Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਖੇਡਾਂ, ਪੰਜਾਬ ਤੇ ਸਿਆਸਤ

December 27, 2021 02:22 AM

-ਗੁਰਮੀਤ ਸਿੰਘ ਪਲਾਹੀ
ਪੰਜਾਬੀਆਂ ਦਾ ਖੇਡਾਂ ਤੇ ਆਪਣੇ ਖੇਤਾਂ ਨਾਲ ਮੋਹ ਜਿਹਾ ਹੈ। ਜੁੱਸਿਆਂ ਦੀ ਤਾਕਤ ਵਧਾਉਣਾ, ਸਰੀਰਾਂ ਨੂੰ ਪਾਲਣਾ ਤਾਕਤ ਵਧਾਉਣਾ, ਸਰੀਰਾਂ ਨੂੰ ਪਾਲਣਾ ਤਾਕਤ ਦਾ ਦਿਖਾਵਾ ਕਰਨਾ ਅਤੇ ਫਿਰ ਉਸੇ ਤਾਕਤ ਨੂੰ ਕਿਸੇ ਥਾਂ ਸਿਰ ਕਰਨਾ ਪੰਜਾਬੀਆਂ ਦਾ ਸ਼ੌਕ ਹੈ। ਬੱਦਲਾਂ ਦੇ ਗਰਜਣ, ਬਿਜਲੀ ਦੇ ਗੜ੍ਹਕਣ ਅਤੇ ਲਿਸ਼ਕਣ ਦਾ ਕਦੇ ਉਨ੍ਹਾਂ ਦੇ ਮਨ ਵਿੱਚ ਡਰ ਨਹੀਂ ਰਿਹਾ। ਉਹ ਜਦੋਂ ਲੜਦੇ ਹਨ, ਭਿੜਦੇ ਹਨ, ਕਬੱਡੀ ਦੇ ਮੈਦਾਨ ਵਿੱਚ, ਪਹਿਲਵਾਨੀ ਅਖਾੜੇ ਵਿੱਚ, ਤਾਂ ਛੈਲ-ਛਬੀਲੇ ਗੱਭਰੂਆਂ ਅੱਗੇ ਮੋਰਾਂ ਦੀਆਂ ਪੈਲਾਂ ਫਿੱਕੀਆਂ ਪੈ ਜਾਂਦੀਆਂ ਹਨ। ਖੇਡ ਤਾਂ ਪੰਜਾਬੀਆਂ ਲਈ ਉਨ੍ਹਾਂ ਦਾ ਵਿਰਸਾ ਹਨ, ਬਾਬੇ ਨਾਨਕ ਦੀ ਬਾਣੀ ਦਾ ਸੱਚ ਹੀ ਜੀਹਨੂੰ ਉਹ ਪੱਲੇ ਬੰਨ੍ਹ ਕੇ ਜ਼ਿੰਦਗੀ ਵਿੱਚ ਵਿਚਰਦੇ ਹੋਏ, ਪ੍ਰਾਪਤੀਆਂ ਕਰਦੇ ਹਨ।
ਪਿੰਡ ਦੀ ਸ਼ਾਮ ਵੇਖ ਲਓ, ਭਾਵੇਂ ਸਵੇਰ! ਖੇਡਾਂ ਦਾ ਝਲਕਾਰਾ ਪਿੰਡਾਂ ਦੀਆਂ ਬਰੂਹਾਂ ਵਿੱਚ ਦਿਸਦਾ ਹੈ। ਚੋਣਾਂ ਨੇੜੇ ਹੋਣ ਕਾਰਨ ਸਿਆਸਤਦਾਨਾਂ ਨੂੰ ਦੁਆਬਾ ਯਾਦ ਆ ਰਿਹਾ ਹੈ। ਦੁਆਬੇ ਦਾ ਧੁਰਾ ਜਲੰਧਰ ਯਾਦ ਆ ਰਿਹਾ ਹੈ ਜਿਸ ਨੇ ਓਲੰਪਿਕਸ ਵਿੱਚ ਸਭ ਤੋਂ ਵੱਧ ਖਿਡਾਰੀ ਦਿੱਤੇ ਸਨ। ਇੱਕ ਸਮੇਂ ਤੋਂ ਸੰਸਾਰਪੁਰ ਦੇ ਅੱਠ ਹਾਕੀ ਖਿਡਾਰੀ ਓਲੰਪਿਕਸ ਵਿੱਚ ਖੇਡ ਰਹੇ ਸਨ। ਸੰਸਾਰਪੁਰ ਤੋਂ ਬਾਅਦ ਮਿੱਠਾਪੁਰ ਨੇ ਜਲੰਧਰ ਦਾ ਨਾਂਅ ਦੁਨੀਆ ਵਿੱਚ ਰੋਸ਼ਨ ਕੀਤਾ। ਖੇਡਾਂ ਵਿੱਚ ਦੁਆਬੇ ਦੀ ਝੰਡੀ ਵੇਖ ਕੇ ਇੱਥੇ ਕਦੋਂ ਦੀ ਵਿਸ਼ਵ ਪੱਧਰੀ ਖੇਡ ਯੂਨੀਵਰਸਿਟੀ ਬਣ ਜਾਣੀ ਚਾਹੀਦੀ ਸੀ। ਬਿਨਾਂ ਸ਼ੱਕ ਪੰਜਾਬੀ ਜੁੱਸਿਆਂ ਤੇ ਸੁਭਾਅ ਨੂੰ ਉਜਾੜਨ ਦੇ ਨਸ਼ਿਆਂ ਦੇ ਸਾਜ਼ਿਸ਼ੀ ਹਮਲਿਆਂ ਨੇ ਪੰਜਾਬੀ ਨੌਜਵਾਨਾਂ, ਬੱਚਿਆਂ, ਮੁਟਿਆਰਾਂ ਦੇ ਰਾਹ ਔਝੜੇ ਕੀਤੇ ਹਨ। ਮੁੰਡੇ ਮੋਟਰ ਸਾਈਕਲ, ਮੋਬਾਈਲ, ਵਿਦੇਸ਼ੀ ਰਾਹ ਪਾ ਦਿੱਤੇ ਗਏ ਹਨ। ਮੁਟਿਆਰਾਂ ਵੀ ਰੀਸੋ-ਰੀਸੀ ਉਹ ਹਰ ਸ਼ੌਕ ਪਾਲ ਰਹੀਆਂ ਹਨ, ਜੋ ਮੁੰਡੇ ਹੰਢਾਉਂਦੇ ਹਨ, ਪਰ ਖੇਡਾਂ ਅਜੇ ਵੀ ਪੰਜਾਬੀਆਂ ਦੀ ਜੀਵਨ-ਜਾਚ ਹਨ। ਖੇਡਾਂ ਅਜੇ ਉਨ੍ਹਾਂ ਦੇ ਖੂਨ ਵਿੱਚ ਰਚੀਆਂ ਹੋਈਆਂ ਹਨ। ਖੇਡਾਂ ਤੇ ਭੰਗੜੇ ਦੀ ਸੁਰ-ਤਾਲ, ਗਿੱਧੇ ਦੀ ਧਮਾਲ ਤੇ ਬੋਲੀਆਂ ਨੂੰ, ਬਾਬੇ ਦੀ ਬਾਣੀ ਨੂੰ, ਕਿਹੜਾ ਸਿਆਸੀ ਦਲਾਲ, ਸਿਆਸੀ ਡਿਕਟੇਟਰ, ਪੰਜਾਬੀਆਂ ਤੋਂ ਖੋਹ ਸਕਦਾ ਜਾਂ ਖੋਹ ਸਕਿਆ ਹੈ?
