Welcome to Canadian Punjabi Post
Follow us on

23

March 2019
ਸੰਪਾਦਕੀ

ਹਮਬੋਲਟ ਬਰੌਂਕੋਸ ਹਾਦਸਾ: ਜਸਕੀਰਤ ਵੱਲੋਂ ਦੋਸ਼ ਕਬੂਲਣ ਤੋਂ ਮਿਲਦੇ ਸਬਕ

January 09, 2019 09:15 AM

ਪੰਜਾਬੀ ਪੋਸਟ ਸੰਪਾਦਕੀ

6 ਅਪਰੈਲ 2018 ਨੂੰ ਸੈਸਕੈਚਵਨ ਵਿੱਚ ਹਮਬੋਲਟ ਬਰੌਂਕੋਸ ਜੁਨੀਅਰ ਹਾਕੀ ਟੀਮ ਦੇ 16 ਮੈਂਬਰਾਂ ਦੀ ਮੌਤ ਅਤੇ 13 ਦੇ ਜਖ਼ਮੀ ਹੋਣ ਦੇ ਹਾਦਸੇ ਵਿੱਚ ਸ਼ਾਮਲ ਪੰਜਾਬੀ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੇ ਬਿਨਾ ਕਿਸੇ ਕਿਸਮ ਦੀ ਡੀਫੈਂਸ ਪੇਸ਼ ਕੀਤਿਆਂ ਕੱਲ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਉਸ ਉੱਤੇ ਖਤਰਨਾਕ ਡਰਾਈਵਿੰਗ ਬਦੌਲਤ 16 ਮੌਤਾਂ ਅਤੇ 13 ਵਿਅਕਤੀਆਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੇ ਚਾਰਜ ਆਇਦ ਹੋਏ ਸਨ। ਗੈਰਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਸਕੀਰਤ ਸਿੱਧੂ ਇੱਕ ਅੰਤਰਾਸ਼ਟਰੀ ਵਿੱਦਿਆਰਥੀ ਰਿਹਾ ਹੈ ਅਤੇ ਹਾਦਸਾ ਹੋਣ ਤੋਂ ਮਹੀਨਾ ਕੁ ਪਹਿਲਾਂ ਹੀ ਉਸਨੇ ਆਦੇਸ਼ ਟਰੱਕਿੰਗ ਕੰਪਨੀ ਵਿੱਚ ਨੌਕਰੀ ਆਰੰਭ ਕੀਤੀ ਸੀ।

ਮਨੁੱਖ ਦਾ ਅਜਾਂਈ ਚਲਿਆ ਜਾਣਾ ਇੱਕ ਨਾ ਪੂਰਾ ਹੋਣ ਵਾਲਾ ਨੁਕਸਾਨ ਹੁੰਦਾ ਹੈ ਪਰ ਜਿਸ ਦੇਸ਼ ਦੇ 16 ਹੋਣਹਾਰ ਖਿਡਾਰੀ ਅਤੇ ਖੇਡ ਪ੍ਰਬੰਧਕ ਚਾਣਚੱਕ ਮੌਤ ਦੇ ਮੂੰਹ ਚਲੇ ਜਾਣ, ਉਸ ਨੁਕਸਾਨ ਦੀ ਥਾਹ ਨਹੀਂ ਲਾਈ ਜਾ ਸਕਦੀ। ਇਸ ਹਾਦਸੇ ਨੇ ਸਮੂਹ ਕੈਨੇਡੀਅਨਾਂ ਵਿੱਚ ਅਣਮਿਣਵਾਂ ਦੁਖ ਅਤੇ ਸੋਗ ਪੈਦਾ ਕੀਤਾ। ਐਨਾ ਸੋਗ ਕਿ ਕੈਨੇਡੀਅਨ ਪਰੈੱਸ ਵੱਲੋਂ ਮੀਡੀਆ ਨਿਊਜ਼ ਐਡੀਟਰਾਂ ਦੇ ਸਾਲਾਨਾ ਸਰਵੇਖਣ ਵਿੱਚ ਹਮਬੋਲਟ ਬਰੌਂਕੋਸ ਹਾਦਸੇ ਨੂੰ 2018 ਦੀ ਸੱਭ ਤੋਂ ਵੱਧ ਪ੍ਰਭਾਵ ਪੈਦਾ ਕਰਨ ਵਾਲੀ ਖਬ਼ਰ ਐਲਾਨਿਆ ਗਿਆ। ਇਸ ਹਾਦਸੇ ਨੂੰ 129 ਵਿੱਚੋਂ 53 ਵੋਟਾਂ ਮਿਲੀਆਂ ਜਿਸਨੇ ਭੰਗ ਨੂੰ ਕਨੂੰਨੀ ਬਣਾਉਣ ਦੀ ਪਾਲਸੀ ਪੱਖ ਤੋਂ ਸੱਭ ਤੋਂ ਵੱਡੀ ਖਬ਼ਰ (51 ਵੋਟਾਂ) ਨੂੰ ਵੀ ਪਿੱਛੇ ਛੱਡ ਦਿੱਤਾ ਸੀ। ਇਸ ਹਾਦਸੇ ਜਿੰਨੀ ਕੋਈ ਹੋਰ ਖਬਰ 2018 ਵਿੱਚ ਕੈਨੇਡੀਅਨਾਂ ਦੇ ਦਿਲਾਂ ਦਿਮਾਗਾਂ ਉੱਤੇ ਨਹੀਂ ਛਾਈ।

