Welcome to Canadian Punjabi Post
Follow us on

24

March 2019
ਭਾਰਤ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਵਜੂਦ ਖਤਮ, ਗਠਜੋੜ ਦੀ ਲੋੜ ਹੀ ਨਹੀਂ

January 08, 2019 08:57 AM

ਨਵੀਂ ਦਿੱਲੀ, 7 ਜਨਵਰੀ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਇਸ ਵੇਲੇ ਪੰਜਾਬ ਵਿਚ ਤਿੰਨ ਥਾਂਈਂ ਵੰਡੀ ਗਈ ਹੈ ਤੇ ਇਸ ਪਾਰਟੀ ਦਾ ਏਥੇ ਕੋਈ ਵਜੂਦ ਨਹੀਂ ਰਹਿ ਗਿਆ। ਇਸ ਲਈ ਏਥੇ ਇਸ ਨਾਲ ਗਠਜੋੜ ਦੀ ਲੋੜ ਨਹੀਂ। ਨਵੀਂ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਆਪਣੇ ਬਲਬੂਤੇ ਸਾਰੀਆਂ 13 ਸੀਟਾਂ ਜਿੱਤ ਸਕਦੀ ਹੈ।
ਵਰਨਣ ਯੋਗ ਹੈ ਕਿ ਕਾਂਗਰਸ ਦੀ ਹਾਈ ਕਮਾਨ ਦਿੱਲੀ ਵਿਚ ਅਤੇ ਆਮ ਆਦਮੀ ਪਾਰਟੀ ਪੰਜਾਬ ਅਤੇ ਹਰਿਆਣਾ ਵਿੱਚ ਗਠਜੋੜ ਦੇ ਰਾਹ ਲੱਭ ਰਹੀ ਹੈ। ਇਨ੍ਹਾਂ ਕੋਸ਼ਿਸ਼ਾਂ ਦੇ ਦੌਰਾਨ ਦਿੱਲੀ ਕਾਂਗਰਸ ਦੇ ਪ੍ਰਧਾਨ ਅਜੇ ਮਾਕਨ ਦਾ ਅਸਤੀਫਾ ਲਿਆ ਗਿਆ ਹੈ ਅਤੇ ਆਮ ਆਦਮੀ ਪਾਰਟੀ ਦੇ ਆਗੂ ਐੱਚ ਐੱਸ ਫੂਲਕਾ ਨੇ ਵੀ ਇਸੇ ਨੇੜਤਾ ਦੇ ਵਿਰੋਧ ਕਾਰਨ ਇਸ ਪਾਰਟੀ ਤੋਂ ਅਸਤੀਫਾ ਦਿੱਤਾ ਹੈ। ਫਿਰ ਵੀ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੇ ਤਾਲਮੇਲ ਦੀ ਸਹਿਮਤੀ ਨਹੀਂ ਬਣ ਸਕੀ, ਪਰ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਪਾਰਟੀਆਂ ਦਾ ਤਾਲਮੇਲ ਹਾਲੇ ਵੀ ਹੋ ਸਕਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰ ਇਸ ਮੁੱਦੇ ਉੱਤੇ ਨਰਮੀ ਵਰਤਦਿਆਂ ਕਿਹਾ ਕਿ ਹਾਈ ਕਮਾਨ ਜੋ ਫੈਸਲਾ ਕਰੇਗੀ, ਉਹ ਪੰਜਾਬ ਦੀ ਪਾਰਟੀ ਨੂੰ ਮਨਜ਼ੂਰ ਹੋਵੇਗਾ। ਆਮ ਆਦਮੀ ਪਾਰਟੀ ਪਿਛਲੀ ਵਾਰ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਤੋਂ ਚਾਰ ਸੀਟਾਂ ਜਿੱਤ ਗਈ ਤੇ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਉੱਤੇ ਦੂਸਰੇ ਨੰਬਰ ਦੀ ਪਾਰਟੀ ਬਣ ਕੇ ਉੱਭਰੀ ਸੀ। ਕਾਂਗਰਸ ਦਿੱਲੀ ਵਿਚ ਆਮ ਆਦਮੀ ਪਾਰਟੀ ਨੂੰ ਦੋ ਸੀਟਾਂ ਛੱਡਣਾ ਮੰਨ ਕੇ ਪੰਜਾਬ ਤੋਂ ਚਾਰ ਅਤੇ ਹਰਿਆਣਾ ਵਿਚੋਂ ਦੋ ਸੀਟਾਂ ਛੱਡਣ ਉੱਤੇ ਸਹਿਮਤ ਹੋ ਰਹੀ ਹੈ। ਆਮ ਆਦਮੀ ਪਾਰਟੀ ਇਨ੍ਹਾਂ ਰਾਜਾਂ ਦੀਆਂ ਕੁੱਲ 30 ਸੀਟਾਂ ਵਿਚੋਂ 15 ਦੀ ਮੰਗ ਕਰ ਰਹੀ ਹੈ। ਸਮਝਿਆ ਜਾਂਦਾ ਹੈ ਕਿ ਕਾਂਗਰਸ ਪਾਰਟੀ ਤਿੰਨ ਰਾਜਾਂ ਤੋਂ ਆਮ ਆਦਮੀ ਪਾਰਟੀ ਲਈ ਕੁੱਲ ਮਿਲਾ ਕੇ 8 ਜਾਂ 9 ਸੀਟਾਂ ਛੱਡਣ ਉੱਤੇ ਮੰਨ ਸਕਦੀ ਹੈ।
ਇਸ ਸੰਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੀਆਂ ਪਾਰਲੀਮੈਂਟ ਚੋਣਾਂ ਦੇ ਮੁਕਾਬਲੇ ਅੱਜ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹੋਂਦ ਨਹੀਂ ਰਹੀ, ਪਰ ਗੱਠਜੋੜ ਦਾ ਫੈਸਲਾ ਪਾਰਟੀ ਹਾਈ ਕਮਾਨ ਨੇ ਕਰਨਾ ਹੈ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਕਾਂਗਰਸ ਇਸ ਰਾਜ ਤੋਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤੇਗੀ। ਉਨ੍ਹਾਂ ਕਿਹਾ ਕਿ ਜਿੱਤਣ ਦੀ ਆਸ ਵਾਲੇ ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ, ਪਰ ਹਾਲੇ ਇਹ ਚੋਣ ਨਹੀਂ ਕੀਤੀ ਗਈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਮੌਕੇ ਕਰਤਾਰਪੁਰ ਲਾਂਘੇ ਬਾਰੇ ਕਿਹਾ ਕਿ ਪਾਕਿਸਤਾਨ ਨੇ ਆਪਣੇ ਪਾਸੇ ਦੀ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਭਾਰਤੀ ਪੰਜਾਬ ਵੱਲ ਇਹ ਕੰਮ ਇਸ ਲਈ ਨਹੀਂ ਸ਼ੁਰੂ ਹੋ ਸਕਿਆ ਕਿ ਜ਼ਮੀਨ ਅਕੁਆਇਰ ਕਰਨ ਅਤੇ ਬੁਨਿਆਦੀ ਕੰਮ ਲਈ ਸਾਨੂੰ ਕੇਂਦਰ ਤੋਂ ਫੰਡ ਨਹੀਂ ਮਿਲਿਆ। ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਜਾਣ ਦੀ ਖੁੱਲ੍ਹ ਉਨ੍ਹਾਂ ਹੀ ਦਿੱਤੀ ਸੀ, ਤਾਂ ਜੋ ਕਰਤਾਰਪੁਰ ਲਾਂਘੇ ਦੀ ਗੱਲ ਚੱਲ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਆਗਿਆ ਬਿਨਾਂ ਕੋਈ ਮੰਤਰੀ ਕਿਤੇ ਨਹੀਂ ਜਾਂਦਾ, ਨਵਜੋਤ ਸਿੱਧੂ ਨਿੱਜੀ ਤੌਰ ਉੱਤੇ ਜਾਣਾ ਚਾਹੁੰਦੇ ਸਨ ਤੇ ਉਨ੍ਹਾਂ ਨੇ ਇਸ ਦੀ ਆਗਿਆ ਦੇ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਨਾ ਜਾਣ ਦੀ ਸਲਾਹ ਦਿੱਤੀ ਸੀ, ਕਿਉਂਕਿ ਉਨ੍ਹਾਂ ਨੇ ਖੁਦ ਵੀ ਪਾਕਿਸਤਾਨ ਤੋਂ ਮਿਲਿਆ ਸੱਦਾ ਰੱਦ ਕਰ ਦਿੱਤਾ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
‘ਚੱਡੀ’ ਅਤੇ ‘ਫੰਟੂਸ਼’ ਵਰਗੇ ਸ਼ਬਦ ਆਕਸਫੋਰਡ ਡਿਕਸ਼ਨਰੀ 'ਚ ਸ਼ਾਮਲ
ਸਲਮਾਨ ਖਾਨ ਕਹਿੰਦੈ: ਨਾ ਮੈਂ ਚੋਣ ਲੜਾਂਗਾ ਤੇ ਨਾ ਪ੍ਰਚਾਰ ਕਰਾਂਗਾ
ਮੰਦਰ-ਗੁਰਦੁਆਰੇ ਦੇ ਕੰਪਲੈਕਸ ਦੀ ਕੰਧ ਤੋਂ ਦੋ ਧਿਰਾਂ ਲੜੀਆਂ, ਇਕ ਜਣੇ ਦੀ ਮੌਤ
ਕਾਂਗਰਸ ਵੱਲੋਂ ਗੰਭੀਰ ਦੋਸ਼: ਯੇਦੀਯੁਰੱਪਾ ਨੇ ਭਾਜਪਾ ਆਗੂਆਂ ਨੂੰ 1800 ਕਰੋੜਦਿੱਤੇ
ਕ੍ਰਿਕਟ ਖਿਡਾਰੀ ਗੌਤਮ ਗੰਭੀਰ ਭਾਜਪਾ ਵਿੱਚ ਸ਼ਾਮਲ
ਭਾਜਪਾ ਨੇ ਅਡਵਾਨੀ ਦੀ ਟਿਕਟ ਖੋਹ ਕੇ ਅਮਿਤ ਸ਼ਾਹ ਦੀ ਝੋਲੀ ਪਾ ਦਿੱਤੀ
ਪ੍ਰਿਅੰਕਾ ਗਾਂਧੀ ਦੇ ਖਿਲਾਫ ਯੂ ਪੀ ਵਿੱਚ ਤਿਰੰਗੇ ਦੇ ਅਪਮਾਨ ਕਰਨ ਦੀ ਸਿ਼ਕਾਇਤ
ਮੋਦੀ ਫਿਰ ਵਾਰਾਣਸੀ ਤੋਂ ਚੋਣ ਲੜਨਗੇ, ਅਮਿਤ ਸ਼ਾਹ ਗਾਂਧੀਨਗਰ ਤੋਂਦਿੱਲੀ ਦਾ ਰਾਹ ਕੱਢਣਗੇ
ਭਾਰਤ ਦੀ ਸੌ ਕਰੋੜ ਆਬਾਦੀ ਜਲ ਸੰਕਟ ਦੇ ਖੇਤਰ ਵਿੱਚ
ਜੰਮੂ-ਕਸ਼ਮੀਰ ਰਾਜਨੀਤੀ: ਦੋ ਸੀਟਾਂ ਕਾਂਗਰਸ, ਇੱਕ ਨੈਸ਼ਨਲ ਕਾਨਫਰੰਸ, ਤਿੰਨ ਤੋਂ ਦੋਸਤਾਨਾ ਮੁਕਾਬਲਾ ਹੋਵੇਗਾ