Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਦਿੱਲੀ ਤਾਂ ਭੀਖੀ ਤੋਂ ਵੀ ਵੱਡੀ ਐ!

December 21, 2018 08:33 AM

-ਨਰਿੰਦਰਪਾਲ ਸਿੰਘ ਜਗਦਿਓ
ਘਰਾਂ ਤੋਂ ਬਾਹਰ ਵੀ ਇਕ ਦੁਨੀਆ ਵਸਦੀ ਹੈ। ਜੇ ਸਿਹਤ, ਜੇਬ ਅਤੇ ਸਮਾਂ ਇਜਾਜ਼ਤ ਦਿੰਦਾ ਹੋਵੇ ਤਾਂ ਘੁੰਮ ਫਿਰ ਕੇ ਵੇਖ ਲੈਣਾ ਚਾਹੀਦਾ ਹੈ, ਨਹੀਂ ਤਾਂ ਦਿੱਲੀ ਵੀ ਭੀਖੀ ਵਰਗੀ ਹੀ ਲੱਗਦੀ ਹੈ। ਮੇਰਾ ਇਕ ਦੋਸਤ ਸੈਰ ਸਫਰ ਦੀ ਜ਼ਿੰਦਗੀ ਵਿੱਚ ਅਹਿਮੀਅਤ ਬਾਰੇ ਅਕਸਰ ਇਕ ਗੱਲ ਸੁਣਾਉਂਦਾ ਹੁੰਦਾ ਹੈ ਕਿ ਇਕ ਵਿਅਕਤੀ ਜੋ ਕਦੇ ਭੀਖੀ ਤੋਂ ਬਾਹਰ ਨਹੀਂ ਸੀ ਗਿਆ ਸੀ ਇਕੇਰਾਂ ਉਹ ਕਿਸੇ ਨਾਲ ਦਿੱਲੀ ਏਅਰਪੋਰਟ 'ਤੇ ਗਿਆ। ਸ਼ਾਮ ਨੂੰ ਤੁਰੇ ਅਤੇ ਕਾਰ ਵਿੱਚ ਉਸ ਨੂੰ ਨੀਂਦ ਆ ਗਈ। ਜਦੋਂ ਤੜਕੇ ਜਿਹੇ ਅੱਖ ਖੁੱਲ੍ਹੀ ਤਾਂ ਉਹ ਦਿੱਲੀ ਪੁੱਜ ਚੁੱਕੇ ਸੀ। ਭਲਾਮਾਣਸ ਬਾਹਰ ਵੇਖ ਕੇ ਕਹਿੰਦਾ, ‘ਬੱਲੇ-ਬੱਲੇ ਬਈ! ਆਹ ਦਿੱਲੀ ਤਾਂ ਭੀਖੀ ਨਾਲੋਂ ਵੀ ਵੱਡੀ ਆ!' ਸਾਰੇ ਹੱਸ ਪਏ।
ਜਿਹੜਾ ਕਦੇ ਆਪਣੇ ਘਰੋਂ, ਪਿੰਡ ਜਾਂ ਸ਼ਹਿਰ ਤੋਂ ਬਾਹਰ ਗਿਆ ਹੀ ਨਹੀਂ, ਉਸ ਲਈ ਉਸ ਦਾ ਰੈਣ ਬਸੇਰਾ ਹੀ ‘ਸਾਰੀ ਦੁਨੀਆ' ਹੁੰਦਾ ਹੈ। ਸੈਰ ਸਫਰ ਨਾਲ ਸਿਰਫ ਸਾਡਾ ਤਜਰਬਾ ਹੀ ਵਿਸ਼ਾਲ ਨਹੀਂ ਹੁੰਦਾ, ਸਮਾਜ ਵਿੱਚ ਵਿਚਰਨ ਦਾ ਵੱਲ ਅਤੇ ਸ਼ਖਸੀਅਤ ਵਿੱਚ ਨਿਖਾਰ ਵੀ ਆਉਂਦਾ ਹੈ। ਸੁਣੀਆਂ ਸੁਣਾਈਆਂ ਗੱਲਾਂ ਅਤੇ ਅੱਖਾਂ ਰਾਹੀਂ ਵੇਖੇ ਵਿੱਚ ਬਹੁਤ ਫਰਕ ਹੁੰਦਾ ਹੈ। ਕਸ਼ਮੀਰ ਨੂੰ ਭਾਰਤ ਦਾ ਸਵਿਟਜ਼ਰਲੈਂਡ ਕਿਉਂ ਕਹਿੰਦੇ ਹਨ, ਇਹ ਵੇਖ ਕੇ ਪਤਾ ਲੱਗਦਾ ਹੈ। ਚੰਡੀਗੜ੍ਹ ਨੂੰ ਸਿਟੀ ਬਿਊਟੀਫੁੱਲ ਕਹਿੰਦੇ ਹਨ, ਇਸ ਦਾ ਪਤਾ ਸਭ ਨੂੰ ਹੋਵੇਗਾ ਪਰ ਜਦੋਂ ਤੱਕ ਆਪਣੇ ਘਰ ਤੋਂ, ਆਪਣੇ ਸ਼ਹਿਰ ਤੋਂ ਨਿਕਲ ਕੇ ਇਸ ਸ਼ਹਿਰ ਦੀ ਖੂਬਸੂਰਤੀ, ਪਾਰਕਾਂ ਤੇ ਹੋਰ ਥਾਵਾਂ ਨੂੰ ਵੇਖੋਗੇ ਨਹੀਂ, ਕਿੱਦਾਂ ਤੁਲਨਾ ਕਰੋਗੇ? ਬਾਬੇ ਨਾਨਕ ਨੇ ਦੁਨੀਆ ਗਾਹੀ। ਉਨ੍ਹਾਂ ਨੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੀਆਂ ਚਾਰ ਲੰਬੀਆਂ ਯਾਤਰਾਵਾਂ (ਉਦਾਸੀਆਂ) ਕੀਤੀਆਂ। ਉਨ੍ਹਾਂ ਵੱਲੋਂ ਰਚੀ ਬਾਣੀ ਵਿੱਚ ਇਲਾਹੀ ਇਲਮ ਤੋਂ ਇਲਾਵਾ ਕੁਦਰਤ, ਥਾਵਾਂ ਅਤੇ ਨਿੱਜੀ ਤਜਰਬਿਆਂ ਦਾ ਜ਼ਿਕਰ ਹੈ। ਯਾਤਰਾਵਾਂ ਨਾਲ ਸੋਚਣ ਸ਼ਕਤੀ ਦਾ ਦਾਇਰਾ ਵਧਦਾ ਹੈ। ਨਵੀਆਂ ਚੀਜ਼ਾਂ ਦੀ ਜਾਣਕਾਰੀ ਮਿਲਦੀ ਹੈ।
ਮੇਰੇ ਇਕ ਰਿਸ਼ਤੇਦਾਰ ਨੇ ਕਦੇ ਰਾਜਪੁਰੇ ਦੀ ਹੱਦ ਨਹੀਂ ਟੱਪੀ ਸੀ। ਘਰ ਤੋਂ ਕੰਮ ਅਤੇ ਕੰਮ ਤੋਂ ਘਰ ਹੀ ਉਸ ਦੀ ਰੁਟੀਨ ਸੀ। ਇਕ ਵਾਰ ਬੱਸ ਰਾਹੀਂ ਕਿਤੇ ਜਾ ਰਹੇ ਸੀ ਤਾਂ ਰਸਤੇ ਵਿੱਚ ਬੱਸ ਇਕ ਢਾਬੇ 'ਤੇ ਰੁਕੀ। ਬੱਸ 'ਚੋਂ ਉਤਰੇ ਤਾਂ ਜੂਸ ਵਾਲੇ ਨੇ ਹਾਕ ਮਾਰ ਲਈ ਕਿ ਜੂਸ ਪੀ ਲਵੋ। ਉਸ ਨੇ ਇਕ ਗਲਾਸ ਪੀਤਾ ਤਾਂ ਨਾਲ ਜੂਸ ਵਾਲੇ ਨੇ ਗਲਾਸ ਹੋਰ ਜੂਸ ਨਾਲ ਭਰ ਦਿੱਤਾ। ਏਦਾਂ ਕਰਕੇ ਉਹ ਤਿੰਨ ਗਲਾਸ ਪੀ ਗਿਆ। ਪੈਸੇ ਦੇਣ ਦੀ ਵਾਰੀ ਆਈ ਤਾਂ ਜੂਸ ਵਾਲਾ ਤਿੰਨ ਗਲਾਸਾਂ ਦੇ ਪੈਸੇ ਮੰਗੇ ਤੇ ਉਹ ਕਹੇ ਕਿ ਉਸ ਨੇ ਇਕ ਗਲਾਸ ਹੀ ਪੀਣਾ ਸੀ। ਆਖਰ ਬਹਿਸ ਤੋਂ ਬਾਅਦ ਉਹ ਤਿੰਨ ਗਲਾਸਾਂ ਦੇ ਪੈਸੇ ਦੇ ਕੇ ਛੁੱਟਿਆ। ਭਾਵੇਂ ਉਸ ਨੂੰ ਲੱਲੂ ਕਹਿ ਲਵੋ ਜਾਂ ਮਹਾਤੜ, ਪਰ ਸੈਰ ਸਫਰ ਤੋਂ ਬਾਅਦ ਉਹ ਕਾਫੀ ਚੌਕੰਨਾ ਹੋ ਗਿਆ।
ਮੌਜੂਦਾ ਸਮੇਂ ਘੁੰਮਣਾ ਫਿਰਨਾ ਅਤੇ ਸੈਰ ਸਫਰ ਕਰਨਾ ਕਾਫੀ ਸੁਖਾਲਾ ਹੋ ਗਿਆ ਹੈ। ਥਾਵਾਂ ਅਤੇ ਸਧਾਨਾਂ ਬਾਰੇ ਜਾਣਕਾਰੀ ਆਨਲਾਈਨ ਲਈ ਜਾ ਸਕਦੀ ਹੈ ਅਤੇ ਬੁਕਿੰਗ ਆਨਲਾਈਨ ਕੀਤੀ ਜਾ ਸਕਦੀ ਹੈ। ਕਈ ਪਾਠਕਾਂ ਨੂੰ ਸ਼ਾਇਦ ਪੜ੍ਹ ਕੇ ਹੈਰਾਨੀ ਹੋਵੇ ਕਿ ਜਿੰਨੇ ਸਸਤੇ ਹੋਟਲ ਅਤੇ ਏਅਰ ਟਿਕਟਾਂ ਕੁਝ ਹੋਰ ਦੇਸ਼ਾਂ ਦੀਆਂ ਮਿਲ ਜਾਂਦੀਆਂ ਹਨ, ਓਨੀਆਂ ਭਾਰਤੀ ਸ਼ਹਿਰਾਂ ਦੇ ਹੋਟਲਾਂ ਅਤੇ ਹਵਾਈ ਜਹਾਜ਼ਾਂ ਦੀਆਂ ਨਹੀਂ ਹੁੰਦੀਆਂ। ਮੇਰੇ ਕੁਝ ਦੋਸਤ ਨੈਨੀਤਾਲ ਘੁੰਮ ਕੇ ਆਏ ਅਤੇ ਕੁਝ ਥਾਈਲੈਂਡ ਗਏ। ਦੋਵਾਂ ਦਾ ਖਰਚਾ ਕਰੀਬ ਇਕੋ ਜਿਹਾ ਆਇਆ। ਇਕ ਦਿਨ ਮੈਂ ਕਿਸੇ ਏਅਰਲਾਈਨ ਦੀਆਂ ਟਿਕਟਾਂ ਚੈਕ ਕਰ ਰਿਹਾ ਸੀ ਤਾਂ ਚੰਡੀਗੜ੍ਹ ਤੋਂ ਜੈਪੁਰ ਦੀ ਟਿਕਟ ਮਹਿੰਗੀ ਮਿਲਦੀ ਸੀ, ਚੰਡੀਗੜ੍ਹ ਤੋਂ ਬੈਂਕਾਕ (ਥਾਈਲੈਂਡ) ਦੀ ਏਅਰ ਟਿਕਟ ਸਸਤੀ ਸੀ। ਇਕ ਇਬਾਰਤ ਮੈਂ ਅਕਸਰ ਪੜ੍ਹਦਾ ਹਾਂ ਕਿ ਯਾਤਰਾ ਕਰਨ ਲਈ ਕੀਤਾ ਗਿਆ ਖਰਚਾ ਇਕੋ ਇਕ ਅਜਿਹਾ ‘ਖਰਚਾ' ਹੈ ਜੋ ਤੁਹਾਨੂੰ ‘ਅਮੀਰ' ਬਣਾਉਂਦਾ ਹੈ। ਰੋਜ਼ਾਨਾ ਦੀ ਭੱਜ ਦੌੜ, ਨੌਕਰੀ ਵਪਾਰ ਦੇ ਚੱਕਰਾਂ, ਇਕੋ ਜਿਹੀ ਰੁਟੀਨ ਨੂੰ ਤੋੜਨ ਅਤੇ ਰੂਹ ਨੂੰ ਤਾਜ਼ਗੀ ਦੇਣ ਲਈ ਸੈਰ ਸਫਰ ਬਹੁਤ ਜ਼ਰੂਰੀ ਹੈ।
ਅੱਜ ਕੱਲ੍ਹ ਡਾਕਟਰ ਵੀ ਸਲਾਹ ਦੇਣ ਲੱਗੇ ਹਨ ਕਿ ਪੌਣ ਪਾਣੀ ਤੇ ਹਵਾ ਬਦਲਣ ਨਾਲ ਬਹੁਤ ਸਾਰੀਆਂ ਮਾਨਸਿਕ ਤੇ ਸਰੀਰਕ ਬਿਮਾਰੀਆਂ ਦੂਰ ਭੱਜਦੀਆਂ ਹਨ, ਖਾਸ ਤੌਰ 'ਤੇ ਮਾਨਸਿਕ ਥਕਾਵਟ ਤੇ ਡਿਪਰੈਸ਼ਨ! ਪਹਾੜਾਂ ਦੀ ਤਾਜ਼ਗੀ, ਸਕੂਨ ਤੇ ਠਹਿਰਾਅ, ਸਮੁੰਦਰ ਦੀ ਵਿਸ਼ਾਲਤਾ, ਰੋਹਬ ਤੇ ਅਸਮਾਨ ਨਾਲ ਇਕਮਿਕਤਾ, ਮਾਰੂਥਲ ਦੀ ਵੀਰਾਨਗੀ, ਵੱਖਰੀ ਖੂਬਸੂਰਤੀ ਤੇ ਤਿੱਖੜ ਧੁੱਪ ਜਾਂ ਠੰਢ, ਕਿਸੇ ਸਥਾਨ ਦੀ ਰਮਣੀਕਤਾ ਜਾਂ ਇਤਿਹਾਸਕ ਥਾਵਾਂ ਦੀ ਵਿਸ਼ੇਸਤਾ ਤਾਂ ਆਪਣੀਆਂ ਅੱਖਾਂ ਨਾਲ ਹੀ ਅਨੁਭਵ ਕੀਤੀ ਜਾ ਸਕਦੀ ਹੈ। ਉਂਜ ਮੈਂ ਸੁਣ ਰੱਖਿਆ ਏ ਕਿ ਮਿਸਰ ਦੇ ਪਿਰਾਮਿਡ ਤੇ ਗਰੀਸ (ਯੂਨਾਨ) ਦਾ ਸੱਭਿਆਚਾਰ ਵੇਖਣ ਵਾਲਾ ਹੈ। ਗੱਲ ਵੇਖਿਆਂ ਹੀ ਬਣਦੀ ਹੈ। ਜਿਹੜੇ ਵਿਅਕਤੀ ਘੁੰਮਣ ਫਿਰਨ ਦੇ ਸ਼ੌਕੀਨ ਹੁੰਦੇ ਹਨ, ਉਨ੍ਹਾਂ ਕੋਲ ਕਹਿਣ ਸੁਣਾਉਣ ਲਿਖਣ ਲਈ ਗੱਲਾਂ ਵੀ ਬਹੁਤ ਹੁੰਦੀਆਂ ਹਨ। ਜਦੋਂ ਕੋਈ ਬੰਦਾ ਕੈਨੇਡਾ ਅਮਰੀਕਾ ਜਾਂ ਹੋਰ ਮੁਲਕ ਘੁੰਮ ਆਉਂਦਾ ਹੈ ਤਾਂ ਉਸ ਦੀਆਂ ਗੱਲਾਂ ਕਿਸੇ ਆਲੋਚਕ ਵਰਗੀਆਂ ਹੋ ਜਾਂਦੀਆਂ ਹਨ।
ਇਕ ਕਹਾਣੀ ਦਾ ਜ਼ਿਕਰ ਕਰਦਾ ਹਾਂ। ਦੋ ਦੋਸਤਾਂ ਨੇ ਆਪਣੀ ਨੌਕਰੀ ਇਕੱਠਿਆ ਸ਼ੁਰੂ ਕੀਤੀ ਸੀ। ਇਕ ਕਿਸੇ ਦਫਤਰ ਵਿੱਚ ਬਾਬੂ ਲੱਗ ਗਿਆ ਅਤੇ ਦੂਜਾ ਫੌਜ ਵਿੱਚ ਭਰਤੀ ਹੋ ਗਿਆ। ਦੋਵੇਂ ਸੇਵਾਮੁਕਤੀ ਤੋਂ ਬਾਅਦ ਆਪਣੇ ਸ਼ਹਿਰ ਵਿੱਚ ਇਕੱਠੇ ਹੋਏ ਅਤੇ ਸ਼ਾਮ ਦੀ ਸੈਰ 'ਤੇ ਮਿਲਣ ਲੱਗੇ। ਬਾਬੂ ਕੋਲ ਸੀਮਤ ਜਿਹੀਆਂ ਗੱਲਾਂ ਸਨ। ਫੌਜੀ ਅਫਸਰ ਵੱਖ-ਵੱਖ ਸ਼ਹਿਰਾਂ, ਲੋਕਾਂ ਤੇ ਥਾਵਾਂ ਦੀਆਂ ਗੱਲਾਂ ਸੁਣਾ ਕੇ ਸਾਥੀਆਂ ਦਾ ਦਿਲ ਲਾਈ ਰੱਖਦਾ ਕਿਉਂਕਿ ਉਸ ਨੇ ਵੱਖ-ਵੱਖ ਸ਼ਹਿਰਾਂ ਵਿੱਚ ਨੌਕਰੀ ਕੀਤੀ ਸੀ ਅਤੇ ਉਹ ਘੁੰਮਣ ਫਿਰਨ ਦਾ ਵੀ ਸ਼ੌਕੀਨ ਸੀ। ਸੁਭਾਵਿਕ ਹੈ ਕਿ ਉਸ ਕੋਲ ‘ਗੱਲਾਂ ਵਾਲਾ ਮਸਾਲਾ' ਵੀ ਜ਼ਿਆਦਾ ਸੀ। ਮੇਰੇ ਦਾਦਾ ਜੀ ਨੇ ਉਸ ਸਮੇਂ ਦਿੱਲੀ ਵਿੱਚ ਕੰਮ ਕੀਤਾ ਹੋਇਆ ਹੈ ਜਦੋਂ ਦਿੱਲੀ ਅੱਜ ਵਰਗੀ ਨਹੀਂ ਸੀ। ਉਨ੍ਹਾਂ ਸਾਈਕਲ ਉਤੇ ਦਿੱਲੀ ਘੁੰਮੀ ਹੋਈ ਸੀ। ਜਦੋਂ ਮੈਂ ਦਿੱਲੀ ਵਿਖੇ ਇਕ ਚੈਨਲ ਦੀ ਨੌਕਰੀ ਕਰਨ ਲੱਗਾ ਤਾਂ ਉਨ੍ਹਾਂ ਕੋਲ ਮੇਰੇ ਨਾਲ ਦਿੱਲੀ ਬਾਰੇ ਗੱਲ ਕਰਨ ਲਈ ਕਾਫੀ ਕੁਝ ਸੀ, ਜਦ ਕਿ ਮੇਰੇ ਦੋਸਤ ਜਾਂ ਜਾਣਕਾਰ ਜਿਨ੍ਹਾਂ ਲਈ ‘ਦਿੱਲੀ ਦੂਰ ਸੀ' ਉਹ ਬਸ ਇਹੋ ਪੁੱਛਦੇ ਸਨ ਕਿ ਹੋਰ ਕਿਵੇਂ ਚੱਲ ਰਹੀ ਐ ਨੌਕਰੀ?
