਾ ਦਿੱਤਾ। ਉਹ ਕਹਿੰਦਾ, ‘ਮੇਲੀਆਂ ਨੇ ਉਸ ਵਿਆਹ ਵਿੱਚ ਲਾੜੇ ਨਾਲ ਓਨੀਆਂ ਫੋਟੋਆਂ ਨਹੀਂ ਖਿਚਵਾਈਆਂ ਜਿੰਨੀਆਂ ਮੇਰੇ ਨਾਲ।' ਪੂਰਬੀ ਪੰਜਾਬ 'ਚੋਂ ਇਕ ਸਰਦਾਰ ਵਿਆਹ ਆਇਆ, ਇਹ ਗੱਲ ਸਮਾਗਮ ਵਿੱਚ ਮਹਿਕ ਵਾਂਗ ਖਿੱਲਰ ਗਈ ਸੀ। ਉਸ ਰਾਤ ਮੈਂ ਪੱਗ ਬੰਨ੍ਹ ਕੇ ਹੀ ਸੁੱਤਾ ਤੇ ਮੈਨੂੰ ਰੰਗ ਬਰੰਗੀਆਂ ਪੱਗਾਂ ਦਾ ਸੁਪਨਾ ਆਇਆ।'
ਪਿੰਡ ਹੱਥਨ ਵਿਖੇ ਸ਼ਰੀਫਾਂ, ਉਸ ਦੀ ਧੀ ਬਸ਼ੀਰਾਂ ਅਤੇ ਉਸ ਦੇ ਪਰਵਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜਦੋਂ ਮੈਂ ਵਾਪਸ ਮੁੜਨ ਲੱਗਿਆ ਤਾਂ ਸੰਤੋਖ ਸਿੰਘ ਅਲਾਲ ਕਹਿੰਦਾ, ‘ਅਜਿਹੇ ਤਿੰਨ ਪਰਵਾਰ ਮੈਂ ਪਹਿਲਾਂ ਮਿਲਾ ਚੁੱਕਿਆ ਹਾਂ। ਦੋ ਹੋਰਾਂ ਲਈ ਕੋਸ਼ਿਸ਼ ਕਰ ਰਿਹਾ ਹਾਂ।' ਉਹ ਆਪਣੇ ਪਰਸ 'ਚੋਂ ਕੁਝ ਕਾਗਜ਼ ਕੱਢ ਕੇ ਵਿਖਾਉਣ ਲੱਗਿਆ। ਉਹ ਪਰਚੀਆਂ ਉਸ ਨੂੰ ਵਾਪਸ ਫੜਾਉਂਦਿਆਂ ਮੈਂ ਉਸ ਦਾ ਹੱਥ ਆਪਣੇ ਦੋਵਾਂ ਹੱਥਾਂ ਵਿੱਚ ਘੁੱਟਿਆ ਤੇ ਇਹ ਬੋਲ ਮੇਰੇ ਕੰਨਾਂ ਵਿੱਚ ਗੂੰਜਣ ਲੱਗੇ: ਹਾਏ..ਮਿੱਟੀ ਨੂੰ ਫਰੋਲ ਜੋਗੀਆ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”