ਚੰਡੀਗੜ੍ਹ, 8 ਜਨਵਰੀ (ਪੋਸਟ ਬਿਊਰੋ)- ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੇ ਮੀਡੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਪਹਿਲੇ ਮਿਸ਼ਨ ਵਿਚ ਕਾਮਯਾਬ ਹੋਣ ਤੋਂ ਬਾਅਦ ਉਹ ਬਾਦਲ ਪਰਵਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਕਤ ਕਰਵਾਉਣ ਦਾ ਦੂਸਰਾ ਮਿਸ਼ਨ ਸ਼ੁਰੂ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਸਿਧਾਂਤ ਦੀ ਗਲਤ ਵਰਤੋਂ ਹੋ ਰਹੀ ਹੈ, ਪਰ ਸਾਲ 2015 ਵਿੱਚ ਇਸ ਦੁਰਵਰਤੋਂ ਦੀ ਵੱਡੀ ਸ਼ੁਰੂਆਤ ਹੋਈ ਸੀ।
ਏਥੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਫੂਲਕਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਰਾਜਨੀਤੀ ਤੋਂ ਮੁਕਤ ਕਰਾਉਣਾ ਸਿੱਖ ਧਰਮ ਲਈ ਹੀ ਨਹੀਂ, ਪੰਜਾਬ ਅਤੇ ਪੰਜਾਬੀਅਤ ਲਈ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਇਹ ਨਹੀਂ ਸੋਚਦੇ ਕਿ ਗੁਰੂ ਨੂੰ ਕਿਵੇਂ ਖੁਸ਼ ਕਰਨਾ ਹੈ, ਉਨ੍ਹਾਂ ਦਾ ਮੰਤਵ ਵੋਟਰ ਅਤੇ ਬਾਦਲ ਪਰਵਾਰ ਨੂੰ ਖੁਸ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਰਵਾਉਣ ਲਈ ਲੋਕਾਂ ਨੂੰ ਸਹੁੰ ਚੁਕਾਉਣਗੇ ਕਿ ਉਹ ਸ਼੍ਰੋਮਣੀ ਕਮੇਟੀ ਦੇ ਸਿਆਸੀਕਰਨ ਤੋਂ ਮੁਕਤੀ ਚਾਹੰੁਦੇ ਹਨ। ਫੂਲਕਾ ਨੇ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਉਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਸੀ ਅਤੇ ਸੁਪਰੀਮ ਕੋਰਟ ਨੇ ਪੈਨਲ ਦਾ ਫੈਸਲਾ ਕਰ ਲਿਆ ਹੈ ਇਸ ਤਰ੍ਹਾਂ ਉਹ ਚੀਫ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਬਣਾਉਣ ਲਈ ਦਬਾਅ ਬਣਾਉਣ ਦਾ ਕੰਮ ਕਰਨਗੇ। ਉਨ੍ਹਾਂ ਲੋਕ ਸਭਾ ਚੋਣ ਲੜਨ ਅਤੇ ਕਿਸੇ ਪਾਰਟੀ ਨਾਲ ਜੁੜਨ ਤੋਂ ਇਨਕਾਰ ਕੀਤਾ, ਪਰ ਨਾਲ ਹੀ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਇਹੋ ਨੀਤੀ ਰਹੀ ਤਾਂ ਉਹ ਉਨ੍ਹਾਂ ਨੂੰ ਸਮਰਥਨ ਦੇਣਗੇ, ਪਾਰਟੀ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕੇਂਦਰੀ ਮੰਤਰੀ ਵਿਜੇ ਗੋਇਲ ਨਾਲ ਮੁਲਾਕਾਤ ਕਰਨ ਨੂੰ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਵਜੋਂ ਦੇਖਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ। ਫੂਲਕਾ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਮਿਸ਼ਨ 84 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਹੈ, ਇਸ ਕੰਮ ਲਈ ਭਾਵੇਂ ਉਨ੍ਹਾਂ ਨੂੰ ਕਿੰਨੇ ਵੀ ਅਹੁਦੇ ਛੱਡਣੇ ਪੈਣ।