ਮੋਗਾ, 15 ਜਨਵਰੀ (ਪੋਸਟ ਬਿਊਰੋ)- ਪੁਲਿਸ ਉੱਤੇ ਨਸ਼ਾ ਸਮੱਗਲਰਾਂ ਦੀ ਮਦਦ ਕਰਨ ਦੇ ਦੋਸ਼ ਲਾਉਣ ਵਾਲੇ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਨਾਲ ਲੱਗੇ ਪੀ ਏ ਨੀਰਜ ਕੁਮਾਰ ਉਰਫ਼ ਗਿੰਨੀ ਸੋਢੀ ਨੂੰ ਮੋਗਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਮੋਗਾ ਦੇ ਨੈਸਲੇ ਫਾਟਕ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਨੀਰਜ ਕੁਮਾਰ ਉਰਫ ਗਿੰਨੀ ਸੋਢੀ ਉਤੇ ਸਾਲ 2013 ਵਿਚ ਕਤਲ ਕੇਸ ਬਣਿਆ ਸੀ। ਇਸ ਬਾਰੇ ਉਹ ਅਦਾਲਤ ਵਿਚ ਪੇਸ਼ ਨਾ ਹੋਇਆ ਤਾਂ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ। ਪੁਲਿਸ ਨੇ ਗੁਪਤ ਸੂਚਨਾ ਉੱਤੇ ਕੱਲ੍ਹ ਸ਼ਾਮ ਉਸ ਨੂੰ ਫੜ ਲਿਆ। ਉਸ ਕੋਲੋਂ ਇਕ ਰਿਵਾਲਵਰ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।
ਵਰਨਣ ਯੋਗ ਹੈ ਕਿ ਬੀਤੇ ਦਿਨੀਂ ਸ਼ਰਾਬ ਕਾਰੋਬਾਰੀ ਫੁਰਮਾਨ ਸਿੰਘ ਨੇ ਵਿਧਾਇਕ ਜ਼ੀਰਾ ਅਤੇ ਉਨ੍ਹਾਂ ਦੇ ਪੀ ਏ ਗਿੰਨੀ ਸ਼ਰਮਾ ਉੱਤੇ ਗੰਭੀਰ ਦੋਸ਼ ਲਾਏ ਸਨ। ਇਸ ਦੇ ਬਾਅਦ ਪੁਲਿਸ ਹਰਕਤ ਵਿਚ ਆਈ। ਫਰਮਾਨ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦੇ ਖ਼ਿਲਾਫ਼ ਫਿਰੋਜ਼ਪੁਰ ਸਿਟੀ ਥਾਣੇ ਵਿਚ 2000 ਸ਼ਰਾਬ ਦੀਆਂ ਪੇਟੀਆਂ ਦਾ ਝੂਠਾ ਕੇਸ ਬਣਾਇਆ ਗਿਆ ਹੈ, ਜੋ ਜਾਂਚ ਵਿਚ ਝੂਠਾ ਸਾਬਤ ਹੋਣ `ਤੇ ਰੱਦ ਹੋਇਆ ਹੈ। ਉਸ ਨੇ ਕਿਹਾ ਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਪੀ ਏ ਗਿੰਨੀ ਸੋਢੀ ਹੈ, ਜਿਸ ਉੱਤੇ ਸਾਲ 2013 ਵਿਚ ਕਤਲ ਕੇਸ ਦਰਜ ਹੋਇਆ ਅਤੇ ਅਦਾਲਤ ਨੇ 2015 ਵਿਚ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ, ਪਰ ਉਹ ਵਿਧਾਇਕ ਦੇ ਨਾਲ ਰਹਿੰਦਾ ਹੈ।