Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਮੈਂ ਸਰਕਾਰੀ ਸਕੂਲ ਵਿੱਚ ਪੜ੍ਹਦਾ ਹਾਂ

December 20, 2018 09:24 AM

-ਨੀਰਜ ਯਾਦਵ
ਮੈਂ ਅਕਸਰ ਆਪਣੇ ਸਕੂਲ ਅਤੇ ਆਪਣੇ ਦੋਸਤ ਹਰਮਨ ਦੇ ਸਕੂਲ ਵਿੱਚ ਫਰਕ ਸਮਝਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਮੇਰੀ ਛੋਟੀ ਉਮਰ ਮੈਨੂੰ ਇਸ ਫਰਕ ਨੂੰ ਸਮਝਣ ਨਹੀਂ ਦਿੰਦੀ। ਉਸ ਦੇ ਸਕੂਲ ਦਾ ਨਾਂ ਸੇਠ ਕਰੋੜੀ ਮੱਲ ਸਕੂਲ ਹੈ ਤੇ ਮੇਰੇ ਸਕੂਲ ਦਾ ਨਾਂ ਸਰਕਾਰੀ ਪ੍ਰਾਇਮਰੀ ਸਕੂਲ। ਕੀ ਇਨ੍ਹਾਂ ਦੋਵਾਂ ਨਾਵਾਂ 'ਚ ਕੋਈ ਫਰਕ ਹੈ ਜਾਂ ਅਸਲੀ ਫਰਕ ਹੀ ਇਨ੍ਹਾਂ ਨਾਵਾਂ ਕਰਕੇ ਹੈ? ਇਹ ਸਵਾਲ ਅਜੇ ਅਣਸੁਲਝਿਆ ਹੈ। ਮੇਰਾ ਬਾਪ ਆਪਣੇ ਮਿੱਟੀ ਨਾਲ ਭਰੇ ਕੱਪੜੇ ਝਾੜਦਾ ਤੇ ਪਸੀਨੇ ਦੀ ਮੁਸ਼ਕ ਮਾਰਦੇ ਸਰੀਰ ਨੂੰ ਮੇਰੇ ਕੋਲ ਲਿਆ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ, ‘ਪੁੱਤਰਾ! ਕੋਈ ਫਰਕ ਨਹੀਂ ਦੋਵਾਂ ਸਕੂਲਾਂ ਵਿੱਚ। ਸਭ ਅਮੀਰਾਂ ਦੇ ਚੋਂਚਲੇ ਹਨ। ਮੈਨੂੰ ਉਸ ਦੀਆਂ ਅੱਖਾਂ ਵਿੱਚੋਂ ਬੇਬਸੀ ਝਲਕਦੀ ਸਾਫ ਵਿਖਾਈ ਦਿੰਦੀ ਹੈ। ਦਿਲੋਂ ਤਾਂ ਉਹ ਵੀ ਮੈਨੂੰ ਸੇਠ ਕਰੋੜੀ ਮੱਲ ਸਕੂਲ ਵਿੱਚ ਪੜ੍ਹਾਉਣਾ ਚਾਹੁੰਦਾ ਹੈ, ਪਰ ਜੇਬ ਸਾਥ ਨਹੀਂ ਦਿੰਦੀ ਉਸ ਦੀ। ਇਸ ਲਈ ਮੈਂ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ।