ਭਾਵੇਂ ਇਹ ਖੋਹਣ ਦੇ ਯਤਨ `47 ਵਿੱਚ ਵੀ ਹੋਏ, `84 ਵਿੱਚ ਵੀ ਹੋਏ। ਨਸ਼ਿਆਂ ਦੀ ਮਾਰ ਅਤੇ ਖਾੜਕੂਵਾਦ ਸਮੇਂ ਸ਼ਰੇਆਮ ਹਜ਼ਾਰਾਂ ਨੌਜਵਾਨਾਂ ਦੇ ਮਾਰਨ, ਲਾਪਤਾ ਕਰਨ ਦੇ ਯਤਨਾਂ ਨਾਲ ਵੀ ਹੋਏ, ਪਰ ਪੰਜਾਬੀ, ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦਾਂ ਵਿੱਚ ‘ਟੈਂ ਨਾ ਮੰਨਣ ਕਿਸੇ ਦੀ’। ਪੰਜਾਬ ਦਾ ਪਿੰਡ ਕਦੇ ਉਦਾਸ ਹੁੰਦਾ ਹੈ, ਕਦੇ ਹੁਲਾਸ ਨਾਲ ਭਰਦਾ ਹੈ। ਉਦਾਸ ਹੁੰਦਾ ਹੈ ਉਦੋਂ ਜਦੋਂ ਕੋਈ ਜਵਾਨ ਨਸ਼ੇ ਦੀ ਬਲੀ ਚੜ੍ਹਦਾ ਹੈ, ਜਦੋਂ ਕੋਈ ਕਿਸਾਨ ਸ਼ਤੀਰਾਂ ਨਾਲ ਲਟਕ ਜਾਂਦਾ ਹੈ, ਖੁਦਕੁਸ਼ੀ ਕਰ ਜਾਂਦਾ ਹੈ। ਖੁਸ਼ ਹੁੰਦਾ ਹੈ ਜਦੋਂ ਓਲੰਪਿਕ ਹਾਕੀ ਵਿੱਚ ਜਿੱਤ ਦਿਵਾ ਕੇ ਪੰਜਾਬੀ ਖਿਡਾਰੀ ਵਰ੍ਹਿਆਂ ਬਾਅਦ ਦੇਸ਼ ਨੂੰ ਖੁਸ਼ੀ ਦਿੰਦੇ ਹਨ। ਪੰਜਾਬ ਦਾ ਪਿੰਡ ਉਦਾਸ ਹੁੰਦਾ ਹੈ ਜਦੋਂ ਧੀਆਂ ਦਾ ਕੁੱਖ ਵਿੱਚ ਕਤਲ ਕੀਤਾ ਜਾਂਦਾ ਹੈ। ਖੁਸ਼ ਹੁੰਦਾ ਹੈ ਜਦੋਂ ਧੀਆਂ ਖੇਡਾਂ, ਪੜ੍ਹਾਈ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਦੀਆਂ ਅਤੇ ਮਾਪਿਆਂ ਤੇ ਸਮਾਜ ਦੀ ਖੁਸ਼ੀ ਦਾ ਬਰਬਾਰ ਦਾ ਹਿੱਸਾ ਬਣਦੀਆਂ ਹਨ। ਪੰਜਾਬ ਦੇ ਪਿੰਡਾਂ ਦੇ ਪਹਿਲਵਾਨੀ ਅਖਾੜੇ ਤੇ ਕਬੱਡੀ, ਫੁੱਟਬਾਲ, ਵਾਲੀਬਾਲ ਦੇ ਮੈਦਾਨ ਪਿੰਡ ਦਾ ਸ਼ਿੰਗਾਰ ਹਨ। ਸਵੇਰੇ-ਸ਼ਾਮੀਂ ਬੱਚੇ, ਨੌਜਵਾਨ ਜਦੋਂ ਖੇਡ ਮੈਦਾਨ ਵਿੱਚ ਬੁੱਕਦੇ ਹਨ, ਪ੍ਰੈਕਟਿਸ ਕਰਦੇ ਹਨ, ਜੁੱਸਿਆਂ ਨੂੰ ਤਕੜਾ ਸੁਡੋਲ ਕਰਦੇ ਹਨ ਤੇ ਫਿਰ ਕਬੱਡੀ ਤੇ ਫੁੱਟਬਾਲ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ ਤਾਂ ਨਜ਼ਾਰਾ ਵੇਖਿਆ ਹੀ ਬਣਦਾ ਹੈ। ਖੁਸ਼ੀ ਦੇ ਪਲ ਖੇਡ ਮੈਦਾਨ ਹੰਢਾਉਂਦਾ ਹੈ ਜਦੋਂ ਪਿੰਡਾਂ ਵਿੱਚ ਫੁੱਟਬਾਲ ਟੂਰਨਾਮੈਂਟ, ਵੇਟ ਲਿਫਟਿੰਗ ਮੁਕਾਬਲੇ ਤੇ ਕਬੱਡੀ ਦੇ ਵਿਸ਼ਵ-ਪੱਧਰੀ ਮੁਕਾਬਲੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਕਰਵਾਏ ਜਾਂਦੇ ਹਨ। ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕਰਦੇ ਹਨ।
ਇਹ ਹੁਲਾਸ ਵਰ੍ਹੇ ਭਰ ਅਗਲੇ ਸਾਲ ਵਿੱਚ ਇੱਕ ਨਵੀਂ ਆਸ ਨਾਲ ਜਿਊਂਦਾ ਜਾਗਦਾ ਹੈ ਪਿੰਡ ਦੇ ਜਾਗਣ ਵਾਂਗਰ ਜੋ ਕਦੇ ਸੌਂਦਾ ਨਹੀਂ, ਖਬਰਦਾਰ ਹੈ ਆਪਣੇ ਬੱਚਿਆਂ ਲਈ, ਆਪਣੇ ਪੁੱਤਾਂ-ਧੀਆਂ ਲਈ, ਆਪਣੇ ਵਿਰਸੇ-ਸਭਿਆਚਾਰ ਲਈ ਅਤੇ ਸਭ ਤੋਂ ਵੱਧ ਮਾੜੇ-ਭੈੜੇ ਉਨ੍ਹਾਂ ਲੋਕਾਂ ਤੋਂ ਆਪਣੇ ਭਵਿੱਖ ਨੂੰ ਬਚਾਉਣ ਲਈ ਜਿਹੜੇ ਉਨ੍ਹਾਂ ਦੇ ਪੱਲੇ ਭਿ੍ਰਸ਼ਟਾਚਾਰ ਪਾ ਰਹੇ ਹਨ। ਉਨ੍ਹਾਂ ਵਿੱਚ ਧੜੇਬੰਦੀ ਦੇ ਬੀਅ ਬੀਜ ਰਹੇ ਹਨ ਜਿਹੜੇ ਨਫਰਤ ਸਾੜੇ ਦੀ ਸਿਆਸਤ ਕਰ ਕੇ ਧਰਮ-ਜਾਤ ਦੀ ਵੰਡ ਦਾ ਵਖਰੇਵਾਂ ਪਾ ਕੇ ਵੋਟ ਰਾਜਨੀਤੀ ਖਾਤਰ ਸਭ ਕੁਝ ਹਥਿਆਉਣਾ ਚਾਹੁੰਦੇ ਹਨ, ਪਿੰਡ ਵੀ, ਖੇਤ ਵੀ, ਖੇਡ ਵੀ ਅਤੇ ਮਨੁੱਖੀ ਜ਼ਿੰਦਗੀ ਵੀ। ਪੰਜਾਬੀਆਂ ਦੀ ਪਹਿਲੀ ਕਿਲਕਾਰੀ ਖੇਡ ਹੈ। ਬਚਪਨ, ਜਵਾਨੀ, ਬੁਢਾਪਾ ਉਨ੍ਹਾਂ ਨੂੰ ਕਿਸੇ ਹੀਲੇ ਵੀ ਖੇਡ ਤੋਂ ਵੱਖ ਨਹੀਂ ਹੋਣ ਦਿੰਦਾ। ਇਹੋ ਖੇਡ ਦਾ ਰੰਗ, ਉਨ੍ਹਾਂ ਨੂੰ ਸਰਹੱਦਾਂ ਦੀ ਰਾਖੀ ਲਈ ਭੇਜਦਾ ਹੈ।
