Welcome to Canadian Punjabi Post
Follow us on

23

March 2019
ਸੰਪਾਦਕੀ

ਦਾਨ ਬਕਸਿਆਂ ਵਿੱਚੋਂ ਚੋਰੀ ਕਰਦੇ ਲੋਕਾਂ ਦੇ ਮਰਨ ਦਾ ਦੁਖਾਂਤ

January 11, 2019 07:52 AM

ਪੰਜਾਬੀ ਪੋਸਟ ਸੰਪਾਦਕੀ

ਕੈਨੇਡਾ ਵਿੱਚ ਪਿਛਲੇ ਸਮੇਂ ਦੌਰਾਨ 7 ਲੋਕਾਂ ਦੀਆਂ ਦਾਨ ਕਰਨ ਲਈ ਰੱਖੇ ਗਏ ਸਟੀਲ ਦੇ ਡੋਨੇਸ਼ਨ ਬਕਸਿਆਂ ਵਿੱਚੋਂ ਕੱਪੜੇ ਚੋਰੀ ਕਰਨ ਦੇ ਯਤਨਾਂ ਦੌਰਾਨ ਮੌਤਾਂ ਹੋ ਚੁੱਕੀਆਂ ਹਨ। ਬੀਤੇ ਮੰਗਲਵਾਰ ਵਾਲੇ ਦਿਨ ਟੋਰਾਂਟੋ ਵਿੱਚ ਇੱਕ ਔਰਤ ਦੀ ਡੋਨੇਸ਼ਨ ਬਕਸੇ ਵਿੱਚੋਂ ਕੱਪੜੇ ਚੋਰੀ ਕਰਨ ਦੌਰਾਨ ਹੋਈ ਮੌਤ ਇਸ ਸਿਲਸਿਲੇ ਵਿੱਚ ਤਾਜ਼ਾ ਵਾਰਦਾਤ ਹੈ। ਟੋਰਾਂਟੋ ਪੁਲੀਸ ਵੱਲੋਂ ਬਲੂਰ ਅਤੇ ਡੋਵਰਕੋਰਟ ਏਰੀਆ ਵਿੱਚ ਮੌਕੇ ਉੱਤੇ ਜਾ ਕੇ ਪਾਇਆ ਗਿਆ ਕਿ ਇਸ ਔਰਤ ਦਾ ਅੱਧਾ ਧੜ ਡੋਨੇਸ਼ਨ ਬਕਸੇ ਤੋਂ ਬਾਹਰ ਸੀ ਜਦੋਂ ਕਿ ਉੱਪਰਲਾ ਹਿੱਸਾ ਬਕਸੇ ਦੇ ਅੰਦਰ ਫਸਿਆ ਹੋਇਆ ਸੀ। ਅਜਿਹੀ ਸਥਿਤੀ ਵਿੱਚ ਹੋਣ ਵਾਲੀ ਮੌਤ ਕਾਫੀ ਦੁਖਦਾਈ ਹੁੰਦੀ ਹੈ। 30 ਦਸੰਬਰ ਨੂੰ ਵੈਨਕੂਵਰ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਅਤੇ ਇੱਕ ਹੋਰ ਵਿਅਕਤੀ ਹਾਲ ਵਿੱਚ ਹੀ ਲੰਡਨ ਉਂਟੇਰੀਓ ਵਿਖੇ ਡੋਨੇਸ਼ਨ ਬਕਸੇ ਵਿੱਚ ਕੱਪੜੇ ਚੋਰੀ ਕਰਨ ਦੇ ਯਤਨਾਂ ਦੌਰਾਨ ਜਾਨ ਤੋਂ ਹੱਥ ਧੋ ਚੁੱਕਾ ਹੈ।

 

