Welcome to Canadian Punjabi Post
Follow us on

24

March 2019
ਨਜਰਰੀਆ

ਨਿੰਦਾ ਭਲੀ ਕਿਸੈ ਕੀ ਨਾਹੀ

January 07, 2019 07:46 AM

-ਕੈਲਾਸ਼ ਚੰਦਰ ਸ਼ਰਮਾ
ਮਨੁੱਖ ਨੇ ਖੁਦ ਵਿੱਚ ਕੁਝ ਅਜਿਹੀਆਂ ਅਸੱਭਿਅਕ ਆਦਤਾਂ ਵਿਕਸਤ ਕਰ ਲਈਆਂ ਹਨ, ਜੋ ਉਸ ਦੇ ਪੱਖ ਵਿੱਚ ਨਹੀਂ ਭੁਗਤਦੀਆਂ। ਆਪਣੀਆਂ ਇਨ੍ਹਾਂ ਆਦਤਾਂ ਕਰਕੇ ਮੋਹ ਭਰੇ ਰਿਸ਼ਤਿਆਂ ਵਿੱਚ ਤਰੇੜਾਂ ਪੈ ਗਈਆਂ ਹਨ, ਜੋ ਉਨ੍ਹਾਂ ਨੂੰ ਦੁਸ਼ਮਣੀ ਦੀ ਸੂਲੀ 'ਤੇ ਟੰਗ ਰਹੀਆਂ ਹਨ। ਇਨ੍ਹਾਂ ਆਦਤਾਂ ਨੂੰ ਆਪਣੇ ਜੀਵਨ ਵਿੱਚ ਅਹਿਮ ਸਥਾਨ ਦੇਣ ਕਰਕੇ ਮਨੁੱਖ ਨੇ ਆਪਣੇ ਆਪ ਨੂੰ ਅਸ਼ਿਸ਼ਟਾਚਾਰੀ ਸਿੱਧ ਕਰਨ ਵਿੱਚ ਕਸਰ ਨਹੀਂ ਛੱਡੀ। ਕਹਿਣ ਨੂੰ ਮਨੁੱਖ ਨੇ ਬਹੁਤ ਵਿਕਾਸ ਕਰ ਲਿਆ ਹੈ, ਪਰ ਇਹ ਸਿਰਫ ਉਸ ਦਾ ਭਰਮ ਹੈ, ਕਿਉਂਕਿ ਉਸ ਨੇ ਆਪਣੇ ਜੀਵਨ ਵਿੱਚ ਨਿੰਦਾ, ਚੁਗਲੀ ਤੇ ਨਫਰਤ ਦੇ ਵਿਕਾਰਾਂ ਨੂੰ ਸਥਾਨ ਦੇ ਕੇ ਆਪਣਾ ਨੁਕਸਾਨ ਕੀਤਾ ਹੈ। ਦੁਨੀਆ ਦਾ ਹਰ ਧਰਮ ਇਨ੍ਹਾਂ ਆਦਤਾਂ ਦਾ ਵਿਰੋਧ ਕਰਦਾ ਹੈ, ਕਿਉਂਕਿ ਇਹ ਮਨੁੱਖ ਦੀਆਂ ਵੱਡੀਆਂ ਦੁਸ਼ਮਣ ਹਨ, ਫਿਰ ਵੀ ਦੁਨੀਆ ਦੇ ਹਰ ਕੋਨੇ ਵਿੱਚ ਇਨ੍ਹਾਂ ਦੀ ਭਾਵਨਾ ਫੈਲ ਚੁੱਕੀ ਹੈ।
ਸਮਾਜ ਵਿੱਚ ਵਿਚਰਦਿਆਂ ਹਰ ਵਿਅਕਤੀ ਆਪਣੇ ਟੀਚੇ ਪੂਰੇ ਕਰਨ ਲਈ ਮਿਹਨਤ ਕਰਦਾ ਹੈ। ਕਈ ਆਪਣੀ ਮਿਹਨਤ ਦਾ ਸੁਹਾਗਾ ਪੂਰੀ ਸ਼ਿੱਦਤ ਨਾਲ ਚਲਾਉਣ ਦੇ ਅਸਮਰੱਥ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਮਨ-ਚਾਹੀ ਸਫਲਤਾ ਨਹੀਂ ਮਿਲਦੀ। ਇਕ ਦੋ ਵਾਰ ਇਸ ਤਰ੍ਹਾਂ ਹੋਣ ਨਾਲ ਉਹ ਨਿਰਾਸ਼ ਹੋ ਜਾਂਦੇ ਹਨ। ਆਪਣੇ ਵਿੱਚ ਕਮੀਆਂ ਦਾ ਵਿਸ਼ਲੇਸ਼ਣ ਕਰਨ ਦੀ ਥਾਂ ਉਹ ਉਨ੍ਹਾਂ ਲੋਕਾਂ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਨਾਲ ਕੰਮ ਸ਼ੁਰੂ ਕੀਤਾ ਸੀ, ਪਰ ਉਹ ਅੱਗੇ ਨਿਕਲ ਗਏ। ਇਹ ਸੋਚ ਹੌਲੀ-ਹੌਲੀ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ, ਸਿੱਟੇ ਵਜੋਂ ਇਨ੍ਹਾਂ ਵਿਅਕਤੀਆਂ ਦਾ ਦਿਮਾਗ ਨਾਕਾਰਾਤਮਕਤਾ ਦੀ ਪੌੜੀ ਚੜ੍ਹਦਾ ਹੈ ਅਤੇ ਦੂਸਰਿਆਂ ਦੀ ਆਲੋਚਨਾ ਜਾਂ ਨਿੰਦਾ ਕਰਨਾ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ। ਇਸ ਤਰ੍ਹਾਂ ਕਰਨ ਵਾਲੇ ਵਿਅਕਤੀ ਦੂਜਿਆਂ ਦੀਆਂ ਨਜ਼ਰਾਂ ਵਿੱਚੋਂ ਡਿੱਗਣ ਲੱਗਦੇ ਹਨ। ਨਿੰਦਕਾਂ ਦੀ ਨਿੰਦਾ ਤੋਂ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ। ਨਿੰਦਕ ਹਾਰੇ ਹੋਏ ਜੁਆਰੀਏ ਵਾਂਗ ਹੁੰਦਾ ਹੈ। ਜੇ ਸਹੀ ਰਸਤੇ 'ਤੇ ਚੱਲ ਕੇ ਵੀ ਤੁਹਾਡੀ ਕੋਈ ਨਿੰਦਾ ਕਰਦਾ ਹੈ ਤਾਂ ਕਦੇ ਵੀ ਡਰ ਕੇ ਆਪਣਾ ਰਸਤਾ ਨਾ ਬਦਲੋ ਕਿਉਂਕਿ ਅਜਿਹੇ ਲੋਕ ਕਿਸੇ ਨੂੰ ਵੀ ਨਹੀਂ ਬਖਸ਼ਦੇ।
ਸਾਡਾ ਵਾਹ ਅਕਸਰ ਕਈ ਅਜਿਹੇ ਲੋਕਾਂ ਨਾਲ ਵੀ ਪੈਂਦਾ ਹੈ ਜੋ ਕਿਸੇ ਦੀਆਂ ਗੱਲਾਂ ਸੁਣ ਕੇ ਆਪਣੇ ਵੱਲੋਂ ਕੁਝ ਹੋਰ ਗੱਲਾਂ ਰਲਾ ਕੇ ਉਸ ਦੇ ਹੀ ਦੂਸਰੇ ਸਾਥੀਆਂ ਕੋਲ ਪਹੁੰਚਾਉਂਦੇ ਹਨ। ਅਜਿਹੇ ਚੁਗਲਖੋਰਾਂ ਕਰਕੇ ਹੀ ਕਈ ਵਾਰ ਸਾਡੇ ਸਬੰਧ ਵਿਗੜਦੇ ਹਨ। ਮਾੜੇ ਲੋਕਾਂ ਨੂੰ ਚੁਗਲੀ ਕਰਨ ਵਿੱਚ ਆਨੰਦ ਆਉਂਦਾ ਹੈ। ਉਨ੍ਹਾਂ ਵਿੱਚ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਹੈ ਤੇ ਇਹ ਕਦੇ ਵੀ ਤੁਹਾਡੇ ਵਿਸ਼ਵਾਸ ਪਾਤਰ ਨਹੀਂ ਹੋ ਸਕਦੇ। ਜ਼ਿਆਦਾਤਰ ਸ਼ਰੀਫ ਅਤੇ ਸਿੱਧੇ ਸਾਦੇ ਲੋਕ ਇਨ੍ਹਾਂ ਦਾ ਸ਼ਿਕਾਰ ਬਣਦੇ ਹਨ। ਆਪਣੇ ਰਸਭਿੰਨੇ ਸ਼ਬਦਾਂ ਨਾਲ ਮੋਹ ਦੀ ਚੂਰੀ ਖਵਾਉਣ ਵਾਲੇ ਇਹ ਲੋਕ ਕਦੇ ਵੀ ਭਰੋਸੇ ਯੋਗ ਨਹੀਂ ਹੁੰਦੇ ਤੇ ਨਾ ਇਨ੍ਹਾਂ ਤੋਂ ਕਿਸੇ ਕੰਮ ਦੀ ਆਸ ਰੱਖੀ ਜਾ ਸਕਦੀ ਹੈ। ਇਨ੍ਹਾਂ ਦਾ ਮੰਤਵ ਕੇਵਲ ਤੁਹਾਡੇ ਨਜ਼ਦੀਕ ਆਉਣਾ ਅਤੇ ਆਪਣਾ ਉਲੂ ਸਿੱਧ ਕਰਨਾ ਹੁੰਦਾ ਹੈ। ਮਨੁੱਖੀ ਜੀਵਨ ਬਹੁਤ ਅਨੋਖਾ ਹੈ। ਇਸ ਵਿੱਚ ਜਿਥੇ ਲੋਕ ਇਕ ਦੂਜੇ ਨਾਲ ਪਿਆਰ ਕਰਦੇ ਹਨ, ਉਥੇ ਕਈ ਅਜਿਹੇ ਹਨ ਜੋ ਦੂਸਰਿਆਂ ਨਾਲ ਨਫਰਤ ਕਰਦੇ ਹਨ। ਨਫਰਤ ਨਾਲ ਮਨ ਢਹਿੰਦੀਆਂ ਕਲਾਂ ਵਿੱਚ ਜਾਂਦਾ ਹੈ, ਪਿਆਰ ਰੂਪੀ ਪੌਦਾ ਮੁਰਝਾਉਣ ਲੱਗਦਾ ਹੈ। ਇਸ ਨਾਲ ਪੈਦਾ ਹੋਇਆ ਗੁੱਸਾ ਵਿਅਕਤੀ ਨੂੰ ਹੈਵਾਨ ਬਣਾ ਦਿੰਦਾ ਹੈ। ਵਿਅਕਤੀ ਵਿਦਵਤਾ ਭੁੱਲ ਜਾਂਦਾ ਹੈ, ਸਹਿਜਤਾ ਖਤਮ ਹੋ ਜਾਂਦੀ ਹੈ। ਉਸ ਵਿੱਚ ਕਾਹਲਾਪਣ ਆ ਜਾਂਦਾ ਹੈ। ਇਸ ਤਰ੍ਹਾਂ ਕਾਹਲੀ ਵਿੱਚ ਲਏ ਫੈਸਲੇ ਉਸ ਨੂੰ ਨਿਵਾਣਾਂ ਵੱਲ ਲੈ ਜਾਂਦੇ ਹਨ, ਜਿਸ ਨਾਲ ਉਸ ਨੂੰ ਆਪ ਹੀ ਨੁਕਸਾਨ ਹੁੰਦਾ ਹੈ।
