ਇਸਲਾਮਾਬਾਦ, 17 ਜਨਵਰੀ (ਪੋਸਟ ਬਿਊਰੋ)- ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਸ਼ੁਰੂ ਕੀਤੀ ਜਾਂਚ ਦੀ ਰਿਪੋਰਟ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 'ਤੇ ਪੰਜਾਬ ਵਿੱਚ ਇੱਕ ਦਰਗਾਹ ਦੀ ਜ਼ਮੀਨ ਦੀ ਗੈਰ ਕਾਨੂੰਨੀ ਅਲਾਟਮੈਂਟ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਹ ਕੇਸ ਸਾਲ 1986 ਦਾ ਹੈ, ਜਦੋਂ ਨਵਾਜ਼ ਸ਼ਰੀਫ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸਨ। ਦੋਸ਼ ਇਹ ਲੱਗਾ ਹੈ ਕਿ ਉਦੋਂ ਨਵਾਜ਼ ਸ਼ਰੀਫ ਨੇ ਪਾਕਪੱਟਨ ਵਿੱਚ ਹਜ਼ਰਤ ਬਾਬਾ ਫਰੀਦ ਗੰਜ ਸ਼ਕਰ ਦੀ ਦਰਗਾਹ ਦੀ ਜ਼ਮੀਨ ਦਾ ਟਰਾਂਸਫਰ ਕੀਤਾ ਸੀ। ਸ਼ਰੀਫ ਇਸ ਦੋਸ਼ ਤੋਂ ਇਨਕਾਰ ਕਰਦੇ ਹਨ।
ਸੁਪਰੀਮ ਕੋਰਟ ਨੇ ਦਰਗਾਹ ਦੀ ਜ਼ਮੀਨ ਦੇ ਟਰਾਂਸਫਰ ਦੀ ਜਾਂਚ ਲਈ ਬੀਤੇ ਸਾਲ ਸਾਂਝੀ ਜਾਂਚ ਟੀਮ (ਜੇ ਆਈ ਟੀ) ਦਾ ਗਠਨ ਕੀਤਾ ਸੀ। ਉਸ ਜੇ ਆਈ ਟੀ ਨੇ ਚੀਫ ਜੱਜ ਸਾਕਿਬ ਨਿਸਾਰ ਦੀ ਅਗਵਾਈ ਵਾਲੀ ਬੈਂਚ ਨੂੰ ਰਿਪੋਰਟ ਸੌਂਪੀ ਤਾਂ ਇਸ ਦੇ ਮੁਤਾਬਕ ਨਵਾਜ਼ ਸ਼ਰੀਫ ਨੇ ਦਰਗਾਹ ਦੀ 14398 ਏਕੜ ਦੀ ਜ਼ਮੀਨ ਦੀਵਾਨ ਗੁਲਾਮ ਕੁਤੁਬ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਲਾਟ ਕਰ ਦਿੱਤੀ ਸੀ। ਇਸ ਸੰਬੰਧ ਵਿੱਚ ਜੇ ਆਈ ਟੀ ਨੇ ਜ਼ਮੀਨ ਨੂੰ ਵਾਪਸ ਹਾਸਲ ਕਰਨ ਅਤੇ ਸ਼ਰੀਫ ਵਿਰੁੱਧ ਅਪਰਾਧਕ ਕਾਰਵਾਈ ਸ਼ੁਰੂ ਕਰਨ ਦੀ ਸ਼ਿਫਾਰਸ਼ ਕੀਤੀ ਹੈ। ਚੀਫ ਜਸਟਿਸ ਨੇ ਦੋ ਹਫਤੇ ਲਈ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਕੇ ਪੰਜਾਬ ਸਰਕਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਜਵਾਬ ਦੇਣ ਦਾ ਹੁਕਮ ਦਿੱਤਾ।