Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਹਾਏ ਜਾਨੂੰ, ਹਾਏ ਜਾਨੂੰ

January 16, 2019 08:41 AM

-ਵਿਨੋਦ ਕੁਮਾਰ ਦੁਬੇ
ਮੋਬਾਈਲ ਅਤੇ ਅੰਤਰਜਾਲ ਵਿੱਚ ਅਸੀਂ ਇੰਨਾ ਉਲਝੇ ਹੋਏ ਹਾਂ ਕਿ ਮੰਨਿਆ ਜਾ ਰਿਹਾ ਹੈ ਕਿ ਨੱਬੇ ਫੀਸਦੀ ਲੋਕ ਆਪਣੇ ਸਮਾਰਟ ਫੋਨ ਫੜੇ ਬਗੈਰ ਪਖਾਨੇ ਵੀ ਨਹੀਂ ਜਾ ਸਕਦੇ, ਜਿਵੇਂ ਸਮਾਰਟ ਫੋਨ ਕੋਈ ਫੋਨ ਨਾ ਹੋਵੇ, ਕਬਜ਼ ਦੀ ਦਵਾਈ ਹੋਵੇ। ਉਹ ਸਮਾਂ ਗਿਆ, ਜਦੋਂ ਉਠਦਿਆਂ ਸਾਰ ਬੱਚੇ ਆਪਣੇ ਮਾਪਿਆਂ ਦੇ ਪੈਰੀਂ ਹੱਥ ਲਾਉਂਦੇ ਸਨ। ਅੱਜ ਕੱਲ੍ਹ ਤਾਂ ਅੱਖ ਖੁੱਲ੍ਹਦਿਆਂ ਸਾਰ ਪਹਿਲਾਂ ਆਪਣੇ ਮੋਬਾਈਲ ਲੱਭਦੇ ਹਨ। ਭੋਜਨ ਕਰਦੇ ਸਮੇਂ ਵੀ ਸੁਆਦਲੀ ਚੈਟਿੰਗ 'ਚ ਇੰਨਾ ਬਿਜ਼ੀ ਹੁੰਦੇ ਹਨ ਕਿ ਸਾਰੀਆਂ ਰੋਟੀਆਂ ਦਾਲ, ਸਬਜ਼ੀ ਦੀ ਜਗ੍ਹਾ ਪਾਣੀ ਵਿੱਚ ਡੁਬੋ ਕੇ ਖਾ ਲੈਣਗੇ, ਪਰ ਸਵਾਦ ਦਾ ਧਿਆਨ ਨਹੀਂ ਰਹਿਣਾ। ‘ਹਾਏ ਜਾਨੂ, ਹਾਏ ਜਾਨੂੰ’ ਦੀ ਜਿੰਨੀ ਹਾਏ-ਤੌਬਾ ਮਚਾ ਰੱਖੀ ਹੈ, ਇੰਨਾ ਹਾਏ-ਹਾਏ ਸਰਕਾਰ ਦੇ ਖਿਲਾਫ ਕੀਤਾ ਹੋਵੇ ਤਾਂ ਸੱਤਾ ਵਿੱਚ ਹਾਏ-ਹਾਏ ਮਚ ਜਾਵੇਗੀ। ਘਰ 'ਚ ਬਿਮਾਰ ਮਾਂ ਮਹੀਨਿਆਂ ਤੋਂ ਬਿਮਾਰ ਪਈ ਹੋਵੇਗੀ, ਪਰ ਹਾਲ ਨਾ ਪੁੱਛਣਗੇ ਤੇ ਜਾਨੂੰ ਨੂੰ ਛਿੱਕ ਵੀ ਆਈ ਤਾਂ ਨਿਮੂਨੀਏ ਦੀਆਂ ਦਵਾਈਆਂ ਲੱਭਦੇ ਫਿਰਨਗੇ।
ਮੋਬਾਈਲ ਚੈਟਿੰਗ ਨੇ ਸਭ ਨੂੰ ਦੀਵਾਨਾ ਬਣਾ ਰੱਖਿਆ। ਅਜੇ ਆਰਕੁਟ ਦਾ ਦਾਹ-ਸਸਕਾਰ ਵੀ ਨਹੀਂ ਨਿਬੜਿਆ ਕਿ ਫੇਸਬੁਕ, ਵਟਸਐਪ ਦੇ ਰੂਪ ਵਿੱਚ ਚੈਟਿੰਗ ਦਾ ਪੁਨਰ ਜਨਮ ਹੋ ਗਿਆ ਤੇ ਇਨ੍ਹਾਂ ਦੇ ਪਿੱਛੇ ਪਤਾ ਨਹੀਂ ਕਿੰਨੇ ਅਵਤਾਰ ਪ੍ਰਗਟ ਹੋ ਗਏ, ਹਾਈਕ ਤੇ ਵਾਈਬਰ ਜਿਹੇ ਰੂਪ 'ਚ। ਇੱਕੋ ਬੰਦਾ ਕਈ-ਕਈ ਜਾਨੂੰ ਸੋਸ਼ਲ ਸਾਈਟ 'ਤੇ ਲੈ ਕੇ ਬੈਠਾ ਹੈ। ਕਈ ਲੜਕਿਆਂ ਨੇ ਆਨਲਾਈਨ ਲਿੰਗ ਪਰਿਵਰਤਨ ਕਰਾ ਰੱਖਿਆ ਹੈ ਤੇ ਸਾਈਟ 'ਤੇ ਲੜਕੀਆਂ ਬਣ ਕੇ ਬੈਠੇ ਹਨ। ਇਹੋ ਹਾਲ ਤਿਉਹਾਰਾਂ ਦਾ ਹੈ। ਵੈਲੇਨਟਾਈਨ ਡੇਅ ਵਿਸ਼ ਕਰਨ ਦੇ ਲਈ ਰਾਤ ਭਰ ਜਾਗਣ ਵਾਲੇ 15 ਅਗਸਤ ਭੁੱਲ ਜਾਂਦੇ ਹਨ। ਪ੍ਰੇਮਿਕਾ ਲਈ ਇੱਕੋ ਜਗ੍ਹਾ ਘੰਟਿਆਂਬੱਧੀ ਖੜ੍ਹੇ ਰਹਿ ਕੇ ਇੰਤਜ਼ਾਰ ਕਰ ਲੈਣਗੇ, ਪਰ ਰਾਸ਼ਟਰਗਾਨ 'ਤੇ 52 ਸੈਕਿੰਡ ਖੜ੍ਹੇ ਰਹਿਣਾ ਗਵਾਰਾ ਨਹੀਂ। ਗਰਲ ਫਰੈਂਡ ਦੀ ਟੈਂ-ਟੈਂ 'ਤੇ ਪਿਆਰ ਆਉਂਦਾ ਹੈ, ਪਰ ਮਾਂ ਦੀ ਖਾਂਸੀ ਨਾਲ ਨੀਂਦ ਖਰਾਬ ਹੁੰਦੀ ਹੈ। ਮੋਬਾਈਲ ਦੀ ਆਦਤ ਅਜਿਹੀ ਹੈ ਕਿ ਸੌਂਦੇ ਟਾਈਮ ਤਿੰਨ ਚਾਰ ਘੰਟੇ ਤੱਕ ਨੀਂਦ ਦੀ ਐਸੀ-ਤੈਸੀ ਨਾ ਕਰ ਦੇਵੇ ਉਦੋਂ ਤੱਕ ਨੀਂਦ ਨਹੀਂ ਆਉਂਦੀ। ਜਿਵੇਂ-ਜਿਵੇਂ ਮੋਬਾਈਲ ਦੀ ਰੈਮ 'ਚ ਵਾਧਾ ਹੋ ਰਿਹਾ ਹੈ, ਦਿਮਾਗ ਦੇ ਨਿਊਰਾਂਸ ਬੇਮੌਤ ਮਰਦੇ ਜਾ ਰਹੇ ਹਨ। ਪਹਿਲਾਂ ਲੋਕਾਂ ਦੀ ਯਾਦਾਸ਼ਤ 'ਚ ਕਾਫੀ ਕੁਝ ਸੁਰੱਖਿਅਤ ਰਹਿੰਦਾ ਸੀ, ਅੱਜ ਮੋਬਾਈਲ 'ਚ ਸੇਵ ਕਰਨੇ ਪੈਂਦੇ ਹਨ। ਨਾਮ, ਨੰਬਰ, ਚਿਹਰੇ ਸਭ ਮੋਬਾਈਲ 'ਚ ਸੇਵ ਹਨ ਤੇ ਦਿਮਾਗ 'ਚ ਡਿਲੀਟ ਹੁੰਦੇ ਜਾਂਦੇ ਹਨ। ਕੁਝ ਸਾਲਾਂ ਬਾਅਦ ਤਾਂ ਹਾਲਤ ਇਹ ਹੋਵੇਗੀ ਕਿ ਘਰ ਵਿੱਚ ਚਿਹਰੇ ਅਣਜਾਣ ਲੱਗਣਗੇ, ਫਿਰ ਲੋਕ ਮੋਬਾਈਲ ਤੋਂ ਕਨਫਰਮ ਕਰਨਗੇ ਕਿ ਇਹ ਘਰ ਦਾ ਮੈਂਬਰ ਹੈ। ਗੇਮ ਖੇਡਣ ਵਿੱਚ ਮਸ਼ਗੂਲ ਲੋਕ ਪੋਕੇਮਨ ਲੱਭਦੇ-ਲੱਭਦੇ ਖੁਦ ਗੁਆਚ ਜਾਂਦੇ ਹਨ, ਜਿਨ੍ਹਾਂ ਨੂੰ ਗੂਗਲ ਵੀ ਨਹੀਂ ਲੱਭ ਸਕਦਾ। ਖੋ-ਖੋ, ਕਬੱਡੀ ਚੀਤੇ ਵਾਂਗ ਗੁਆਚੀ ਹੋਈ ਹੈ। ਇਨ੍ਹਾਂ ਖੇਡਾਂ ਦਾ ਟੈਂਪਲ ਰਨ ਤੇ ਪੋਕੇਮੋਨ ਗੋ ਆਦਿ ਖੇਡਾਂ ਨੇ ਖੇਡ ਵਿਗਾੜ ਦਿੱਤਾ ਹੈ। ਬੱਚੇ ਫੋਨ 'ਚ ਬਿਜ਼ੀ ਹਨ, ਮਾਂ-ਬਾਪ ਟੈਨਸ਼ਨ ਫ੍ਰੀ ਹਨ ਕਿ ਬੱਚੇ ਘਰ ਹੀ ਚੁੱਪਚਾਪ ਖੇਡ ਰਹੇ ਹਨ। ਬੱਚੇ ਵੀ ਮੋਬਾਈਲ 'ਚ ਕ੍ਰਿਕਟ ਖੇਡ ਕੇ ਖੁਸ਼ ਹਨ ਕਿ ਭੱਜ ਨੱਠ ਦਾ ਕੋਈ ਚੱਕਰ ਨਹੀਂ। ਨਹੀਂ ਤਾਂ ਪਾਗਲਾਂ ਵਾਂਗ ਇੱਕ ਗੇਂਦ ਦੇ ਪਿੱਛੇ ਇੰਨੇ ਸਾਰੇ ਲੜਦੇ ਨੱਠਦੇ ਜਾਂਦੇ ਹਨ, ਜਿਵੇਂ ਗਲੀ ਦੀ ਕਿਸੇ ਮੁਟਿਆਰ ਨੇ ਸਾਰੇ ਜਵਾਨਾਂ ਨੂੰ ਦੀਵਾਨਾ ਬਣਾ ਛੱਡਿਆ ਹੋਵੇ।
ਮੋਬਾਈਲ ਫੋਨ ਦੇ ਹੋਰ ਵੀ ਲਾਭ ਹਨ, ਲੱਖਾਂ ਰੁੱਖਾਂ ਦੀ ਜਾਨ ਬਚ ਗਈ, ਤੁਸੀਂ ਪੁੱਛੋਗੇੇ ਕਿਵੇਂ? ਮੋਬਾਈਲ ਨੇ ਲਵ ਲੈਟਰ ਦੀ ਸੰਖਿਆ ਘਟਾ ਦਿੱਤੀ, ਨਹੀਂ ਤਾਂ ਕਿੰਨੇ ਰੁੱਖ ਪ੍ਰੇਮ ਪੱਤਰ ਦੀ ਬਲੀ ਚੜ੍ਹ ਜਾਂਦੇ ਸਨ। ਕਈਆਂ ਦੀ ਹਾਲਤ ਅਜਿਹੀ ਸੀ ਕਿ ਇੱਕ ਲਵ ਲੈਟਰ ਲਿਖਣ ਵਿੱਚ ਹੱਥ ਇੰਨਾ ਕੰਬਦਾ ਸੀ ਕਿ ਫਟੇ ਹੋਏ ਪ੍ਰੇਮ ਪੱਤਰਾਂ ਦਾ ਢੇਰ ਲੱਗ ਜਾਂਦਾ। ਉਪਰੋਂ ਲਵ ਲੈਟਰ ਪੁਚਾਉਣ ਦਾ ਝੰਜਟ, ਕੁਟਾਪੇ ਦਾ ਡਰ। ਲਵ ਲੈਟਰ ਸੁੱਟਣ ਦੇ ਚੱਕਰ ਵਿੱਚ ਪ੍ਰੇਮਿਕਾ ਦੇ ਪਾਪਾ, ਭਰਾ 'ਤੇ ਡਿੱਗ ਜਾਣਾ ਤਾਂ ਸਾਖਸ਼ਾਤ ਯਮਰਾਜ ਨੂੰ ਬੁਲਾਵਾ। ਇਸ ਤੋਂ ਚੰਗਾ ਤਾਂ ਮੋਬਾਈਲ ਵਿਚਾਰਾ ਚੁੱਪਚਾਪ ਆਪਣਾ ਕੰਮ ਕਰ ਰਿਹਾ ਹੈ। ਪ੍ਰੇਮਿਕਾ ਦੀ ਸਹੇਲੀ ਦੀ ਗਰਜ਼ ਵੀ ਪੂਰੀ ਨਹੀਂ ਕਰਨੀ ਪੈਂਦੀ। ਮੋਬਾਈਲ ਨੇ ਰਿਸ਼ਤਿਆਂ ਦੀ ਪਰਿਭਾਸ਼ਾ ਹੀ ਬਦਲ ਦਿੱਤੀ।