ਇਹੋ ਖੇਡ ਦਾ ਰੰਗ ਉਨ੍ਹਾਂ ਨੂੰ ਨਿਹੱਕਿਆਂ ਦੇ ਹੱਕ ਵਿੱਚ ਖੜ੍ਹਨ, ਉਨ੍ਹਾਂ ਲਈ ਜਾਨ ਵਾਰਨ ਤੇ ਆਪਣੀ ਹੱਕ ਪ੍ਰਾਪਤੀ ਦੇ ਸੰਘਰਸ਼ ਲਈ ਪ੍ਰੇਰਦਾ ਹੈ। ਖੇਡ-ਖੇਡ ਵਿੱਚ ਪੰਜਾਬੀ ਵੱਡੀਆਂ ਪ੍ਰਾਪਤੀਆਂ ਕਰਦੇ ਹਨ, ਪਰ ਉਨ੍ਹਾਂ ਦੇ ਖੇਡ ਖੇਡ ਵਿੱਚ ਬਹੁਤ ਕੁਝ ਗੁਆਇਆ ਵੀ ਹੈ। ਸਿਆਸੀ ਖੇਡਾਂ ਵਿੱਚ ਦਿੱਲੀ ਹੱਥੋਂ ਪੰਜਾਬੀ ਮਾਤ ਖਾਂਦੇ ਰਹੇ ਹਨ, ਪਰ ਕਦੇ ਝੁਕੇ ਨਹੀਂ, ਅੜੇ ਰਹੇ, ਖੜ੍ਹੇ ਰਹੇ, ਬੜਾ ਕੁਝ ਗੁਆਇਆ। ਧਨ, ਦੌਲਤ, ਸਰੀਰ, ਮਨ ਦਾ ਚੈਨ, ਪਰ ਬੜਾ ਕੁਝ ਪਾਇਆ, ਅਣਖ, ਸੰਤੁਸ਼ਟੀ ਅਤੇ ਟੌਹਰ-ਟੱਪਾ। ਬਿਨਾਂ ਸ਼ੱਕ ਅਫਗਾਨੇ-ਕਸ਼ਮੀਰੇ-ਦਿੱਲੀ ਤੱਕ ਰਾਜ ਕੀਤਾ, ਪਰ ਇਮਾਨਦਾਰ ਖੇਡ ਦੀ ਕਰਾਮਾਤ ਹੀ ਕਹਾਂਗੇ ਕਿ ਪੰਜ ਦਰਿਆਵਾਂ ਨੂੰ ਸੰਭਾਲ ਲਿਆ, ਪਰ ਸਿਆਸੀ ਰੰਗ ਢੰਗ ਦੀ ਖੇਡ ਨੇ, ਉਹਦੇ ਪੱਲੇ ਢਾਈ ਦਰਿਆ ਹੀ ਰਹਿਣ ਦਿੱਤੇ। ਰਾਜਧਾਨੀ ਤੇ ਪੰਜਾਬੀ ਬੋਲਦੇ ਇਲਾਕੇ ਤਾਂ ਸਾਜ਼ਿਸ਼ਨ ਉਨ੍ਹਾਂ ਨੇ ਹਥਿਆਉਣੇ ਹੀ ਸਨ, ਪੰਜਾਬ ਦੇ ਦਰਿਆਵਾਂ ਦਾ ਪਾਣੀ ਤੱਕ ਵੀ ਖੋਹ ਲਿਆ। ਪੰਜਾਬੀ ਜ਼ੁਬਾਨ ਜਿਸ ਦੇ ਆਧਾਰ ਉੱਤੇ ਪੰਜਾਬੀ ਸੂਬਾ ਬਣਿਆ ਸੀ, ਸਿਆਸਤਦਾਨਾਂ ਦੀ ਬੇਰੁਖੀ ਕਾਰਨ ਮਤਰੇਈ ਮਾਂ ਵਾਲਾ ਸਲੂਕ ਸਹਿ ਰਹੀ ਹੈ। ਇਹ ਖੇਡਾਂ, ਇਹ ਚਾਲਾਂ, ਇਹ ਸਾਜ਼ਿਸ਼ਾਂ ਹੰਢਾਉਣ ਲਈ ਆਦੀ ਹੋ ਚੁੱਕੇ ਪੰਜਾਬੀ ਫਿਰ ਵੀ ਖੇਡਾਂ ਨਹੀਂ ਭੁੱਲੇ, ਮੇਲੇ ਨਹੀਂ ਭੁੱਲੇ, ਸਭਿਆਚਾਰ ਨਹੀਂ ਭੁੱਲੇ। ਸਰਕਾਰਾਂ ਖੇਡਾਂ ਨਾਲ ਮਜ਼ਾਕ ਕਰ ਰਹੀਆਂ ਹਨ। ਕਦੇ-ਕਦਾਈਂ ਖੇਡਾਂ ਨੂੰ ਸਿਆਸਤ ਲਈ ਵਰਤਦੀਆਂ ਨਜ਼ਰ ਆਉਂਦੀਆਂ ਹਨ।
ਪਿਛਲੇ ਸਾਲਾਂ ਵਿੱਚ ਵਿਸ਼ਵ ਕਬੱਡੀ ਟੂਰਨਾਮੈਂਟ ਕਿਸੇ ਸਿਆਸੀ ਧਿਰ ਵਾਲੀ ਸਰਕਾਰ ਨੇ ਕਰਾਏ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ। ਉੁਵੇਂ ਹੀ ਜਿਵੇਂ ਸਾਲਾਂ ਬੱਧੀ ਪੰਜਾਬ ਵਿੱਚ ਪਰਵਾਸੀ ਸੰਮੇਲਨ ਕਰਵਾਏ ਵੋਟਾਂ ਦੀ ਪ੍ਰਾਪਤੀ ਲਈ, ਪਰ ਪੰਜਾਬੀਆਂ ਨੇ ਕੀ ਖੱਟਿਆ? ਪੰਜਾਬ ਸਰਕਾਰਾਂ ਨੇ ਕਦੇ ਖੇਡਾਂ ਨੂੰ ਉਤਸ਼ਾਹਤ ਕਰਨ ਵੱਲ ਨਜ਼ਰ ਸੁਵੱਲੀ ਨਹੀਂ ਕੀਤੀ। ਕਿੱਥੇ ਗਏ ਹਰ ਵਰ੍ਹੇ ਪੰਚਾਇਤਾਂ, ਪਿੰਡਾਂ ਵਿੱਚ ਕਰਵਾਏ ਜਾਣ ਵਾਲੇ ਬਲਾਕ, ਜ਼ਿਲਾ, ਸੂਬਾ ਪੱਧਰੀ ਖੇਡ ਮੁਕਾਬਲੇ? ਸਿਰਫ ਸਕੂਲਾਂ ਵਿੱਚ ਸਿਮਟ ਕੇ ਰਹਿ ਗਏ ਹਨ ਇਹ ਖੇਡ ਮੁਕਾਬਲੇ। ਇਹ ਖੋਹ-ਖੋਹ, ਕਬੱਡੀ, ਫੁੱਟਬਾਲ, ਵਾਲੀਬਾਲ, ਟੇਬਲ ਟੈਨਿਸ ਤੇ ਮੁਕਾਬਲਿਆਂ ਤੱਕ ਸੀਮਤ ਹਨ, ਉਹ ਵੀ ਖਾਨਾਪੂਰਤੀ ਲਈ।
ਕਿੰਨੇ ਸਟੇਡੀਅਮ ਹਨ ਸੂਬੇ ਵਿੱਚ? ਕਿੰਨੇ ਜਿਮ ਹਨ ਪੰਜਾਬ ਵਿੱਚ? ਕਿੰਨੇ ਕੋਚ ਭਰਤੀ ਕੀਤੇ ਹਨ ਖੇਡ ਵਿਭਾਗ ਵਿੱਚ। ਕਿੰਨਾ ਬਜਟ ਹੈ ਖੇਡ ਵਿਭਾਗ ਦਾ ਖੇਡਾਂ ਨੂੰ ਉਤਸ਼ਾਹਤ ਕਰਨ ਲਈ? ਤਸੱਲੀ ਵਾਲੀ ਗੱਲ ਹੈ ਕਿ ਪਿੰਡ ਸੰਸਾਰਪੁਰ ਵਿੱਚ ਹਾਕੀ ਦਾ ਮੈਦਾਨ ਕੌਮਾਂਤਰੀ ਪੱਧਰ ਦਾ ਹੈ। ਇਹ ਵੀ ਤਸੱਲੀ ਦੀ ਗੱਲ ਹੈ ਕਿ ਵੱਡੀ ਗਿਣਤੀ ਵਿੱਚ ਪੰਜਾਬੀ ਖਿਡਾਰੀ ਭਾਰਤੀ ਹਾਕੀ ਟੀਮ ਦਾ ਹਿੱਸਾ ਹਨ। ਇਹ ਉਨ੍ਹਾਂ ਦੀ ਲਗਨ, ਮਿਹਨਤ, ਸਿਰੜ ਦਾ ਸਿੱਟਾ ਹੈ। ਇਹ ਤਸੱਲੀ ਵਾਲੀ ਗੱਲ ਹੈ ਕਿ ਜੇਤੂ ਖਿਡਾਰੀਆਂ ਦਾ ਪੰਜਾਬ ਸਰਕਾਰ ਤੇ ਪੰਜਾਬੀਆਂ ਨੇ ਮਾਣ-ਸਨਮਾਨ ਕੀਤਾ ਹੈ।
ਬਹੁਤ ਸਾਰੇ ਪਿੰਡਾਂ ਵਿੱਚ ਖੇਡ ਸਟੇਡੀਅਮ ਹਨ, ਜਿਮ ਹਨ, ਪਹਿਲਵਾਨਾਂ ਦੇ ਅਖਾੜੇ ਹਨ। ਰਾਏਕੋਟ ਵਿੱਚ ਲੋਕ-ਖੇਡਾਂ ਹੁੰਦੀਆਂ ਹਨ। ਜਲੰਧਰ ਵਿੱਚ ਹਾਕੀ ਟੂਰਨਾਮੈਂਟ ਹੁੰਦੇ ਹਨ, ਪਰ ਪੰਜਾਬ ਸਰਕਾਰ ਦੀ ਖੇਡ ਨੀਤੀ ਕਿੱਥੇ ਹੈ? ਸੂਬੇ ਦਾ ਖੇਡ ਵਿਭਾਗ ਕਾਗਜ਼ਾਂ ਵਿੱਚ ਹੋਵੇਗਾ, ਅਮਲਾਂ ਵਿੱਚ ਪੰਜਾਬ ਵਿੱਚ ਕਿਧਰੇ ਵਿਖਾਈ ਨਹੀਂ ਦਿੰਦਾ। ਪਿੰਡਾਂ ਦੀਆਂ ਬਰੂਹਾਂ ਵਿੱਚ ਤਾਂ ਉਸ ਦੀ ਦਸਤਕ ਨਾਮਾਤਰ ਹੈ। ਇੰਝ ਕਿਵੇਂ ਚੱਲੇਗਾ ਪੰਜਾਬ ਦਾ ਖੇਡ ਸਭਿਆਚਾਰ?
ਇੰਝ ਕਿਵੇਂ ਬਚੇਗਾ ਪੰਜਾਬ? ਇਕੱਲੀ ਸਰਕਾਰ ਵੀ ਕਿਉਂ, ਸਾਡੇ ਪੰਜਾਬੀ ਧੁਰੰਤਰ, ਪੰਜਾਬੀ ਬੁੱਧੀਜੀਵੀ, ਸੁਚੇਤ ਪੰਜਾਬੀ ਆਪਣੇ ਮਾਮਲਿਆਂ, ਆਪਣੇ ਨਾਲ ਹੁੰਦੇ ਧੱਕਿਆਂ, ਖੇਡਾਂ ਨਾਲ ਹੋ ਰੇਹ ਵਿਤਕਰੇ ਬਾਰੇ ਚੁੱਪ ਕਿਉਂ ਧਾਰੀ ਬੈਠੇ ਹਨ? ਅਸੀਂ ਜਿਹੜੇ ਢੁੱਠਾਂ ਵਾਲੇ, ਵੱਡੇ ਉਦਮੀ, ਬਾਬੇ ਨਾਨਕ ਦੇ ਪੈਰੋਕਾਰ ਕਹਾ ਕੇ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਂ ਰਹੇ, ਆਖਰ ਆਪਣੀ ਹਾਲਤ ਕ੍ਰਾਂਤੀਕਾਰੀ ਕਵੀ ਲਾਲ ਸਿੰਘ ਦਿਲ ਦੀ ਕਵਿਤਾ ‘ਅਸੀਂ ਵੱਡੇ-ਵੱਡੇ ਪਹਿਲਵਾਨਾਂ' ਵਾਲੀ ਕਿਉਂ ਬਣਾ ਬੈਠੇ ਹਾਂ?

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”