Welcome to Canadian Punjabi Post
Follow us on

29

March 2024
 
ਨਜਰਰੀਆ

ਟੇਵੇ ਵਾਲੀ ਜੁਗਤ

December 23, 2021 02:21 AM

-ਡਾ. ਓਪਿੰਦਰ ਸਿੰਘ ਲਾਂਬਾ
ਵਿਗਿਆਨਕ ਯੁੱਗ ਵਿੱਚ ਕੁਲ ਲੋਕਾਈ ਦੇ ਵੱਡੇ ਹਿੱਸੇ ਉਤੇ ਜੋਤਿਸ਼ ਦਾ ਪ੍ਰਭਾਵ ਅੱਜ ਵੀ ਪ੍ਰਤੱਖ ਨਜ਼ਰ ਆਉਂਦਾ ਹੈ। ਅਨਪੜ੍ਹ ਅਤੇ ਘੱਟ ਪੜ੍ਹੇ-ਲਿਖੇ ਲੋਕ ਇੱਕ ਪਾਸੇ, ਨਵੀਨਤਮ ਤਕਨਾਲੋਜੀ ਨੂੰ ਵੱਡੀ ਪੱਧਰ ਤੇ ਅਪਨਾਉਣ ਵਾਲੇ ਪੜ੍ਹੇ-ਲਿਖੇ ਲੋਕ ਵੀ ਜੋਤਿਸ਼ ਦੇ ਅਸਰ ਤੋਂ ਅਣਭਿੱਜ ਨਹੀਂ ਰਹਿੰਦੇ। ਕੁਝ ਲੋਕ ਤਾਂ ਅਖ਼ਬਾਰਾਂ ਵਿੱਚ ਛਪੇ ਰਾਸ਼ੀ ਫਲ ਤੇ ਕਈ ਟੀ ਵੀ ਚੈਨਲਾਂ ਤੋਂ ਖ਼ਾਸ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮਾਂ ਵਿੱਚ ਆਪਣੀ ਰਾਸ਼ੀ ਮੁਤਾਬਿਕ ਆਪਣਾ ਕਾਰੋਬਾਰ, ਨੌਕਰੀ ਅਤੇ ਬੱਚਿਆਂ ਦੀ ਪੜ੍ਹਾਈ ਲਿਖਾਈ ਕਰਦੇ ਹਨ। ਤਰਕਸ਼ੀਲ ਤੇ ਅਗਾਂਹਵਧੂ ਲੋਕ ਲੰਮੇ ਸਮੇਂ ਤੋਂ ਇਨ੍ਹਾਂ ਵਹਿਮਾਂ-ਭਰਮਾਂ ਦੀ ਦਲਦਲ ਵਿੱਚ ਫਸੇ ਸਮਾਜ ਨੂੰ ਕੱਢ ਕੇ ਜਾਗ੍ਰਿਤ ਕਰਨ ਲਈ ਪੂਰਾ ਵਾਹ ਲਾ ਰਹੇ ਹਨ। ਅਜਿਹੇ ਲੋਕਾਂ ਦੀ ਗਤੀਸ਼ੀਲ ਸੋਚ ਸਦਕਾ ਕੁਝ ਲੋਕ ਤਾਂ ਉਨ੍ਹਾਂ ਦੇ ਦੱਸੇ ਮਾਰਗ ਤੇ ਤੁਰ ਪਏ ਹਨ ਪਰ ਬਹੁਤਿਆਂ ਨੇ ਅਜੇ ਵੀ ਰਾਸ਼ੀ ਫਲ ਨੂੰ ਹੀ ਆਪਣੀ ਜੀਵਨ-ਜਾਂਚ ਦਾ ਆਧਾਰ ਬਣਾਇਆ ਹੋਇਆ ਹੈ।
