ਮਿਲਟਨ, 10 ਜਨਵਰੀ (ਪੋਸਟ ਬਿਊਰੋ) : ਮਿਲਟਨ ਸਥਿਤ ਬਿਸ਼ਪ ਰੈਡਿੰਗ ਸੈਕੰਡਰੀ ਸਕੂਲ ਨੂੰ ਵੀਰਵਾਰ ਦੁਪਹਿਰ ਨੂੰ ਬੰਦ ਕੀਤੇ ਜਾਣ ਤੋਂ ਬਾਅਦ ਛੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਤਿੰਨ ਹਥਿਆਰ ਵੀ ਬਰਾਮਦ ਹੋਏ। ਇਹ ਜਾਣਕਾਰੀ ਹਾਲਟਨ ਪੁਲਿਸ ਨੇ ਦਿੱਤੀ।
ਇੱਕ ਹੋਰ ਵਿਦਿਆਰਥੀ, ਜਿਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਨੂੰ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਕੁੱਝ ਵਿਦਿਆਰਥੀਆਂ ਨੇ ਇਹ ਸਿ਼ਕਾਇਤ ਕੀਤੀ ਸੀ ਕਿ ਉਨ੍ਹਾਂ ਦਾ ਪਿੱਛਾ ਕੁੱਝ ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤਾ ਜਾ ਰਿਹਾ ਹੈ। 2:15 ਉੱਤੇ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਸਕੂਲ ਨੂੰ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਵਿਦਿਆਰਥੀ ਸੁਰੱਖਿਅਤ ਹਨ ਤੇ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ।
ਪੁਲਿਸ ਨੇ ਇੱਕ ਚਾਕੂ ਤੇ ਦੋ ਹਥਿਆਰ ਵੀ ਬਰਾਮਦ ਕੀਤੇ। ਇੱਕ ਹਥਿਆਰ ਤਾਂ ਅਸਲ ਹਥਿਆਰ ਦੀ ਨਕਲ ਸੀ ਪਰ ਦੂਜੇ ਹਥਿਆਰ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਹੋਰ ਕੋਈ ਮਸ਼ਕੂਕ ਅਜਿਹਾ ਨਹੀਂ ਹੈ ਜਿਸ ਖਿਲਾਫ ਕਾਰਵਾਈ ਨਾ ਹੋਈ ਹੋਵੇ। ਦੋ ਨੇੜਲੇ ਸਕੂਲਾਂ ਸੇਂਟ ਪੀਟਰ ਐਂਡ ਕ੍ਰਿਸ ਹੈਡਫੀਲਡ ਦੀ ਸੁਰੱਖਿਆ ਵੀ ਵਧਾਈ ਗਈ ਸੀ ਪਰ ਬਾਅਦ ਵਿੱਚ ਇਸ ਨੂੰ ਹਟਾ ਲਿਆ ਗਿਆ।