Welcome to Canadian Punjabi Post
Follow us on

21

May 2019
ਸੰਪਾਦਕੀ

ਲਿੰਡਾ ਜੈਫਰੀ: ਕਮਿਊਨਿਟੀ ਸੇਫਟੀ ਦਾ ਕੇਹਾ ਹੇਜ?

September 14, 2018 10:02 AM

6 ਲੱਖ ਦੀ ਜਨਸੰਖਿਆ ਵਾਲੇ ਸ਼ਹਿਰ ਦਾ ਮੇਅਰ ਬਣਨਾ ਕਿਸੇ ਵੀ ਵਿਅਕਤੀ ਲਈ ਵੱਡੀ ਪ੍ਰਾਪਤੀ ਹੋ ਸਕਦੀ ਹੈ। ੇਲੰਬੇ ਸਮੇਂ ਤੋਂ ਹੰਢਣਸਾਰ ਸਿਆਸੀ ਕੈਰੀਅਰ ਹੰਢਾਉਣ ਵਾਲੀ ਅਤੇ ਇੱਕ ਟਰਮ ਮੇਅਰ ਦੀ ਪੁਗਾ ਚੁੱਕੀ ਲਿੰਡਾ ਜੈਫਰੀ ਲਈ ਇਹ ਅਹੁਦਾ ‘ਮਿੱਠੀਆਂ ਬੇਰੀਆਂ ਨੂੰ ਨੀਵੇਂ ਲੱਗੇ ਬੇਰ’ ਚੁਗਣ ਤੋਂ ਘੱਟ ਕੁੱਝ ਨਹੀਂ ਜਾਪਦਾ। ਘੱਟੋ ਘੱਟ ਇਹ ਉਸਦਾ ਆਪਣਾ ਪ੍ਰਭਾਵ ਜਰੂਰ ਹੈ। ਬਰੈਂਪਟਨ ਦੀ ਚੋਣ ਜਿੱਤਣ ਲਈ ਸ਼ਾਇਦ ਉਹ ਸੋਚਦੀ ਹੈ ਕਿ ਸਿਰਫ ਅਤੇ ਸਿਰਫ਼ ਇੱਕ ਕਮਿਊਨਿਟੀ ਸੇਫਟੀ ਦਾ ਮੁੱਦਾ ਬਣਾ ਕੇ ਚੋਣ ਜਿੱਤੀ ਜਾ ਸਕਦੀ ਹੈ। ਕੀ ਐਲ ਆਰ ਟੀ, ਯੂਨੀਵਰਸਿਟੀ, ਰੁਜ਼ਗਾਰ, ਡਾਊਨ ਟਾਊਨ ਦਾ ਵਿਕਾਸ, ਇੰਮੀਗਰਾਂਟਾਂ ਦੀ ਬਹੁਤਾਤ ਵਾਲੇ ਇਲਾਕਿਆ ਦਾ ਵਿਕਾਸ, ਬੁਨਿਆਦੀ ਢਾਂਚਾ, ਸਿਹਤ ਸੇਵਾਵਾਂ, ਬੇਸਮੈਂਟਾਂ ਆਦਿ ਕੋਈ ਮੁੱਦੇ ਨਹੀਂ ਹਨ ਜੋ ਚਾਰ ਸਾਲਾਂ ਦੇ ਮੇਅਰ ਦੇ ਅਨੁਭਵ, ਦੋ ਵਾਰ ਐਮ ਪੀ ਪੀ ਅਤੇ ਮਿਉਂਸੀਪਲ ਮਾਮਲਿਆਂ ਦੇ ਮੰਤਰੀ ਰਹਿਣ ਦੇ ਬਾਵਜੂਦ ਹਾਲੇ ਤੱਕ ਉਸ ਲਈ ਪਹਿਲ ਬਣਨ ਦਾ ਹੱਕਦਾਰ ਬਣੇ ਹੋਣ?