ਜਦ ਮੈਂ ਸਰਕਾਰੀ ਸਕੂਲ ਵਿੱਚ ਜਾਂਦਾ ਹਾਂ ਤਾਂ ਓਥੇ ਮੁਰੰਮਤ ਮੰਗਦੀ ਇਮਾਰਤ ਮੈਨੂੰ ਪਿਆਰ ਨਾਲ ਆਪਣੇਪਣ ਦਾ ਅਹਿਸਾਸ ਕਰਾਉਂਦੀ ਜਾਪਦੀ ਹੈ। ਇੰਜ ਲੱਗਦਾ ਹੈ ਕਿ ਜਿਵੇਂ ਉਹ ਆਪਣੀ ਉਮਰ ਪੁਗਾ ਚੁੱਕੀ ਹੋਣ ਦੇ ਬਾਵਜੂਦ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਉਣ ਲਈ ਬਿਲਕੁਲ ਤਰੋਤਾਜ਼ਾ ਹੈ। ਸਕੂਲ ਦੇ ਆਂਗਨ ਵਿੱਚ ਪੜ੍ਹਦੇ ਤੇ ਖੇਡਦੇ ਬੱਚੇ ਮੈਨੂੰ ਸੇਠ ਕਰੋੜੀ ਮੱਲ ਸਕੂਲ ਦੇ ਬੱਚਿਆਂ ਵਰਗੇ ਹੀ ਲੱਗਦੇ, ਪਰ ਸਾਡੇ ਸਕੂਲ ਵਿੱਚ ਪੜ੍ਹਾਈ ਦਾ ਵੱਖਰਾ ਤਰੀਕਾ ਹੈ। ਅਧਿਆਪਕ ਸੋਹਣੇ ਤੇ ਸੌਖੇ ਤਰੀਕੇ ਨਾਲ ਸਾਨੂੰ ਸਮਝਾਉਂਦੇ ਹਨ, ਪਰ ਸੇਠ ਕਰੋੜੀ ਮੱਲ ਸਕੂਲ ਦੀ ਇਮਾਰਤ ਹੀ ਇੰਨੀ ਖੂਬਸੁਰਤ ਹੈ ਕਿ ਮੇਰੇ ਵਰਗੇ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪੇ ਵੀ ਉਸ ਵੱਲ ਖਿੱਚੇ ਜਾਂਦੇ ਹਨ।
ਕਈ ਵਾਰ ਮੇਰਾ ਕੋਮਲ ਮਨ ਇਹ ਸੁਪਨਾ ਵੇਖਦਾ ਹੈ ਕਿ ਮੈਂ ਉਸ ਸਕੂਲ ਦਾ ਵਿਦਿਆਰਥੀ ਹਾਂ, ਮੈਂ ਵੀ ਸੋਹਣੀ ਵਰਦੀ ਪਾਈ ਹੋਈ ਹੈ, ਸੋਹਣਾ ਬਸਤਾ ਤੇ ਰੰਗ ਬਰੰਗੀਆਂ ਕਿਤਾਬਾਂ ਲੈ ਕੇ ਸਜੀ ਹੋਈ ਜਮਾਤ ਦੇ ਸਾਫ ਸੁਥਰੇ ਤੇ ਸੋਹਣੇ ਵਿਦਿਆਰਥੀਆਂ ਨਾਲ ਪੜ੍ਹਾਈ ਕਰ ਰਿਹਾ ਹਾਂ। ਉਸ ਸਮੇਂ ਮੈਨੂੰ ਮੇਰਾ ਸਕੂਲ ਸੇਠ ਕਰੋੜੀ ਮੱਲ ਸਕੂਲ ਸਾਹਮਣੇ ਬਹੁਤ ਛੋਟਾ ਤੇ ਗੰਦਾ ਨਜ਼ਰ ਆਉਂਦਾ ਹੈ। ਫਿਰ ਅਚਾਨਕ ਸੁਪਨਾ ਟੁੱਟ ਜਾਂਦਾ ਹੈ ਤੇ ਮੈਨੂੰ ਸੱਚਾਈ ਦਾ ਅਹਿਸਾਸ ਹੁੰਦਾ ਹੈ ਕਿ ਮੈਂ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ। ਮੇਰੇ ਦਾਦਾ ਜੀ ਦੱਸਦੇ ਹਨ ਕਿ ਪੁੱਤਰ! ਪਹਿਲਾਂ ਸੇਠ ਕਰੋੜੀ ਮੱਲ ਵਰਗੇ ਸਕੂਲ ਨਹੀਂ ਹੁੰਦੇ ਸਨ। ਸਰਕਾਰੀ ਸਕੂਲ ਹੀ ਹੁੰਦੇ ਸਨ ਤੇ ਵੱਡੇ ਛੋਟੇ ਘਰਾਂ ਦੇ ਬੱਚੇ ਉਥੇ ਹੀ ਪੜ੍ਹਦੇ ਸਨ। ਅਮੀਰੀ ਗਰੀਬੀ ਦਾ ਕੋਈ ਭੇਦਭਾਵ ਨਹੀਂ ਸੀ ਹੁੰਦਾ ਸਕੂਲਾਂ ਵਿੱਚ। ਸਾਰੇ ਇਕੱਠੇ ਪੜ੍ਹਦੇ ਸਨ ਤੇ ਆਪਣੀ ਮਿਹਨਤ ਨਾਲ ਵੱਡੇ-ਵੱਡੇ ਅਫਸਰ ਬਣਦੇ ਸਨ। ਫਿਰ ਪੁੱਤਰ ਸਮਾਂ ਬਦਲ ਗਿਆ। ਸਮੇਂ ਦੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਸਿੱਖਿਆ ਦਾ ਭੋਗ ਪਾਉਣ ਦਾ ਇਰਾਦਾ ਕਰ ਲਿਆ ਲੱਗਦਾ ਹੈ। ਇਨ੍ਹਾਂ ਦੀ ਬਦਨੀਤ ਨੇ ਸਿੱਖਿਆ ਦਾ ਅਸਲ ਮੰਤਵ ਹੀ ਪੈਰਾਂ ਹੇਠ ਰੋਲ ਕੇ ਰੱਖ ਦਿੱਤਾ ਹੈ। ਜੋ ਸਿੱਖਿਆ ਸਭ ਲਈ ਸੀ, ਉਹ ਗਰੀਬ ਪਰਵਾਰਾਂ ਦੇ ਬੱਚਿਆਂ ਲਈ ਸੁਪਨਾ ਬਣਦੀ ਜਾ ਰਹੀ ਹੈ ਤੇ ਉਹ ਵੀ ਅਜਿਹਾ ਸੁਪਨਾ ਜੋ ਸ਼ਾਇਦ ਕਦੇ ਸਾਕਾਰ ਨਾ ਹੋਵੇ।
ਮੈਨੂੰ ਦਾਦਾ ਜੀ ਦੀਆਂ ਗੱਲਾਂ ਜ਼ਿਆਦਾ ਸਮਝ ਨਹੀਂ ਆਈਆਂ, ਪਰ ਉਨ੍ਹਾਂ ਦੀ ਅੱਖਾਂ ਵਿੱਚ ਦਰਦ ਜ਼ਰੂਰ ਮਹਿਸੂਸ ਹੋਇਆ ਕਿ ਕੁਝ ਗਲਤ ਹੋ ਰਿਹਾ ਹੈ। ਇਨ੍ਹਾਂ ਸੋਚਾਂ ਵਿੱਚ ਡੁੱਬੇ ਹੋਏ ਕਦ ਸਾਲਾਨਾ ਇਮਤਿਹਾਨ ਆ ਗਏ, ਪਤਾ ਹੀ ਨਹੀਂ ਲੱਗਾ। ਜਦੋਂ ਮਾਸਟਰ ਜੀ ਨੇ ਜਮਾਤ ਵਿੱਚ ਇਮਤਿਹਾਨਾਂ ਬਾਰੇ ਦੱਸਿਆ ਤਾਂ ਇਕ ਵਾਰ ਇੰਜ ਲੱਗਾ ਜਿਵੇਂ ਕਿਸੇ ਨੇ ਗੂੜ੍ਹੀ ਨੀਂਦ ਤੋਂ ਝੂਣ ਕੇ ਜਗਾ ਦਿੱਤਾ ਹੋਵੇ। ਇਸ ਤੋਂ ਵੱਧ ਇਹ ਸੁਣ ਕੇ ਹੈਰਾਨੀ ਹੋਈ ਕਿ ਸਾਡੇ ਸਾਲਾਨਾ ਇਮਤਿਹਾਨ ਸੇਠ ਕਰੋੜੀ ਮੱਲ ਸਕੂਲ ਵਿੱਚ ਹੋਣੇ ਹਨ। ਇਕ ਪਾਸੇ ਇਮਤਿਹਾਨ ਦਾ ਫਿਕਰ ਸੀ, ਦੂਜੇ ਪਾਸੇ ਸੇਠ ਕਰੋੜੀ ਮੱਲ ਸਕੂਲ ਦੇ ਅੰਦਰ ਜਾਣ ਦੀ ਖੁਸ਼ੀ। ਪਤਾ ਹੀ ਨਹੀਂ ਲੱਗਾ ਕਿ ਕਦ ਛੁੱਟੀ ਹੋਈ ਤੇ ਕਦ ਘਰ ਪਹੁੰਚ ਗਿਆ। ਇਮਤਿਹਾਨ ਦੀ ਤਿਆਰੀ ਸ਼ੁਰੂ ਹੋ ਗਈ। ਮਾਸਟਰ ਜੀ ਬਹੁਤ ਵਧੀਆ ਸਮਝਾਉਂਦੇ ਸਨ ਤੇ ਅੱਜ ਕੱਲ੍ਹ ਉਹ ਹੋਰ ਵੀ ਸੌਖੇ ਤੇ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗੇ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਅਸੀਂ ਵਧੀਆ ਨੰਬਰ ਲੈ ਕੇ ਪਾਸ ਹੋਵਾਂਗੇ। ਅਸੀਂ ਉਨ੍ਹਾਂ ਦੇ ਵਿਸ਼ਵਾਸ ਨੂੰ ਪੂਰਾ ਕਰਨ ਵਿੱਚ ਕਸਰ ਨਹੀਂ ਛੱਡਣਾ ਚਾਹੁੰਦੇ ਸੀ। ਇਸ ਲਈ ਪੜ੍ਹਾਈ ਪੂਰੇ ਜੋਸ਼ ਨਾਲ ਹੁੰਦੀ ਸੀ। ਉਹ ਦਿਨ ਆ ਗਿਆ, ਜਿਸ ਦਿਨ ਇਮਤਿਹਾਨ ਸੀ। ਮੈਂ ਪੁਰਾਣੀ ਤੇ ਕਈ ਥਾਵਾਂ ਤੋਂ ਸਿਲਾਈ ਕੀਤੀ ਵਰਦੀ ਪਾ ਕੇ ਸੇਠ ਕਰੋੜੀ ਮੱਲ ਸਕੂਲ ਵੱਲ ਨੂੰ ਕਦਮਤਾਲ ਸ਼ੁਰੂ ਕਰ ਦਿੱਤੀ। ਇਕ ਇਮਤਿਹਾਨ ਦਾ ਡਰ, ਦੂਜਾ ਸਕੂਲ ਅੰਦਰੋਂ ਵੇਖਣ ਦੀ ਖੁਸ਼ੀ ਸੀ।
ਉਸ ਸਕੂਲ ਨੂੰ ਵੇਖ ਕੇ ਮੈਂ ਇਮਤਿਹਾਨ ਭੁੱਲ ਗਿਆ। ਅਚਾਨਕ ਮਾਸਟਰ ਜੀ ਦੀ ਪਿਆਰ ਭਰੀ ਆਵਾਜ਼ ਨੇ ਯਾਦ ਕਰਵਾਇਆ ਕਿ ਮੈਂ ਇਮਤਿਹਾਨ ਦੇਣ ਆਇਆ ਹਾਂ ਤੇ ਮੈਂ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ। ਮਾਸਟਰ ਜੀ ਕੋਲੋਂ ਅਸ਼ੀਰਵਾਦ ਲੈ ਕੇ ਇਮਤਿਹਾਨ ਦੇਣ ਲਈ ਵੱਡੇ ਕਮਰੇ ਵਿੱਚ ਡੈਸਕ 