ਇਸ ਲਈ ਜੋ ਲੋਕ ਤੁਹਾਨੂੰ ਨਫਰਤ ਕਰਦੇ ਹਨ, ਉਨ੍ਹਾਂ ਨੂੰ ਕਦੇ ਨਫਰਤ ਨਾ ਕਰੋ ਕਿਉਂਕਿ ਇਹ ਉਹ ਲੋਕ ਹਨ, ਜੋ ਸਮਝਦੇ ਹਨ ਕਿ ਤੁਸੀਂ ਉਨ੍ਹਾਂ ਤੋਂ ਵਧੀਆ ਹੋ। ਜੇ ਅਸੀਂ ਹਰਮਨ ਪਿਆਰੇ ਬਣਨਾ ਅਤੇ ਸ਼ਾਂਤੀ ਵਾਲਾ ਜੀਵਨ ਬਿਤਾਉਣਾ ਹੈ ਤਾਂ ਨਿੰਦਾ, ਚੁਗਲੀ ਤੇ ਨਫਰਤ ਵਰਗੇ ਨਾਕਾਰਾਤਮਕ ਵਿਚਾਰਾਂ ਨੂੰ ਮਨਾਂ 'ਚੋਂ ਬਾਹਰ ਦਾ ਰਸਤਾ ਵਿਖਾਓ। ਨਿੰਦਾ, ਚੁਗਲੀ ਤੇ ਨਫਰਤ ਕਰਨ ਵਾਲੇ ਲੋਕ ਕਦੇ ਖੁਸ਼ ਨਹੀਂ ਰਹਿ ਸਕਦੇ। ਇਥੋਂ ਤੱਕ ਕਿ ਅਜਿਹੇ ਲੋਕ ਸਫਲਤਾ ਦੀ ਪੌੜੀ ਦੇ ਪਹਿਲੇ ਡੰਡੇ ਤੱਕ ਨਹੀਂ ਪਹੁੰਚ ਸਕਦੇ। ਇਨਸਾਨ ਸੰਕੋਚੀ ਬਿਰਤੀ ਦੇ ਨਾਲ ਸੰਵੇਦਨਸ਼ੀਲ ਹੰੁਦੇ ਹਨ, ਉਨ੍ਹਾਂ ਦਾ ਮਾਨਸਿਕ ਸੰਤੁਲਨ ਵੀ ਵਿਗੜ ਜਾਂਦਾ ਹੈ, ਪਰ ਜੋ ਲੋਕ ਨਿੰਦਾ, ਚੁਗਲੀ ਅਤੇ ਨਫਰਤ ਦੀ ਆਦਤ ਤੋਂ ਛੁਟਕਾਰਾ ਪਾ ਲੈਂਦੇ ਹਨ, ਉਨ੍ਹਾਂ ਅੰਦਰ ਆਤਮ ਵਿਸ਼ਵਾਸ ਤੇ ਸਦਗੁਣਾਂ ਦਾ ਵਿਕਾਸ ਹੁੰਦਾ ਹੈ ਅਤੇ ਉਨ੍ਹਾਂ ਦਾ ਜੀਵਨ ਪਹਿਲਾਂ ਨਾਲੋਂ ਵੀ ਸੁੰਦਰ ਹੋ ਜਾਂਦਾ ਹੈ। ਨਿੰਦਾ, ਚੁਗਲੀ, ਨਫਰਤ ਤੇ ਹੋਰ ਨਾਕਾਰਾਤਮਕ ਵਿਚਾਰ ਉਨ੍ਹਾਂ ਪੰਛੀਆਂ ਵਾਂਗ ਹਨ, ਜਿਨ੍ਹਾਂ ਨੂੰ ਅਸੀਂ ਆਪਣੇ ਨਜ਼ਦੀਕ ਉਡਣ ਤੋਂ ਨਹੀਂ ਰੋਕ ਸਕਦੇ, ਪਰ ਉਨ੍ਹਾਂ ਨੂੰ ਕਦੇ ਵੀ ਮਨ ਵਿੱਚ ਆਲ੍ਹਣਾ ਨਾ ਬਣਾਉਣ ਦਿਓ। ਇਸ ਲਈ ਮਾਨਸਿਕ ਸ਼ਾਂਤੀ ਦਾ ਨਜ਼ਾਰਾ ਲੈਣ ਲਈ ਇਨ੍ਹਾਂ ਨੂੰ ਸਦਾ ਲਈ ਆਪਣੇ ਜੀਵਨ ਤੋਂ ਅਲਵਿਦਾ ਕਹਿ ਦਿਓ।

Have something to say? Post your comment