ਇਸਲਾਮਾਬਾਦ, 9 ਜਨਵਰੀ (ਪੋਸਟ ਬਿਊਰੋ)- ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ 'ਤੇ ਦੋਸ਼ ਲਾਇਆ ਕਿ ਉਸ ਨੇ ਪਾਕਿਸਤਾਨ ਵੱਲੋਂ ਅਮਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜਵਾਬ ਨਹੀਂ ਦਿੱਤਾ ਅਤੇ ਜੇ ਪ੍ਰਮਾਣੂ ਸ਼ਕਤੀ ਨਾਲ ਲੈਸ ਦੋਵਾਂ ਮੁਲਕਾਂ ਵਿਚਾਲੇ ਜੰਗ ਹੁੰਦੀ ਹੈ ਤਾਂ ਇਹ ਦੋਵਾਂ ਲਈ ਹੀ ਘਾਤਕ ਹੋਵੇਗੀ।
ਇਥੇ ਇਕ ਇੰਟਰਵਿਊ ਦੌਰਾਨ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਨੇ ਇਕ ਵਾਰ ਫਿਰ ਭਾਰਤ ਨਾਲ ਗੱਲਬਾਤ ਦੀ ਇੱਛਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਠੰਢੀ ਜੰਗ ਵੀ ਦੋਵਾਂ ਮੁਲਕਾਂ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਕਿਹਾ, ‘ਦੋਵਾਂ ਮੁਲਕਾਂ ਕੋਲ ਪਰਮਾਣੂ ਸ਼ਕਤੀ ਹੈ। ਇਸ ਲਈ ਦੋਵਾਂ ਨੂੰ ਜੰਗ ਬਾਰੇ ਨਹੀਂ ਸੋਚਣਾ ਚਾਹੀਦਾ। ਇਥੋਂ ਤੱਕ ਕਿ ਠੰਢੀ ਜੰਗ ਨਾਲ ਵੀ ਦੋਵਾਂ ਦਾ ਨੁਕਸਾਨ ਹੈ। ਸਿਰਫ ਗੱਲਬਾਤ ਹੀ ਮਸਲੇ ਦਾ ਹੱਲ ਹੈ। ਪਰਮਾਣੂ ਤਾਕਤਾਂ ਨਾਲ ਲੈਸ ਦੋ ਤਾਕਤਾਂ ਵਿਚਾਲੇ ਜੰਗ ਖੁਦਕੁਸ਼ੀ ਕਰਨ ਵਾਂਗ ਹੈ।' ਉਨ੍ਹਾਂ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੀਆਂ ਅਮਨ ਲਈ ਕੀਤੀਆਂ ਕੋਸ਼ਿਸ਼ਾਂ ਦਾ ਕੋਈ ਜਵਾਬ ਨਹੀਂ ਦਿੱਤਾ। ਭਾਰਤ ਇਸੇ ਗੱਲ ਬਾਰੇ ਬਜ਼ਿੱਦ ਹੈ ਕਿ ਅੱਤਵਾਦ ਤੇ ਗੱਲਬਾਤ ਇਕੱਠਿਆਂ ਨਹੀਂ ਚੱਲ ਸਕਦੇ। ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤ ਕਸ਼ਮੀਰੀ ਲੋਕਾਂ ਦੇ ਹੱਕਾਂ ਨੂੰ ਦਬਾਅ ਨਹੀਂ ਸਕਦਾ।