ਕਈ ਵਾਰ ਸ਼ਮਸ਼ਾਨ ਦੇ ਕਿਸੇ ਕੋਨੇ 'ਚ ਲੋਕ ਵਟਸਐਪ ਚਲਾਉਂਦੇ ਦਿਖ ਜਾਣਗੇ, ਸੋਚਦੇ ਹੋਣਗੇ ਲਾਸ਼ ਸੜਨ 'ਚ ਤਾਂ ਟਾਈਮ ਲੱਗਦਾ ਹੈ, ਉਦੋਂ ਤੱਕ ਬੈਠੇ-ਬੈਠੇ ਬੋਰ ਕਿਉਂ ਹੋਈਏ।
ਉਂਝ ਮੋਬਾਈਲ ਇੰਨੀ ਵੀ ਬੁਰੀ ਚੀਜ਼ ਨਹੀਂ ਹੈ। ਨੋਟਬੰਦੀ ਦੇ ਬਾਅਦ ਸਰਕਾਰ ਖੁਦ ਆਖ ਰਹੀ ਹੈ ਮੋਬਾਈਲ ਨੂੰ ਬੈਂਕ ਬਣਾ ਲਓ। ਯੂ ਟਿਊਬ ਨੇ ਮੋਬਾਈਲ ਨੂੰ ਸਿਨੇਮਾਘਰ ਬਣਾ ਦਿੱਤਾ ਹੈ। ਮੋਬਾਈਲ ਆਉਣ ਮਗਰੋਂ ਟੈਲੀਗ੍ਰਾਮ ਅਕਾਲ ਚਲਾਣਾ ਕਰ ਗਿਆ। ਮੋਬਾਈਲ ਨੇ ਵੀਣੀ ਤੋਂ ਘੜੀ ਖੋਹ ਲਈ। ਸਿਰਫ ਸ਼ੌਕ ਵਜੋਂ ਬੰਨ੍ਹੀ ਦਿਖਾਈ ਦਿੰਦੀ ਹੈ। ਮੋਬਾਈਲ ਨੇ ਪੀ ਕੇ ਦਾ ਰੇਡੀਓ ਖੋਹ ਲਿਆ। ਮੋਬਾਈਲ ਨੇ ਰਾਤਾਂ ਦੀ ਨੀਂਦ, ਦਿਨ ਦਾ ਸਕੂਨ ਖੋਹ ਲਿਆ। ਅਸੀਂ ਇੰਨੇ ਸਮਝਦਾਰ ਹੋ ਚੁੱਕੇ ਹਾਂ ਕਿ ਬੱਦਲ ਵੀ ਗੂਗਲ 'ਤੇ ਦੇਖ ਲੈਂਦੇ ਹਾਂ। ਬਰਸਾਤ ਯੂ ਟਿਊਬ 'ਤੇ ਦੇਖਦੇ ਹਾਂ। ਸ਼ੇਰ, ਚੀਤਾ, ਰਿੱਛ, ਮਗਰਮੱਛ, ਬਾਜ, ਸੱਪ ਸਭ ਡਿਸਕਵਰੀ 'ਤੇ ਦੇਖਦੇ ਹਾਂ। ਹਰਿਆਲੀ ਨੈਸ਼ਨਲ ਜਿਓਗਰਾਫੀ ਦਿਖਾ ਦਿੰਦੀ ਹੈ। ਅਸੀਂ ਇੰਨੇ ਸਮਝਦਾਰ ਹਾਂ ਕਿ ਗਰਦਨ ਚੁੱਕਣ ਤੱਕ ਦੀ ਜ਼ਹਿਮਤ ਨਹੀਂ ਚੁੱਕ ਸਕਦੇ, ਗਰਦਨ ਝੁਕਾਉਣ ਦੀ ਆਦਤ ਇੰਨੀ ਵੀ ਤਾਂ ਚੰਗੀ ਨਹੀਂ। ਕਾਸ਼! ਅਸੀਂ ਵੀ ਥੋੜ੍ਹੇ ਨਾਸਮਝ ਹੀ ਰਹਿ ਜਾਂਦੇ, ਸਮਝਦਾਰ ਹੋਣ ਦੇ ਨੁਕਸਾਨ ਤਾਂ ਬਹੁਤ ਹਨ।

Have something to say? Post your comment