Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਕਿਰਤੀਆਂ ਦਾ ਵਿਆਹ

January 14, 2019 08:28 AM

-ਸੰਦੀਪ ਸਿੰਘ ਸਰਾਂ
ਬਰਨਾਲਾ ਨੇੜਲੇ ਪਿੰਡ ਦੀ ਗੱਲ ਹੈ। ਮੇਰੀ ਡਿਊਟੀ ਉਸੇ ਪਿੰਡ ਬਤੌਰ ਵੈਟਰਨਰੀ ਇੰਸਪੈਕਟਰ ਲੱਗੀ ਹੋਈ ਸੀ। ਇਕ ਦਿਨ ਡਿਊਟੀ ਦੌਰਾਨ ਬੈਠਾ ਦਫਤਰੀ ਕੰਮਕਾਜ ਨਿਪਟਾ ਰਿਹਾ ਸੀ ਕਿ ਸਾਈਕਲ ਉਤੇ ਪਿੰਡ ਦੇ ਮਿਸਤਰੀਆਂ ਦਾ ਜਾਣੂ ਮੁੰਡਾ ਆਇਆ ਅਤੇ ਸਾਈਕਲ ਦਾ ਸਟੈਂਡ ਲਾਉਣ ਸਾਰ ਅਦਬ ਸਤਿਕਾਰ ਨਾਲ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਕਿਹਾ। ਵਿਆਹ ਬਾਰੇ ਬੁੱਕ ਕੀਤੇ ਮੈਰਿਜ ਪੈਲੇਸ ਬਾਰੇ ਪੁੱਛਿਆ ਤਾਂ ਉਸ ਨੇ ਪਿੰਡ ਦੀ ਪੁਰਾਣੀ ਥਾਈ (ਧਰਮਸ਼ਾਲਾ) ਵਿੱਚ ਪੁੱਜਣ ਲਈ ਆਖਿਆ। ਮੈਂ ਥੋੜ੍ਹਾ ਹੈਰਾਨ ਹੋਇਆ, ਪਰ ਝੱਟ ਨਿਮਰਤਾ ਸਹਿਤ ਉਸੇ ਵਕਤ ਸੱਦਾ ਕਬੂਲ ਕਰ ਲਿਆ। ਮੇਰੇ ਕੋਲ ਬੈਠੇ ਪਿੰਡ ਦੇ ਇਕ ਦੋ ਬੰਦੇ ਕਾਰਡ ਨਾ ਦੇਣ ਬਾਰੇ ਪੁੱਛਣ ਲੱਗੇ ਤਾਂ ਮੈਂ ਇਸੇ ਪ੍ਰਕਾਰ ਖੁਦ ਦਿੱਤੇ ਜਾਂਦੇ ਸੱਦੇ ਦੀ ਮਹੱਤਤਾ ਬਾਰੇ ਉਨ੍ਹਾਂ ਨੂੰ ਸੰਤੁਸ਼ਟ ਕਰਵਾਉਣ ਦੀ ਕੋਸ਼ਿਸ਼ ਕੀਤੀ।
‘ਗੱਲ ਤਾਂ ਤੁਹਾਡੀ ਵੀ ਠੀਕ ਹੈ’ ਕਹਿ ਕੇ ਉਹ ਆਪੋ ਆਪਣੇ ਘਰਾਂ ਨੂੰ ਚਲੇ ਗਏ। ਵਿਆਹ ਵਾਲਾ ਦਿਨ ਆ ਗਿਆ ਸੀ। ਸਾਥ ਵਜੋਂ ਆਪਣੇ ਇਕ ਦੋਸਤ ਨਾਲ ਵਿਆਹ ਵਿੱਚ ਸ਼ਾਮਲ ਹੋਣ ਲਈ ਥਾਈ ਵਿੱਚ ਪੁੱਜਾ ਤਾਂ ਹੈਰਾਨੀ ਜਨਕ ਮਾਹੌਲ ਸੀ। ਪਿੰਡ ਦੀ ਪੰਚਾਇਤ ਵੱਲੋਂ ਨਵਾਂ-ਨਵਾਂ ਰੰਗ ਰੋਗਨ ਕੀਤਾ ਹੋਇਆ ਸੀ ਤੇ ਥਾਈ ਕਿਸੇ ਪੁਰਾਣੀ ਵਿਰਾਸਤੀ ਜਗ੍ਹਾ ਵਾਂਗ ਸਜੀ ਹੋਈ ਸੀ। ਕਿਤੇ ਕੋਈ ਡੀ ਜੇ ਨਹੀਂ ਸੀ, ਕੋਈ ਆਰਕੈਸਟਰਾ ਨਹੀਂ ਸੀ। ਕੋਈ ਸਾਊਡ ਸਿਸਟਮ ਨਹੀਂ ਸੀ ਚੱਲਦਾ। ਥਾਈ ਦੇ ਖੁੱਲ੍ਹੇ ਵਿਹੜੇ ਵਿੱਚ ਸਾਦਾ ਜਿਹਾ ਟੈਂਟ ਲਾਇਆ ਹੋਇਆ ਸੀ, ਜਿਸ ਵਿੱਚ ਕੇਵਲ ਪਿੰਡ ਵਾਸੀਆਂ ਅਤੇ ਪ੍ਰਾਹੁਣਿਆਂ ਦੀ ਚਹਿਲ ਪਹਿਲ ਸੀ। ਪੁੱਛਣ ਉੱਤੇ ਪਤਾ ਲੱਗਾ ਕਿ ਬਰਾਤ ਸਾਢੇ 10 ਵਜੇ ਹੀ ਆ ਗਈ ਸੀ ਜੋ ਪਿੰਡ ਵਾਲਿਆਂ ਦੇ ਨਾਲ ਹੀ ਚਾਹ ਪਾਣੀ ਛਕ ਰਹੀ ਸੀ। ਇਕ ਪਾਸੇ ਹਲਵਾਈ ਪਕੌੜੇ ਕੱਢ ਰਹੇ ਹਨ। ਟੈਂਟ ਹਾਊਸ ਤੋਂ ਲਿਆਂਦੇ ਮੇਜ਼ਾਂ ਉਪਰ ਘਰੋਂ ਬਣਾ ਕੇ ਲਿਆਂਦੀਆਂ ਮਠਿਆਈਆਂ ਸਜਾ ਰੱਖੀਆਂ ਸਨ। ਮੇਜ਼ ਉਤੇ ਚੀਰ ਕੇ ਰੱਖੇ ਸੰਤਰੇ, ਕੇਲੇ, ਅਮਰੂਦ ਆਦਿ ਫਲ ਪਏ ਸਨ, ਜਿਨ੍ਹਾਂ ਦੀ ਨਿਗਰਾਨੀ ਉਨ੍ਹਾਂ ਦੇ ਘਰਾਂ ਦੇ ਹੀ ਨੌਜਵਾਨ ਕਰ ਰਹੇ ਸਨ। ਪਿੰਡ ਦੇ ਹੀ ਹਲਵਾਈ ਦੇ ਦੇਸੀ ਜੁਗਾੜ ਨਾਲ ਤਿਆਰ ਕੀਤੇ ਹੋਣ ਕਾਰਨ ਪਕੌੜੇ ਤੇ ਮਠਿਆਈਆਂ ਬਾਹਲੇ ਸੁਆਦ ਸਨ। ਲੋਕ ਟੋਲੀਆਂ ਵਿੱਚ ਬੈਠ ਕੇ ਆਪਸੀ ਗੱਲਾਂ ਕਰ ਰਹੇ ਸਨ ਅਤੇ ਨਾਲੋ-ਨਾਲ ਛਕ ਰਹੇ ਸਨ। ਬੱਚੇ ਫਰੂਟ ਖਾਣ ਦੇ ਨਾਲ-ਨਾਲ ਖੇਡ ਰਹੇ ਸਨ। ਵਿਆਹ ਵਿੱਚ ਸ਼ਾਮਲ ਹੋਣ ਆਈਆਂ ਪਿੰਡ ਦੀਆਂ ਔਰਤਾਂ ਅਤੇ ਬਾਹਰੋਂ ਆਇਆ ਮੇਲ, ਆਪੋ ਆਪਣੀ ਗੱਲਬਾਤ ਵਿੱਚ ਰੁੱਝੇ ਹੋਏ ਸਨ।
