Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛਤਰਪਤੀ ਕਤਲ ਕੇਸ `ਚ ਰਾਮ ਰਹੀਮ ਅਤੇ 3 ਹੋਰ ਦੋਸ਼ੀਆਂ ਨੂੰ ਉਮਰਕੈਦ ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਨਜਰਰੀਆ

ਸਾਰੀਆਂ ਰਵਾਇਤਾਂ ਦੇ ਕੋੜੇ ਔਰਤਾਂ ਦੀ ਪਿੱਠ ਉੱਤੇ ਕਿਉਂ ਪੈਣ

January 09, 2019 09:04 AM

- ਕਸ਼ਮਾ ਸ਼ਰਮਾ
ਪਿੱਛੇ ਜਿਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਇੰਟਰਵਿਊ ਵਿੱਚ ਸਬਰੀਮਾਲਾ ਅਤੇ ਤਿੰਨ ਤਲਾਕ ਮੁੱਦੇ ਉਤੇ ਜਵਾਬ ਦਿੰਦਿਆਂ ਕਿਹਾ ਕਿ ਤਿੰਨ ਤਲਾਕ ਦਾ ਮੁੱਦਾ ਔਰਤਾਂ-ਮਰਦਾਂ ਦੀ ਬਰਾਬਰੀ ਦਾ ਹੈ ਅਤੇ ਸਬਰੀਮਾਲਾ ਦਾ ਮੁੱਦਾ ਰਵਾਇਤ ਨਾਲ ਜੁੜਿਆ ਹੋਇਆ ਹੈ। ਜਦੋਂ ਸਬਰੀਮਾਲਾ ਦੇ ਮੁੱਦੇ 'ਤੇ ਬਹਿਸ ਚੱਲ ਰਹੀ ਸੀ ਤਾਂ ਜੋ ਲੋਕ 10 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਦੇ ਉਥੇ ਜਾਣ ਦਾ ਵਿਰੋਧ ਕਰ ਰਹੇ ਸਨ, ਉਨ੍ਹਾਂ ਨੇ ਵੀ ਅਜਿਹੀਆਂ ਗੱਲਾਂ ਕੀਤੀਆਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮਾਮਲਾ ਉਥੋਂ ਦੇ ਭਗਵਾਨ ਅਯੱਪਾ ਦੀ ਆਪਣੀ ਮਰਜ਼ੀ ਦਾ ਹੈ ਕਿ ਇਸ ਉਮਰ ਵਰਗ ਦੀਆਂ ਔਰਤਾਂ ਮੰਦਰ ਵਿੱਚ ਨਾ ਜਾਣ।
ਸੋਚਣ ਵਾਲੀ ਗੱਲ ਹੈ ਕਿ ਆਖਰ ਤਿੰਨ ਤਲਾਕ ਦਾ ਮੁੱਦਾ ਵੀ ਮੁਸਲਮਾਨਾਂ ਦੀ ਰਵਾਇਤ ਨਾਲ ਜੁੜਿਆ ਹੋਇਆ ਹੈ। ਬਰਾਬਰੀ ਦੇ ਨਾਂਅ 'ਤੇ ਉਸ ਨੂੰ ਕਿਵੇਂ ਵੱਖ ਕੀਤਾ ਜਾ ਸਕਦਾ ਹੈ? ਇਹ ਉਨ੍ਹਾਂ ਔਰਤਾਂ ਨਾਲ ਬੇਇਨਸਾਫੀ ਕਰਦਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਪਤੀ ਝਟਪਟ ਤਿੰਨ ਤਲਾਕ ਦੇ ਦਿੰਦੇ ਹਨ ਅਤੇ ਔਰਤਾਂ ਨੂੰ ਬਾਲ-ਬੱਚਿਆਂ ਸਮੇਤ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਇਕੱਲੀਆਂ ਛੱਡ ਦਿੰਦੇ ਹਨ। ਜੇ ਤਿੰਨ ਤਲਾਕ ਦਾ ਮੁੱਦਾ ਔਰਤਾਂ ਦੀ ਬਰਾਬਰੀ ਨਾਲ ਜੁੜਿਆ ਹੈ ਤਾਂ ਸਬਰੀਮਾਲਾ ਵੀ ਅਜਿਹਾ ਹੀ ਮੁੱਦਾ ਹੈ। ਔਰਤਾਂ ਮੰਦਰ ਵਿੱਚ ਨਾ ਜਾਣ, ਇਸ ਦਾ ਫੈਸਲਾ ਕਰਨ ਵਾਲੇ ਇਸ ਨੂੰ ਸਹੀ ਕਿਵੇਂ ਠਹਿਰਾ ਸਕਦੇ ਹਨ। ਸਭ ਤੋਂ ਅਫਸੋਸਨਾਕ ਗੱਲ ਇਹ ਕਿ ਇਥੇ ਭਾਜਪਾ ਤੇ ਕਾਂਗਰਸ ਔਰਤਾਂ ਦੇ ਮੁੱਦਿਆਂ ਨੂੰ ਨਿਪਟਾਉਣ ਲਈ ਦਿਨ-ਰਾਤ ਦੁਬਲੀਆਂ ਹੋਈ ਜਾਂਦੀਆਂ ਹਨ, ਉਹ ਸਬਰੀਮਾਲਾ ਦੇ ਮੁੱਦੇ ਉੱਤੇ ਔਰਤਾਂ ਦੇ ਉਥੇ ਜਾਣ ਦਾ ਵਿਰੋਧ ਰਵਾਇਤ ਦੇ ਨਾਂਅ 'ਤੇ ਕਰ ਰਹੀਆਂ ਹਨ।
ਇਹ ਕਿਹੋ ਜਿਹੀ ਬਰਾਬਰੀ ਹੈ? ਜਦੋਂ ਵੀ ਸੁਧਾਰ ਦੇ ਕਦਮ ਚੁੱਕੇ ਜਾਂਦੇ ਹਨ ਤਾਂ ਉਹ ਕਿਸੇ ਨਾ ਕਿਸੇ ਚੱਲੀ ਆ ਰਹੀ ਰਵਾਇਤ ਨੂੰ ਹੀ ਚੁਣੌਤੀ ਦਿੰਦੇ ਹਨ। ਜੇ ਰਵਾਇਤ ਦੀ ਗੱਲ ਮੰਨੀ ਜਾਵੇ ਤਾਂ ਕਦੇ ਕੋਈ ਸੁਧਾਰ ਹੋਵੇਗਾ ਹੀ ਨਹੀਂ।
ਪਿਛਲੇ ਦਿਨੀਂ ਜਦੋਂ ਸ਼ਨੀ ਸ਼ਿੰਙਣਾਪੁਰ ਅਤੇ ਹਾਜੀ ਅਲੀ ਵਿੱਚ ਔਰਤਾਂ ਦੇ ਦਾਖਲੇ ਬਾਰੇ ਤਿ੍ਰਪਤੀ ਦੇਸਾਈ ਦੀ ਅਗਵਾਈ ਹੇਠ ਅੰਦੋਲਨ ਚਲਾਇਆ ਗਿਆ ਸੀ, ਉਦੋਂ ਵੀ ਅਜਿਹੀਆਂ ਬਹਿਸਾਂ ਦੇਖਣ ਨੂੰ ਮਿਲੀਆਂ ਸਨ, ਬਾਅਦ ਵਿੱਚ ਔਰਤਾਂ ਨੂੰ ਇਨ੍ਹਾਂ ਥਾਵਾਂ 'ਤੇ ਦਾਖਲ ਹੋਣ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਜਦੋਂ ਬੰਗਾਲ 'ਚ ਰਾਜਾ ਰਾਮਮੋਹਨ ਰਾਏ, ਮਾਈਕਲ ਮਧੂਸੂਦਨ ਦੱਤ, ਈਸ਼ਵਰ ਚੰਦਰ ਵਿਦਿਆਸਾਗਰ, ਮਹਾਰਾਸ਼ਟਰ ਵਿੱਚ ਜਯੋਤਿਬਾ ਫੂਲੇ, ਸਵਿੱਤਰੀ ਬਾਈ ਫੂਲੇ, ਰਾਣਾ ਡੇਅ, ਬਾਲ ਗੰਗਾਧਰ ਤਿਲਕ, ਮਹਾਤਮਾ ਗਾਂਧੀ ਆਦਿ ਨੇ ਔਰਤਾਂ ਨਾਲ ਜੁੜੇ ਸਾਰੇ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਉਠਾਇਆ ਸੀ ਤਾਂ ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਬੰਗਾਲ ਵਿੱਚ ਰਾਜਾ ਰਾਮਮੋਹਨ ਰਾਏ ਵਿਰੁੱਧ ਲੋਕਾਂ ਨੇ ਅੰਦੋਲਨ ਚਲਾਇਆ ਸੀ ਕਿਉਂਕਿ ਰਾਜਾ ਰਾਮਮੋਹਨ ਰਾਏ ਸਤੀ ਪ੍ਰਥਾ ਦੇ ਵਿਰੋਧੀ ਸਨ। ਉਨ੍ਹਾਂ ਦਾ ਵਿਰੋਧ ਵੀ ਇਹ ਕਹਿ ਕੇ ਕੀਤਾ ਗਿਆ ਸੀ ਕਿ ਉਹ ਭਾਰਤ ਦੀ ਸਤੀ ਵਰਗੀ ਮਹਾਨ ਪਰੰਪਰਾ ਨੂੰ ਨਸ਼ਟ ਕਰ ਕੇ ਇੱਕ ਰਵਾਇਤ ਨੂੰ ਖਤਮ ਕਰਨਾ ਚਾਹੁੰਦੇ ਹਨ। ਇਸੇ ਤਰ੍ਹਾਂ ਜਦੋਂ ਆਜ਼ਾਦੀ ਤੋਂ ਬਾਅਦ ਹਿੰਦੂ ਔਰਤਾਂ ਨੂੰ ਜਾਇਦਾਦ ਦਾ ਅਧਿਕਾਰ ਦੇਣ ਦੀ ਗੱਲ ਪੰਡਿਤ ਨਹਿਰੂ ਨੇ ਕੀਤੀ ਤਾਂ ਉਨ੍ਹਾਂ ਨੂੰ ਵੀ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਸਤੀ ਪ੍ਰਥਾ ਦੇ ਮਾਮਲੇ 'ਤੇ ਔਰਤਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਤੋਂ ਅਖਵਾਇਆ ਗਿਆ ਸੀ ਕਿ ਉਹ ‘ਸਤੀ' ਹੋਣਾ ਚਾਹੰੁਦੀਆਂ ਹਨ। ਸਬਰੀਮਾਲਾ 'ਚ ਵੀ ਵੱਡੀ ਗਿਣਤੀ 'ਚ ਔਰਤਾਂ ਹੀ ਮੰਦਿਰ 'ਚ ਔਰਤਾਂ ਦੇ ਦਾਖਲੇ ਦਾ ਵਿਰੋਧ ਕਰ ਰਹੀਆਂ ਸਨ, ਪਰ ਲਗਭਗ 35 ਲੱਖ ਔਰਤਾਂ ਨੇ ਕੇਰਲ ਦੇ ਸਾਰੇ ਹਾਈਵੇਜ਼ ਉੱਤੇ ਇਕੱਠੀਆਂ ਹੋ ਕੇ ਮੰਦਰ ਵਿੱਚ ਔਰਤਾਂ ਦੇ ਦਾਖਲੇ ਦਾ ਸਮਰਥਨ ਕੀਤਾ ਹੈ। ਇਸ ਦੇ ਬਾਅਦ ਉਹ ਸਿਆਸੀ ਪਾਰਟੀਆਂ ਕੀ ਕਰਨਗੀਆਂ, ਜੋ ਇਸ ਮੁੱਦੇ 'ਤੇ ਰਵਾਇਤ ਦੀਆਂ ਝੰਡਾਬਰਦਾਰ ਬਣ ਕੇ ਔਰਤਾਂ ਦਾ ਵਿਰੋਧ ਕਰ ਰਹੀਆਂ ਸਨ।
ਇਸੇ ਤਰ੍ਹਾਂ ਬਾਲ ਵਿਆਹ ਜਾਂ ਵਿਧਵਾ ਵਿਆਹ ਦਾ ਮੁੱਦਾ ਹੈ। ਜਯੋਤਿਬਾ ਫੂਲੇ ਜਦੋਂ ਵਿਧਵਾ ਵਿਆਹ ਦੇ ਸਮਰਥਨ 'ਚ ਅੰਦੋਲਨ ਚਲਾ ਰਹੇ ਸਨ ਤਾਂ ਉਨ੍ਹਾਂ ਨੇ ਹਰ ਕਿਸਮ ਦਾ ਅਪਮਾਨ ਤੇ ਵਿਰੋਧ ਝੱਲਿਆ ਸੀ। ਉਨ੍ਹਾਂ ਨੂੰ ਖੂਬ ਗਾਲ੍ਹਾਂ ਕੱਢੀਆਂ ਜਾਂਦੀਆਂ ਸਨ, ਰਾਹ ਚੱਲਦਿਆਂ ਉਨ੍ਹਾਂ ਉੱਤੇ ਕੂੜਾ ਸੁੱਟ ਦਿੱਤਾ ਜਾਂਦਾ ਸੀ। ਉਨ੍ਹਾਂ ਦੀ ਪਤਨੀ ਸਵਿੱਤਰੀ ਬਾਈ ਫੂਲੇ ਨੇ ਵਿਧਵਾ ਔਰਤਾਂ ਦੀ ਬਹੁਤ ਮਦਦ ਕੀਤੀ ਤੇ ਕੁੜੀਆਂ ਲਈ ਪਹਿਲਾ ਸਕੂਲ ਵੀ ਖੋਲ੍ਹਿਆ ਸੀ। ਮਹਿਲਾ ਸਿਖਿਆ ਨਾਲ ਜੁੜੇ ਮੁੱਦੇ ਅਜਿਹੇ ਹੀ ਸਨ। ਵਿਰੋਧ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਜੇ ਔਰਤਾਂ ਪੜ੍ਹ-ਲਿਖ ਕੇ ਘਰੋਂ ਬਾਹਰ ਨਿਕਲਣਗੀਆਂ ਤਾਂ ਪਰਵਾਰ ਕਿਵੇਂ ਚੱਲੇਗਾ। ਤਿੰਨ ਤਲਾਕ ਦੇ ਸਮਰਥਕ ਵੀ ਪਰਵਾਰ ਦੀ ਦੁਹਾਈ ਦੇ ਰਹੇ ਹਨ ਕਿ ਜੇ ਤਿੰਨ ਤਲਾਕ ਦੇ ਮਾਮਲੇ 'ਚ ਮਰਦਾਂ ਨੂੰ ਜੇਲ੍ਹ ਜਾਣਾ ਪਵੇ ਤਾਂ ਪਰਵਾਰ ਕਿਵੇਂ ਚੱਲੇਗਾ?
ਇਹ ਗੱਲ ਸੱਚਾਈ ਤੋਂ ਕੋਹਾਂ ਦੂਰ ਹੈ। ਜੋ ਔਰਤਾਂ ਤਿੰਨ ਤਲਾਕ ਦਾ ਸ਼ਿਕਾਰ ਹੁੰਦੀਆਂ ਹਨ, ਉਨ੍ਹਾਂ ਦਾ ਪਰਵਾਰ ਪਤੀ ਵੱਲੋਂ ਤਿੰਨ ਵਾਰ ‘ਤਲਾਕ' ਕਹਿੰਦਿਆਂ ਹੀ ਖਿੰਡ ਜਾਂਦਾ ਹੈ। ਫਿਰ ਪਰਵਾਰ ਚਲਾਉਣ ਦੀ ਗੱਲ ਕਿੱਥੋਂ ਆ ਗਈ?
ਕੁੜੀਆਂ ਦੇ ਵਿਆਹ ਦੀ ਉਮਰ ਬਾਰੇ ਵੀ ਬੜਾ ਵਿਰੋਧ ਹੋਇਆ ਤੇ ਅੱਜ ਤੱਕ ਹੁੰਦਾ ਆ ਰਿਹਾ ਹੈ। ਬਾਲ ਵਿਆਹ ਦੇ ਵਿਰੁੱਧ ਚਾਹੇ ਕਾਫੀ ਅੰਦੋਲਨ ਚਲਾਏ ਗਏ ਹੋਣ, ਪਰ ਅੱਜ ਵੀ ਬਹੁਤ ਸਾਰੀਆਂ ਕੁੜੀਆਂ ਦਾ ਵਿਆਹ 18 ਸਾਲ ਦੀਆਂ ਹੋਣ ਤੋਂ ਪਹਿਲਾਂ ਕਰ ਦਿੱਤਾ ਜਾਂਦਾ ਹੈ ਤੇ ਅਜਿਹੇ ਕੇਸ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਦੇਖਣ ਨੂੰ ਮਿਲੇ ਹਨ। ਰਾਜਸਥਾਨ ਵਿੱਚ ‘ਅਖਤੀਜ’ ਦੇ ਮੌਕੇ 'ਤੇ ਚਾਲੀ ਹਜ਼ਾਰ ਤੋਂ ਜ਼ਿਆਦਾ ਵਿਆਹ ਹੁੰਦੇ ਹਨ ਤੇ ਇਨ੍ਹਾਂ 'ਚ ਬਹੁਤ ਸਾਰੇ ਬੱਚੇ ਤਾਂ ਪੰਘੂੜੇ 'ਚ ਹੀ ਹੁੰਦੇ ਹਨ, ਜਿਨ੍ਹਾਂ ਦੇ ਵਿਆਹ ਕਰ ਦਿੱਤੇ ਜਾਂਦੇ ਹਨ।
