Welcome to Canadian Punjabi Post
Follow us on

24

March 2019
ਨਜਰਰੀਆ

ਕੈਂਸਰ ਤੋਂ ਮੈਡਲ ਤੱਕ

January 11, 2019 07:42 AM

-ਜਸਵਿੰਦਰ ਕੌਰ ਮਾਨਸਾ
ਪੇਟ ਦੀਆਂ ਸਮੱਸਿਆਵਾਂ ਆਉਣ ਕਾਰਨ ਮੈਂ ਡਾਕਟਰ ਦੀ ਰਾਏ ਮੁਤਾਬਕ ਅਲਟਰਾਸਾਊਂਡ ਕਰਾਉਣ ਚਲੀ ਗਈ। ਮੇਰੇ ਨਾਲ ਮੇਰਾ 17 ਕੁ ਸਾਲ ਦਾ ਪੁੱਤਰ ਸੀ। ਅਲਟਰਾਸਾਊਂਡ ਕਰਾਉਣ ਤੋਂ ਘੰਟੇ ਕੁ ਦੀ ਉਡੀਕ ਪਿੱਛੋਂ ਮੇਰੀ ਰਿਪੋਰਟ ਆਈ, ਜਿਸ ਵਿੱਚ ਡਾਕਟਰ ਦੇ ਦੱਸਣ ਮੁਤਾਬਕ ਦੋ ਵੱਡੀਆਂ ਉਲਝਣਾਂ ਸਨ। ਇੱਕ ਪਿੱਤੇ ਅੰਦਰ 17 ਐੱਮ ਐੱਮ ਦੀਆਂ ਪੱਥਰੀਆਂ ਸਨ ਤੇ ਦੂਜੀ ਬੱਚੇਦਾਨੀ ਵਿੱਚ ਗੰਢ ਸੀ। ਅਲਟਰਾਸਾਊਂਡ ਕਰ ਰਹੀ ਡਾਕਟਰ ਮੁਤਾਬਕ ਦੋਵੇਂ ਖਤਰਨਾਕ ਸਨ। ਇਸ ਲਈ ਉਨ੍ਹਾਂ ਨੇ ਇਨ੍ਹਾਂ ਦਾ ਤੁਰੰਤ ਆਪਰੇਸ਼ਨ ਕਰਵਾ ਲੈਣ ਦੀ ਸਲਾਹ ਦਿੱਤੀ। ਮੇਰੀ ਅਲਟਰਾਸਾਊਂਡ ਰਿਪੋਰਟ ਵੇਖ ਕੇ ਮੇਰੇ ਪੁੱਤਰ ਦੇ ਮੂੰਹ ਦਾ ਰੰਗ ਪੀਲਾ ਪੈ ਗਿਆ। ਸ਼ਾਇਦ ਉਹਨੂੰ ਆਪਣੀ ਮਾਂ ਵਿਛੋੜਾ ਦਿੰਦੀ ਲੱਗੀ। ਉਸ ਦੀ ਬੇਚੈਨੀ ਮੈਂ ਸਮਝ ਗਈ ਸੀ, ਪਰ ਮੇਰੇ 'ਤੇ ਡਾਕਟਰ ਦੇ ਕਹੇ ਸ਼ਬਦਾਂ ਦਾ ਰੱਤਾ ਵੀ ਅਸਰ ਨਹੀਂ ਹੋਇਆ। ਮੈਂ ਕਲੀਨਿਕ ਤੋਂ ਬਾਹਰ ਆ ਕੇ ਆਪਣੇ ਬੇਟੇ ਨੂੰ ਕਿਹਾ, ‘ਕੁਝ ਨਹੀਂ ਹੁੰਦਾ ਪੁੱਤ, ਡਾਕਟਰ ਤਾਂ ਮਰੀਜ਼ ਦੀ ਡਰਾ ਡਰਾ ਕੇ ਜਾਨ ਕੱਢ ਦਿੰਦੇ ਨੇ’, ਪਰ ਉਹ ਉਦਾਸ ਜਿਹਾ ਹੋ ਗਿਆ ਤੇ ਕੁਝ ਨਾ ਬੋਲਿਆ।
ਅਸੀਂ ਰਿਪੋਰਟ ਵਿਖਾਉਣ ਲਈ ਇੱਕ ਹੋਰ ਡਾਕਟਰ ਕੋਲ ਗਏ। ਉਨ੍ਹਾਂ ਨੇ ਰਿਪੋਰਟ 'ਤੇ ਨਿਗ੍ਹਾ ਮਾਰ ਕੇ ਗੱਲ ਸਿਰੇ ਹੀ ਲਾ ਦਿੱਤੀ। ਕਹਿੰਦੈ, ‘ਪਿੱਤੇ ਦਾ ਆਪਰੇਸ਼ਨ ਪੰਦਰਾਂ ਵੀਹ ਦਿਨ ਪਿੱਛੋਂ ਕਰਵਾ ਸਕਦੇ ਹੋ, ਪਰ ਬੱਚੇਦਾਨੀ ਦਾ ਆਪਰੇਸ਼ਨ ਤੁਰੰਤ ਕਰਾਉਣਾ ਪਵੇਗਾ ਕਿਉਂਕਿ ਕੈਂਸਰ ਬਣਨ ਦੇ ਬਹੁਤ ਜ਼ਿਆਦਾ ਮੌਕੇ ਨੇ।” ਮੇਰੇ 'ਤੇ ਇਸ ਡਾਕਟਰ ਦੀ ਗੱਲ ਦਾ ਵੀ ਜ਼ਿਆਦਾ ਅਸਰ ਨਾ ਹੋਇਆ, ਪਰ ਮੇਰੇ ਪੁੱਤਰ ਦੇ ਹੱਥ ਕੰਬਣ ਲੱਗ ਪਏ।
ਮੈਂ ਪਹਿਲਾਂ ਕੋਸ਼ਿਸ਼ ਕੀਤੀ ਸੀ ਕਿ ਮੇਰਾ ਪੁੱਤਰ ਡਾਕਟਰ ਕੋਲ ਨਾ ਜਾਵੇ, ਪਰ ਉਹ ਮੰਨਿਆ ਨਹੀਂ ਤੇ ਮੇਰੇ ਨਾਲ ਹੀ ਗਿਆ। ਮੈਨੂੰ ਆਪਣੇ ਤੋਂ ਵੱਧ ਉਸ ਦੀ ਚਿੰਤਾ ਸੀ। ਅਸੀਂ ਬਿਨਾਂ ਫੈਸਲਾ ਕੀਤੇ ਘਰ ਆ ਗਏ। ਮਾਹੌਲ ਉਦਾਸ ਜਿਹਾ ਹੋ ਗਿਆ। ਇਸ ਸਭ ਦੇ ਬਾਵਜੂਦ ਮੇਰੀ ਮਾਂ ਦੇ ਬੋਲ ਮੇਰੇ ਕੰਨਾਂ 'ਚ ਗੂੰਜਦੇ ਰਹੇ, ਜੋ ਕਹਿੰਦੀ ਹੁੰਦੀ ਸੀ, ‘‘ਪੁੱਤ, ਮੁਸੀਬਤ ਵੇਲੇ ਪੈਰ ਨਹੀਂ ਛੱਡਣੇ ਚਾਹੀਦੇ। ਡੱਟ ਕੇ ਮੁਕਾਬਲਾ ਕਰਨਾ ਚਾਹੀਦੈ, ਸਭ ਆਪਣੇ ਆਪ ਠੀਕ ਹੁੰਦਾ ਜਾਂਦੈ।” ਇਨ੍ਹਾਂ ਪ੍ਰੇਰਨਾ ਭਰੇ ਬੋਲਾਂ ਨੇ ਮੈਨੂੰ ਡੋਲਣ ਨਹੀਂ ਦਿੱਤਾ। ਆਪੇਰਸ਼ਨ ਦਾ ਮੈਂ ਸੋਚਿਆ ਤੱਕ ਨਾ। ਮੈਂ ਆਪਣੇ ਆਪ ਬਾਰੇ ਜਾਨਣਾ ਸ਼ੁਰੂ ਕੀਤਾ ਤੇ ਆਪਣੇ ਆਪ ਵੱਲ ਵੱਧ ਧਿਆਨ ਦੇਣ ਲੱਗੀ। ਮੈਨੂੰ ਕਿਸੇ ਨੇ ਕਿਹਾ ਕਿ ਸਾਈਕਲ ਚਲਾਉਣ ਨਾਲ ਔਰਤਾਂ ਦੀਆਂ ਕਈ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਮੈਂ ਮਾਨਸਾ ਤੋਂ ਸਾਈਕਲ ਲਿਆਈ ਤੇ ਰੋਜ਼ ਚਲਾਉਣਾ ਸ਼ੁਰੂ ਕਰ ਦਿੱਤਾ। ਕੁਝ ਦਿਨ ਥਕਾਵਟ ਨੇ ਬੁਰਾ ਹਾਲ ਕੀਤਾ, ਪਰ ਫਿਰ ਸਭ ਠੀਕ ਹੋ ਗਿਆ।
ਮੇਰੀ ਮਾਂ ਦੀ ਮੌਤ ਤੋਂ ਬਾਅਦ ਸਭ ਤੋਂ ਛੋਟੀ ਹੋਣ ਕਰ ਕੇ ਵੱਡੀਆਂ ਭੈਣਾਂ ਬਾਹਲਾ ਮੋਹ ਕਰਨ ਲੱਗੀਆਂ। ਜਦੋਂ ਉਨ੍ਹਾਂ ਨੂੰ ਮੇਰੀ ਸਮੱਸਿਆ ਦਾ ਪਤਾ ਲੱਗਾ ਤਾਂ ਮੇਰੇ ਘਰ ਵੱਲ ਉਨ੍ਹਾਂ ਦੇ ਗੇੜੇ ਵਧ ਗਏ ਤੇ ਮੋਹ ਵੀ ਵਧ ਗਿਆ। ਮੈਂ ਆਪਣੇ ਆਪ ਹੀ ਠੀਕ ਹੋਣ ਦਾ ਆਪਣੇ ਮਨ ਨਾਲ ਫੈਸਲਾ ਕਰ ਚੁੱਕੀ ਸੀ। ਮੇਰੇ ਪਤੀ ਤੇ ਬੱਚਿਆਂ ਨੇ ਇਸ ਨਾਜ਼ੁਕ ਦੌਰ 'ਚ ਮੇਰਾ ਬਹੁਤ ਸਾਥ ਦਿੱਤਾ। ਮੇਰੀ ਧੀ ਤੇ ਪੁੱਤਰ ਬਹੁਤ ਹਿੰਮਤ ਦਿੰਦੇ ਤੇ ਜਿੱਤਣ ਲਈ ਪ੍ਰੇਰਿਤ ਕਰਦੇ। ਇੱਕ ਸਾਲ ਲੰਘ ਗਿਆ। ਮੈਨੂੰ ਕਦੇ ਕੋਈ ਸਮੱਸਿਆ ਨਾ ਆਈ, ਪਰ ਪਿੱਤੇ ਦੀਆਂ ਪੱਥਰੀਆਂ 'ਤੇ ਮੇਰੀ ਕਸਰਤ ਦਾ ਅਸਰ ਨਾ ਹੋਇਆ। ਉਹ ਉਸੇ ਤਰ੍ਹਾਂ ਹੀ ਰਹੀਆਂ ਤਾਂ ਮੈਂ ਪਿੱਤੇ ਦਾ ਆਪਰੇਸ਼ਨ ਕਰਵਾ ਦਿੱਤਾ, ਜੋ ਬਿਨਾਂ ਸਮੱਸਿਆ ਤੋਂ ਸੌਖਾ ਹੀ ਹੋ ਗਿਆ। ਡਾਕਟਰ ਦੇ ਕਹਿਣ ਮੁਤਾਬਕ ਖੂਨ ਦੇ ਦਬਾਓ ਦਾ ਏਨਾ ਸਹੀ ਰਹਿਣ ਦਾ ਕਾਰਨ ਕਸਰਤ ਸੀ। ਮੈਂ ਹਰ ਰੋਜ਼ ਸਾਈਕਲ ਚਲਾਉਣ ਕਾਰਨ ਬਿਨਾਂ ਥਕਾਵਟ 15 ਤੋਂ 17 ਕਿਲੋਮੀਟਰ ਸਾਈਕਲ ਚਲਾ ਲੈਂਦੀ ਸੀ। ਇਸੇ ਦੌਰਾਨ ਮੈਂ ਸਾਈਕਲ ਦੌੜ ਵਿੱਚ ਭਾਗ ਲਿਆ, ਜੋ ਆਨਲਾਈਨ ਸੀ। ਮੈਂ 250 ਕਿਲੋਮੀਟਰ ਦੀ ਚੁਣੌਤੀ ਅਤੇ ਸੋਨੇ ਦਾ ਤਮਗਾ ਹਾਸਲ ਕੀਤਾ। ਜਦੋਂ ਇਸ ਉਮਰ ਵਿੱਚ ਗਲ ਵਿੱਚ ਸੋਨੇ ਦਾ ਤਮਗਾ ਪਵੇ ਤਾਂ ਇਹ ਬਹੁਤ ਖੁਸ਼ੀ ਭਰਿਆ ਅਹਿਸਾਸ ਹੋ ਨਿਬੜਦਾ ਹੈ। ਉਸ ਤੋਂ ਬਾਅਦ ਮੇਰੇ ਹੌਸਲੇ ਹੋਰ ਵੀ ਬੁਲੰਦ ਹੋ ਗਏ। ਮੈਂ ਆਪਣੀ ਸਮੱਸਿਆ ਤਾਂ ਭੁੱਲ ਹੀ ਗਈ।
ਅੰਤ ਮੈਂ ਇੱਕ ਵਾਰ ਫਿਰ ਆਪਣਾ ਟੈਸਟ ਕਰਵਾਇਆ, ਜਿਸ ਵਿੱਚ ਸਭ ਕੁਝ ਆਮ ਵਾਂਗ ਸੀ। ਮੇਰੀ ਬੱਚੇਦਾਨੀ ਵਿੱਚ ਕੋਈ ਗੰਢ ਨਹੀਂ ਸੀ, ਸਗੋਂ ਮੇਰਾ ਸਰੀਰ ਪਹਿਲਾਂ ਤੋਂ ਤੰਦਰੁਸਤ ਤੇ ਫਿੱਟ ਹੋ ਗਿਆ ਸੀ, ਥਕਾਵਟ ਬਿਲਕੁਲ ਨਹੀਂ ਆਉਂਦੀ ਸੀ। ਮੈਨੂੰ ਆਪਣੀ ਮਾਂ 'ਤੇ ਸਦਾ ਮਾਣ ਰਿਹਾ ਹੈ ਜਿਸ ਦੇ ਸਵਰਗ ਸਿਧਾਰਨ ਤੋਂ ਬਾਅਦ ਵੀ ਉਸ ਦੇ ਬੋਲਾਂ ਦੀ ਸੱਚਾਈ ਨੇ ਮੇਰੀ ਦੁਨੀਆ ਹੀ ਬਦਲ ਦਿੱਤੀ। ਮੈਨੂੰ ਮੇਰੇ ਆਪਣਿਆਂ ਤੇ ਆਪਣੀ ਇੱਛਾ ਸ਼ਕਤੀ ਨੇ ਹਾਰਨ ਨਹੀਂ ਦਿੱਤਾ।

Have something to say? Post your comment