Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਦਿੱਲੀ ਦਾ ਹਵਾ ਪ੍ਰਦੂਸ਼ਣ, ਸਿਆਸਤ ਤੇ ਸੁਝਾਅ

October 20, 2021 03:12 AM

-ਡਾਕਟਰ ਗੁਰਿੰਦਰ ਕੌਰ
ਹਰ ਸਾਲ ਸਰਦੀਆਂ ਸ਼ੁਰੂ ਹੂੰਦੇ ਸਾਰ ਦਿੱਲੀ ਹਵਾ ਦੇ ਪ੍ਰਦੂਸ਼ਣ ਦੀ ਲਪੇਟ ਵਿੱਚ ਆ ਜਾਂਦੀ ਹੈ। ਹਵਾ ਪ੍ਰਦੂਸ਼ਣ ਵਧ ਜਾਣ ਦੇ ਨਾਲ ਕੇਂਦਰ ਅਤੇ ਦਿੱਲੀ ਸਰਕਾਰਾਂ ਇਸ ਨੂੰ ਘਟਾਉਣ ਦੇ ਸਥਾਈ ਉਪਰਾਲੇ ਕਰਨ ਦੀ ਥਾਂ ਸਿਆਸਤ ਕਰਦੀਆਂ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਉਣ ਲੱਗ ਜਾਂਦੀਆਂ ਹਨ। ਆਖਰ ਇਸ ਦਾ ਸਾਰਾ ਦੋਸ਼ ਦਿੱਲੀ ਦੇ ਆਲੇ ਦੁਆਲੇ ਦੇ ਰਾਜਾਂ ਦੇ ਕਿਸਾਨਾਂ ਸਿਰ ਮੜ੍ਹ ਦਿੰਦੀਆਂ ਹਨ। ਅਕਤੂਬਰ ਦੇ ਸ਼ੁਰੂ ਵਿੱਚ ਜਦੋਂ ਝੋਨੇ ਦੀ ਫਸਲ ਦੀ ਕਟਾਈ ਹੁੰਦੀ ਹੈ ਤਾਂ ਅਗਲੀ ਫਸਲ ਬੀਜਣ ਲਈ ਬਹੁਤ ਥੋੜ੍ਹਾ ਸਮਾਂ ਬਚਦਾ ਹੈ, ਜਿਸ ਕਾਰਨ ਕਿਸਾਨ ਝੋਨੇ ਦੀ ਫਸਲ ਦੀ ਰਹਿੰਦ-ਖੂੰਹਦ (ਪਰਾਲੀ) ਨੂੰ ਅੱਗ ਲਾ ਕੇ ਖੇਤ ਖਾਲੀ ਕਰ ਕੇ ਅਗਲੀ ਫਸਲ ਦੀ ਬਿਜਾਈ ਦੀ ਤਿਆਰੀ ਕਰਨ ਲੱਗਦੇ ਹਨ। ਪਰਾਲੀ ਨੂੰ ਅੱਗ ਲਾਉਣ ਨਾਲ ਹਵਾ ਵਿੱਚ ਧੂੰਆਂ ਫੈਲਣ ਨਾਲ ਇਹ ਪ੍ਰਦੂਸ਼ਿਤ ਹੋ ਜਾਂਦੀ ਹੈ।
ਸਤੰਬਰ 2021 ਵਿੱਚ ਦਿੱਲੀ ਵਿੱਚ ਹਵਾ ਦੇ ਵਧਦੇ ਪ੍ਰਦੂਸ਼ਣ ਬਾਰੇ ਦੋ ਖੋਜ ਅਧਿਐਨਾਂ ਨੇ ਚਿੰਤਾ ਜਨਕ ਸਥਿਤੀ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਖੋਜ ਅਧਿਐਨ ਅਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਦਾ ਸੀ, ਜਿਸ ਅਨੁਸਾਰ ਹਵਾ ਦੇ ਪ੍ਰਦੂਸ਼ਣ ਨਾਲ ਦਮਾ, ਐਲਰਜੀ ਅਤੇ ਸਾਹ-ਨਾੜੀ ਦੀਆਂ ਬਿਮਾਰੀਆਂ ਦੇ ਨਾਲ ਲੋਕਾਂ ਦੀ ਔਸਤ ਉਮਰ ਵੀ ਘਟ ਜਾਂਦੀ ਹੈ ਤੇ ਜਿੰਨਾ ਵੱਧ ਕਿਸੇ ਥਾਂ ਹਵਾ ਦਾ ਪ੍ਰਦੂਸ਼ਣ ਹੋਵੇਗਾ, ਉਸੇ ਅਨੁਪਾਤ ਵਿੱਚ ਉਥੇ ਰਹਿੰਦੇ ਲੋਕਾ ਦੀ ਔਸਤ ਉਮਰ ਘਟੇਗੀ। ਇਸ ਰਿਪੋਰਟ ਅਨੁਸਾਰ ਦਿੱਲੀ ਵਿੱਚ ਰਹਿੰਦੇ ਲੋਕਾਂ ਦੀ ਉਮਰ 9.5 ਸਾਲ ਤੱਕ ਘੱਟ ਸਕਦੀ ਹੈ ਕਿਉਂਕਿ ਇੱਥੇ ਹਵਾ ਦੇ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਹੈ। ਦੇਸ਼ ਦੇ ਦੱਖਣੀ ਹਿੱਸੇ ਵੱਲ ਜਾਂਦਿਆਂ ਹਵਾ ਦੇ ਪ੍ਰਦੂਸ਼ਣ ਦਾ ਪੱਧਰ ਵੀ ਘਟਦਾ ਜਾਂਦਾ ਹੈ ਅਤੇ ਉਥੇ ਰਹਿੰਦੇ ਲੋਕਾਂ ਦੀ ਔਸਤ ਉਮਰ ਉੱਤੇ ਘੱਟ ਪ੍ਰਭਾਵ ਪੈਂਦਾ ਰਿਕਾਰਡ ਕੀਤਾ ਗਿਆ ਹੈ। ਦੂਜਾ ਖੋਜ ਅਧਿਐਨ ਭਾਰਤ ਦੇ ਲੰਗ ਕੇਅਰ ਫਾਊਂਡੇਸ਼ਨ ਦੇ ਡਾਕਟਰ ਅਰਵਿੰਦ ਕੁਮਾਰ ਅਤੇ ਪੁਨੇ ਦੀ ਪਲਮੋਕੇਅਰ ਰਿਸਰਚ ਐਂਡ ਐਜੂਕੇਸ਼ਨ ਫਾਊਂਡੇਸ਼ਨ ਦੇ ਡਾਕਟਰ ਸੰਦੀਪ ਸਾਲਵੀ ਨੇ ਮਿਲ ਕੇ ਕੀਤਾ ਹੈ। ਦੂਜਾ ਖੋਜ ਅਧਿਐਨ ਦਿੱਲੀ, ਮੈਸੂਰ ਤੇ ਕੋਟਾਯਾਮ ਦੇ ਸਕੂਲ ਜਾਣ ਵਾਲੇ ਬੱਚਿਆਂ ਦੀ ਸਿਹਤ ਉੱਤੇ ਹਵਾ ਦੇ ਪ੍ਰਦੂਸ਼ਣ ਦੇ ਅਸਰ ਬਾਰੇ ਹੈ। ਇਸ ਦੇ ਅਨੁਸਾਰ ਦਿੱਲੀ ਦੇ ਬੱਚਿਆਂ ਉਤੇ ਹਵਾ ਪ੍ਰਦੂਸ਼ਣ ਦਾ ਮੈਸੂਰ ਅਤੇ ਕੋਟਾਯਾਮ ਦੇ ਬੱਚਿਆਂ ਤੋਂ ਵੱਧ ਅਸਰ ਪੈ ਰਿਹਾ ਹੈ। ਦਿੱਲੀ ਵਿੱਚ ਸਕੂਲ ਜਾਂਦੇ ਤਿੰਨ ਬੱਚਿਆਂ ਵਿੱਚੋਂ ਇੱਕ ਦਮੇ ਦੀ ਬਿਮਾਰੀ ਤੋਂ ਪੀੜਤ ਹੈ, ਜਦੋਂ ਕਿ ਮੈਸੂਰ ਅਤੇ ਕੋਟਾਯਾਮ ਵਿੱਚ 22.6 ਫੀਸਦੀ ਬੱਚੇ ਦਮੇ ਦੇ ਰੋਗੀ ਹਨ। ਇਨ੍ਹਾਂ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਵਿੱਚ ਵਧ ਰਿਹਾ ਹਵਾ ਦਾ ਪ੍ਰਦੂਸ਼ਣ ਕਿਸੇ ਇੱਕ ਮਹੀਨੇ ਅਤੇ ਰੁੱਤ ਨਾਲ ਸੰਬੰਧਤ ਨਹੀਂ ਹੈ। ਇਹ ਦਿੱਲੀ ਵਿੱਚ ਸਾਰਾ ਸਾਲ ਰਹਿੰਦਾ ਹੈ ੱਤੇ ਦਿੱਲੀ ਲੰਮੇ ਸਮੇਂ ਤੋਂ ਇਸ ਦੀ ਲਪੇਟ ਵਿੱਚ ਆਈ ਹੋਈ ਹੈ।
