Welcome to Canadian Punjabi Post
Follow us on

28

March 2024
 
ਨਜਰਰੀਆ

ਰਿੱਧੀ ਖੀਰ ਤੇ ਬਣ ਗਿਆ ਦਲੀਆ

January 11, 2019 07:42 AM

-ਗੁਰਦੀਪ ਸਿੰਘ
ਮੇਰੇ ਪਿੰਡ ਦੇ ਪੰਡਿਤ ਘਨਸ਼ਾਮ ਦਾਸ ਦਾ ਮੁੰਡਾ ਦੀਪਾ ਜਦੋਂ ਦਸਵੀਂ ਵਿੱਚੋਂ ਦੂਜੀ ਵਾਰ ਫੇਲ੍ਹ ਹੋ ਗਿਆ ਤਾਂ ਉਹ ਆਪਣੇ ਮੁੰਡੇ ਨੂੰ ਕਹਿਣ ਲੱਗਾ ਕਿ ਜੇ ਹੋਰ ਪੜ੍ਹਨਾ ਲਿਖਣਾ ਤੇਰੇ ਵੱਸ ਦੀ ਗੱਲ ਨਹੀਂ ਤਾਂ ਕੋਈ ਕੰਮ ਧੰਦਾ ਕਰ ਲੈ। ਦੀਪਾ ਸੋਚਣ ਲੱਗਾ ਕਿ ਕੀ ਕੰਮ ਕੀਤਾ ਜਾਵੇ? ਆਖਰ ਉਸ ਨੂੰ ਇਕ ਤਰਕੀਬ ਸੁੱਝੀ ਤੇ ਉਹ ਇਕ ਤੋਤਾ ਲੈ ਆਇਆ। ਉਹ ਉਸ ਨੂੰ ਆਪਣੀ ਬੋਲੀ ਵਿੱਚ ਸਿੱਖਿਆ ਦੇਣ ਲੱਗਾ। ਜਦੋਂ ਤੋਤਾ ਉਸ ਦੀ ਦਿੱਤੀ ਸਿੱਖਿਆ ਵਿੱਚ ਮਾਹਰ ਹੋ ਗਿਆ ਤਾਂ ਉਸ ਨੇ 25-30 ਲਿਫਾਫੇ ਲੈ ਕੇ ਉਨ੍ਹਾਂ ਵਿੱਚ ਲੋਕਾਂ ਦਾ ਭਵਿੱਖ ਤੇ ਉਨ੍ਹਾਂ ਦੀ ਕਿਸਮਤ ਬੰਦ ਕਰਕੇ ਲਿਫਾਫੇ ਤਿਆਰ ਕਰ ਲਏ। ਉਸ ਨੇ ਤੋਤੇ ਨੂੰ ਇਸ ਤਰ੍ਹਾਂ ਸਿਖਾਇਆ ਸੀ ਕਿ ਜਦੋਂ ਮੈਂ ਕਹਾਂ ਕਿ ਗੰਗਾ ਰਾਮ ਜੀ, ‘ਇਸ ਇਨਸਾਨ ਦੀ ਕਿਸਮਤ ਦਾ ਹਾਲ ਦੱਸੋ’ ਤਾਂ ਪਿੰਜਰੇ ਵਿੱਚੋਂ ਥੋੜ੍ਹਾ ਬਾਹਰ ਆ ਕੇ ਉਹ ਥੱਲੇ ਪਏ 25-30 ਲਿਫਾਫਿਆਂ 'ਚੋਂ ਇਕ ਨੂੰ ਮੂੰਹ ਨਾਲ ਚੁੱਕ ਕੇ ਉਸ ਗਾਹਕ ਵੱਲ ਸੁੱਟ ਦੇਵੇ। ਫਿਰ ਦੀਪਾ ਲਿਫਾਫੇ 'ਚੋਂ ਪਹਿਲਾਂ ਲਿਖੀ ਹੋਈ ਪਰਚੀ ਬਾਹਰ ਕੱਢਦਾ ਤੇ ਸਬੰਧਤ ਵਿਅਕਤੀ ਨੂੰ ਉਸ ਦੇ ਭਵਿੱਖ ਦਾ ਹਾਲ ਸੁਣਾ ਦਿੰਦਾ ਅਤੇ ਗਾਹਕ ਤੋਂ ਪਹਿਲਾਂ ਮਿੱਥੀ ਗਈ ਫੀਸ ਲੈ ਲੈਂਦਾ।
