ਬੀਜਿੰਗ, 15 ਜਨਵਰੀ (ਪੋਸਟ ਬਿਊਰੋ)- ਤਾਇਵਾਨ ਨੂੰ ਪਣਡੁੱਬੀ ਬਣਾਉਣ ਦੀ ਤਕਨੀਕ ਦੇਣ ਦੇ ਕੇਸ ਵਿੱਚ ਚੀਨ ਨੇ ਭਾਰਤ, ਅਮਰੀਕਾ ਤੇ ਹੋਰਨਾਂ ਦੇਸ਼ਾਂ ਨੂੰ ਮਾੜੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਤੇ ਕਿਹਾ ਹੈ ਕਿ ਪਣਡੁੱਬੀ ਤਕਨੀਕ ਦਾ ਟਰਾਂਸਫਰ ਨਾ ਰੁਕਿਆ ਤਾਂ ਉਸ ਦੇ ਭਾਰਤ ਸਮੇਤ ਉਨ੍ਹਾਂ ਦੇਸ਼ਾਂ ਨਾਲ ਦੁਵੱਲੇ ਸਬੰਧ ਵਿਗੜ ਜਾਣਗੇ ਜੋ ਇਸ ਕੰਮ 'ਚ ਸ਼ਾਮਲ ਹਨ। ਗੁਆਂਢੀ ਦੇਸ਼ ਤਾਇਵਾਨ ਨੂੰ ਚੀਨ ਆਪਣਾ ਹਿੱਸਾ ਮੰਨਦਾ ਹੈ ਤੇ ਉਸ ਨਾਲ ਸਬੰਧ ਰੱਖਣ ਵਾਲੇ ਦੇਸ਼ਾਂ ਪ੍ਰਤੀ ਨਫਰਤ ਦੀ ਭਾਵਨਾ ਰੱਖਦਾ ਹੈ, ਜਿਸ ਕਾਰਨ ਤਨਾਅ ਬਣਿਆ ਰਹਿੰਦਾ ਹੈ।
ਪਤਾ ਲੱਗਾ ਹੈ ਕਿ ਤਾਇਵਾਨ ਦੀ ਪਣਡੁੱਬੀ ਬਣਾਉਣ ਦੀ ਯੋਜਨਾ ਨੂੰ ਪੂਰਾ ਕਰਨ ਲਈ ਜਿਨ੍ਹਾਂ ਛੇ ਕੰਪਨੀਆਂ ਨੇ ਡਿਜ਼ਾਈਨ ਸੌਂਪਿਆ ਹੈ, ਉਨ੍ਹਾਂ ਵਿੱਚ ਇਕ ਭਾਰਤ ਦੀ ਕੰਪਨੀ ਵੀ ਹੈ। ਹੋਰ ਕੰਪਨੀਆਂ ਅਮਰੀਕਾ, ਜਾਪਾਨ ਅਤੇ ਯੂਰਪੀ ਯੂਨੀਅਨ ਦੀਆਂ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੁਆ ਚੁਨਿਇੰਗ ਨੇ ਤਾਇਵਾਨ ਨੂੰ ਫੌਜੀ ਮਦਦ ਪਹੁੰਚਾਉਣ ਦੇ ਇਸ ਯਤਨ ਦਾ ਸਖਤ ਵਿਰੋਧ ਪ੍ਰਗਟਾਇਆ ਅਤੇ ਕਿਹਾ ਕਿ ਤਾਇਵਾਨ ਨੂੰ ਹਥਿਆਰ ਵੇਚਣ ਅਤੇ ਕਿਸੇ ਵੀ ਤਰ੍ਹਾਂ ਦੇ ਫੌਜੀ ਸਬੰਧ ਬਣਾਉਣ ਦਾ ਚੀਨ ਸਖਤ ਵਿਰੋਧ ਕਰਦਾ ਹੈ। ਤਾਇਵਾਨ ਬਾਰੇ ਉਸ ਦੀ ਪਹਿਲੀ ਨੀਤੀ 'ਚ ਕੋਈ ਬਦਲਾਅ ਨਹੀਂ ਆਇਆ ਹੈ। ਬੁਲਾਰਾ ਨੇ ਕਿਹਾ, ਅਸੀਂ ਅਮਰੀਕਾ ਅਤੇ ਬਾਕੀ ਦੇਸ਼ਾਂ ਨੂੰ ਬੇਨਤੀ ਕਰਦੇ ਹਾਂ ਕਿ ਤਾਇਵਾਨ ਨਾਲ ਸਬੰਧਤ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਤੇ ਵਨ ਚਾਈਨਾ ਨੀਤੀ ਦਾ ਸਨਮਾਨ ਕਰਨ।