ਇੱਕ ਪੰਜਾਬੀ ਭਾਸ਼ਾ ਦਾ ਅਖਬਾਰ ਹੋਣ ਨਾਤੇ ਸਾਡੀ ਜਸਕੀਰਤ ਨਾਲ ਹਮਦਰਦੀ ਹੈ ਖਾਸ ਕਰਕੇ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਸਹੀ ਟਰੇਨਿੰਗ ਨਹੀਂ ਸੀ ਦਿੱਤੀ ਗਈ, ਹਾਦਸੇ ਵਾਲੇ ਇੰਟਰਸੈਕਸ਼ਨ ਉੱਤੇ ਹਾਦਸਿਆਂ ਦਾ ਆਪਣਾ ਇੱਕ ਇਤਿਹਾਸਕ ਰਿਕਾਰਡ ਰਿਹਾ ਹੈ। ਇੱਕ ਸੁਤੰਤਰ ਏਜੰਸੀ ਵੱਲੋਂ ਹਾਦਸੇ ਦੇ ਕੀਤੇ ਗਏ ਰੀਵਿਊ ਵਿੱਚ ਪਾਇਆ ਗਿਆ ਕਿ ਇਸ ਇੰਟਰਸੈਕਸ਼ਨ ਦੇ ਇੱਕ ਪਾਸੇ ਨਿੱਜੀ ਫਾਰਮ ਵਿੱਚ ਖੜੇ ਰੁੱਖ ਕਾਫੀ ਉਹਲਾ ਪੈਦਾ ਕਰਦੇ ਹਨ ਜਿਸ ਨਾਲ ਹਾਦਸਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਜਸਕੀਰਤ ਸਿੱਧੂ ਵੱਲੋਂ ਦੋਸ਼ ਕਬੂਲਣ ਵੇਲੇ ਅਦਾਲਤ ਵਿੱਚ ਦਿੱਤਾ ਬਿਆਨ ਮਾਅਨੇ ਰੱਖਦਾ ਹੈ ਕਿ “ਮੈਂ ਟਰਾਇਲ ਉੱਤੇ ਜਾ ਕੇ ਦੁਖ ਭਰੇ ਹਾਲਾਤਾਂ ਨੂੰ ਹੋਰ ਬਦਤਰ ਨਹੀਂ ਬਣਾਉਣਾ ਚਾਹੁੰਦਾ”। ਜਸਕੀਰਤ ਦਾ ਇਹ ਕਬੂਲਣਾ ਵੀ ਅਹਿਮ ਗੱਲ ਹੈ ਕਿ ਹਾਦਸੇ ਵਿੱਚ ਮਾਰੇ ਗਏ ਸਮੂਹ ਖਿਡਾਰੀਆਂ ਦੇ ਪਰਿਵਾਰਾਂ ਦੇ ਦੁਖ ਦਾ ਸਾਰਾ ਜੁੰਮਾ ਉਸ ਉੱਤੇ ਹੈ। ਅਜਿਹਾ ਮਹਿਸੂਸ ਕਰਨਾ ਚੰਗਾ ਹੈ ਬਸ਼ਰਤੇ ਇਹ ਦੁਖ ਸਹੀ ਭਾਵਨਾ ਵਿੱਚੋਂ ਉਗਮਿਆ ਹੋਵੇ।