ਪਰਾਲੀ ਸਾੜਨ ਨਾਲ ਧੂੰਆਂਖੀ ਧੁੰਦ ਦੀ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਹਵਾ ਦੇ ਚੱਲਣ ਦੀ ਚਾਲ ਬਹੁਤ ਘੱਟ ਹੋਵੇ, ਵਾਤਾਵਰਣ ਵਿੱਚ ਧੂੰਏਂ ਅਤੇ ਮਿੱਟੀ ਦੇ ਕਣ ਅਤੇ ਹਵਾ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਵੇ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦੀ 2020 ਦੀ ਇੱਕ ਖੋਜ ਅਨੁਸਾਰ 2017, 2018 ਅਤੇ 2019 ਵਿੱਚ ਹਵਾ ਦੇ ਚੱਲਣ ਦੀ ਗਤੀ ਬਹੁਤ ਘੱਟ ਸੀ, ਜਿਸ ਨਾਲ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨ ਨਾਲ ਹੋਇਆ ਪ੍ਰਦੂਸ਼ਣ ਦਿੱਲੀ ਤੱਕ ਪਹੁੰਚ ਨਹੀਂ ਸਕਦਾ ਸੀ। ਉਸ ਪ੍ਰਦੂਸ਼ਣ ਨਾਲ ਦਿੱਲੀ ਨਹੀਂ, ਸਗੋਂ ਇਨ੍ਹਾਂ ਸੂਬਿਆਂ ਦੀ ਹਵਾ ਪ੍ਰਦੂਸ਼ਿਤ ਹੋਈ ਸੀ।
ਭਾਰਤ ਵਿੱਚ ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਵਿੱਚ ਮਾਨਸੂਨ ਪੌਣਾਂ ਨਾਲ ਪਏ ਮੀਂਹ ਨੇ ਕਈ ਰਿਕਾਰਡ ਤੋੜ ਦਿੱਤੇ। ਇਸ ਸਾਲ ਇੱਥੇ ਆਮ ਨਾਲੋਂ ਅੱਸੀ ਫੀਸਦੀ ਵੱਧ ਮੀਂਹ ਪਿਆ ਹੈ। ਬਾਰੀ ਮੀਂਹ ਪੈਣ ਨਾਲ ਹਵਾ ਵਿਚਲੇ ਪ੍ਰਦੂਸ਼ਿਤ ਕਣ ਧਰਤੀ ਉਤੇ ਆ ਕੇ ਟਿਕ ਜਾਂਦੇ ਹਨ, ਜਿਸ ਨਾਲ ਏਅਰ ਕੁਆਲਿਟੀ ਇੰਡੈਕਸ ਚੰਗੀ ਸਥਿਤੀ ਵਿੱਚ ਪਹੁੰਚ ਜਾਂਦਾ ਹੈ। ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ ਅਨੁਸਾਰ 18 ਸਤੰਬਰ ਨੂੰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ ਭਾਰੀ ਮੀਂਹ ਪੈਣ ਤੋਂ ਬਾਅਦ ਵੀ 69 ਸੀ, ਜੋ ਚੰਗਾ ਨਹੀਂ, ਸਿਰਫ ਤਸੱਲੀ ਬਖਸ਼ ਸੀ। ਇਸ ਤੋਂ ਇਲਾਵਾ ਪੀ ਐੱਮ 10 ਅਤੇ ਪੀ ਐੱਮ 2.5 ਦੀ ਹਵਾ ਵਿੱਚ ਘਣਤਾ 67 ਅਤੇ 27 ਪ੍ਰਤੀ ਘਣ ਮੀਟਰ ਸੀ, ਜਿਨ੍ਹਾਂ ਨੂੰ ਨੈਸ਼ਨਲ ਮਾਪਦੰਡਾਂ ਅਨੁਸਾਰ ਚੰਗਾ ਤਾਂ ਨਹੀਂ ਤਸੱਲੀ ਬਖਸ਼ ਮੰਨਿਆ ਜਾਂਦਾ ਹੈ।
ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ ਅਨੁਸਾਰ 2021 ਵਿੱਚ ਜਨਵਰੀ ਤੋਂ ਅਗਸਤ ਦੇ ਅੰਤ ਤੱਕ ਇੱਕ ਦਿਨ ਵੀ ਦਿੱਲੀ ਵਾਸੀਆਂ ਨੂੰ ਚੰਗੀ ਗੁਣਵੱਤਾ ਵਾਲੀ ਹਵਾ ਨਹੀਂ ਮਿਲੀ। ਇਸ ਦੇ ਮੁਕਾਬਲੇ 2020 ਵਿੱਚ ਇਨ੍ਹਾਂ ਨੇ ਪੰਜ ਦਿਨ ਸਾਫ ਹਵਾ ਵਿੱਚ ਸਾਹ ਲਿਆ। ਪਿਛਲੇ ਪੰਜ ਸਾਲਾਂ ਵਿੱਚ ਸਿਰਫ ਨੌਂ ਦਿਨ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ ਚੰਗਾ ਰਿਹਾ। ਸਵਾਲ ਪੁੱਛਣਾ ਬਣਦਾ ਹੈ ਕਿ ਜੇ ਪਰਾਲੀ ਸਾੜਨ ਨਾਲ ਦਿੱਲੀ ਵਿੱਚ ਅਕਤੂਬਰ ਵਿੱਚ ਹਵਾ ਪ੍ਰਦੂਸ਼ਣ ਵਿੱਚ ਵਾਧਾ ਹੋ ਜਾਂਦਾ ਹੈ ਤਾਂ ਬਾਕੀ ਦੇ ਘੱਟੋ-ਘੱਟ 11 ਮਹੀਨੇ ਦਿੱਲੀ ਦੀ ਹਵਾ ਸਾਫ ਰਹਿਣੀ ਚਾਹੀਦੀ ਹੈ, ਪਰ ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ ਦੇ ਰਿਕਾਰਡ ਤੋਂ ਸਾਬਤ ਹੁੰਦਾ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਹਰ ਸਾਲ ਔਸਤਨ 1.8 ਦਿਨ ਹੀ ਦਿੱਲੀ ਵਾਸੀਆਂ ਨੂੰ ਸਾਫ ਹਵਾ ਮਿਲੀ ਹੈ। ਵਾਤਾਵਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਦਗੀ ਇੱਕ ਰਿਪੋਰਟ ਅਨੁਸਾਰ ਖੇਤੀ ਖੇਤਰ ਤੋਂ 2015 ਵਿੱਚ ਗਰੀਨਹਾਊਸ ਗੈਸਾਂ ਦੀ ਕੁੱਲ ਨਿਕਾਸੀ ਵਿੱਚੋਂ ਸਿਰਫ 16 ਫੀਸਦੀ ਹੋਈ ਸੀ ਜਿਹੜੀ 2016 ਵਿੱਚ ਘਟਾ ਕੇ 14 ਫੀਸਦੀ ਰਹਿ ਗਈ ਹੈ। ਊਰਜਾ ਖੇਤਰ, ਜਿਸ ਵਿੱਚ ਬਿਜਲੀ ਪੈਦਾ ਕਰਨ ਅਤੇ ਆਵਾਜਾਈ ਦੇ ਸਾਧਨ ਸ਼ਾਮਲ ਹਨ, ਤੋ 2014 ਵਿੱਚ 72.2 ਫੀਸਦੀ ਅਤੇ 2016 ਵਿੱਚ 75 ਫੀਸਦੀ ਗਰੀਨਹਾਊਸ ਗੈਸਾਂ ਦੀ ਨਿਕਾਸੀ ਹੋਈ ਹੈ। ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਖੇਤੀਬਾੜੀ ਖੇਤਰ ਜਾਂ ਦਿੱਲੀ ਦੇ ਆਲੇ ਦੁਆਲੇੇ ਦੇ ਰਾਜਾਂ ਨੇ ਕਿਸਾਨ ਨਹੀਂ, ਸਗੋਂ ਮੁੱਖ ਤੌਰ 'ਤੇ ਦਿੱਲੀ ਦੇ ਸਥਾਨਕ ਸਰੋਤ ਹੀ ਜ਼ਿੰਮੇਵਾਰ ਹਨ।
ਦਿੱਲੀ ਦੇ ਮੁੱਖ ਮੰਤਰੀ ਨੇ ਜਿਹੜਾ ਦਿੱਲੀ ਦੇ ਸਰਦੀਆਂ ਦੇ ਪ੍ਰਦੂਸ਼ਣ ਨਾਲ ਨਜਿੱਠਣ ਦਾ 10 ਨੁਕਾਤੀ ਵਿੰਟਰ ਐਕਸ਼ਨ ਪਲਾਨ ਬਣਾਇਆ ਹੈ, ਉਸ ਵਿੱਚ ਸ਼ਾਮਲ ਨੁਕਤੇ (1) ਪਰਾਲੀ ਤੋਂ ਖਾਦ ਬਣਾਉਣਾ, (2) ਉਸਾਰੀ ਦੇ ਕੰਮਾਂ ਤੋਂ ਪੈਦਾ ਹੋਣ ਵਾਲੇ ਧੂੜ ਤੇ ਮਿੱਟੀ ਦੇ ਕਣਾਂ ਨੂੰ ਘਟਾਉਣਾ, (3) ਕੂੜੇ ਦੇ ਢੇਰਾਂ ਨੂੰ ਅੱਗ ਲਗਾਉਣ ਉਤੇ ਰੋਕ ਲਗਾਉਣੀ, (4) ਪਟਾਕੇ ਬਣਾਉਣ ਅਤੇ ਚਲਾਉਣ ਉਤੇ ਰੋਕ ਲਾਉਣਾ, (5) ਮੋਟਰ ਗੱਡੀਆਂ ਦੇ ਪ੍ਰਦੂਸ਼ਣ ਨੂੰ ਘਟਾਉਣ ਦੇ ਉਪਰਾਲੇ ਕਰਨਾ (6) ਦਿੱਲੀ ਵਿੱਚ ਹੋਰ ਸਮੌਗ ਟਾਵਰ ਲਗਾਉਣੇ, (7) ਹਵਾ ਦਾ ਜ਼ਿਆਦਾ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਹਰ ਤਰ੍ਹਾਂ ਦੀਆਂ ਇਕਾਈਆਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਉਤੇ ਨਿਗਰਾਨੀ ਰੱਖਣੀ, (8) ਈਕੋ ਵੇਸਟ ਪਾਰਕ ਬਣਾਉਣਾ, (9) ਗਰੀਨ ਵਾਰ ਰੂਮਜ਼ ਨੂੰ ਮਜ਼ਬੂਤ ਕਰਨਾ ਅਤੇ (10) ਗਰੀਨ ਐਪ ਹਨ।