ਜਿਸ ਕਿਸੇ ਨੇ ਨੂਰਮਹਿਲ ਦੀ ਸਰਾਂ, ਵਾਹਗੇ ਸੁਲੇਮਾਨਕੀ ਹੁਸੈਨੀਵਾਲਾ ਦੀ ਭਾਰਤ ਪਾਕਿ ਸਰਹੱਦ, ਪਟਿਆਲਾ ਦੀ ਖੂਬਸੂਰਤੀ, ਲੁਧਿਆਣੇ ਦਾ ਭੀੜ ਭੜੱਕਾ ਅਤੇ ਹੋਰ ਸ਼ਹਿਰਾਂ ਦੀ ਫਿਜ਼ਾ ਵੇਖੀ ਜਾਂ ਮਾਣੀ ਹ ਿਨਹੀਂ ਉਨ੍ਹਾਂ ਨਾਲ ਇਨ੍ਹਾਂ ਥਾਵਾਂ ਬਾਰੇ ਕੋਈ ਕੀ ਗੱਲ ਕਰੇ? ਇੰਜ ਹੀ ਜਿਸ ਨੇ ਅੰਮ੍ਰਿਤਸਰ ਦਾ ਕੁਲਚਾ, ਕੋਟਕਪੂਰੇ ਦਾ ਢੋਡਾ ਤੇ ਆਟਾ ਚਿਕਨ, ਫਾਜ਼ਿਲਕਾ ਦਾ ਤੋਸ਼ਾ, ਮਾਲੇਰਕੋਟਲਾ ਦਾ ਸੀਖ ਕਬਾਬ ਤੇ ਗੋਸ਼ਤ, ਖੰਨੇ ਵਾਲੇ ਬਾਬੇ ਦੀ ਸਾਗ ਮੱਕੀ ਦੀ ਰੋਟੀ, ਰੋਪੜ ਦੀ ਮੱਛੀ, ਭੈਣੀ ਸਾਹਿਬ ਦੀ ਬਰਫੀ ਤੇ ਪੰਜਾਬ ਦੇ ਰੋਡ ਸਾਈਡ ਮਸ਼ਹੂਰ ਢਾਬਿਆਂ ਦਾ ਖਾਣਾ ਖਾਧਾ ਨਹੀਂ, ਉਸ ਲਈ ‘ਸਭ ਭਲਾ ਚੰਗਾ' ਹੀ ਹੋਵੇਗਾ ਨਾ! ਇਸ ਲਈ ਇਹ ਕਹਿਣਾ ਬਣਦਾ ਹੈ ਕਿ ਸੈਰ ਸਪਾਟੇ ਦੀ ਜੀਵਨ ਵਿੱਚ ਬਹੁਤ ਮਹੱਤਤਾ ਹੈ। ਘੁੰਮ ਫਿਰ ਕੇ ਬੰਦੇ ਨੂੰ ਦੁਨੀਆ ਦੇ ਵੱਖ-ਵੱਖ ਰੰਗਾਂ ਦਾ ਪਤਾ ਲੱਗਦਾ ਹੈ ਜਾਂ ਕਹਿ ਲਵੋ ਬਹੁਮੁੱਲਾ ਤਜਰਬਾ ਹਾਸਲ ਹੁੰਦਾ ਹੈ ਜੋ ਸੁਚੱਜੇ ਢੰਗ ਨਾਲ ਜ਼ਿੰਦਗੀ ਜਿਉਣ ਲਈ ਜ਼ਰੂਰੀ ਹੁੰਦਾ ਹੈ।

 

Have something to say? Post your comment