Welcome to Canadian Punjabi Post
Follow us on

16

October 2018
ਸੰਪਾਦਕੀ

ਕਿੰਨੇ ਕੁ ਅਧਿਕਾਰ ਹਨ ਸਕੂਲ ਟਰੱਸਟੀਆਂ ਦੇ ਹੱਥ

September 13, 2018 08:56 AM

ਅਕਤੂਬਰ ਵਿੱਚ ਹੋ ਰਹੀਆਂ ਮਿਉਂਸੀਪਲ ਚੋਣਾਂ ਦੇ ਨਾਲ 2 ਵੱਖੋ ਵੱਖਰੇ ਸਕੂਲ ਬੋਰਡ ਦੇ ਟਰੱਸਟੀਆਂ ਲਈ ਵੀ ਵੋਟਾਂ ਪੈ ਰਹੀਆਂ ਹਨ। ਸਕੂਲ ਟਰੱਸਟੀਆਂ ਦੀ ਚੋਣ ਰਿਵਾਇਤੀ ਰੂਪ ਵਿੱਚ ਕੋਈ ਬਹੁਤੀ ਮੁਕਬਾਲੇਬਾਜ਼ੀ ਵਾਲੀ ਨਹੀਂ ਰਹੀ ਹੈ ਅਤੇ ਇੱਕ ਦਹਾਕਾ ਕੁ ਪਹਿਲਾਂ ਪੰਜਾਬੀ ਭਾਈਚਾਰੇ ਦੀ ਇਸ ਰੋਲ ਵਿੱਚ ਬਹੁਤੀ ਦਿਲਚਸਪੀ ਵੀ ਨਹੀਂ ਸੀ ਹੁੰਦੀ। ਕਿਉਂਕਿ ਸਕੂਲ ਟਰੱਸਟੀ ਦੀ ਚੋਣ ਇੱਕ ਪਬਲਿਕ ਚੋਣ ਪ੍ਰਕਿਰਿਆ ਹੈ, ਸਿਆਸੀ ਰੂਪ ਵਿੱਚ ਹੋਰ ਕਮਿਉਨਿਟੀਆਂ ਨਾਲੋਂ ਵੱਧ ਸਰਗਰਮ ਪੰਜਾਬੀ ਕਮਿਉਨਿਟੀ ਦੇ ਕੁੱਝ ਲੋਕਾਂ ਨੇ ਇਸ ਚੋਣ ਨੂੰ ਆਪਣਾ ਸਿਆਸੀ ਕੈਰੀਅਰ ਬਣਾਉਣ ਵਾਲੀ ਪੀੜੀ ਦੇ ਡੰਡੇ ਵਾਗੂੰ ਵਰਤਣ ਦੀ ਜਰੂਰ ਸੋਚਿਆ ਹੈ। ਸਾਬਕਾ ਪ੍ਰੋਵਿੰਸ਼ੀਅਲ ਕੈਬਨਿਟ ਮੰਤਰੀ ਹਰਿੰਦਰ ਮੱਲ੍ਹੀ ਇਸ ਸੋਚ ਦੀ ਇੱਕ ਸਫ਼ਲ ਮਿਸਾਲ ਆਖੀ ਜਾ ਸਕਦੀ ਹੈ। ਮਜ਼ੇਦਾਰ ਗੱਲ ਹੈ ਕਿ ਇਸ ਵਾਰ ਸਕੂਲ ਟਰੱਸਟੀਆਂ ਦੀ ਚੋਣ ਵਿੱਚ ਪੰਜਾਬੀ ਭਾਈਚਾਰੇ ਦੇ ਕਈ ਉਮੀਦਵਾਰਾਂ ਨੇ ਉਵੇਂ ਹੀ ਜੋ਼ਰ ਲਾਇਆ ਹੋਇਆ ਹੈ ਜਿਵੇਂ ਸਿਟੀ ਕਾਉਂਸਲਰਾਂ ਜਾਂ ਐਮ ਪੀ ਪੀ/ਐਮ ਪੀ ਲਈ ਚੋਣ ਲੜ ਰਹੇ ਹੋਣ। ਕਈ ਉਮੀਦਵਾਰਾਂ ਵੱਲੋਂ ਰੱਬ ਜਿੱਡੇ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਵੇਖਣਾ ਬਣਦਾ ਹੈ ਕਿ ਅਸਲ ਵਿੱਚ ਸਕੂਲ ਟਰੱਸਟੀਆਂ ਦਾ ਰੋਲ ਹੁੰਦਾ ਕਿਹੋ ਜਿਹਾ ਹੈ?