 

ਆਖਦੇ ਹਨ ਕਿ ਨੇਤਾ ਦਾ ਦਿਲ ਉਸਦੀ ਪ੍ਰਚਾਰ ਗੁਥਲੀ ਵਿੱਚ ਲੁਕਿਆ ਹੋਣਾ ਚਾਹੀਦਾ ਹੈ। ਉਹ ਜੋ ਕੁੱਝ ਕਰਨ ਜਾ ਰਿਹਾ ਹੈ, ਉਸਦਾ ਖੁਲਾਸਾ ਜਨਤਕ ਰੂਪ ਵਿੱਚ ਕੀਤਾ ਹੋਣਾ ਚਾਹੀਦਾ ਹੈ। ਇਸ ਸਿਧਾਂਤ ਉੱਤੇ ਪਹਿਰਾ ਦੇਂਦੇ ਹੋਏ ਲਿੰਡਾ ਜੈਫਰੀ ਹੋਰਾਂ ਨੇ ਆਪਣੀ ਕਮਿਉਨਿਟੀ ਸੇਫਟੀ ਪਾਲਸੀ ਨੂੰ ਕੱਲ ਜਾਰੀ ਕੀਤਾ ਹੈ। ਬਕੌਲ ਉਸਦੀ ਪਾਲਸੀ 'ਬਰੈਂਪਟਨ ਇੱਕ ਸੁਰੱਖਿਅਤ ਅਤੇ ਮਹਿਫੂਜ਼ ਸ਼ਹਿਰ ਹੋਣ ਦਾ ਹੱਕਦਾਰ ਹੈ' (ਪਾਲਸੀ ਇਹਨਾਂ ਸ਼ਬਦਾਂ ਨਾਲ ਆਰੰਭ ਹੁੰਦੀ ਹੈ “I believe the people of Brampton deserve a safe and secure home”) ਹੱਕਦਾਰ ਸ਼ਬਦ ਅਸੀਂ ਉਸ ਵੇਲੇ ਵਰਤਦੇ ਹਾਂ ਜਦੋਂ ਕੋਈ ਜਣਾ ਕਿਸੇ ਚੀਜ਼ ਦੇ ਯੋਗ ਹੋਣ ਦੇ ਬਾਵਜੂਦ ਉਸਤੋਂ ਵਿਰਵਾ ਹੋਵੇ। ਇਸਦਾ ਅਰਥ ਹੈ ਕਿ ਬੀਬੀ ਜੈਫਰੀ ਮੰਨ ਕੇ ਚੱਲਦੇ ਹਨ ਕਿ ਬਰੈਂਪਟਨ ਇੱਕ ਸੁਰੱਖਿਅਤ ਸ਼ਹਿਰ ਨਹੀਂ ਹੈ। ਸ਼ਾਇਦ ਤਾਂ ਹੀ ਪੈਟਰਿਕ ਬਰਾਊਂਨ ਦੀ ਸੇਫਟੀ ਪਲਾਨ ਵਰਗੇ ਅੰਕੜਿਆਂ ਦਾ ਜਿ਼ਕਰ ਕਰਕੇ (ਪੀਲ ਰੀਜਨ ਵਿੱਚ 1 ਲੱਖ ਪਿੱਛੇ 138 ਅਫਸਰਾਂ ਦਾ ਹੋਣਾ) ਮੇਅਰ ਜੈਫਰੀ ਅਤੇ ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਨੇ ਕੱਲ ਰੀਜਨਲ ਕਾਉਂਸਲ ਵਿੱਚ ਇੱਕ ਮਤਾ ਪਾਸ ਕਰਵਾਇਆ ਹੈ। ਇਹ ਮਤਾ ਹੈ ਕਿ ਰੀਜਨ ਨੂੰ ਹੋਰ ਪੁਲੀਸ ਅਫਸਰ ਭਰਤੀ ਕਰਨ ਦੀ ਤੁਰੰਤ ਲੋੜ ਹੈ। ਭਲਾ ਇਹ ਬੀਬੀਆਂ ਪਿਛਲੇ ਚਾਰ ਸਾਲ ਕੀ ਕਰਦੀਆਂ ਰਹੀਆਂ ਹਨ?

 

ਲਿੰਡਾ ਜੈਫਰੀ ਆਪਣੀ ਪਾਲਸੀ ਵਿੱਚ ਦੱਸਦੇ ਹਨ ਕਿ 2014 ਵਿੱਚ ਬਰੈਂਪਟਨ ਦੀ ਮੇਅਰ ਬਣਨ ਤੋਂ ਬਾਅਦ ਉਸਨੇ ਨੇ 37 ਫਰੰਟ ਲਾਈਨ ਪੁਲੀਸ ਅਫਸਰ, 10 ਹੋਰ ਡਿਸਪੈਚਰ ਅਤੇ 5 ਅਦਾਲਤ ਸੁਰੱਖਿਆ ਅਫਸਰ ਭਰਤੀ ਕਰਨ ਲਈ ਕੰਮ ਕੀਤਾ ਹੈ। ਉਹ ਆਪਣੀ ਪਾਲਸੀ ਰਾਹੀਂ ਇਹ ਵੀ ਵਾਅਦਾ ਕਰਦੀ ਹੈ ਕਿ ਅਗਲੇ ਸਾਲਾਂ ਵਿੱਚ ਉਹ ਫੈਡਰਲ ਸਰਕਾਰ ਨਾਲ ਮਿਲ ਕੇ ਅਜਿਹੇ ਕਨੂੰਨ ਬਣਾਏ ਜਾਣ ਕੰਮ ਕਰੇਗੀ ਜਿਸ ਨਾਲ ਹਿੰਸਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਮਿਲਣ। ਭਾਵ ਸਿਟੀ ਪੱਧਰ ਉੱਤੇ ਕੁੱਝ ਸਾਰਥਕ ਕਰਨ ਦੀ ਥਾਂ ਉਹ ਗਲ ਪਈ ਬਲਾ ਨੂੰ ਫੈਡਰਲ ਸਰਕਾਰ ਦੇ ਸਿਰ ਮੜਨ ਨੂੰ ਆਪਣੀ ਪਾਲਸੀ ਦੱਸ ਰਹੇ ਹਨ। ਕੀ ਲਿੰਡਾ ਜੈਫਰੀ ਦੱਸਣਗੇ ਕਿ ਉਹਨਾਂ ਦੇ ਫੈਡਰਲ ਲਿਬਰਲ ਭਾਈਵਾਲ (ਲਿੰਡਾ ਜੈਫਰੀ ਇੱਕ ਕੈਰੀਅਰ ਪ੍ਰੋਵਿੰਸ਼ੀਅਲ ਲਿਬਰਲ ਸਿਆਸਤਦਾਨ ਰਹੇ ਹਨ) ਤਾਂ ਖੁਦ ਕੰਜ਼ਰਵੇਟਿਵਾਂ ਦੀ ‘ਟੱਫ ਆਨ ਕਰਾਈਮ’ (Tough on crime) ਪਹੁੰਚ ਦੇ ਖਿਲਾਫ ਪਲੇਟਫਾਰਮ ਖੜਾ ਕਰਕੇ ਸੱਤਾ ਵਿੱਚ ਆਏ ਸਨ। ਹੁਣ ਉਹ ਤੁਹਾਡੀ Tough on crime ਸੋਚ ਦੀ ਹਮਾਇਤ ਕਿਉਂ ਕਰਨਗੇ? ਪੁਆਇੰਟ ਹੈ ਕਿ ਸਿਆਸਤਦਾਨ ਆਪਣੇ ਮੁਫਾਦ ਨੂੰ ਸਾਹਮਣੇ ਰੱਖ ਕੇ ਕਦੇ ਵੀ ਕਿਹੋ ਜਿਹਾ ਵੀ ਸਟੈਂਡ ਲੈ ਸਕਦੇ ਹਨ।

 

ਆਪਣੀ ਸਮੁੱਚੀ ਕਮਿਊਨਿਟੀ ਸੇਫਟੀ ਪਾਲਸੀ ਵਿੱਚ ਲਿੰਡਾ ਜੈਫਰੀ ਹੋਰੀਂ ਇਸ ਗੱਲ ਦਾ ਉੱਕਾ ਜਿ਼ਕਰ ਨਹੀਂ ਕਰਦੇ ਕਿ ਆਖਰ ਨੂੰ ਬਰੈਂਪਟਨ ਨੂੰ ਉਹ ਕਿਹੜੇ ਮਸਲੇ ਦਰਪੇਸ਼ ਹਨ ਜਿਹਨਾਂ ਕਾਰਣ ਇਹ ਸ਼ਹਿਰ ਇੱਕ ਅਸੁਰੱਖਿਅਤ ਕਮਿਊਨਿਟੀ ਬਣ ਚੁੱਕਾ ਹੈ। ਪੁਲੀਸ ਨਫ਼ਰੀ ਵਧਾਉਣੀ, ਫੈਡਰਲ ਸਰਕਾਰ ਤੋਂ ਸਖ਼ਤ ਕਨੂੰਨ ਬਣਵਾਉਣ ਨਾਲ ਮੁਜਰਮਾਂ ਨੂੰ ਸਜ਼ਾਵਾਂ ਜਰੂਰ ਦਿੱਤੀਆਂ ਜਾ ਸਕਦੀਆਂ ਹਨ ਪਰ ਅਜਿਹਾ ਕੀ ਹੋਵੇ ਕਿ ਲੋਕ ਜੁਰਮ ਕਰਨ ਹੀ ਨਾ? ਸਥਾਈ ਹੱਲ ਮੁਜ਼ਰਮਾਂ ਨੂੰ ਸਜ਼ਾਵਾਂ ਦੇਣਾ ਹੈ ਜਾਂ ਮੁਜ਼ਰਮ ਹੋਣ ਤੋਂ ਪਹਿਲਾਂ ਦੇ ਹਾਲਾਤਾਂ ਨੂੰ ਚੰਗਾ ਬਣਾਉਣਾ ਹੈ? ਇੱਕ ਕੈਰੀਅਰ ਲਿਬਰਲ ਨੂੰ ਤਾਂ ਇਸ ਮੁੱਦੇ ਬਾਰੇ ਖਾਸ ਪਤਾ ਹੋਣਾ ਚਾਹੀਦਾ ਹੈ!

 

ਇੱਕਲੀ ਲਿੰਡਾ ਜੈਫਰੀ ਕੀ, ਪੈਟਰਿਕ ਬਰਾਊਨ ਤੋਂ ਲੈ ਕੇ ਜੋਹਨ ਸਪਰੋਵਰੀ ਤੋਂ ਬਲ ਗੋਸਲ ਤੱਕ ਕੋਈ ਅਜਿਹੀ ਗੱਲ ਨਹੀਂ ਕਰਦਾ ਨਜ਼ਰ ਆ ਰਿਹਾ ਕਿ ਅਸੀਂ ਬੇਰੁਜ਼ਗਾਰੀ, ਮਾਨਸਿਕ ਸਿਹਤ, ਭਾਈਚਾਰਿਆਂ ਵਿੱਚ ਸੁਹਿਰਦਤਾ ਲਈ ਲਚਕੀਲਾਪਣ ਆਦਿ ਪੈਦਾ ਕਰਨ ਕੀ ਕਰਾਂਗੇ। ‘ਇਲਾਜ ਨਾਲੋਂ ਰੋਕਥਾਮ ਬਿਹਤਰ (an ounce of prevention is worth a pound of cure) ਵਾਲੀ ਪਹੁੰਚ ਵੱਲ ਕਿਸੇ ਦਾ ਧਿਆਨ ਨਹੀਂ ਹੈ। ਸੱਪ ਦੀ ਥਾਂ ਸੱਪ ਦੀ ਪੈੜ ਨੂੰ ਕੁੱਟਣ ਦੀ ਬਿਰਤੀ ਦਾ ਸਾਡੇ ਸਥਾਨਕ ਆਗੂਆਂ ਵਿੱਚ ਘਰ ਕਰਨਾ ਕਮਿਉਨਿਟੀ ਸੇਫਟੀ ਲਈ ਸੱਭ ਤੋਂ ਵੱਡਾ ਖਤਰਾ ਹੈ। ਉਸਤੋਂ ਵੱਡਾ ਖਤਰਾ ਹੈ ਸਾਡੇ ਵੋਟਰਾਂ ਦਾ ਅਸਲ ਮੁੱਦਿਆਂ ਵੱਲੋਂ ਉਦਾਸੀਨ ਹੋ ਕੇ ਚਾਹ ਪਕੌੜਿਆਂ ਭੇਟਾ ਕਰਨ ਵਾਲੀਆਂ ਰੈਲੀਆਂ ਵਿੱਚ ਫੋਟੋਆਂ ਖਿਚਵਾ ਕੇ ਖੁਸ਼ ਹੋ ਜਾਣਾ।

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਚਾਈਲਡ ਟੈਕਸ ਬੈਨੇਫਿਟ ਨੂੰ ਲੈ ਕੇ ਸਿਆਸਤ
ਨਸ਼ੇ ਚੈੱਕਿੰਗ ਲਈ ਬਰੈਥਲਾਈਜ਼ਰ ਟੈਸਟ:- ਚਾਰਟਰ ਚੁਣੌਤੀ ਕਰ ਸਕਦੀ ਹੈ ਪੁਲੀਸ ਦੀ ਤਾਕਤ ਨੂੰ ਦਰੁਸਤ
ਯੂਨਾਈਟਡ ਨੇਸ਼ਨਜ਼ ਸੁਰੱਖਿਆ ਕਾਉਂਸਲ ਸੀਟ ਲਈ ਕੈਨੇਡਾ ਦਾ ਵੱਕਾਰ ਦਾਅ ਉੱਤੇ