ਕੁਝ ਸਮਾਂ ਪਹਿਲਾਂ ਮੇਰਾ ਇੱਕ ਲੰਗੋਟੀਆ ਮਿੱਤਰ, ਜੋ ਪੇਸ਼ੇ ਵਜੋਂ ਵਕੀਲ ਹੈ, ਆਪਣੇ ਪੁੱਤਰ ਦੇ ਵਿਆਹ ਦੀ ਤਰੀਕ ਸੁਧਾਉਣ ਤੇ ਮੁੰਡੇ-ਕੁੜੀ ਦੇ ਗੁਣ ਮਿਲਾਉਣ ਲਈ ਮੈਨੂੰ ਇੱਕ ਪੰਡਿਤ ਕੋਲ ਆਪੇ ਨਾਲ ਲਿਜਾਣ ਲਈ ਜ਼ੋਰ ਪਾਉਣ ਲੱਗਾ। ਮੇਰਾ ਭਾਵੇਂ ਇਨ੍ਹਾਂ ਕਰਮ-ਕਾਂਡਾਂ ਵਿੱਚ ਭੋਰਾ ਵੀ ਵਿਸ਼ਵਾਸ ਨਹੀਂ, ਪਰ ਉਸ ਦਾ ਮਾਣ ਸਤਿਕਾਰ ਰੱਖਦਿਆਂ ਉਸ ਨਾਲ ਜਾਣ ਦੀ ਹਾਮੀ ਭਰ ਦਿੱਤੀ। ਅਸੀਂ ਦੋਵੇਂ ਪੰਡਿਤ ਦੇ ਟਿਕਾਣੇ ਜਾ ਪੁੱਜੇ। ਪਹਿਲਾਂ ਵਕੀਲ ਸਾਹਿਬ ਨੇ ਪੰਡਿਤ ਮੂਹਰੇ ਆਪਣੇ ਪੁੱਤਰ ਦਾ ਟੇਵਾ ਰੱਖ ਕੇ, ਨਾਲ ਆਪਣੀ ਜੇਬ ਵਿੱਚੋਂ ਹੋਣ ਵਾਲੀ ਨੂੰਹ ਦੀ ਜਨਮ ਮਿਤੀ, ਸਮਾਂ ਤੇ ਸਥਾਨ ਬਾਬਤ ਲਿਖੀ ਪਰਚੀ ਫੜਾਉਂਦਿਆਂ ਉਸ ਨੂੰ ਕਿਹਾ, ‘‘ਪੰਡਿਤ ਜੀ, ਆਪਣਾ ਹਿਸਾਬ-ਕਿਤਾਬ ਲਾ ਕੇ ਦੱਸੋ ਕਿ ਬੱਚਿਆਂ ਦੀ ਗ੍ਰਹਿ ਚਾਲ ਮੁਤਾਬਿਕ ਇਨ੍ਹਾਂ ਦੋਵਾਂ ਦੇ ਕਿੰਨੇ ਗੁਣ ਆਪਸ ਵਿੱਚ ਮਿਲਦੇ ਨੇ।''
ਪੰਡਿਤ ਜੀ ਦੀ ਨਜ਼ਰ ਵਕੀਲ ਦੀ ਚਿੱਟੀ ਕਮੀਜ਼ ਦੀ ਜੇਬ ਵਿੱਚ ਪਏ 2-2 ਹਜ਼ਾਰ ਦੇ ਨੋਟਾਂ ਦੀ ਗੱਟੀ ਉਤੇ ਪਈ ਜੋ ਮੱਲੋਮੱਲੀ ਬਾਹਰ ਉਲਰਨ ਨੂੰ ਆ ਰਹੇ ਸਨ। ਗੜਵਾਲ ਤੋਂ ਇੱਧਰ ਆਣ ਕੇ ਵੱਸਿਆ ਪੰਡਿਤ ਰਲਵੀਂ-ਮਿਲਵੀਂ ਭਾਸ਼ਾ ਵਿੱਚ ਬੋਲਿਆ, ‘‘ਜਜਮਾਨ, ਐਸਾ ਰਿਸ਼ਤਾ ਤੋਂ ਲਾਖੋਂ ਮੇ ਏਕ ਹੋਤਾ ਹੈ, ਲੜਕੇ ਲੜਕੀ ਕੇ ਆਪਸ ਮੇਂ ਲੱਗਭਗ 100 ਫੀਸਦੀ ਗੁਣ ਮਿਲਤੇ ਹੈਂ। ਐਸਾ ਰਿਸ਼ਤਾ ਕਿਸਮਤ ਵਾਲੋਂ ਕੇ ਨਸੀਬ ਮੇਂ ਹੋਤਾ ਹੈਂ। ਇਸੇ ਮਤ ਛੋੜੇਂ। ਮੈਂ ਤੋਂ ਕਹੂੰ, ਸ਼ਾਦੀ ਕੀ ਤੁਰੰਤ ਤਰੀਕ ਨਿਕਲਵਾਏਂ ਓਰ ਘਰ ਬਹੂ ਲੇ ਆਏਂ। ਅਗਲੇ ਬਰਸ ਆਪ ਕੇ ਆਂਗਨ ਮੇਂ ਮਹਾਂਮਾਈ ਕੀ ਕਿਰਪਾ ਸੇ ਪੋਤਾ ਖੇਲੇ।'' ਇਹ ਸਭ ਸੁਣ ਕੇ ਵਕੀਲ ਨੇ ਬਿਨਾ ਹੋਰ ਸਵਾਲ ਕੀਤਿਆਂ ਦੋ ਹਜ਼ਾਰ ਦਾ ਕੜਕਵਾਂ ਨੋਟ ਪੰਡਿਤ ਦੀ ਝੋਲੀ ਵਿੱਚ ਧਰ ਦਿੱਤਾ। ਪੰਡਿਤ ਬਾਗ਼ੋਬਾਗ਼ ਹੋਇਆ ਕਹਿਣਾ ਲੱਗਾ, ‘‘ਕਹੇਂ ਤੋਂ ਅਭੀ ਸ਼ਾਦੀ ਕੀ ਤਰੀਕ ਨਿਕਲ ਦੂੰ।'' ਵਕੀਲ ਨੇ ਤੁਰੰਤ ਪੰਡਿਤ ਦੀ ਹਾਂ ਵਿੱਚ ਹਾਂ ਮਿਲਾਈ, ‘‘ਪੰਡਿਤ ਜੀ, ਨੇਕੀ ਔਰ ਪੂਛ ਪੂਛ।''
ਇੰਨੇ ਨੂੰ ਪੰਡਿਤ ਦੋਵਾਂ ਦੇ ਟੇਵੇ ਮਿਲਾਉਣ ਤੇ ਫਿਰ ਆਪਣੀ ਡਾਇਰੀ ਦੇ ਪੰਨੇ ਫਰੋਲਣ ਮਗਰੋਂ ਕਹਿਣ ਲੱਗਾ, ‘‘ਮੇਰਾ ਹਿਸਾਬ ਸੇ ਤੋਂ 20 ਔਰ 27 ਨਵੰਬਰ ਕੇ ਇਲਾਵਾ 7 ਦਸੰਬਰ ਕੀ ਤਰੀਕ ਨਿਕਲਤੀ ਹੈ। ਅਗਰ ਇਨ ਮੇਂ ਸੇ ਕੋਈ ਭੀ ਦਿਨ ਠੀਕ ਲਗੇ ਤੋਂ ਘਰ ਵਾਲੋਂ ਸੇ ਸਲਾਹ ਕਰ ਕੇ ਸ਼ਗੁਨ ਕੀ ਤਿਆਰੀ ਕਰੋ।'' ਵਕੀਲ ਮਿੱਤਰ ਵੀ ਆਪਣੇ ਹੱਥ ਵਿੱਚ ਫੜੀ ਡਾਇਰੀ ਖੋਲ੍ਹ ਕੇ ਨਵੰਬਰ ਦਸੰਬਰ ਦੇ ਕੇਸਾਂ ਦੀਆਂ ਤਰੀਕਾਂ ਦੇਖਣ ਲੱਗਾ ਕਿ ਕਿਤੇ ਵਿਆਹ ਦੀ ਤਰੀਕ ਕਿਸੇ ਕੇਸ ਨਾਲ ਟਕਰਾਉਂਦੀ ਤਾਂ ਨਹੀਂ। ਇੰਨੇ ਨੂੰ ਪੰਡਿਤ ਨੂੰ ਕੋਈ ਹੋਰ ਮਿਲਣ ਆ ਗਿਆ ਤੇ ਉਹ ਕਾਗਜ਼ ਤੇ ਤਿੰਨੇ ਤਰੀਕਾਂ ਲਿਖ ਕੇ ਵਕੀਲ ਨੂੰ ਫੜਾਉਣ ਮਗਰੋਂ ਨਾਲ ਦੇ ਕਮਰੇ ਵਿੱਚ ਚਲਾ ਗਿਆ। ਡਾਇਰੀ ਦੇਖ ਕੇ ਵਕੀਲ ਮਿੱਤਕ ਕੁਝ ਪਰੇਸ਼ਾਨੀ ਬੋਲਿਆ, ‘‘ਯਾਰ ਪੰਗਾ ਪੈ ਗਿਆ, ਪੰਡਿਤ ਵਾਲੀਆਂ ਸਾਰੀਆਂ ਤਰੀਕਾਂ ਪਹਿਲੋਂ ਬੁੱਕ ਨੇ। ਇਨ੍ਹਾਂ ਵਿੱਚੋਂ ਪਹਿਲੀਆਂ ਦੋ ਤਰੀਕਾਂ ਉਤੇ ਰੋਪੜ ਜਾਣੈ, ਬਾਕੀ ਇੱਕ ਉਤੇ ਚੰਡੀਗ਼ੜ੍ਹ ਹਾਈ ਕੋਰਟ ਵਿੱਚ ਕੇਸ ਲੱਗੇਸ਼ ਕਸੂਤੇ ਫਸ ਗਏ, ਕੀ ਕਰੀਏ?''