ਅਸੀਂ ਆਪਣਾ ਤਰਕ ਪੀਲ ਡਿਸਟ੍ਰਕਿਟ ਸਕੂਲ ਬੋਰਡ ਵਿੱਚ ਟਰੱਸਟੀਆਂ ਦੇ ਰੋਲ ਨੂੰ ਆਧਾਰ ਬਣਾ ਕੇ ਕਰਨ ਜਾ ਰਹੇ ਹਾਂ। ਕਾਰਣ ਇਹ ਕਿ ਜੋ ਗੱਲ ਪੀਲ ਬੋਰਡ ਉੱਤੇ ਸਹੀ ਢੁੱਕਦੀ ਹੈ, ਉੱਨੀ ਇੱਕੀ ਦੇ ਫ਼ਰਕ ਨਾਲ ਉਹ ਟੋਰਾਂਟੋ ਸਕੂਲ ਬੋਰਡ ਜਾਂ ਉਂਟੇਰੀਓ ਦੇ ਕਿਸੇ ਹੋਰ ਸਕੂਲ ਬੋਰਡ ਉੱਤੇ ਵੀ ਬਰਾਬਰ ਹੀ ਢੁੱਕਦੀ ਹੈ।

 

ਉਂਟੇਰੀਓ ਵਿੱਚ ਸਕੂਲ ਬੋਰਡ ਟਰੱਸਟੀਆਂ ਨੂੰ ਇੱਕ ਵਾਲੰਟੀਅਰ ਵਜੋਂ ਮੰਨਿਆ ਜਾਂਦਾ ਹੈ ਜਿਸਦਾ ਅਰਥ ਹੈ ਕਿ ਉਹਨਾਂ ਦੀ ਮੇਅਰ ਜਾਂ ਸਿਟੀ ਕਾਉਂਸਲਰਾਂ ਵਾਗੂੰ ਕੋਈ ਤਨਖਾਹ ਨਹੀਂ ਹੁੰਦੀ। ਉਹਨਾਂ ਨੂੰ ਜੋ ਥੋੜਾ ਬਹੁਤਾ ਪੈਸਾ ਮਿਲਦਾ ਹੈ, ਉਹ ਮਾਣ ਭੱਤਾ ਹੁੰਦਾ ਹੈ ਜਿਸਨੂੰ ਅੰਗਰੇਜ਼ੀ Honoraria ਵਿੱਚ ਆਖਦੇ ਹਨ। ਪੀਲ ਡਿਸਟ੍ਰਕਿਟ ਸਕੂਲ ਬੋਰਡ ਨੇ ਆਪਣੇ ਟਰੱਸਟੀਆਂ ਲਈ ਸਾਲ 2014 ਤੋਂ ਸਾਲ 2018 ਤੱਕ ਸਾਲਾਨਾ ਮਾਣ ਭੱਤਾ 26,736 ਡਾਲਰ ਨਿਰਧਾਰਤ ਕੀਤਾ ਸੀ। ਸਕੂਲ ਬੋਰਡ ਦੇ ਚੇਅਰ ਅਤੇ ਵਾਈਸ ਚੇਅਰ ਨੂੰ ਕਰਮਵਾਰ 5000 ਡਾਲਰ ਅਤੇ 2500 ਡਾਲਰ ਜਿ਼ਆਦਾ ਮਿਲਦੇ ਹਨ। ਸੋ ਜਿਹੜੇ ਲੋਕ ਕਾਮਯਾਬ ਬਿਜਸਨ/ਨੌਕਰੀਆਂ ਛੱਡ ਕੇ ਫੁੱਲ ਟਾਈਮ ਪ੍ਰਚਾਰ ਕਰ ਰਹੇ ਹਨ ਅਤੇ ਵੋਟਰਾਂ ਦੀਆਂ ਬਰੂਹਾਂ ਉੱਤੇ ਆ ਕੇ ਚੌਵੀ ਘੰਟੇ ਤੁਹਾਡੇ ਬੱਚੇ ਦੀ ਸਕੂਲ ਵਿੱਚ ਸਫ਼ਲਤਾ ਲਈ ਕੰਮ ਕਰਨ ਦੇ ਵਾਅਦੇ ਕਰ ਰਹੇ ਹਨ, ਉਹ ਇੱਕ ਸਿਕਿਉਰਿਟੀ ਗਾਰਡ ਤੋਂ ਵੀ ਘੱਟ ਪੈਸੇ ਲਈ ਕਿਉਂ ਕਰ ਰਹੇ ਹਨ? ਕੀ ਉਹ ਇਹ ਚੋਣ ਸੱਚਮੁੱਚ ਵਿੱਚ ਸਮਾਜ ਸੇਵਾ ਦੀ ਭਾਵਨਾ ਨਾਲ ਕਰ ਰਹੇ ਹਨ ਜਾਂ ਕਮਿਉਨਿਟੀ ਵਿੱਚ ਆਪਣਾ ਨਾਮ ਚਮਕਾਉਣ ਦੀ ਲਾਲਸਾ ਨਾਲ? ਵੋਟ ਮੰਗਣ ਵਾਲੇ ਹਰ ਸਕੂਲ ਟਰੱਸਟੀ ਤੋਂ ਉਸਦੇ ਮਨੋਰਥ ਬਾਰੇ ਸੁਆਲ ਪੁੱਛਣਾ ਬਣਦਾ ਹੈ।

ਹੁਣ ਗੱਲ ਆਉਂਦੀ ਹੈ ਕਿ ਟਰੱਸਟੀਆਂ ਦਾ ਰੋਲ ਕੀ ਹੁੰਦਾ ਹੈ? ਟਰੱਸਟੀਆਂ ਦਾ ਰੋਲ ਉਂਟੇਰੀਓ ਸਕੂਲ ਐਕਟ ਤਹਿਤ ਨਿਰਧਾਰਤ ਹੁੰਦਾ ਹੈ। ਇਸ ਕਰਕੇ ਥੋੜੇ ਬਹੁਤੇ ਫਰਕ ਨਾਲ ਉਹਨਾਂ ਦਾ ਉਂਟੇਰੀਓ ਭਰ ਵਿੱਚ ਇੱਕੋ ਜਿਹਾ ਰੋਲ ਹੁੰਦਾ ਹੈ। ਸੱਭ ਤੋਂ ਮਹਤੱਵਪੂਰਣ ਗੱਲ ਇਹ ਹੈ ਕਿ ਕਿਸੇ ਵੀ ਸਕੂਲ ਟਰੱਸਟੀ ਕੋਲ ਕੋਈ ਨਿੱਜੀ ਅਥਾਰਟੀ ਜਾਂ ਅਧਿਕਾਰ ਨਹੀਂ ਹੁੰਦਾ। ਹਾਂ ਉਸਦੀ ਆਪਣੇ ਵਾਰਡ ਦੇ ਵੋਟਰਾਂ ਪ੍ਰਤੀ ਨਿੱਜੀ ਜੁੰਮੇਵਾਰੀ ਜਰੂਰ ਹੁੰਦੀ ਹੈ ਜਿਸਦਾ ਅਰਥ ਹੈ ਕਿ ਕੋਈ ਟਰੱਸਟੀ ਸਕੂਲ ਸਿਸਟਮ ਤੋਂ ਆਪਣੇ ਨਿੱਜੀ ਅਧਿਕਾਰ ਨਾਲ ਕੋਈ ਕੰਮ ਨਹੀਂ ਕਰਵਾ ਸਕਦਾ ਪਰ ਜੇ ਸਕੂਲ ਸਿਸਟਮ ਵਿੱਚ ਕੋਈ ਤਰੂਟੀ ਹੋਵੇ ਤਾਂ ਉਸਦੀ ਜਵਾਬਦੇਹੀ ਉਹ ਨਿੱਜੀ ਰੂਪ ਵਿੱਚ ਕਰੇਗਾ ਕਿਉਂਕਿ ਉਸਨੇ ਬੋਰਡ ਵਜੋਂ ਫੈਸਲੇ ਕਰਨ ਵਿੱਚ ਹਿੱਸਾ ਲਿਆ ਹੁੰਦਾ ਹੈ।