ਸਰਦੀਆਂ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਇਨ੍ਹਾਂ 10 ਨੁਕਤਿਆਂ ਵਿੱਚੋਂ ਸਿਰਫ ਇੱਕ ਨੁਕਤਾ ਖੇਤੀ ਤੇ ਦਿੱਲੀ ਦੇ ਨਾਲ ਲੱਗਦੇ ਰਾਜਾਂ ਨਾਲ ਸੰਬੰਧਤ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਰਾਲੀ ਸਾੜਨ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ, ਪਰ ਸਾਰਾ ਦੋਸ ਇਸ ਉੱਤੇ ਮੜ੍ਹ ਦੇਣਾ ਨਿਆਂ ਪੂਰਨ ਨਹੀਂ। ਪਿਛਲੇ ਸਾਲ ਕੇਂਦਰ ਸਰਕਾਰ ਨੇ ਆਪ ਮੰਨਿਆ ਕਿ ਪਰਾਲੀ ਸਾੜਨ ਨਾਲ ਦਿੱਲੀ ਦੇ ਹਵਾ ਦੇ ਕੁੱਲ ਪ੍ਰਦੂਸ਼ਣ ਵਿੱਚ 4.6 ਫੀਸਦੀ ਵਾਧਾ ਹੁੰਦਾ ਹੈ ਤੇ ਬਾਕੀ 94.96 ਫੀਸਦੀ ਵਾਧਾ ਹੋਰ ਸਰੋਤਾਂ ਤੋਂ ਹੁੰਦਾ ਹੈ। ਦਿੱਲੀ ਦੇ ਮੁੱਖ ਮੰਤਰੀ ਦਾ ਇਹ 10 ਨੁਕਾਤੀ ਪ੍ਰੋਗਰਾਮ ਵੀ ਸਾਫ ਦੱਸਦਾ ਹੈ ਕਿ ਨੌਂ ਨੁਕਤੇ ਦਿੱਲੀ ਸ਼ਹਿਰ ਦੀਆਂ ਸਥਾਨਕ ਗਤੀਵਿਧੀਆਂ ਨਾਲ ਜੁੜੇ ਹਨ। ਇਸ ਲਈ ਦਿੱਲੀ ਸਰਕਾਰ ਨੂੰ ਚਾਹੀਦਾ ਹੈ ਕਿ ਦਿੱਲੀ ਵਿੱਚ ਵਧਦੇ ਹਵਾ ਦੇ ਪ੍ਰਦੂਸ਼ਣ ਉਤੇ ਕਾਬੂ ਪਾਉਣ ਲਈ ਸਥਾਨਕ ਪ੍ਰਦੂਸ਼ਣ ਸਰੋਤਾਂ ਦੀ ਨਿਸ਼ਾਨਦੇਹੀ ਕਰ ਕੇ ਯਤਨ ਕਰੇ, ਨਾ ਕਿ ਸਾਰਾ ਦੋਸ਼ ਗੁਆਂਢੀ ਰਾਜਾਂ ਉੱਤੇ ਮੜ੍ਹ ਕੇ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਵਿੱਚ ਸਮਾਂ ਨਸ਼ਟ ਕਰੇ। ਇਸ 10 ਨੁਕਾਤੀ ਵਿੰਟਰ ਪਲਿਊਸ਼ਨ ਕੰਟਰੋਲ ਐਕਸ਼ਨ ਪਲਾਨ ਨੂੰ ਸਿਰਫ ਸਰਦੀਆਂ ਵਿੱਚ ਨਹੀਂ, ਸਗੋਂ ਨਿਯਮਬੱਧ ਤਰੀਕੇ ਨਾਲ ਪੱਕੇ ਤੌਰ 'ਤੇ ਲਾਗੂ ਕਰ ਦੇਵੇ। ਇਸ ਤਰ੍ਹਾਂ ਕਰਨ ਨਾਲ ਦਿੱਲੀ ਵਿਚਲਾ ਹਵਾ ਦਾ ਪ੍ਰਦੂਸ਼ਣ ਘਟਨਾ ਸ਼ੁਰੂ ਹੋ ਜਾਵੇਗਾ।
