Welcome to Canadian Punjabi Post
Follow us on

28

March 2024
 
ਨਜਰਰੀਆ

ਕੁੜੀਆਂ ਦਾ ਕੁਫਰ..

January 10, 2019 08:21 AM

-ਸ਼ਵਿੰਦਰ ਕੌਰ
ਹਵਾ ਨਾਲ ਉਡਦੇ ਪੱਤਿਆਂ ਵਾਂਗ ਵਰ੍ਹਿਆਂ ਦੇ ਵਰ੍ਹੇ ਖਿਸਕਦੇ ਤੁਰੇ ਗਏ। ਵਕਤ ਨਿੱਤ ਨਵੀਆਂ ਤਬਦੀਲੀਆਂ ਲਿਆਉਂਦਾ ਅੱਗੇ ਤੋਂ ਅੱਗੇ ਨੱਸੀ ਗਿਆ। ਪਿੰਡ ਵਿੱਚ ਰਹਿੰਦਿਆਂ ਬਚਪਨ ਤੋਂ ਜਵਾਨੀ ਤੱਕ ਦਾ ਗੁਜ਼ਾਰਿਆ ਵੇਲਾ ਅਜੇ ਵੀ ਦਿਲ ਦੀ ਕਿਸੇ ਨੁੱਕਰੇ ਕੀਮਤੀ ਖਜ਼ਾਨੇ ਵਾਂਗ ਸਾਂਭਿਆ ਪਿਆ ਹੈ। ਹਵਾ ਦੇ ਖੁਸ਼ਗਵਾਰ ਬੁੱਲੇ ਵਾਂਗ ਯਾਦਾਂ ਦੇ ਅਜ਼ੀਮ ਖਜ਼ਾਨੇ ਵਿੱਚੋਂ ਕੁਝ ਮੋਹ ਭਿੱਜੀਆਂ ਯਾਦਾਂ ਨਿਕਲ ਕੇ ਜਦੋਂ ਅੱਖਾਂ ਸਾਹਮਣੇ ਆ ਖੜ੍ਹਦੀਆਂ ਹਨ ਤਾਂ ਸਕੂਨ ਮਿਲਦਾ ਹੈ।
ਜਦੋਂ ਅਸੀਂ ਆਪ ਬੱਚੇ ਸਾਂ ਤਾਂ ਗਰਮੀਆਂ ਦੀਆਂ ਛੁੱਟੀਆਂ ਹੋਣ ਤੋਂ ਪਹਿਲਾਂ ਸਕੂਲ ਦਾ ਕੰਮ ਨਿਬੇੜਨਾ ਸ਼ੁਰੂ ਕਰ ਦੇਣਾ ਤਾਂ ਜੋ ਛੁੱਟੀਆਂ ਹੋਣ ਸਾਰ ਨਾਨਕੇ ਪਿੰਡ ਜਾਇਆ ਜਾ ਸਕੇ। ਇਕ ਦੂਜੇ ਨਾਲ ਗੱਲਾਂ ਵੀ ਨਾਨਕੇ ਪਿੰਡ ਜਾਣ ਅਤੇ ਉਥੇ ਜਾ ਕੇ ਕਰਨ ਵਾਲੀਆਂ ਖਰਮਸਤੀਆਂ ਦੀਆਂ ਹੁੰਦੀਆਂ। ਜਿਉਂ-ਜਿਉਂ ਵੱਡੇ ਹੁੰਦੇ ਗਏ, ਨਾਨਕੇ ਘਰ ਜਾਣਾ ਘਟਦਾ ਗਿਆ। ਪਤਾ ਹੀ ਨਾ ਲੱਗਿਆ, ਕਦੋਂ ਬਚਪਨ ਬੀਤ ਗਿਆ। ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖਦਿਆਂ ਸਾਰਾ ਧਿਆਨ ਪੜ੍ਹਾਈ ਵੱਲ ਹੋ ਗਿਆ। ਪੜ੍ਹਾਈ ਪੂਰੀ ਕਰਕੇ ਨੌਕਰੀ ਦੇ ਰਾਹ ਪੈ ਗਏ। ਘਰ ਦਿਆਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਪੇਕੇ ਘਰ ਦੀਆਂ ਬਰੂਹਾਂ ਤੋਂ ਵਿਦਾ ਕਰਕੇ ਸਹੁਰੇ ਘਰ ਤੋਰ ਦਿੱਤਾ।
ਅੱਜ ਕੱਲ੍ਹ ਜੋ ਤਬਦੀਲੀ ਸਾਲ ਵਿੱਚ ਆ ਜਾਂਦੀ ਹੈ, ਉਸ ਸਮੇਂ ਅੱਧੀ ਸਦੀ ਬੀਤ ਜਾਣ 'ਤੇ ਆਉਂਦੀ ਸੀ। ਸਾਡੀਆਂ ਮਾਵਾਂ, ਤਾਈਆਂ, ਚਾਚੀਆਂ ਦੀਆਂ ਅਸੀਸਾਂ ਦਾ ਅਸਰ ਸੀ ਜਾਂ ਉਨ੍ਹਾਂ ਵੱਲੋਂ ਆਪਸੀ ਸਾਂਝ ਦੀਆਂ ਘੁੱਟ ਕੇ ਫੜੀਆਂ ਮੋਹ ਭਿੱਜੀਆਂ ਤੰਦਾਂ ਦਾ, ਅਸੀਂ ਸਾਰੀਆਂ ਤਾਇਆਂ ਚਾਚਿਆਂ ਦੀਆਂ ਧੀਆਂ (ਭੈਣਾਂ) ਆਪਣੀਆਂ ਭੂਆ ਵਾਂਗ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪੇਕੇ ਘਰ ਆ ਕੇ ਇਕੱਠੀਆਂ ਜ਼ਰੂਰ ਹੁੰਦੀਆਂ ਸੀ। ਉਸ ਸਮੇਂ ਪਿੰਡਾਂ ਵਿੱਚ ਪੱਖੇ ਤਾਂ ਹੁੰਦੇ ਨਹੀਂ ਸਨ। ਦੁਪਹਿਰ ਨੂੰ ਸਾਡਾ ਸਾਰੀਆਂ ਦਾ ਟਿਕਾਣਾ ਤਾਈ ਕੀ ਸਬਾਤ ਹੁੰਦਾ। ਇਸ ਖੁੱਲ੍ਹੀ ਡੁੱਲ੍ਹੀ ਸਬਾਤ ਦੇ ਆਹਮੋ ਸਾਹਮਣੇ ਰੱਖੇ ਬਾਰ ਹਵਾ ਆਉਣ ਲਈ ਸਹਾਈ ਹੁੰਦੇ ਸਨ। ਦੂਸਰਾ ਉਸ ਦੀਆਂ ਕੰਧਾਂ, ਸੁੱਕੇ ਛੱਪੜ ਵਿੱਚ ਹੋਈਆਂ ਤਰੇੜਾਂ ਵਿੱਚੋਂ ਕੱਢੇ ਗੁੰਮਿਆਂ ਤੋਂ ਬਣੀਆਂ ਹੋਣ ਕਰਕੇ ਮੋਟੀਆਂ ਸਨ। ਛੱਤ ਕੜੀਆਂ ਬਾਲਿਆਂ ਦੀ ਹੋਣ ਕਾਰਨ ਠੰਢੀ ਰਹਿੰਦੀ ਸੀ। ਸਾਡੀ ਤਾਈ ਦਾ ਸੁਭਾਅ ਵੀ ਰੋਂਦਿਆਂ ਨੂੰ ਹਸਾਉਣ ਵਾਲਾ ਸੀ। ਮੱਥੇ ਵੱਟ ਪਾਉਣਾ ਤਾਂ ਉਹ ਜਾਣਦੀ ਨਹੀਂ ਸੀ। ਉਨ੍ਹਾਂ ਦੇ ਵਿਹੜੇ ਵਿੱਚ ਪੂਰਾ ਫੈਲਰਿਆ ਨਿੰਮ ਸੀ, ਜਿਸ ਉਤੇ ਚੜ੍ਹ ਕੇ ਕਦੇ ਅਸੀਂ ਨਿਮੋਲੀਆਂ ਖਾਧੀਆਂ ਸਨ।
ਇਕ ਦਿਨ ਦੁਪਹਿਰ ਨੂੰ ਅਸੀਂ ਸੁੱਤੀਆਂ ਪਈਆਂ ਸੀ ਕਿ ਤਾਈ ਦੀ ਕਿਸੇ ਨਾਲ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਸਬਾਤ ਵਿੱਚ ਚਿੱਟਾ ਕੁੜਤਾ ਧੋਤੀ, ਮੋਢੇ 'ਤੇ ਲਾਲ ਪਰਨਾ, ਮੱਥੇ ਉਤੇ ਤਿਲਕ ਲਗਾਈ ਪਾਂਧਾ ਬੈਠਾ ਸੀ। ਤਾਈ ਉਸ ਨੂੰ ਕੋਰੇ ਘੋੜੇ ਦੇ ਠੰਢੇ ਪਾਣੀ ਵਿੱਚ ਨਿੰਬੂ ਪਾ ਕੇ ਸ਼ਿਕੰਜਵੀ ਪਿਆ ਰਹੀ ਸੀ। ਉਸ ਤੋਂ ਬਾਅਦ ਤਾਈ ਨੇ ਰੋਟੀ ਪੁੱਛੀ, ਪਰ ਉਹ ਕਿਸੇ ਹੋਰ ਘਰੋਂ ਖਾ ਆਇਆ ਸੀ। ਜਿਸ ਤਰ੍ਹਾਂ ਉਹ ਤਾਈ ਨਾਲ ਕਬੀਲਦਾਰੀ ਦੀਆਂ ਗੱਲਾਂ ਕਰ ਰਿਹਾ ਸੀ, ਲੱਗਦਾ ਸੀ, ਉਹ ਕਈ ਸਾਲਾਂ ਤੋਂ ਆ ਰਿਹਾ ਹੈ।
ਮੈਨੂੰ ਬਚਪਨ ਤੋਂ ਤੜਕ ਫੜਕ ਵਾਲੀ ਰਹਿਣੀ ਬਹਿਣੀ ਪਸੰਦ ਨਹੀਂ ਹੈ। ਗਰਮੀ ਵਿੱਚ ਤਾਂ ਹੋਰ ਵੀ ਘਸੇ ਕੱਪੜੇ ਪਾਉਣੇ ਚੰਗੇ ਲੱਗਦੇ ਹਨ। ਤਾਈ ਕਹਿਣ ਲੱਗੀ, ‘ਕੁੜੀਓ ਪਾਂਧਾ ਹੱਥ ਦੀਆਂ ਲਕੀਰਾਂ ਦੇਖ ਕੇ ਆਉਣ ਵਾਲੀ ਜ਼ਿੰਦਗੀ ਬਾਰੇ ਦੱਸ ਦਿੰਦਾ।' ਮੈਂ ਉਠੀ ਅਤੇ ਪਾਂਧੇ ਕੋਲ ਬੈਠ ਕੇ ਉਸ ਅੱਗੇ ਹੱਥ ਕਰਕੇ ਉਸ ਨੂੰ ਕਹਿਣ ਲੱਗੀ, ‘ਬਾਬਾ ਜੀ, ਦੱਸੋ ਮੇਰੇ ਕਰਮਾਂ ਵਿੱਚ ਵਿੱਦਿਆ ਲਿਖੀ ਹੈ ਜਾਂ ਨਹੀਂ।'
