Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਪੁਸ਼ਤਾਂ ਦੀ ਸਾਂਝ..

January 17, 2019 08:03 AM

-ਕਮਲਜੀਤ ਸਿੰਘ ਬਨਵੈਤ
ਤਕਰੀਬਨ ਸਦੀ ਪਹਿਲਾਂ ਪਿੰਡ ਵਿੱਚ ਹੀ ਨਹੀਂ, ਦੂਰ-ਦੂਰ ਤੱਕ ਉਚੀ ਢੱਠ ਵਾਲੇ ਬਲਦਾਂ ਵਾਲੇ ਦਿਆਲਪੁਰੀਆਂ ਦੀ ਨੂੰਹ ਕਰਕੇ ਜਾਣੀ ਜਾਂਦੀ ਮੇਰੀ ਦਾਦੀ, ਦਾਨੀ ਔਰਤ ਸੀ। ਇਸੇ ਕਰਕੇ ਸਾਰਾ ਪਿੰਡ ਉਸ ਨੂੰ ‘ਬੇਬੇ’ ਸੱਦਣ ਲੱਗ ਪਿਆ ਸੀ। ਘਰ ਦੇ ਮੂਹਰੇ ਦੀ ਲੰਘ ਕੇ ਖੇਤਾਂ ਨੂੰ ਆਉਣ ਜਾਣ ਵਾਲੀਆਂ ਤੀਵੀਆਂ ਦਾਦੀ ਕੋਲ ਦੁੱਖ ਸੁੱਖ ਲਈ ਚੌਂਕੀ ਭਰਦੀਆਂ ਸਨ। ਦਾਦੀ ਬਾਰੇ ਇਹ ਗੱਲਾਂ ਮੈਂ ਸੁਣੀਆਂ ਹਨ, ਪਰ ਉਸ ਦਾ ਇਵੇਂ ਦਾ ਗੜ੍ਹਕਾ ਕਦੀ ਦੇਖਿਆ ਨਹੀਂ।
ਅਸਲ ਵਿੱਚ ਮੇਰੇ ਸੁਰਤ ਸੰਭਾਲਦਿਆਂ ਨੂੰ ਸਾਡੀ ਜ਼ਮੀਨ ਵਿੱਚ ਸੇਮ ਆ ਗਈ ਸੀ। ਖੇਤਾਂ ਵਿੱਚ ਫਸਲ ਦੀ ਥਾਂ ਫੁੱਲੇ ਕੱਲਰ ਨਾਲ ਦੁੱਖ ਦੀਆਂ ਗੱਲਾਂ ਕਰਦਿਆਂ ਮੈਂ ਬੇਬੇ ਦੀਆਂ ਅੱਖਾਂ 'ਚੋਂ ਅੱਥਰੂ ਛਲਕਦੇ ਦੇਖੇ ਸਨ ਜਾਂ ਫਿਰ ਜ਼ਮੀਨ ਦੇ ਮਰ ਜਾਣ ਦੇ ਹਉਕੇ ਨਾਲ ਪੇਟ ਵਿੱਚ ਵੱਟ ਪੈਣ ਨਾਲ ਇੱਟਾਂ ਓਹਲੇ ਭੱਜੇ ਜਾਂਦੇ ਦੇਖਿਆ ਸੀ। ਕੋਈ ਦਿਨ ਹੀ ਲੰਘਦਾ ਹੋਵੇਗਾ, ਜਦੋਂ ਉਹਨੂੰ ਚਾਹ ਵਿੱਚ ਲੌਂਗ ਉਬਾਲ ਕੇ ਪੀਂਦੇ ਨਾ ਦੇਖਿਆ ਹੋਵੇ, ਜਾਂ ਕਦੇ ਉਹ ਚਾਹ ਵਿੱਚ ਠੰਢਾ ਪਾਣੀ ਪੀ ਕੇ ਪੀਂਦੀ। ਪੇਟ ਵਿੱਚ ਵੱਟ ਪੈਣ ਮਗਰੋਂ ਦਾਦੀ ਦੀਆਂ ਨਸਾਂ ਸੁੱਜਣ ਦੀ ਨੌਬਤ ਆ ਗਈ।
ਇਕ ਹੋਰ ਗੱਲ ਜਿਹੜੀ ਦਾਦੀ ਬਾਰੇ ਯਾਦ ਹੈ, ਮੈਨੂੰ ਪਿੰਡ ਉੜਾਪੜ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਗਏ ਨੂੰ ਇਕ ਦਿਨ ਚਾਚੀ ਦੀ ਧੀ ਇਹ ਕਹਿ ਕੇ ਲੈਣ ਆ ਗਈ, ‘ਬੇਬੇ ਮਰ ਗਈ।' ਮੈਂ ਘਰ ਆ ਕੇ ਪੇਟੀਆਂ ਵਾਲੇ ਪਿਛਲੇ ਅੰਦਰ ਪਏ ਵਾਣ ਦੇ ਮੰਜੇ ਉਪਰ ਡਿੱਗ ਕੇ ਚਿਰਾਂ ਤੱਕ ਰੋਂਦਾ ਰਿਹਾ ਸਾਂ।
ਮੇਰੀ ਮਾਂ ਖੈਰ ਚੰਗੀ ਭਲੀ ਸੀ। ਤਿੰਨ ਪੁੱਤਾਂ ਦੀ ਮਾਂ ਹਵਾ ਵਿੱਚ ਉਡਦੀ ਫਿਰਿਆ ਕਰੇ। ਉਂਜ ਬੇਬੇ ਨੂੰ ਪੁੱਤਾਂ ਨਾਲੋਂ ਘਰ ਵਿੱਚ ਆਉਣ ਵਾਲੀਆਂ ਨੂੰਹਾਂ ਦਾ ਵਧੇਰੇ ਚਾਅ ਸੀ। ਉਹਨੂੰ ਚੰਗਾ ਕੱਪੜਾ ਪਾਉਣ ਲਈ ਜਾਂ ਸਬਜ਼ੀ ਵਿੱਚ ਘਿਉ ਪਾ ਕੇ ਖਾਣ ਲਈ ਕਹਿਣਾ ਤਾਂ ਉਸ ਦਾ ਇਕੋ ਜੁਆਬ ਹੁੰਦਾ, ‘ਬੱਸ! ਆ ਲੈਣ ਦੇ ਨੂੰਹਾਂ ਨੂੰ, ਮੰਜੇ 'ਤੇ ਬੈਠੀ ਰਾਜ ਕਰਿਆ ਕਰੂੰ। ਮੰਜੇ 'ਤੇ ਬੈਠੀ ਨੂੰ ਨੂੰਹਾਂ ਦੇ ਹੱਥ ਦੀ ਪੱਕੀ ਮਿਲਿਆ ਕਰੂ।' ਉਸ ਨੂੰ ਪੜ੍ਹੀਆਂ ਲਿਖੀਆਂ ਨੂੰਹਾਂ ਆਉਣ ਦਾ ਬਾਕੀਆਂ ਤੋਂ ਵੱਖਰਾ ਚਾਅ ਸੀ। ਕਦੀ ਗੱਲ ਤੁਰਨ ਉਤੇ ਕਿਹਾ ਕਰੇ, ‘ਮੈਂ ਕਿਹੜਾ ਫਿਰ ਕੰਮ ਕਰਨਾ, ਦਿਨ 'ਚ ਇਕ ਲਾਹੂੰ ਇਕ ਪਾਊ।'
ਵੱਡੇ ਵੀਰ ਦੇ ਵਿਆਹ ਦੇ ਕੁਝ ਮਹੀਨਿਆਂ ਬਾਅਦ ਉਹਨੂੰ ਵੀ ਢਿੱਡ ਵਿੱਚ ਵੱਟ ਪੈ ਕੇ ਮਰੋੜ ਆਉਣ ਲੱਗ ਪਏ। ਹਰ ਦੂਜੇ ਦਿਨ ਉਹ ਦਾਦੀ ਵਾਂਗ ਚਾਹ ਵਿੱਚ ਲੌਂਗ ਉਬਾਲ ਕੇ ਜਾਂ ਚਾਹ ਵਿੱਚ ਠੰਢਾ ਪਾਣੀ ਪਾ ਕੇ ਪੀਣ ਲੱਗ ਪਈ। ਦਾਦੀ ਦੇ ਵੇਲਿਆਂ ਨਾਲੋਂ ਮਾਂ ਦਾ ਵਕਤ ਬਦਲ ਗਿਆ ਸੀ। ਡਾਕਟਰਾਂ ਨੇ ਮਾਂ ਦੇ ਢਿੱਡ ਵਿੱਚ ਅਲਸਰ ਹੋਣ ਬਾਰੇ ਦੱਸ ਦਿੱਤਾ। ਉਸ ਦੇ ਸਿਰ ਨੂੰ ਜਦੋਂ ਕੁਝ ਚੜ੍ਹਦਾ ਲੱਗਦਾ ਤਾਂ ਮੰਜੇ 'ਤੇ ਢੇਰੀ ਹੋ ਜਾਂਦੀ। ਮੈਨੂੰ ਯਾਦ ਹੈ, ਮਾਂ ਨੇ ਹੋਰ ਸੱਸਾਂ ਵਾਂਗ ਨੂੰਹ ਮਾੜੀ ਹੋਣ ਦਾ ਰੌਲਾ ਨਹੀਂ ਪਾਇਆ, ਪਰ ਚੁੱਪ ਚੁਪੀਤੇ ਆਪ ਹਵੇਲੀ 'ਚ ਆਪਣੇ ਭਾਂਡੇ ਟੀਂਡੇ ਰੱਖ ਕੇ ਸਾਨੂੰ ਇਹ ਕਹਿ ਗਈ ਸੀ ਕਿ ਵੱਡੀ ਨੂੰ ਉਸ ਦੀ ਮਰੀ ਉੱਤੇ ਵੀ ਹੱਥ ਨਾ ਲਾਉਣ ਦਿਓ।
ਦਹਾਕਿਆਂ ਬਾਅਦ ਜਦੋਂ ਜ਼ਮਾਨਾ ਬਿਲਕੁਲ ਬਦਲ ਗਿਆ ਹੈ ਤਾਂ ਮੇਰੀ ਪਤਨੀ ਵੀ ਢਿੱਡ ਵਿੱਚ ਵੱਟ ਉਠਦਿਆਂ ਹੀ ਦਾਦੀ ਅਤੇ ਮਾਂ ਵਾਂਗ ਚਾਹ ਵਿੱਚ ਲੌਂਗ ਉਬਾਲ ਕੇ ਜਾਂ ਚਾਹ ਵਿੱਚ ਠੰਢਾ ਪਾਣੀ ਪਾ ਕੇ ਪੀਣ ਲੱਗ ਪਈ ਹੈ। ਪਹਿਲਾਂ-ਪਹਿਲ ਮੇਰੀ ਪਤਨੀ ਦੇ ਢਿੱਡ ਵਿੱਚ ਵੱਟ ਉਦੋਂ ਪੈਣ ਲੱਗੇ, ਜਦੋਂ ਪੁੱਤਰ ਕਾਲਜ ਤੋਂ ਆ ਕੇ ਸਿੱਧਾ ਮੰਜੇ 'ਤੇ ਡਿੱਗ ਪੈਂਦਾ ਤੇ ਡਿੱਗਦੇ ਸਾਰ ਉਹਨੂੰ ਨੀਂਦ ਆ ਜਾਂਦੀ। ਫਿਰ ਸੂਰਜ ਢਲਦਿਆਂ ਹੀ ਉਹ ਬਾਜ਼ਾਰ ਵੱਲ ਨਿਕਲ ਤੁਰਦਾ ਤੇ ਪਤਨੀ ਦਰਵਾਜ਼ਾ ਭਿੜਨ ਦਾ ਖੜਾਕ ਸੁਣ ਕੇ ਬੈਡਰੂਮ ਨਾਲ ਅਟੈਚ ਬਾਥਰੂਮ ਵਿੱਚ ਵੜ ਕੇ ਦਰਵਾਜ਼ਾ ਜ਼ੋਰ ਨਾਲ ਬੰਦ ਕਰ ਲੈਂਦੀ।
ਅੱਜ ਕੱਲ੍ਹ ਪਹਿਲਾਂ ਨਾਲੋਂ ਵਧੇਰੇ ਚੁੱਪ ਰਹਿਣ ਲੱਗ ਪਈ ਹੈ। ਮੇਰੇ ਨਾਲ ਵੀ ਮਤਲਬ ਦੀ ਗੱਲ ਕਰਦੀ ਹੈ। ਪਿਛਲੇ ਦਿਨੀਂ ਸਿਰਫ ਇਕ ਵਾਰ ਉਹਨੇ ਉਚੀ-ਉਚੀ ਕੂਕਾਂ ਮਾਰ ਕੇ ਮੇਰੇ ਸਾਹਮਣੇ ਢਿੱਡ ਹਲਕਾ ਕੀਤਾ, ਜਦੋਂ ਉਹਨੇ ਪੁੱਤ ਦੀ ਜੇਬ ਵਿੱਚੋਂ ਹਲਕੇ ਗੁਲਾਬੀ ਰੰਗ ਦੀਆਂ ਗੋਲੀਆਂ ਦਾ ਪੱਤਾ ਤੇ ਬੈਡ ਦੇ ਦਰਾਜ਼ ਵਿੱਚੋਂ ਤਿੰਨ ਪੁੜੀਆਂ ਮੇਰੇ ਸਾਹਮਣੇ ਲਿਆ ਧਰੀਆਂ ਸਨ। ਅੱਜ ਤਾਂ ਹੱਦ ਹੀ ਹੋ ਗਈ, ਜਦੋਂ ਕੱਪੜੇ ਧੋਣ ਲੱਗਿਆਂ ਮੁੰਡੇ ਦੀ ਪੈਂਟ ਦੀ ਜੇਬ ਕਾਲੀ, ਲੁੱਕ ਵਰਗੀ ਚੀਜ਼ ਨਾਲ ਜੁੜੀ-ਜੁੜੀ ਨਜ਼ਰੀਂ ਪਈ ਸੀ। ਉਹਦੀ ਬੇਵੱਸੀ ਦੇਖ ਕੇ ਮੈਂ ਉਹਨੂੰ ਧੱਕੇ ਨਾਲ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਜਾਂਚ ਪੜਤਾਲ ਦੌਰਾਨ ਪਰਵਾਰ ਦਾ ਪੂਰਾ ਪਿਛੋਕੜ ਫਰੋਲਿਆ। ਡਾਕਟਰ ਲਈ ਗੱਲ ਜੁੜਦੀ-ਜੁੜਦੀ ਜੁੜ ਗਈ ਸੀ। ਉਹ ਡਾਕਟਰ ਨੂੰ ਦੱਸੀ ਗਈ ਕਿ ਉਹਦੇ ਪਤੀ ਦੀ ਦਾਦੀ ਅਤੇ ਮਾਂ ਨੂੰ ਵੀ ਪੇਟ ਵਿੱਚ ਇਸੇ ਤਰ੍ਹਾਂ ਵੱਟ ਉਠਦੇ ਸਨ, ਸ਼ਾਇਦ ਉਹਦੀ ਵੀ ਉਸੇ ਬਿਮਾਰੀ ਨੇ ਘੇਰਾ ਪਾ ਲਿਆ ਹੈ। ਡਾਕਟਰ ਨੇ ਉਹਦਾ ਰੋਗ ਫੜ ਲਿਆ ਸੀ। ਰਾਤ ਨੂੰ ਸੌਣ ਵੇਲੇ ਦੋ ਅਤੇ ਸਵੇਰੇ ਇਕ ਗੋਲੀ ਖਾਣ ਦੀ ਸਲਾਹ ਦਿੰਦਿਆਂ ਪਰਚੀ ਸਾਡੇ ਹੱਥ ਫੜਾ ਦਿੱਤੀ ਸੀ। ਨਾਲ ਹੀ ਡਾਕਟਰ ਨੇ ਨੀਂਦ ਵਧੇਰੇ ਆਉਣ ਦੀ ਚਿਤਾਵਨੀ ਦਿੱਤੀ ਸੀ।
ਮੈਂ ਦਵਾਈ ਲੈਣ ਲਈ ਕੈਮਿਸਟ ਦੀ ਦੁਕਾਨ 'ਤੇ ਖੜ੍ਹਾ ਸੋਚ ਰਿਹਾ ਸਾਂ ਕਿ ਸਦੀ ਬਦਲ ਗਈ, ਪੀੜ੍ਹੀਆਂ ਅੱਗੇ ਤੁਰ ਪਈਆਂ, ਪਰ ਢਿੱਡ ਅੰਦਰਲੇ ਵੱਟ ਉਠਣੋਂ ਨਹੀਂ ਹਟੇ। ਆਚਨਕ ਮੇਰੀ ਨਿਗ੍ਹਾ ਕੈਮਿਸਟ ਦੇ ਕਾਊਂਟਰ 'ਤੇ ਪਈਆਂ ਦੂਜੀਆਂ ਪਰਚੀਆਂ ਉਤੇ ਪਈ। ਦੇਖਦਿਆਂ ਸਾਰ ਲੰਮਾ ਹਉਕਾ ਭਰਿਆ ਗਿਆ। ਇਨ੍ਹਾਂ ਪਰਚੀਆਂ ਵਿੱਚੋਂ ਬਹੁਤੀਆਂ ਉਤੇ ਡਾਕਟਰ ਦੀ ਲਿਖਤ ਵਾਲੇ ‘ਕੂੰ-ਕੌਕੜੇ' ਮੇਰੇ ਵਾਲੀ ਪਰਚੀ ਨਾਲ ਮਿਲਦੇ ਜੁਲਦੇ ਜਾਪਦੇ ਸਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