ਪਿੱਛੇ ਜਿਹੇ ਜਦੋਂ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਭਾਜਪਾ ਦੇ ਇੱਕ ਸਥਾਨਕ ਆਗੂ ਨੇ ਕਿਹਾ ਸੀ ਕਿ ਜੇ ਉਹ ਜਿੱਤ ਗਏ ਤਾਂ ਬਾਲ ਵਿਆਹ ਨੂੰ ਨਹੀਂ ਰੋਕਣਗੇ। ਬਾਲ ਵਿਆਹ ਨੂੰ ਵੀ ਰਵਾਇਤ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਬੇਮੇਲ ਵਿਆਹ ਨੂੰ ਵੀ ਰਵਾਇਤ ਦੇ ਨਾਂਅ 'ਤੇ ਅਰਸੇ ਤੱਕ ਜਾਇਜ਼ ਕਿਹਾ ਜਾਂਦਾ ਰਿਹਾ ਹੈ, ਜਿਸ 'ਚ 80 ਸਾਲ ਦਾ ਆਦਮੀ 10 ਸਾਲਾਂ ਦੀ ਬੱਚੀ ਨਾਲ ਵਿਆਹ ਕਰਵਾ ਸਕਦਾ ਸੀ, ਇੱਕ ਤੋਂ ਵੱਧ ਵਿਆਹ ਕਰਵਾ ਸਕਦਾ ਸੀ। ਇਨ੍ਹੀਂ ਦਿਨੀਂ ਵੀ ਕਦੇ-ਕਦਾਈਂ ਅਜਿਹੀਆਂ ਖਬਰਾਂ ਆ ਜਾਂਦੀਆਂ ਹਨ।
ਰਵਾਇਤਾਂ ਮਨੁੱਖ ਹੀ ਬਣਾਉਂਦਾ ਹੈ, ਨਾਂਅ ਉਸ ਨੂੰ ਭਗਵਾਨ ਦਾ ਦਿੰਦਾ ਹੈ। ਬਦਲੇ ਸਮੇਂ ਦੇ ਨਾਲ-ਨਾਲ ਰਵਾਇਤਾਂ ਬਦਲਣੀਆਂ ਪੈਂਦੀਆਂ ਹਨ। ਦੇਖਣ ਵਾਲੀ ਗੱਲ ਇਹ ਹੈ ਕਿ ਜਿੰਨੀਆਂ ਰਵਾਇਤਾਂ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਔਰਤਾਂ ਨਾਲ ਵਿਤਕਰਾ ਕਰਨ ਵਾਲੀਆਂ ਹਨ, ਔਰਤਾਂ ਨੂੰ ਦੂਜੇ ਦਰਜੇ ਦੀਆਂ ਨਾਗਰਿਕ ਬਣਾਉਂਦੀਆਂ ਹਨ, ਉਨ੍ਹਾਂ ਨੂੰ ਸ਼ੱਕ ਅਤੇ ਨੀਵੀਂ ਨਜ਼ਰ ਨਾਲ ਦੇਖਦੀਆਂ ਹਨ, ਰਵਾਇਤਾਂ ਦੇ ਨਾਂਅ 'ਤੇ ਔਰਤਾਂ ਨੂੰ ‘ਕਾਬੂ' ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਆਖਿਰ ਸਾਰੀਆਂ ਰਵਾਇਤਾਂ ਦੇ ਕੋੜੇ ਔਰਤਾਂ ਦੀ ਪਿੱਠ 'ਤੇ ਹੀ ਕਿਉਂ ਪੈਣ? ਔਰਤਾਂ ਹੀ ਇਨ੍ਹਾਂ ਰਵਾਇਤਾਂ ਨੂੰ ਨਿਭਾਉਣ ਲਈ ਮਜਬੂਰ ਕਿਉਂ ਹੋਣ? ਜੇ ਰਵਾਇਤਾਂ ਚੰਗੀਆਂ ਹੋਣ, ਮਨੁੱਖਤਾ ਦੇ ਭਲੇ ਵਾਲੀਆਂ ਹੋਣ ਤਾਂ ਉਹ ਸਮਾਜ, ਪਰਵਾਰ ਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੇ ਸਕਦੀਆਂ ਹਨ, ਪਰ ਜੇ ਰਵਾਇਤਾਂ ਸਿਰਫ ਔਰਤਾਂ ਨੂੰ ਦਬਾਉਣ ਅਤੇ ਉਨ੍ਹਾਂ ਨਾਲ ਬੇਇਨਸਾਫੀ ਕਰਨ ਵਾਲੀਆਂ ਹੋਣ ਤਾਂ ਉਹ ਖਤਮ ਕਿਉਂ ਨਹੀਂ ਹੋਣੀਆਂ ਚਾਹੀਦੀਆਂ?

Have something to say? Post your comment