ਉਹ ਕਿੰਨੀ ਦੇਰ ਮੇਰਾ ਹੱਥ ਫੜ ਕੇ ਦੇਖਦਾ ਰਿਹਾ। ਮੇਰੀ ਰਹਿਣੀ ਬਹਿਣੀ ਨੂੰ ਦੇਖ ਕੇ ਉਸ ਨੇ ਅੰਦਾਜ਼ਾ ਲਗਾਇਆ ਹੋਵੇਗਾ, ਕਹਿਣ ਲੱਗਾ, ‘ਬੀਬੀ ਵਿੱਦਿਆ ਤਾਂ ਤੇਰੇ ਕਰਮਾਂ ਵਿੱਚ ਘੱਟ ਹੀ ਲਿਖੀ ਹੈ।'
‘ਬਾਬਾ ਪੜ੍ਹਾਈ ਨੂੰ ਮਾਰ ਗੋਲੀ, ਇਉਂ ਦੱਸ, ਮੇਰੇ ਹੱਥ ਵਿੱਚ ਵਿਆਹ ਵਾਲੀ ਲਕੀਰ ਹੈ ਜਾਂ ਨਹੀਂ। ਜੇ ਹੈ ਤਾਂ ਕਦੋਂ ਹੋਵੇਗਾ।' ਉਸ ਨੇ ਕਾਗਜ਼ ਲਿਆ, ਉਸ 'ਤੇ ਡੱਬੀ ਜਿਹੀ ਵਾਹ ਕੇ ਕਾਂਟੀਆਂ ਜਿਹੀਆਂ ਲਾਉਂਦਾ ਕਹਿਣ ਲੱਗਾ, ‘ਬੀਬੀ ਵਿਆਹ ਵਾਲੀ ਰੇਖਾ ਦੱਸਦੀ ਹੈ ਕਿ..।' ਗੱਲ ਉਸ ਦੇ ਮੂੰਹ ਵਿੱਚ ਸੀ ਕਿ ਤਾਈ ਪਹਿਲਾਂ ਬੋਲ ਪਈ, ‘ਕੁੜੀਏ, ਕਿਉਂ ਬਾਬੇ ਅੱਗੇ ਕੁਫਰ ਤੋਲ ਕੇ ਪਾਪਾਂ ਦੀ ਭਾਗੀ ਬਣਦੀ ਐ, ਬਾਬਾ ਇਹ ਤਾਂ ਸਰਕਾਰੀ ਨੌਕਰੀ ਵੀ ਕਰਦੀ ਹੈ ਅਤੇ ਵਿਆਹ ਵੀ ਪਿਛਲੇ ਸਾਲ ਹੀ ਹੋਇਆ।'
‘ਬੇਬੇ, ਕੁਫਰ ਭੈਣ ਤੋਲਦੀ ਐ ਜਾਂ ਬਾਬਾ?' ਤਾਏ ਦੀ ਧੀ ਕਹਿਣ ਲੱਗ ਪਈ। ਪਾਂਧੇ ਨੂੰ ਕਣਕ ਦੀ ਪਰਾਤ ਭਰ ਕੇ ਤਾਈ ਨੇ ਪਹਿਲਾਂ ਹੀ ਪਾ ਦਿੱਤੀ ਸੀ। ਉਸ ਨੇ ਤੁਰ ਜਾਣ ਵਿੱਚ ਹੀ ਭਲਾਈ ਸਮਝੀ।
ਅਸੀਂ ਤਾਈ ਨੂੰ ਗੁੱਸੇ ਹੋਣ ਲੱਗ ਪਈਆਂ। ਸਾਰਾ ਸਾਲ ਦਿਨ ਰਾਤ ਮਿਹਨਤ ਕਰਕੇ ਕਣਕ ਘਰ ਆਉਂਦੀ ਹੈ। ਆਪ ਤੰਗੀਆਂ ਤੁਰਸ਼ੀਆਂ ਨਾਲ ਗੁਜ਼ਾਰਾ ਕਰੀਦੈ, ਉਸ ਵਿਹਲੜ ਨੂੰ ਕਿਉਂ ਪਰਾਤ ਭਰ ਕੇ ਕਣਕ ਦੀ ਪਾਈ? ਤਾਈ ਅੱਗੋਂ ਸਾਨੂੰ ਸਮਝਾਉਣ ਲੱਗ ਪਈ, ‘ਨਾ ਪੁੱਤ ਸਾਧਾਂ, ਸੰਤਾਂ, ਪਰੋਹਤਾਂ ਨੂੰ ਮੰਦਾ ਨਹੀਂ ਬੋਲੀਦਾ। ਆਪਣੇ 'ਤੇ ਹੀ ਪੈ ਜਾਂਦਾ।'
‘ਤੁਸੀਂ ਆਪਣੀਆਂ ਰੀਝਾਂ ਨੂੰ ਅੰਦਰੇ ਦੱਬ ਕੇ ਬੜੀ ਔਖਿਆਈ ਨਾਲ ਸਾਨੂੰ ਅੱਖਰ ਗਿਆਨ ਦਿਵਾਇਆ। ਇਸ ਅੱਖਰ ਲੋਅ ਨੇ ਹੀ ਸਾਨੂੰ ਸਿਖਾਇਆ ਹੈ ਕਿ ਹੱਥ ਰੇਖਾਵਾਂ ਨੂੰ ਸਿਰਫ ਹੱਡ ਭੰਨਵੀਂ ਮਿਹਨਤ ਅਤੇ ਸਿਰੜ ਭਾਵਨਾ ਨਾਲ ਹੀ ਬਦਲਿਆ ਜਾ ਸਕਦਾ।' ਤਾਈ ਨੇ ਗੱਲ ਟਾਲਣ ਲਈ, ਤਾਂ ਜੋ ਉਸ ਨੂੰ ਸਾਡੇ ਵਚਨ ਹੋਰ ਨਾ ਸੁਣਨੇ ਪਹਿਣ, ਵਿਸ਼ਾ ਬਦਲ ਦਿੱਤਾ, ‘ਕੁੜੀਓ, ਮੈਂ ਸੇਵੀਆਂ ਦਾ ਪਤੀਲਾ ਬਣਾਈ ਬੈਠੀ ਹਾਂ। ਆਪ ਖਾ ਲਉ, ਨਾਲੇ ਜਵਾਕਾਂ ਨੂੰ ਖਵਾ ਦਿਉ।' ਸਾਨੂੰ ਵੀ ਸੇਵੀਆਂ ਵਿੱਚੋਂ ਆਉਂਦੀ ਕੜ੍ਹੇ ਦੁੱਧ ਦੀ ਮਹਿਕ ਨੇ ਸਭ ਕੁਝ ਭੁਲਾ ਕੇ ਸੇਵੀਆਂ ਦੁਆਲੇ ਕਰ ਦਿੱਤਾ।
ਮਾਂ, ਤਾਈਆਂ, ਚਾਚੀਆਂ ਸਭ ਇਸ ਦੁਨੀਆ ਤੋੋਂ ਰੁਖਸਤ ਹੋ ਗਈਆਂ, ਉਨ੍ਹਾਂ ਦੇ ਨਾਲ ਰੁਖਸਤ ਹੋ ਗਏ ਉਹ ਪਲ, ਜਦੋਂ ਆਪਣੀਆਂ ਧੀਆਂ ਅਤੇ ਸ਼ਰੀਕੇ ਕਬੀਲੇ ਵਿੱਚੋਂ ਲੱਗਦੀਆਂ ਧੀਆਂ ਵਿੱਚ ਕੋਈ ਫਰਕ ਨਹੀਂ ਦਿਸਦਾ ਸੀ। ਆਪਣੇ ਨਾਲ ਹੀ ਉਹ ਸਬਾਤਾਂ ਅਤੇ ਉਨ੍ਹਾਂ ਵਿੱਚ ਲੱਗਦੀਆਂ ਰੌਣਕਾਂ ਲੈ ਗਈਆਂ ਹਨ। ਪਿੰਡ ਹੁਣ ਵੀ ਜਾਈਦਾ ਹੈ, ਪਰ ਬਜ਼ੁਰਗਾਂ ਦੀਆਂ ਅਸੀਸਾਂ ਦਿੰਦੇ ਹੱਥ ਜੋ ਆਪਸੀ ਸਾਂਝ ਤੇ ਅਪਣੱਤ ਦੀਆਂ ਤੰਦਾਂ ਜੋੜਨ ਲਈ ਸਾਡੇ ਲਈ ਵਰਦਾਨ ਸਨ, ਕਿਤੇ ਨਹੀਂ ਲੱਭਦੇ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