ਡੋਨੇਸ਼ਨ ਬਕਸੇ ਰੱਖ ਕੇ ਕੱਪੜੇ ਇੱਕਤਰ ਕਰਨਾ ਇੱਕ ਵੱਡੀ ਸਕੇਲ ਦਾ ਕਾਰੋਬਾਰ ਹੈ। ਡਾਈਬੀਟੀਜ਼ ਕੈਨੇਡਾ ਵੱਲੋਂ ਕੈਨੇਡਾ ਭਰ ਵਿੱਚ 4000 ਡੋਨੇਸ਼ਨ ਬਕਸੇ ਰੱਖੇ ਹੋਏ ਹਨ। ਇਸੇ ਤਰਾਂ ਸਾਲਵੇਸ਼ਨ ਆਰਮੀ, ਗੁੱਡਵਿੱਲ ਸਟੋਰ, ਹੈਬੀਟਾਟ ਫਾਰ ਹਿਊਮੈਨਟੀ ਆਦਿ ਕਈ ਚੈਰਟੀਆਂ ਹਨ ਡੋਨੇਸ਼ਨ ਬਕਸੇ ਰੱਖ ਕੇ ਵਰਤੇ ਹੋਏ ਕੱਪੜੇ ਇੱਕਤਰ ਕਰਦੀਆਂ ਹਨ। ਵਰਨਣਯੋਗ ਹੈ ਕਿ ਇਹਨਾਂ ਬਕਸਿਆਂ ਰਾਹੀਂ ਇੱਕਤਰ ਕੀਤੇ 25% ਕੱਪੜੇ ਹੀ ਗੁੱਡਵਿੱਲ ਜਾਂ ਹੋਰ ਸਟੋਰਾਂ ਵਿੱਚ ਵੇਚੇ ਜਾਂਦੇ ਹਨ। ਬਾਕੀ ਦੇ ਕੱਪੜਿਆ ਅਤੇ ਹੋਰ ਵਸਤਾਂ ਨੂੰ ਇਹ ਵੱਡੀਆਂ ਚੈਰਟੀਆਂ ਅੱਗੇ ਮੁਨਾਫੇ ਲਈ ਕੰਮ ਕਰਨ ਵਾਲੇ ‘ਵੈਲੀਊ ਵਿਲੇਜ’ ਵਰਗੇ ਬਿਜਸਨਾਂ ਨੂੰ ਉੱਕਾ ਪੁੱਕਾ ਰੇਟ ਉੱਤੇ ਵੇਚ ਦੇਂਦੀਆਂ ਹਨ। ਅੱਜ ਕੱਲ ਮਾਰਕੀਟ ਵਿੱਚ ਇੱਕ ਟਨ ਪੁਰਾਣੇ ਕੱਪੜਿਆਂ ਦਾ ਰੇਟ 500 ਡਾਲਰ ਦੇ ਕਰੀਬ ਚੱਲ ਰਿਹਾ ਹੈ। ਕੋਈ ਸ਼ੱਕ ਨਹੀਂ ਕਿ ਇਸ ਤਰੀਕੇ ਫੰਡ ਰੇਜ਼ ਕਰਨਾ ਇੱਕ ਚੰਗਾ ਕਾਰਜ ਹੈ।

 

ਵੱਖ 2 ਸ੍ਰੋਤਾਂ ਵੱਲੋਂ ਕੀਤੀ ਗਈ ਰੀਸਰਚ ਦੇ ਆਧਾਰ ਉੱਤੇ ਪਤਾ ਲੱਗਾ ਹੈ ਕਿ ਕੈਨੇਡਾ ਵਿੱਚ ਡੋਨੇਸ਼ਨ ਬਕਸਿਆਂ ਵਿੱਚ ਉਲਝ ਕੇ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਅਮਰੀਕਾ ਅਤੇ ਯੂਰਪ ਦੇ ਮੁਕਾਬਲੇ ਕਿਤੇ ਜਿਆਦਾ ਹੈ ਹਾਲਾਂਕਿ ਉਹਨਾਂ ਮੁਲਕਾਂ ਦੀ ਜਨਸੰਖਿਆ ਕੈਨੇਡਾ ਨਾਲੋਂ ਕਿਤੇ ਵੱਧ ਹੈ। ਉਹ ਕਿਹੜੀ ਮਜ਼ਬੂਰੀ ਹੈ ਕਿ ਲੋਕ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਡੋਨੇਸ਼ਨ ਬਕਸਿਆਂ ਵਿੱਚੋਂ ਚੋਰੀ ਕਰਨ ਦੀ ਜੁਰੱਅਤ ਕਰਦੇ ਹਨ। ਅਜਿਹੀਆਂ ਮੌਤਾਂ ਦਾ ਸਿ਼ਕਾਰ ਹੋਣ ਵਾਲੇ ਲੋਕ ਅਕਸਰ ਬੇਘਰੇ ਹੁੰਦੇ ਹਨ, ਨਸਿ਼ਆਂ ਦੇ ਆਦੀ ਹੁੰਦੇ ਹਨ ਅਤੇ ਗਰੀਬੀ ਤੋਂ ਪੀੜਤ ਹੁੰਦੇ ਹਨ। ਨਸਿ਼ਆਂ ਅਤੇ ਬੇਘਰੇ ਹੋਣ ਦਾ ਗਰੀਬੀ ਨਾਲ ਸਿੱਧਾ 2 ਸਬੰਧ ਹੈ।

 