ਮੈਂ ਉਸ ਨੂੰ ਮਲਕਣੇ ਜਿਹੇ ਪੁੱਛਿਆ, ‘‘ਬਾਈ, ਤੂੰ ਦੱਸ ਤੈਨੂੰ ਕਿਹੜੀ ਤਰੀਕ ਲੋਟ ਐ।''
ਉਹ ਕਹਿਣ ਲੱਗਾ, ‘‘ਮਿੱਤਰਾ ਇਨ੍ਹਾਂ ਤੋਂ ਇਲਾਵਾ ਕੋਈ ਵੀ ਚੱਲੂ ਕਿਉਂਜੋ ਬਾਕੀ ਸਾਰੇ ਕੇਸ ਲੋਕਲ ਮੁਹਾਲੀ ਕਚਹਿਰੀ ਚ ਹੀ ਨੇ।''
ਮੈਂ ਦਿਲ ਹੀ ਦਿਲ ਸੋਚ ਰਿਹਾ ਸੀ ਕਿ ਵਿਚਾਰਾ ਵਕੀਲ ਪੂਰੀ ਤਰ੍ਹਾਂ ਪੰਡਿਤ ਦੇ ਜਾਲ ਵਿੱਚ ਫਸ ਚੁੱਕਾ ਹੈ ਤੇ ਉਸ ਨੂੰ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਲੱਭਦਾ। ਮੈਨੂੰ ਤਰਕੀਬ ਸੁੱਝੀ। ਪੰਡਿਤ ਦੇ ਆਉਣ ਤੋਂ ਪਹਿਲਾਂ ਮੈਂ ਕਾਗ਼ਜ਼ ਉਤੇ ਲਿਖੀਆਂ ਤਰੀਕਾਂ ਦੇ ਮੂਹਰੇ ਉਸੇ ਦੇ ਪੈਨ ਨਾਲ ਹੀ 15 ਦਸੰਬਰ ਦੀ ਤਰੀਕ ਪਾ ਦਿੱਤੀ।
ਕੁਝ ਚਿਰ ਪਿੱਛੋਂ ਪੰਡਿਤ ਉਧਰੋਂ ਫਾਰਗ ਹੋ ਕੇ ਆ ਗਿਆ ਤੇ ਕਹਿਣ ਲੱਗਾ, ‘‘ਬਤਾਓ ਜਜਮਾਨ ਕਿਆ ਸੋਚਾ?'' ਵਕੀਲ ਨੇ ਮੇਰੇ ਵੱਲੋਂ ਪਰਚੀ ਵਿੱਚ ਕੀਤੀ ਤਰਮੀਮ ਬਿਨਾ ਪੜ੍ਹੇ ਪਰਚੀ ਪੰਡਿਤ ਮੂਹਰੇ ਧਕ ਦਿੱਤੀ ਤੇ ਨਿੰਮੋਝੂਣਾ ਹੋਇਆ ਕਹਿਣ ਲੱਗਾ, ‘‘ਪੰਡਿਤ ਜੀ, ਕੁਛ ਔਰ ਤਰੀਕ ਨਿਕਾਲੀਏ ਯੇ ਤੀਨੋਂ ਤਰੀਕੇਂ ਤੋਂ ਮੁਝੇ ਸੁਟ ਨਹੀਂ ਕਰ ਰਹੀ- 20, 27 ਨਵੰਬਰ ਔਰ 7 ਦਸੰਬਰ ਕੋ ਤੋਂ ਪਹਿਲੇ ਸੇ ਹੀ ਮੇਰੇ ਕੇਸ ਲੱਗੇ ਹੂਏ ਹੈਂ।''
ਪੰਡਿਤ ਜੀ ਵਿੱਚੋਂ ਟੋਕਦੇ ਹੋਏ ਬੋਲੇ, ‘‘ਜਜਮਾਨ ਚੌਥੀ ਭੀ ਤੋ ਹੈ 15 ਦਸੰਬਰ? ਮੁਝੇ ਲਗਤਾ ਹੈ ਆਪ ਨੇ ਧਿਆਨ ਸੇ ਨਹੀਂ ਦੇਖਾ।''