ਇਸਤੋਂ ਉਲਟ ਜੇ ਮੀਡੀਆ ਖਾਸ ਕਰਕੇ ‘ਸੀ ਬੀ ਸੀ’ ਵਿੱਚ ਉੱਠੀਆਂ ਖਬਰਾਂ ਦਾ ਯਕੀਨ ਕੀਤਾ ਜਾਵੇ ਤਾਂ ਜਿਸ ‘ਆਦੇਸ਼ ਟਰੱਕਿੰਗ ਕੰਪਨੀ’ ਵਿੱਚ ਜਸਕੀਰਤ ਨੌਕਰੀਸ਼ੁਦਾ ਸੀ, ਉਸਦੇ ਮਾਲਕ ਸੁਖਮੰਦਰ ਸਿੰਘ ਨੇ ਹਾਦਸੇ ਤੋਂ ਇੱਕ ਮਹੀਨੇ ਬਾਅਦ ਹੀ ਇੱਕ ਹੋਰ ਕੰਪਨੀ ਦੇ ਨਾਮ ਹੇਠ ਡਰਾਈਵਰ/ਓਨਰ ਅਪਰੇਟਰ ਭਰਤੀ ਕਰਨ ਲਈ ਇਸ਼ਤਿਹਾਰ ਕੱਢ ਦਿੱਤੇ ਸੀ। ਕੀ ਉਹ ਮਿਰਤਕਾਂ ਦੇ ਪਰਿਵਾਰਾਂ ਦੇ ਦੁਖ ਮਹਿਸੂਸ ਨਹੀਂ ਸੀ ਕਰ ਸਕਿਆ? ਉਸਨੇ ਕਿਸੇ ਪੁਰਾਣੀ ਕੰਪਨੀ ਦੇ ਨਾਮ ਉੱਤੇ ਨਵਾਂ ਬਿਜਸਨ ਸ਼ੁਰੂ ਕਰਨ ਦੀ ਚਾਲ ਸੋਚੀ। ਸੁਖਮੰਦਰ ਸਿੰਘ ਵਰਗੀ ਸੋਚ ਵਾਲੇ ਲੋਕ ਓਟਾਵਾ ਵਾਸੀ ਉਸ ਔਰਤ ਤੋਂ ਸਬਕ ਲੈ ਸਕਦੇ ਹਨ ਜਿਸਨੇ ਜਸਕੀਰਤ ਦੇ ਨਾਮ ਖੁੱਲਾ ਪੱਤਰ ਲਿਖ ਕੇ ਕਿਹਾ ਕਿ ਮੈਂ ਦੁਆ ਕਰਦੀ ਹਾਂ ਕਿ ਤੂੰ ਵੀ ਆਪਣੇ ਦਰਦ ਨੂੰ ਭੁੱਲਣ ਦੇ ਕਾਬਲ ਹੋ ਸਕੇਂਗਾ। ਇਸ ਪੱਤਰ ਨੂੰ 1 ਲੱਖ 39 ਹਜ਼ਾਰ ਲੋਕਾਂ ਵੱਲੋਂ ਸ਼ੇਅਰ ਕੀਤਾ ਗਿਆ ਜਿਸ ਵਿੱਚੋਂ ਤੱਤ ਭਾਵ ਨਿਕਲਦਾ ਸੀ ਕਿ ਜਸਕੀਰਤ ਵੀ ਕਿਸੇ ਮਾਂ ਦਾ ਪੁੱਤਰ ਹੈ।