'ਤੇ ਜਾ ਬੈਠਾ। ਪੇਪਰ ਮਿਲ ਗਿਆ ਤੇ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦਾ ਨਾਂ ਲੈਣ ਲਈ ਅੱਖਾਂ ਬੰਦ ਕੀਤੀਆਂ ਤਾਂ ਅੱਖਾਂ ਅੱਗੇ ਮਿੱਟੀ ਨਾਲ ਭਰੇ ਕੱਪੜੇ ਝਾੜਦਾ ਬਾਪੂ ਤੇ ਸਰਕਾਰਾਂ ਦੀ ਗੱਲਾਂ ਕਰਦੇ ਦਾਦਾ ਜੀ ਆ ਗਏ। ਇਕਦਮ ਅੱਖਾਂ ਖੁੱਲ੍ਹ ਗਈਆਂ ਤੇ ਵਿਸ਼ਵਾਸ ਨਾਲ ਪੇਪਰ ਲਿਖਣਾ ਸ਼ੁਰੂ ਕਰ ਦਿੱਤਾ। ਕੁਝ ਦਿਨਾਂ ਬਾਅਦ ਅਚਾਨਕ ਮਾਸਟਰ ਜੀ ਮੁੱਖ ਅਧਿਆਪਕ ਨਾਲ ਸਾਡੇ ਘਰ ਆਏ। ਦਾਦਾ ਜੀ ਡਰ ਗਏ ਕਿ ਮੈਂ ਜ਼ਰੂਰ ਸਕੂਲ ਵਿੱਚ ਕੋਈ ਸ਼ਰਾਰਤ ਕੀਤੀ ਹੈ, ਜਿਸ ਕਾਰਨ ਮਾਸਟਰ ਜੀ ਘਰ ਆਏ ਹਨ।
ਸੱਚ ਦੱਸਾਂ, ਉਨ੍ਹਾਂ ਨੂੰ ਅਚਾਨਕ ਆਪਣੇ ਘਰ ਆਇਆ ਵੇਖ ਕੇ ਡਰ ਮੈਂ ਵੀ ਗਿਆ ਸੀ। ਮੁੱਖ ਅਧਿਆਪਕ ਨੇ ਮੈਨੂੰ ਬੜੇ ਪਿਆਰ ਨਾਲ ਆਪਣੇ ਕੋਲ ਬੁਲਾਇਆ ਤੇ ਦਾਦਾ ਜੀ ਨੂੰ ਕਿਹਾ ਕਿ ਤੁਹਾਡੇ ਪੋਤੇ ਨੇ ਇਮਤਿਹਾਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਦਾਦਾ ਜੀ ਦੀਆਂ ਅੱਖਾਂ 'ਚੋਂ ਅੱਥਰੂ ਨਿਕਲਦੇ ਮੈਂ ਪਹਿਲੀ ਵਾਰ ਵੇਖੇ ਸਨ। ਬਾਪੂ ਵੀ ਅਚਾਨਕ ਮਜ਼ਦੂਰੀ ਤੋਂ ਘਰ ਰੋਟੀ ਖਾਣ ਆ ਗਿਆ ਤੇ ਗੱਲ ਸੁਣ ਕੇ ਮੈਨੂੰ ਮਿੱਟੀ ਵਾਲੇ ਕੱਪੜਿਆਂ ਵਿੱਚ ਹੀ ਬਾਹਾਂ ਵਿੱਚ ਭਰ ਲਿਆ। ਇਹ ਸਭ ਕੁਝ ਮੈਨੂੰ ਸੁਪਨੇ ਦੀ ਤਰ੍ਹਾਂ ਲੱਗ ਰਿਹਾ ਸੀ, ਕਿਉਂਕਿ ਮੈਂ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ।

Have something to say? Post your comment