ਪੰਡਿਤ ਦੀ ਗੱਲ ਸੁਣ ਕੇ ਵਕੀਲ ਨੇ ਮੁੜ ਆਪਣੀ ਡਾਇਰੀ ਕੱਢ ਲਈ ਤੇ ਕਹਿਣ ਲੱਗਾ, ‘‘ਪੰਡਿਤ ਜੀ ਬਾਤ ਬਣ ਗਈ, ਯੇ ਦਿਨ ਮੇਰੇ ਪਾਸ ਬਿਲਕੁਲ ਖ਼ਾਲੀ ਹੈ।''
ਵਕੀਲ ਨੇ ਆਪਣੀ ਜੇਬ ਵਿੱਚੋਂ ਦੋ ਹਜ਼ਾਰ ਦਾ ਇੱਕ ਹੋਰ ਨਵਾਂ ਨਕੋਰ ਨੋਟ ਕੱਢ ਕੇ ਉਸ ਦੇ ਹੱਥ ਫੜਾਉਂਦਿਆਂ ਕਿਹਾ, ‘‘ਪੰਡਿਤ ਜੀ, ਆਪ ਤੋਂ ਅਸਲ ਮੇਂ ਸੰਕਟ-ਮੋਚਕ ਨਿਕਲੇ।”
ਅਸੀਂ ਘਰ ਪਰਤ ਆਏ। ਮੈਂ ਇਹੀ ਸੋਚ ਰਿਹਾ ਸੀ ਕਿ ਸਭ ਕੁਝ ਠੀਕ-ਠਾਕ ਰਹੇ। ਵਕੀਲ ਉਂਜ ਵੀ ਸਿਰੇ ਦਾ ਇਮਾਨਦਾਰ ਅਤੇ ਸਾਊ ਸੁਭਾਅ ਵਾਲਾ ਇਨਸਾਨ ਸੀ, ਜੋ ਹਰ ਗ਼ਰੀਬ-ਗੁਰਬੇ ਦਾ ਭਲਾ ਕਰਨਾ ਆਪਣਾ ਧਰਮ ਸਮਝਦਾ ਸੀ। ਮੇਰਾ ਪੂਰਨ ਵਿਸ਼ਵਾਸ ਸੀ ਕਿ ਅਜਿਹੇ ਇਨਸਾਨ ਨਾਲ ਕਦੇ ਮਾੜਾ ਨਹੀਂ ਵਾਪਰ ਸਕਦਾ, ਭਾਵੇਂ ਜੋਤਿਸ਼ ਜਾਂ ਉਸ ਦੀ ਗ੍ਰਹਿ ਚਾਲ ਕੁਝ ਵੀ ਹੋਵੇ। ਬੰਦਾ ਤਾਂ ਹਮੇਸ਼ਾ ਆਪਣੇ ਕਰਮ, ਕਿਰਦਾਰ ਤੇ ਵਰਤਾਰੇ ਤੋਂ ਹੀ ਪਛਾਣਿਆ ਜਾਂਦਾ ਹੈ। ਆਖ਼ਰ, ਵਕੀਲ ਦੇ ਮੁੰਡੇ ਦਾ ਵਿਆਹ ਬੜੇ ਚਾਵਾਂ-ਮਲਾਰਾਂ ਨਾਲ ਮਿੱਥੀ ਤਰੀਕ ਅਨੁਸਾਰ 15 ਦਸੰਬਰ ਨੂੰ ਹੋਇਆ ਤੇ ਪੰਡਿਤ ਜੀ ਦੀ ਭਵਿੱਖਬਾਣੀ ਅਨੁਸਾਰ ਵਕੀਲ ਤੇ ਉਹਦੀ ਘਰਵਾਲੀ ਅਗਲੇ ਸਾਲ ਦਾਦਾ-ਦਾਦੀ ਵੀ ਬਣ ਗਏ।
ਪੰਡਿਤ ਜੀ ਵੱਲੋਂ ‘ਤਦਬੀਰ' ਨਾਲ ਕੱਢੀ ਤਰੀਕ ਦੀ ਬਜਾਇ ਮੇਰੀ ‘ਤਰਕੀਬ' ਨਾਲ ਸੁਝਾਈ ਤਰੀਕ ਨਾਲ ਵਕੀਲ ਦੀ ਪ੍ਰੇਸ਼ਾਨੀ ਦਾ ਨਾ ਕੇਵਲ ਹੱਲ ਹੋਇਆ ਸਗੋਂ ਉਨ੍ਹਾਂ ਦੀਆਂ ਸਾਰੀਆਂ ਸੱਧਰਾਂ ਵੀ ਪੂਰੀਆਂ ਹੋਈਆਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