ਇਵੇਂ ਹੀ ਇਸ ਹਾਦਸੇ ਵਿੱਚ ਮਾਰੇ ਗਏ 21 ਸਾਲਾ ਖਿਡਾਰੀ ਸਟੀਫਨ ਵੈਕ ਦੀ ਮਾਂ ਟ੍ਰਿਸ਼ੀਆ ਵੈਕ ਨੇ ਇੱਕ ਆਰਟੀਕਲ ਵਿੱਚ ਲਿਖਿਆ ਕਿ ਬੇਸ਼ੱਕ ਮੈਂ ਆਪਣੇ ਪੁੱਤਰ ਦਾ ਘਾਟਾ ਜਿ਼ੰਦਗੀ ਭਰ ਨਹੀਂ ਭੁੱਲ ਸਕਦੀ ਪਰ ਮੈਂ ਤੈਨੂੰ ਮੁਆਫ ਕਰਦੀ ਹਾਂ। ਉਸਨੇ ਹੋਰ ਲਿਖਿਆ ਕਿ ਉਸਦਾ ਪੁੱਤਰ ਰੱਬ ਤੋਂ ਡਰਨ ਵਾਲਾ ਨੌਜਵਾਨ ਸੀ ਜੋ ਹਰ ਗਲਤੀ ਨੂੰ ਮੁਆਫ਼ ਕਰਨ ਵਿੱਚ ਯਕੀਨ ਕਰਦਾ ਸੀ। ਖੈਰ, ਮੁਆਫੀ ਦਾ ਭਾਵ ਇਹ ਨਹੀਂ ਕਿ ਅਸੀਂ ਸੜਕ ਦੇ ਨੇਮਾਂ ਦੀ ਪਰਵਾਹ ਨਾ ਕਰੀਏ ਜਾਂ ਆਪਣੇ ਕਾਰੋਬਾਰ ਨੂੰ ਗਲਤ ਤੌਰ ਤਰੀਕਿਆਂ ਨਾਲ ਚਲਾਈਏ।

ਟਰੱਕਿੰਗ ਕਿੱਤਾ ਕੈਨੇਡਾ ਵੱਸਦੇ ਵੱਡੀ ਗਿਣਤੀ ਪੰਜਾਬੀਆਂ ਦਾ ਸੱਚ ਬਣ ਚੁੱਕਾ ਹੈ। ਕੈਨੇਡਾ ਦੇ ਅੰਕੜਾ ਵਿਭਾਗ ਮੁਤਾਬਕ ਕੈਨੇਡਾ ਵਿੱਚ ਹਰ ਪੰਜਵਾਂ ਅਤੇ ਉਂਟੇਰੀਓ ਵਿੱਚ ਹਰ ਚੌਥਾ ਡਰਾਈਵਰ ਪੰਜਾਬੀ ਹੈ। ਇਹ ਅੰਕੜੇ ਸਾਬਤ ਕਰਦੇ ਹਨ ਕਿ ਜੇ ਟਰੱਕਿੰਗ ਵਿੱਚੋਂ ਉਗਮਦੀ ਸਫ਼ਲਤਾ ਸਾਡੀ ਹੈ ਤਾਂ ਇਸ ਨਾਲ ਜੁੜੀਆਂ ਚੁਣੌਤੀਆਂ ਵੀ ਸਾਡੀਆਂ ਹੋਣਗੀਆਂ। ਸਹੀ ਸਿਖਲਾਈ, ਸਹੀ ਬਿਜਨਸ ਕਾਇਦੇ ਅਮਲ ਅਤੇ ਸੜਕ ਸੁਰੱਖਿਆ ਵੱਲ ਧਿਆਨ ਦੇਣਾ ਕਨੂੰਨੀ ਲੋੜ ਦੇ ਨਾਲ 2 ਪ੍ਰੋਫੈਸ਼ਨਲ ਫਰਜ਼ ਵੀ ਹੈ।

Have something to say? Post your comment