ਗੁਰਦੁਆਰਾ ਥਾਈ ਦੇ ਨੇੜੇ ਸੀ ਤੇ ਵਿਆਹ ਵਾਲਾ ਮੁੰਡਾ ਤੇ ਕੁੜੀ ਚੋਣਵੇਂ ਰਿਸ਼ਤੇਦਾਰਾਂ ਨਾਲ ਲਾਵਾਂ ਦੀ ਰਸਮ ਪੂਰੀ ਕਰਨ ਲਈ ਚਲੇ ਗਏ। ਮੇਲ ਤੇ ਪਿੰਡ ਵਾਸੀਆਂ ਨੂੰ ਆਪਸੀ ਹਾਸੇ ਮਜ਼ਾਕ ਅਤੇ ਗੱਲਾਂ ਕਰਦਿਆਂ ਦੇਖ ਕੇ ਪੁਰਾਣੇ ਵਿਆਹਾਂ ਵਾਲਾ ਮਾਹੌਲ ਚੇਤੇ ਆ ਗਿਆ। ਐਨ ਮੌਕੇ ਉਤੇ ਪੁੱਜੇ ਭੰਡਾਂ ਨੇ ਸੋਨੇ ਤੇ ਸੁਹਾਗੇ ਵਾਲਾ ਕੰਮ ਕਰ ਦਿੱਤਾ। ਉਨ੍ਹਾਂ ਬਰਾਤੀਆਂ ਸਮੇਤ ਸਮੁੱਚੇ ਮੇਲੀਆਂ ਨੂੰ ਖੂਬ ਹਸਾਇਆ, ਖੂਬ ਠਹਾਕੇ ਵੱਜੇ। ਇੰਜ ਲੱਗਦਾ ਸੀ, ਜਿਵੇਂ ਇਸ ਵਿਆਹ ਦੀ ਬਦੌਲਤ ਪਿੰਡ ਵਾਸੀ ਵਰ੍ਹਿਆਂ ਬਾਅਦ ਵਿਛੜੇ ਮਿਲੇ ਹੋਣ ਅਤੇ ਉਨ੍ਹਾਂ ਤੋਂ ਚਾਅ ਸਾਂਭਿਆ ਨਹੀਂ ਜਾ ਰਿਹਾ ਸੀ।
ਵਿਆਹ ਸ਼ਾਦੀਆਂ ਮੌਕੇ ਇਕੱਠ ਤਾਂ ਪਿੰਡ ਵਿੱਚ ਪਹਿਲਾਂ ਵੀ ਹੁੰਦੇ ਸਨ, ਪਰ ਆਧੁਨਿਕ ਵਿਆਹਾਂ ਦੇ ਬੇਲੋੜੇ ਸ਼ੋਰ ਸ਼ਰਾਬੇ ਤੇ ਮੈਰਿਜ ਪੈਲੇਸਾਂ ਵਿੱਚ ਘਰਾਂ ਤੋਂ ਦੂਰ ਬਿਗਾਨਿਆਂ ਵਾਂਗ ਬੈਠੇ ਹੋਣ ਦੇ ਅਹਿਸਾਸ ਨੇ ਸ਼ਾਇਦ ਉਨ੍ਹਾਂ ਨੂੰ ਚਿਰਾਂ ਤੋਂ ਵਿਆਹ ਵਰਗੀ ਪਵਿੱਤਰ ਅਤੇ ਦੋ ਪਰਵਾਰਾਂ ਵਿਚਕਾਰ ਨਵਾਂ ਰਿਸ਼ਤਾ ਜੋੜਨ ਵਾਲੀ ਸਮਾਜਿਕ ਰਸਮ ਦੇ ਮੂਲ ਆਨੰਦ ਤੋਂ ਹੀ ਵਿਰਵਾ ਕਰ ਦਿੱਤਾ ਸੀ। ਉਹ ਅੱਜ ‘ਆਪਣਾ ਸ਼ੋਰ' ਪਾਉਣਾ ਚਾਹੁੰਦੇ ਸਨ। ਰੱਜ ਕੇ ਠਹਾਕੇ ਮਾਰਨੇ ਚਾਹੁੰਦੇ ਸਨ। ਕਈ ਤਾਂ ਚੱਲਦੀਆਂ ਗੱਲਾਂ ਬਾਤਾਂ ਦੌਰਾਨ ਵਾਰੋ-ਵਾਰੀ ਘਰੇ ਵੀ ਗੇੜਾ ਲਾ ਆਏ ਸਨ। ਅੱਜ ਕੱਲ੍ਹ ਦੇ ਪੈਲੇਸ ਵਾਲੇ ਵਿਆਹਾਂ ਵਾਂਗ ਸ਼ਗਨ ਕੁੜੀ ਦੇ ਪਿਓ ਹੱਥ ਫੜਾ ਕੇ ਖਹਿੜਾ ਛੁਡਾਉਣ ਦੀ ਕਿਸੇ ਨੂੰ ਕੋਈ ਕਾਹਲ ਨਹੀਂ ਸੀ।
ਇਸ ਵਿਆਹ ਦੌਰਾਨ ਅਹਿਸਾਸ ਹੋਇਆ ਕਿ ਅੱਜ ਦਾ ਇਨਸਾਨ ਨਾ ਚਾਹੁੰਦੇ ਹੋਏ ਵੀ ਦੇਖਾ ਦੇਖੀ ਆਪਣੇ ਅਸਲੀ ਵਜੂਦ ਤੋਂ ਭਾਵੇਂ ਕਿੰਨਾ ਦੂਰ ਹੋ ਗਿਆ ਹੈ, ਪਰ ਆਪਣੇ ਅੰਦਰਲੇ ਚਾਵਾਂ ਨਾਲ ਗੱਲਾਂ ਕਰਨ ਦੀ ਤਾਂਘ ਅਜੇ ਵੀ ਸੀਨੇ ਵਿੱਚ ਸਮੋਈ ਬੈਠਾ ਹੈ। ਇਨ੍ਹਾਂ ਚਾਵਾਂ ਨੂੰ ਪੂਰਾ ਕਰਨ ਦਾ ਜ਼ਰੀਆ ਨਹੀਂ ਬਣਦਾ ਤੇ ਜੋ ਕੰਮ ਅੱਜ ਕਿਰਤੀਆਂ ਦੇ ਇਸ ਵਿਆਹ ਨੇ ਕਰ ਦਿੱਤਾ ਸੀ, ਉਹ ਸ਼ਾਇਦ ਲੱਖਾਂ ਰੁਪਏ ਖਰਚ ਕੇ ਕੀਤੇ ਗਏ ਮਹਿੰਗੇ ਪੈਲੇਸ ਅਤੇ ਸੁਆਦਲੇ ਪਕਵਾਨ ਨਾ ਕਰ ਸਕਣ। ਅੱਜ ਦੇ ਮਨੁੱਖੀ ਮਨਾਂ ਵਿੱਚ ਮਿਲਣੀਆਂ ਦੀ ਮਰੀ ਭੁੱਖ ਨੂੰ ਜ਼ਾਹਰ ਕਰਨ ਦਾ ਸਬੱਬ ਬਣਿਆਂ ਕਿਰਤੀਆਂ ਦਾ ਇਹ ਵਿਆਹ ਪਿੰਡ ਅਤੇ ਮੇਰੇ ਲਈ ਯਾਦਗਾਰੀ ਬਣ ਗਿਆ। ਦਿਲ ਦੇ ਅੰਦਰੋਂ ਕਿਤਿਓਂ ਹੂਕ ਉਠੀ ਕਿ ਅਜਿਹੇ ਵਿਆਹਾਂ ਵੱਲ ਮੁੜਦਿਆਂ ਪੰਜਾਬ ਦੀ ਫਿਜ਼ਾ ਬਦਲੀ ਜਾ ਸਕਦੀ ਹੈ ਤੇ ਆਪਸੀ ਮਿਲਵਰਤਣ ਵਾਲਾ ਸੱਭਿਆਚਾਰਕ ਮਾਹੌਲ ਫਿਰ ਸੁਰਜੀਤ ਕੀਤਾ ਜਾ ਸਕਦਾ ਹੈ। ਨਾਲੇ ਕਿਰਤ ਅਤੇ ਕਿਰਤੀਆਂ ਦੀ ਮਹਿਮਾ ਹੋਵੇਗੀ।

Have something to say? Post your comment