ਸੋ ਜੇ ਕੋਈ ਟਰੱਸਟੀ ਆਖੇ ਕਿ ਉਹ ਤੁਹਾਡੇ ਬੱਚੇ ਲਈ ਸਕੂਲ ਬੋਰਡ ਤੋਂ ਆਹ ਕਰਵਾ ਦੇਵੇਗਾ ਜਾਂ ਔਹ ਕਰਵਾ ਦੇਵੇਗਾ, ਉਹ ਮੁਮਕਿਨ ਨਹੀਂ ਹੈ। ਸਕੂਲ ਟਰੱਸਟੀਆਂ ਦਾ ਮਹੱਤਵਪੂਰਣ ਰੋਲ ਇਹ ਹੈ ਕਿ ਉਹ ਸਕੂਲ ਬੋਰਡ ਅਤੇ ਕਮਿਉਨਿਟੀ ਦਰਮਿਆਨ ਇੱਕ ਕੜੀ ਵਾਗੂੰ ਕੰਮ ਕਰਦੇ ਹਨ। ਜਿਸਦਾ ਅਰਥ ਹੈ ਕਿ ਉਹ ਬੋਰਡ ਮੀਟਿੰਗਾਂ ਵਿੱਚ ਕਮਿਉਨਿਟੀ ਦੇ ਮੁੱਦਿਆਂ ਦੀ ਆਵਾਜ਼ ਚੁੱਕ ਸਕਦੇ ਹਨ, ਪਰ ਜੇ ਅਜਿਹਾ ਕਰਨ ਦੀ ਉਹਨਾਂ ਦੀ ਇੱਛਾ ਅਤੇ ਲਿਆਕਤ ਹੋਵੇ। ਸੁਆਲ ਹੈ ਕਿ 12 ਮੈਂਬਰੀ ਟੀਮ ਵਿੱਚ ਇੱਕ ਆਵਾਜ਼ ਕਿੰਨੀ ਕੁ ਮਜ਼ਬੂਤ ਹੋ ਸਕਦੀ ਹੈ? ਸਕੂਲ ਬੋਰਡ ਦੇ ਹਿੱਸੇ ਵਜੋਂ ਟਰੱਸਟੀ ਸਾਂਝੇ ਰੂਪ ਵਿੱਚ ਸਕੂਲਾਂ ਲਈ ਪਾਲਸੀਆਂ ਬਣਾਉਂਦੇ ਹਨ, ਸਾਲਾਨਾ ਬੱਜਟ ਤੈਅ ਕਰਦੇ ਹਨ ਅਤੇ ਸਕੂਲ ਸਿਲੇਬਸ ਦੀਆਂ ਮੱਦਾਂ ਬਾਰੇ ਫੈਸਲੇ ਕਰਦੇ ਹਨ। ਆਪਣੀ ਇਸ ਸਾਝੀ ਅਥਾਰਟੀ ਤਹਿਤ ਹੀ ਪਿਛਲੇ ਦਿਨੀਂ ਕਈ ਸਕੂਲ ਬੋਰਡਾਂ ਨੇ ਡੱਗ ਫੋਰਡ ਸਰਕਾਰ ਦੇ ਆਦੇਸ਼ ਦੇ ਵਿਰੋਧ ਵਿੱਚ ਜਾ ਕੇ ਕੈਥਲਿਨ ਵਿੱਨ ਦੇ ਨਵੇਂ ਸੈਕਸ ਸਿਲੇਬਸ ਨੂੰ ਲਾਗੂ ਕਰਨ ਦੇ ਐਲਾਨ ਕੀਤੇ ਹਨ। ਇਹ ਇੱਕ ਸੁਆਲ ਜਰੂਰ ਹੈ ਜੋ ਚੋਣ ਲੜ ਰਹੇ ਟਰੱਸਟੀਆਂ ਤੋਂ ਪੁੱਛਿਆ ਜਾ ਸਕਦਾ ਹੈ ਕਿ ਉਹ ਇਸ ਮੁੱਦੇ ਉੱਤੇ ਕਿੱਥੇ ਖੜੇ ਹਨ।

Have something to say? Post your comment