ਆਈ ਕਿਊ ਏਅਰ ਸੰਸਥਾ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ 2021 ਵਿੱਚ 30,000 ਲੋਕਾਂ ਦੀ ਮੌਤ ਹਵਾ ਦੇ ਪ੍ਰਦੂਸ਼ਣ ਕਾਰਨ ਹੋਈ ਅਤੇ ਪੰਜ ਬਿਲੀਅਨ ਅਮਰੀਕੀ ਡਾਲਰਾਂ ਦਾ ਆਰਥਿਕ ਘਾਟਾ ਪਿਆ ਹੈ। ਦਿੱਲੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਆਵਾਜਾਈ ਦੇ ਜਨਤਕ ਸਾਧਨ ਜਨਸੰਖਿਆ ਦੇ ਅਨੁਪਾਤ ਵਿੱਚ ਵਧਾਵੇ ਤੇ ਇਨ੍ਹਾਂ ਨੂੰ ਇੰਨੇ ਚੁਸਤ-ਦਰੁਸਤ ਕਰ ਦੇਵੇ ਕਿ ਲੋਕ ਨਿੱਜੀ ਸਾਧਨਾਂ ਦੀ ਥਾਂ ਉਤੇ ਜਨਤਕ ਸਾਧਨਾਂ ਨੂੰ ਤਰਜੀਹ ਦੇਣ। ਤੇਲ ਅਤੇ ਕੋਲੇ ਨਾਲ ਚੱਲਣ ਵਾਲੀਆਂ ਸਾਰੇ ਤਰ੍ਹਾਂ ਦੀਆਂ ਉਦਯੋਗਿਕ ਇਕਾਈਆਂ, ਆਵਾਜਾਈ ਦੇ ਸਾਧਨਾਂ, ਬਿਜਲੀ ਪੈਦਾ ਕਰਦੇ ਪਲਾਂਟਾਂ ਵਿੱਚ ਨਵਿਆਉਣ ਯੋਗ ਸਾਧਨਾਂ ਤੋਂ ਊਰਜਾ ਪੈਦਾ ਕਰਨ। ਦਿੱਲੀ ਵਿੱਚ ਪੁਰਾਣੇ ਦਰੱਖਤ ਪੁੱਟਣ ਉੱਤੇ ਪੂਰਨ ਰੋਕ ਲਗਾਵੇ ਅਤੇ ਸਜਾਵਟੀ ਦੀ ਬਜਾਏ ਰਵਾਇਤੀ ਦਰੱਖਤ ਲਗਾਉਣ ਦੀ ਵਿਉਂਤਬੰਦੀ ਕਰੇ। ਅਰਾਵਲੀ ਪਹਾੜੀ ਅਤੇ ਉਥੋਂ ਦੇ ਜੰਗਲਾਂ ਦੀ ਉਚੇਚੇ ਤੌਰ 'ਤੇ ਸਾਂਭ-ਸੰਭਾਲ ਕਰੇ ਤਾਂ ਕਿ ਰਾਜਸਥਾਨ ਤੋੇਂ ਆਉਣ ਵਾਲੀਆਂ ਰੇਤ ਨਾਲ ਭਰੀਆਂ ਹਵਾਵਾਂ ਅਤੇ ਦਿੱਲੀ ਵਿੱਚ ਵਧਦੀਆਂ ਗਰੀਨਹਾਊਸ ਗੈਸਾਂ ਸੋਖ ਕੇ ਇੱਥੋਂ ਦਾ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਮਿਲੇਗੀ। ਇਸ 'ਤੇ ਅਮਲ ਕਰ ਕੇੇ ਸਹਿਜੇ ਹੀ ਹਵਾ ਦੇ ਪ੍ਰਦੂਸ਼ਣ ਉਪਰ ਕਾਬੂ ਪਾਇਆ ਜਾ ਸਕਦਾ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