ਗਰੀਬੀ ਦੀ ਗੱਲ ਕਰਦਿਆਂ ਸਾਨੂੰ ਪਤਾ ਹੈ ਕਿ ਯੂਨਾਈਟਡ ਵੇਅ ਆਫ ਗਰੇਟਰ ਟੋਰਾਂਟੋ ਦੀ ਤਾਜ਼ਾ ਰਿਪੋਰਟ ਮੁਤਾਬਕ ਜੇ 1980 ਵਿੱਚ ਪੀਲ ਰੀਜਨ ਦੇ 2% ਇਲਾਕਿਆਂ (ਨੇਬਰਹੁੱਡ) ਨੂੰ ਘੱਟ ਆਮਦਨ ਵਾਲੇ ਖਿਆਲਿਆ ਜਾਂਦਾ ਸੀ ਤਾਂ 2015 ਵਿੱਚ ਇਹ ਪ੍ਰਤੀਸ਼ਸ਼ਤਾ ਵੱਧ ਕੇ 52 ਹੋ ਗਈ ਹੈ। ਬਰੈਮਲੀ, ਨਾਈਟਨਬਰਿੱਜ (Knightsbridge ਅਤੇ ਗੋਰ ਏਰੀਆ ਵਿਸ਼ੇਸ਼ ਕਰਕੇ ਗਰੀਬੀ ਵਾਲੇ ਸਮਝੇ ਜਾਂਦੇ ਹਨ। ਇਵੇਂ ਹੀ ਮਿਸੀਸਾਗਾ ਵਿੱਚ ਮਾਲਟਨ, ਕੁੱਕਸਵਿੱਲ ਅਤੇ 401 ਅਤੇ 410 ਦੇ ਦਰਮਿਆਨ ਪੈਂਦੇ ਇਲਾਕੇ ਵੱਧ ਗਰੀਬੀ ਵਾਲੇ ਹਨ। ਟੋਰਾਂਟੋ ਵਿੱਚ ਵੀ ਗਰੀਬੀ ਦੀ ਦਰ ਤਕਰੀਬਨ ਇਹੋ ਹੀ ਪਾਈ ਜਾਂਦੀ ਹੈ।

 

ਪੀਲ ਖੇਤਰ ਨੂੰ ਪਰੀਪੇਖ ਵਿੱਚ ਰੱਖ ਕੇ ਗਰੀਬੀ ਦਾ ਜਿ਼ਕਰ ਕਰਨਾ ਇਸ ਲਈ ਲਾਜ਼ਮੀ ਹੈ ਕਿਉਂਕਿ ‘ਮਰਦਾ ਕੀ ਨਾ ਕਰਦਾ’ ਵਾਲੀ ਸਥਿਤੀ ਵਿੱਚ ਲੋਕੀ ਜਾਨ ਉੱਤੇ ਖੇਡ ਕੇ ਚੰਦ ਕੁ ਡਾਲਰਾਂ ਦੀ ਚੋਰੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਬਰੈਂਪਟਨ ਦੇ ਕਈ ਇਲਾਕਿਆਂ ਵਿੱਚ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਵਿੱਚ ਨਸ਼ੇ, ਗਰੀਬੀ ਅਤੇ ਬੇਰੁਜ਼ਗਾਰੀ ਦਾ ਵੱਡਾ ਹੱਥ ਹੈ। ਦੁੱਖ ਹੈ ਕਿ ਕੋਈ ਇਹਨਾਂ ਵਿਸਿ਼ਆਂ ਉੱਤੇ ਗੱਲ ਕਰਨ ਨੂੰ ਤਿਆਰ ਨਹੀਂ। ਪਿਛਲੀਆਂ ਮਿਉਂਸੀਪਲ ਚੋਣਾਂ ਵਿੱਚ ਸਾਰੇ ਉਮੀਦਵਾਰ ਪੁਲੀਸ ਨਫ਼ਰੀ ਵਧਾਉਣ ਦੀ ਗੱਲ ਤਾਂ ਕਰਦੇ ਰਹੇ ਪਰ ਸਮੱਸਿਆ ਦੀ ਜੜ ਨੂੰ ਨਸਿ਼ਆਂ, ਗਰੀਬੀ ਆਦਿ ਨੂੰ ਛੂਹਣਾ ਨਹੀਂ ਚਾਹੁੰਦੇ। ਡੋਨੇਸ਼ਨ ਬਕਸਿਆਂ ਦੇ ਖਬਰਾਂ ਵਿੱਚ ਆ ਜਾਣ ਕਾਰਣ ਕੈਨੇਡਾ ਭਰ ਵਿੱਚ ਡੋਨੇਸ਼ਨ ਬਕਸੇ ਬਣਾਉਣੇ ਬੰਦ ਕਰਨ ਦੇ ਧੜਾਧੜ ਐਲਾਨ ਹੋ ਰਹੇ ਹਨ। ਪਰ ਸਮੱਸਿਆ ਦਾ ਹੱਲ ਡੋਨੇਸ਼ਨ ਬਕਸੇ ਬਣਾਉਣੇ ਬੰਦ ਕਰਨ ਵਿੱਚ ਨਹੀਂ ਹੈ ਸਗੋਂ ਗਰੀਬੀ ਅਤੇ ਨਸਿ਼ਆਂ ਨੂੰ ਪਹਿਲ ਦੇ ਆਧਾਰ ਉੱਤੇ ਦੂਰ ਕਰਨ ਵਿੱਚ ਹੈ।

Have something to say? Post your comment