ਕੁਝ ਸਮਾਂ ਪਹਿਲਾਂ ਦੀ ਗੱਲ ਹੈ। ਇਕ ਦਿਨ ਜਦੋਂ ਮੈਂ ਸ਼ਹਿਰ ਦੀ ਮਾਲ ਰੋਡ ਤੋਂ ਲੰਘ ਰਿਹਾ ਸੀ ਤਾਂ ਦੀਪਾ ਮਾਲ ਰੋਡ ਦੇ ਨਾਲ ਬਣੀ ਪਟੜੀ 'ਤੇ ਚਾਦਰ ਵਿਛਾ ਕੇ ਬੈਠਾ ਸੀ, ਜਿਸ 'ਤੇ ਉਸ ਨੇ 25-30 ਲਿਫਾਫੇ ਰੱਖੇ ਹੋਏ ਸਨ ਤੇ ਨਾਲ ਪਿੰਜਰੇ ਵਿੱਚ ਤੋਤਾ ਗਾਹਕਾਂ ਲਈ ਹਾਜ਼ਰ ਸੀ। ਇਹ ਦੇਖ ਕੇ ਮੈਂ ਕਿਹਾ, ‘ਦੀਪਿਆ! ਆਹ ਕੀ ਕੰਮ ਸ਼ੁਰੂ ਕਰ ਲਿਆ ਹੈ?' ਉਹ ਕਹਿਣ ਲੱਗਾ, ‘ਬਾਈ ਜੀ! ਰੋਜ਼ੀ ਰੋਟੀ ਦਾ ਕੋਈ ਤਾਂ ਜੁਗਾੜ ਕਰਨਾ ਸੀ।'
ਇਸ ਸੰਦਰਭ ਵਿੱਚ ਮੈਨੂੰ ਇਕ ਹੋਰ ਗੱਲ ਯਾਦ ਆ ਗਈ। ਮੇਰੀ ਨੌਕਰੀ ਦੌਰਾਨ ਮੇਰਾ ਇਕ ਸਹਿਕਰਮੀ ਅਜਿਹਾ ਸੀ, ਜਿਸ ਦੇ ਪੁੱਠੇ ਸਿੱਧੇ ਕਾਰਨਾਮਿਆਂ ਤੋਂ ਮਹਿਕਮੇ ਦੇ ਉਪਰਲੇ ਅਫਸਰ ਖੁਸ਼ ਨਹੀਂ ਸਨ, ਪਰ ਉਹ ਹਮੇਸ਼ਾ ਦਫਤਰ ਦੇ ਮੇਜ਼ 'ਤੇ ਇਕ ਛੋਟੀ ਜਿਹੀ ਤਖਤੀ ਸਜਾ ਕੇ ਰੱਖਦਾ ਜਿਸ 'ਤੇ ਬੜੀ ਸੁੰਦਰ ਲਿਖਾਈ ਵਿੱਚ ਲਿਖਿਆ ਸੀ, ‘ਜੋ ਕਿਸਮਤ ਮੇਂ ਲਿਖਾ ਹੈ, ਵੋਹ ਜ਼ਰੂਰ ਮਿਲੇਗਾ, ਜੋ ਨਹੀਂ ਹੈ ਵੋਹ ਆ ਕਰ ਭੀ ਚਲਾ ਜਾਏਗਾ।' ਉਹ ਜਿਥੇ ਵੀ ਬਦਲੀ ਹੋ ਕੇ ਜਾਂਦਾ, ਉਥੇ ਦਫਤਰ ਵਿੱਚ ਉਸ ਦੇ ਮੇਜ਼ 'ਤੇ ਉਹ ਤਖਤੀ ਜ਼ਰੂਰ ਹਰ ਸਮੇਂ ਪਈ ਰਹਿੰਦੀ।
ਇਸੇ ਗੱਲ ਤੋਂ ਮੈਨੂੰ ਇਕ ਕਹਾਣੀ ਯਾਦ ਆ ਗਈ ਕਿ ਇਕ ਜੋਤਸ਼ੀ ਆਪਣੀ ਜੋਤਿਸ਼ ਵਿੱਦਿਆ ਵਿੱਚ ਬੜਾ ਮਾਹਰ ਸੀ। ਉਸ ਨੇ ਜੋਤਿਸ਼ ਲਾ ਕੇ ਵਿਚਾਰਿਆ ਕਿ ਦੁਨੀਆ ਵਿੱਚ ਪਾਰਸ ਹੈ ਜਾਂ ਨਹੀਂ। ਜੇ ਹੈ ਤਾਂ ਕਿੱਥੇ? ਕਿਸ ਸ਼ਕਲ ਦਾ ਹੈ? ਹਿਸਾਬ ਲਾ ਕੇ ਪਤਾ ਲੱਗਾ ਕਿ ਪਾਰਸ ਹੈ, ਪਰ ਅਟਕ ਦਰਿਆ ਦੇ ਕੰਢੇ ਪੱਥਰ ਦੀ ਸ਼ਕਲ ਦਾ ਹੈ। ਫਿਰ ਉਸ ਨੇ ਜੋਤਿਸ਼ ਲਾ ਕੇ ਵੇਖਿਆ ਕਿ ਉਥੇ ਕਿੰਨਾ ਚਿਰ ਪਿਆ ਰਹੇਗਾ ਤਾਂ ਹਿਸਾਬ ਨਿਕਲਿਆ ਕਿ 90 ਦਿਨ ਉਥੇ ਰਹੇਗਾ। ਉਸ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਮੈਂ ਉਸ ਨੂੰ ਚੁੱਕ ਲਿਆਵਾਂ। ਫਿਰ ਮੈਨੂੰ ਕੋਈ ਭੁੱਖ ਨਹੀਂ ਰਹੇਗੀ ਤੇ ਲੋਹੇ ਨੂੰ ਛੁਹਾ ਕੇ ਸੋਨਾ ਬਣਾ ਕੇ ਬੇਅੰਤ ਦੌਲਤ ਪੈਦਾ ਕਰ ਲਵਾਂਗਾ। ਆਖਰ ਉਹ ਉਸ ਨੂੰ ਪ੍ਰਾਪਤ ਕਰਨ ਲਈ ਘਰੋਂ ਨਿਕਲ ਪਿਆ ਤੇ ਠੀਕ 90ਵੇਂ ਦਿਨ ਅਟਕ ਦਰਿਆ ਦੇ ਕੰਢੇ 'ਤੇ ਪੁੱਜ ਗਿਆ। ਜੋਤਿਸ਼ ਅਨੁਸਾਰ ਉਸੇ ਪੱਥਰ ਦੀ ਸ਼ਕਲ ਦਾ ਪਾਰਸ ਉਥੇ ਪਿਆ ਸੀ।
ਅਜੇ 8-10 ਕਦਮ ਉਰੇ ਸੀ ਕਿ ਇਕ ਪਾਣੀ ਭਰਨ ਵਾਲੀ ਮਾਈ ਨੇ ਉਹ ਪੱਥਰ ਚੱਕ ਲਿਆ ਤੇ ਦਰਿਆ ਦੇ ਪਾਣੀ ਨਾਲ ਉਹ ਪੱਥਰ ਰਗੜ ਕੇ ਆਪਣੇ ਪੈਰਾਂ ਤੋਂ ਮੈਲ ਲਾਹੁਣ ਲੱਗ ਪਈ। ਪੰਡਿਤ ਜੀ ਇਹ ਸਭ ਕੁਝ ਸਾਹਮਣੇ ਖੜੇ ਵੇਖ ਰਹੇ ਸਨ। ਉਹ ਚਾਹੁੰਦੇ ਤਾਂ ਸੀ ਕਿ ਝਪਟਾ ਮਾਰ ਕੇ ਉਸ ਤੋਂ ਖੋਹ ਲਵਾਂ, ਪਰ ਹੀਆ ਨਾ ਪੈਂਦਾ। ਦਿਲ ਵਿੱਚ ਆਖਦਾ ਕਿ ਜੇ ਮੈਂ ਇਸ ਤੋਂ ਮੰਗ ਲਵਾਂ ਤਾਂ ਇਸ ਨੇ ਦੇਣਾ ਨਹੀਂ। ਇਹੋ ਆਖੇਗੀ ਕਿ ਆਹ ਹੋਰ ਇਹੋ ਜਿਹੀਆਂ ਕਿੰਨੀਆਂ ਗੀਟੀਆਂ ਪਈਆਂ ਨੇ, ਉਹ ਚੁੱਕ ਲੈ, ਪਰ ਮਾਈ ਨੂੰ ਕੀ ਪਤੈ ਕਿ ਇਹ ਪਾਰਸ ਦੀ ਗੀਟੀ ਹੈ। ਫਿਰ ਸੋਚਦਾ ਕਿ ਮਾਈ ਨੂੰ ਕਹਿ ਦੇਵਾਂ ਕਿ ਇਹ ਪਾਰਸ ਦੀ ਗੀਟੀ ਹੈ, ਮੈਨੂੰ ਫੜਾ ਦੇ। ਅਗਲੇ ਪਲ ਸੋਚਦਾ ਕਿ ਅਜਿਹਾ ਕੌਣ ਮੂਰਖ ਹੈ ਕਿ ਹੱਥ ਆਇਆ ਪਾਰਸ ਦੂਜੇ ਨੂੰ ਫੜਾ ਦੇਵੇ। ਫਿਰ ਚੁੱਪ ਕਰਕੇ ਬੈਠ ਗਿਆ। ਜਦੋਂ ਮਾਈ ਪੈਰ ਧੋ ਕੇ ਚਲੀ ਜਾਵੇਗੀ, ਮੈਂ ਇਸ ਪੱਥਰ ਨੂੰ ਚੁੱਕ ਲਵਾਂਗਾ।
ਉਧਰ ਮਾਈ ਨੇ ਪੈਰ ਧੋ ਕੇ ਉਹ ਪਾਰਸ ਦੀ ਗੀਟੀ ਦਰਿਆ ਵਿੱਚ ਵਗਾਹ ਮਾਰੀ। ਪੰਡਿਤ ਨੇ ਠੰਢਾ ਹਉਕਾ ਭਰ ਕੇ ਆਖਿਆ, ‘ਮਾਈ! ਇਹ ਕੀ ਲੋਹੜਾ ਮਾਰਿਆ ਈ? ਇਹ ਗੀਟੀ ਲੈਣ ਵਾਸਤੇ ਤਾਂ ਮੈਂ ਇਥੇ ਆਇਆ ਸੀ।' ਇੰਨਾ ਕਹਿ ਕੇ ਪੰਡਿਤ ਰੋਣ ਪਿੱਟਣ ਲੱਗ ਪਿਆ। ਮਾਈ ਨੇ ਕਿਹਾ, ‘ਪੰਡਿਤ ਜੀ! ਤੁਸੀਂ ਮੈਨੂੰ ਬੜੇ ਸਿਆਣੇ ਲੱਗਦੇ ਹੋ। ਵਿਦਵਾਨ ਵੀ ਹੋ। ਫਿਰ ਇਕ ਪੱਥਰ ਦੀ ਗੀਟੀ ਵਾਸਤੇ ਬੱਚਿਆਂ ਵਾਂਗੂੰ ਕਿਉਂ ਰੋ ਪਿੱਟ ਰਹੇ ਹੋ? ਇਥੇ ਭਲਾ ਪੱਥਰ ਗੀਟੀਆਂ ਦਾ ਕੋਈ ਘਾਟਾ ਹੈ। ਜਿੰਨੀਆਂ ਚਾਹੋ ਲੈ ਲਵੋ।' ਪੰਡਿਤ ਨੇ ਕਿਹਾ, ‘ਮਾਈ! ਤੂੰ ਕੀ ਜਾਣੇ? ਉਹ ਪੱਥਰ ਦੀ ਗੀਟੀ ਨਹੀਂ, ਉਹ ਪਾਰਸ ਸੀ।'
ਮਾਈ ਨੇ ਹੈਰਾਨ ਹੋ ਕੇ ਕਿਹਾ ਕਿ ਤੈਨੂੰ ਕਿਵੇਂ ਪਤਾ ਕਿ ਉਹ ਪਾਰਸ ਸੀ।' ਪੰਡਿਤ ਨੇ ਦੱਸਿਆ ਕਿ ਇਹ ਸਾਰਾ ਕੁਝ ਮੈਂ ਜੋਤਿਸ਼ ਵਿੱਦਿਆ ਦੇ ਹਿਸਾਬ ਨਾਲ ਹੀ ਪਤਾ ਲਾਇਆ ਸੀ ਅਤੇ ਐਨੀ ਦੂਰੋਂ ਚੱਲ ਕੇ ਇਥੇ ਆਇਆ ਸੀ। ਮਾਈ ਨੇ ਬੜੇ ਧੀਰਜ ਨਾਲ ਕਿਹਾ, ‘ਪੰਡਿਤ ਜੀ! ਤੁਸੀਂ ਇਹ ਤਾਂ ਸਾਰਾ ਕੁਝ ਜਾਣ ਲਿਆ ਸੀ ਕਿ ਪਾਰਸ ਦਰਿਆ ਕੰਢੇ ਪਿਆ ਹੈ ਤੇ ਮੰਜ਼ਿਲ 'ਤੇ ਪੁੱਜ ਵੀ ਗਏ, ਪਰ ਐਨਾ ਕੁਝ ਕਰਨ ਤੋਂ ਪਹਿਲਾਂ ਇਹ ਨਹੀਂ ਜਾਣਿਆ ਕਿ ਪਾਰਸ ਦਾ ਪ੍ਰਾਪਤ ਹੋਣਾ ਕਿਸਮਤ ਵਿੱਚ ਹੈ ਜਾਂ ਨਹੀਂ। ਮੈਂ ਤੇਰੀ ਕਿਸਮਤ ਹਾਂ। ਤੇਰੇ ਭਾਗਾਂ ਵਿੱਚ ਪਾਰਸ ਦਾ ਮਿਲਣਾ ਨਹੀਂ ਹੈ। ਜਾਹ ਆਰਾਮ ਨਾਲ ਜਾ ਕੇ ਬੈਠ। ਇੰਨਾ ਕਹਿ ਕੇ ਮਾਈ ਲੋਪ ਹੋ ਗਈ ਤੇ ਪੰਡਿਤ ਸੋਚਦਾ ਹੋਇਆ ਘਰ ਮੁੜ ਆਇਆ ਕਿ ਸੱਚਮੁੱਚ ਹੀ ਕਿਸਮਤ ਤੋਂ ਬਿਨਾਂ ਕੋਈ ਪਦਾਰਥ ਨਹੀਂ ਮਿਲ ਸਕਦਾ।
ਭਗਵਤ ਗੀਤਾ ਅਨੁਸਾਰ ਭਗਵਾਨ ਕ੍ਰਿਸ਼ਨ ਨੇ ਵੀ ਅਰਜਨ ਨੂੰ ਇਹ ਉਪਦੇਸ਼ ਦਿੱਤਾ ਸੀ, ‘ਹੇ ਅਰਜਨ! ਤੂੰ ਕਰਮ ਕਰੀ ਜਾ, ਪਰ ਫਲ ਦੀ ਇੱਛਾ ਨਾ ਕਰ।'
ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹੋ ਸਿੱਖਿਆ ਹੈ ਕਿ ਸਾਨੂੰ ਕਰਮ ਕਰਦੇ ਰਹਿਣਾ ਚਾਹੀਦਾ ਹੈ। ਜ਼ਿੰਦਗੀ `ਚ ਹਮੇਸ਼ਾ ਸਖਤ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਫਲ ਦੀ ਇੱਛਾ ਮਨ ਵਿੱਚ ਨਾ ਰੱਖੋ। ਟੀਚੇ ਦੀ ਪ੍ਰਾਪਤੀ ਲਈ ਜੀਅ ਜਾਨ ਨਾਲ ਜੁਟੇ ਰਹੋ ਤਾਂ ਉਹ ਦਿਨ ਦੂਰ ਨਹੀਂ, ਜਦੋਂ ਸਫਲਤਾ ਤੁਹਾਡੀਆਂ ਬਰੂਹਾਂ 'ਤੇ ਦਸਤਕ ਦੇਵੇਗੀ। ਫਲ ਦੀ ਇੱਛਾ ਰੱਖਣ ਵਾਲੇ ਜ਼ਿੰਦਗੀ ਦੇ ਹਰ ਮੋਰਚੇ 'ਤੇ ਨਾਕਾਮ ਰਹਿ ਜਾਂਦੇ ਹਨ ਤੇ ਬਾਅਦ 'ਚ ਦੋਸ਼ ਆਪਣੀ ਕਿਸਮਤ ਨੂੰ ਦਿੰਦੇ ਹਨ। ਅਸੀਂ ਦਿ੍ਰੜ ਇਰਾਦੇ ਨਾਲ ਮਿਹਨਤ ਕਰਾਂਗੇ ਤਾਂ ਕਿਸਮਤ ਆਪਣੇ ਆਪ ਬਲਵਾਨ ਹੋ ਜਾਵੇਗੀ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