ਚੰਡੀਗੜ੍ਹ, 15 ਜਨਵਰੀ (ਪੋਸਟ ਬਿਊਰੋ)- ਵੱਖ-ਵੱਖ ਹੋ ਕੇ ਇੰਗਲੈਂਡ ਅਤੇ ਭਾਰਤ 'ਚ ਰਹਿ ਰਹੇ ਪਤੀ-ਪਤਨੀ ਵਿਚਾਲੇ ਬੱਚੇ ਦੀ ਸਪੁਰਦਗੀ ਬਾਰੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਵਿਦੇਸ਼ੀ ਅਦਾਲਤ ਦੇ ਫੈਸਲੇ ਨੂੰ ਲਾਂਭੇ ਕਰਦਿਆਂ ਅਹਿਮ ਫੈਸਲਾ ਦਿੱਤਾ ਹੈ ਕਿ ਬੱਚੇ ਦੇ ਹਿੱਤ ਲਈ ਲੋਕਲ ਕੋਰਟ ਵਿਦੇਸ਼ੀ ਅਦਾਲਤ ਦਾ ਫੈਸਲਾ ਬਦਲ ਸਕਦੀ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਬੱਚਾ ਕੋਈ ਖੇਡਣ ਵਾਲੀ ਚੀਜ਼ ਨਹੀਂ, ਬਦਲੇ ਹਾਲਾਤ ਵਿੱਚ ਸਥਾਨਕ ਅਦਾਲਤਾਂ ਹੱਕ ਰੱਖਦੀਆਂ ਹਨ ਕਿ ਉਹ ਬੱਚੇ ਦੇ ਹਿੱਤ ਲਈ ਵਿਦੇਸ਼ੀ ਅਦਾਲਤ ਦੇ ਫੈਸਲੇ ਵਿੱਚ ਦਖਲ ਦੇ ਸਕਣ।
ਪੰਚਕੂਲਾ ਦੇ ਇਕ ਵਿਅਕਤੀ ਨੇ ਸਥਾਨਕ ਅਦਾਲਤ ਵੱਲੋਂ ਉਸ ਦੀ ਅਰਜ਼ੀ ਰੱਦ ਕਰਨ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਉਸ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਸ ਦਾ ਵਿਆਹ ਦਿੱਲੀ ਵਿੱਚ ਹੋਇਆ ਤੇ ਬਾਅਦ ਵਿੱਚ ਉਹ ਪਤਨੀ ਨਾਲ ਲੰਡਨ ਚਲਾ ਗਿਆ ਤੇ ਉਥੇ ਉਸ ਨੂੰ ਬਤੌਰ ‘ਇੰਡੀਅਨ ਓਵਰਸੀਜ਼ ਸਿਟੀਜ਼ਨ ਬ੍ਰਿਟਿਸ਼ ਸਿਟੀਜ਼ਨਸ਼ਿਪ' ਮਿਲ ਗਈ। ਇਸੇ ਦੌਰਾਨ ਪਤਨੀ ਨਾਲ ਉਸ ਦਾ ਤਲਾਕ ਹੋ ਗਿਆ ਤੇ ਉਹ ਪਤਨੀ ਦੀ ਸਹਿਮਤੀ ਨਾਲ ਅਦਾਲਤ ਰਾਹੀਂ ਬੱਚੇ ਦੀ ਸੁਪਰਦਗੀ ਲੈ ਕੇ ਵਾਪਸ ਭਾਰਤ ਆਇਆ ਅਤੇ ਪੰਚਕੂਲਾ ਵਿਖੇ ਰਹਿਣ ਲੱਗ ਪਿਆ। ਹਾਈ ਕੋਰਟ ਨੂੰ ਦੱਸਿਆ ਗਿਆ ਕਿ ਇਸੇ ਦੌਰਾਨ ਪਤਨੀ ਨੇ ਪੰਚਕੂਲਾ ਦੀ ਅਦਾਲਤ ਨੂੰ ਅਰਜ਼ੀ ਦੇ ਕੇ ਬੱਚੇ ਦੀ ਸੁਪਰਦਗੀ ਮੰਗ ਲਈ ਤੇ ਕਿਹਾ ਕਿ ਬੱਚੇ ਨਾਲ ਰੋਜ਼ਾਨਾ ਗੱਲਬਾਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਬੱਚੇ ਦੀ ਅੰਤਰਿਮ ਸਪੁਰਦਗੀ ਦਿੱਤੀ ਜਾਵੇ। ਇਸ ਦੇ ਵਿਰੋਧ ਵਿੱਚ ਪਤੀ ਨੇ ਪੰਚਕੂਲਾ ਅਦਾਲਤ 'ਚ ਅਰਜ਼ੀ ਦਿੱਤੀ ਕਿ ਉਸ ਦੀ ਪਤਨੀ ਦੀ ਅਰਜ਼ੀ ਅਧਿਕਾਰ ਖੇਤਰ ਤੋਂ ਬਾਹਰ ਹੈ, ਪਰ ਪੰਚਕੂਲਾ ਅਦਾਲਤ ਨੇ ਪਤੀ ਦੀ ਅਰਜ਼ੀ ਰੱਦ ਕਰ ਦਿੱਤੀ ਤਾਂ ਉਸ ਨੇ ਹਾਈ ਕੋਰਟ ਪਹੁੰਚ ਕੀਤੀ। ਹਾਈ ਕੋਰਟ ਨੇ ਬੱਚੇ ਦੇ ਹਿੱਤ ਲਈ ਵਿਦੇਸ਼ੀ ਅਦਾਲਤ ਦੇ ਫੈਸਲੇ ਨੂੰ ਪਲਟਣ ਲਈ ਸਥਾਨਕ ਅਦਾਲਤਾਂ ਦੇ ਹੱਕ ਬਾਰੇ ਇਹ ਟਿੱਪਣੀ ਕਰਦਿਆਂ ਪੰਚਕੂਲਾ ਅਦਾਲਤ ਦਾ ਫੈਸਲਾ ਰੱਦ ਕਰ ਦਿੱਤਾ ਹੈ।