Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਯਾਰਾਂ ਨਾਲ ਬਹਾਰਾਂ

October 07, 2021 02:41 AM

-ਬਲਜਿੰਦਰ ਜੌੜਕੀਆਂ
ਦੋਸਤੀ ਜ਼ਿੰਦਗੀ ਦਾ ਧੁਰਾ ਹੈ। ਮਿੱਤਰ ਪਤੰਗ ਦੀ ਡੋਰ ਵਾਲਾ ਕੰਮ ਕਰਦੇ ਹਨ, ਜਿਨ੍ਹਾਂ ਦੇ ਸਹਾਰੇ ਅਸੀਂ ਅੰਬਰਾਂ ਵਿੱਚ ਉਡਦੇ ਹਾਂ। ਜ਼ਿੰਦਗੀ ਦੀਆਂ ਧੁੱਪਾਂ-ਛਾਵਾਂ ਵਿੱਚ ਮਿੱਤਰਾਂ ਦੇ ਸਾਥ ਦੀ ਬਹੁਤ ਲੋੜ ਹੁੰਦੀ ੈਹ। ਦੋਸਤ ਆਕਸੀਜਨ ਹੁੰਦੇ ਹਨ, ਪਰ ਦੋਸਤੀ ਧਰਮ ਨਿਭਾਉਣਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਹੈ। ਦੁਨੀਆ ਵਿੱਚ ਤੁਹਾਨੂੰ ਬਹੁਤ ਸਾਰੇ ਵੱਖੋ ਵੱਖਰੇ ਲੋਕ ਮਿਲਣਗੇ ਤੇ ਤੁਹਾਡੇ ਦੋਸਤਾਂ ਦੇ ਸੁਭਾਅ ਤੇ ਖ਼ਿਆਲਾਂ ਦੀ ਇਹ ਵਿਭਿੰਨਤਾ ਤੁਹਾਨੂੰ ਸ਼ਖ਼ਸੀ ਅਮੀਰੀ ਦਿੰਦੀ ਹੈ। ਅਸੀਂ ਮਿੱਤਰਾਂ ਵਿੱਚੋਂ ਆਪਣਾ ਅਕਸ਼ ਤਲਾਸ਼ਦੇ ਹਾਂ। ਕੇਵਲ ਸੱਪ ਹੀ ਨਹੀਂ, ਕੁਝ ਬੰਦੇ ਵੀ ਜ਼ਹਿਰੀਲੇ ਹੁੰਦੇ ਹਨ। ਤੁਹਾਨੂੰ ਉਨ੍ਹਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਨੁਕਸਾਨ ਪਹੁੰਚਾਉਂਦੇ ਹਨ। ਚੰਗੇ ਲੋਕਾਂ ਦਾ ਸਾਥ ਸਾਨੂੰ ਬਹੁਤ ਅੱਗੇ ਲੈ ਜਾਂਦਾ ਹੈ, ਬਸ਼ਰਤੇ ਅਜਿਹੇ ਲੋਕ ਸਾਡੀ ਮਿੱਤਰ ਮਾਲਾ ਦਾ ਹਿੱਸਾ ਹੋਣ।
ਸਾਡੇ ਮਿੱਤਰ ਕਿੱਦਾਂ ਦੇ ਹੋਣ? ਸਵਾਲ ਦਾ ਉਤਰ ਬੜਾ ਮੋਕਲਾ ਹੈ ਜਿਸ ਨੂੰ ਸਮਝਣ ਦੀ ਲੋੜ ਹੈ। ਉਹ ਦੋਸਤ ਜੋ ਸਾਨੂੰ ਚੀਜ਼ਾਂ ਉੱਤੇ ਸਵਾਲ ਉਠਾਉਣ ਲਈ ਪ੍ਰੇਰਿਤ ਕਰਦੇ ਹਨ, ਸਾਡੀ ਸੋਚ ਨੂੰ ਤਰਕ ਦੀ ਸਾਣ ਉੱਤੇ ਲਾਉਂਦੇ ਹਨ। ਜੋ ਹਮੇਸ਼ਾਂ ਸਾਡੇ ਵਿਕਾਸ ਵਿੱਚ ਸਹਾਇਤਾ ਕਰਨ ਲਈ ਤਿਆਰ ਹੁੰਦੇ ਹਨ, ਉਹ ਸਾਨੂੰ ਸਿਖਾਉਂਦੇ ਹਨ ਕਿ ਚੀਜ਼ਾਂ ਨੂੰ ਬਾਹਰੀ ਦ੍ਰਿਸ਼ਟੀਕੋਣ ਤੋਂ ਕਿਵੇਂ ਵੇਖਣਾ ਹੈ? ਇਸ ਨਾਲ ਅਸੀਂ ਆਪਣੇ ਆਪ ਨੂੰ ਹੋਰ ਲੱਭਦੇ ਹਾਂ। ਉਹ ਦੋਸਤ, ਜਿਨ੍ਹਾਂ ਨਾਲ ਸਾਡੀ ਜਜ਼ਬਾਤੀ ਸਾਂਝ ਹੁੰਦੀ ਹੈ ਤੇ ਸਾਡੇ ਬਾਰੇ ਧੁਰ ਅੰਦਰ ਤੱਕ ਜਾਣਦੇ ਹਨ, ਹਰ ਪਲ ਸਾਡੀ ਜ਼ਰੂਰਤ ਮਹਿਸੂਸ ਕਰਦੇ ਹਨ, ਜੋ ਸਾਡੀ ਦਿਆਲਤਾ ਜਾਂ ਜਜ਼ਬਾਤੀ ਉਲਾਰਪੁਣੇ ਦਾ ਕਦੇ ਵੀ ਲਾਹਾ ਨਹੀਂ ਲੈਂਦੇ। ਦੁਨੀਆ ਉੱਤੇ ਬਹੁਤ ਥੋੜ੍ਹੇ ਲੋਕ ਹਨ, ਜਿਨ੍ਹਾਂ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ, ਕਿਉਂਕਿ ਅੱਜਕੱਲ੍ਹ ਲੋਕ ਨਿੱਜੀ ਲਾਭ ਜਾਂ ਅੱਗੇ ਵਧਣ ਲਈ ਦੂਜੇ ਦੀਆਂ ਕਮਜ਼ੋਰੀਆਂ ਨੂੰ ਪੌੜੀਆਂ ਵਜੋਂ ਵਰਤਦੇ ਹਨ। ਭਰੋਸੇਯੋਗ ਦੋਸਤ ਅਮੁੱਲ ਸੰਪਤੀ ਹੁੰਦੇ ਹਨ। ਤੁਸੀਂ ਅਜਿਹੇ ਮਿੱਤਰਾਂ ਉੱਤੇ ਭਰੋਸਾ ਕਰ ਸਕਦੇ ਹੋ ਅਤੇ ਉਨ੍ਹਾਂ ਨਾਲ ਆਪਣਾ ਅੰਦਰਲਾ ਆਪਾ ਫਰੋਲਣ ਵਿੱਚ ਆਰਾਮ ਦਾਇਕ ਮਹਿਸੂਸ ਕਰਦੇ ਹੋ, ਖ਼ਾਸ ਕਰਕੇ ਅਜਿਹੀਆਂ ਗੱਲਾਂ ਜੋ ਤੁਸੀਂ ਕਿਸੇ ਹੋਰ ਨਾਲ ਸਾਂਝੀਆਂ ਨਹੀਂ ਕਰ ਸਕਦੇ। ਸਾਨੂੰ ਇਨ੍ਹਾਂ ਲੋਕਾਂ ਨਾਲ ਆਪਣੇ ਭੇਦ ਸਾਂਝੇ ਕਰਨ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਇਹ ਪਰਖੇ ਹੋਏ ਘੋੜੇ ਹੁੰਦੇ ਹਨ। ਅਸੀਂ ਆਪਣੇ ਅੰਦਰ ਦੀ ਚਾਬੀ ਇਨ੍ਹਾਂ ਦੇ ਹਵਾਲੇ ਕਰਕੇ ਨਿਸ਼ਚਿੰਤ ਹੋ ਜਾਂਦੇ ਹਾਂ।
ਕੁਝ ਸੁਪਨੇ ਹੁੰਦੇ ਹਨ, ਜੋ ਮਿੱਤਰਾਂ ਦੀ ਮਦਦ ਤੋਂ ਬਿਨਾਂ ਲਏ ਨਹੀਂ ਜਾ ਸਕਦੇ। ਉਹ ਸੁਪਨੇ ਪੂਰੇ ਹੋਣ ਉੱਤੇ ਜਸ਼ਨ ਵੀ ਮਿੱਤਰਾਂ ਨਾਲ ਮਨਾਏ ਜਾਂਦੇ ਹਨ। ਤੁਹਾਨੂੰ ਪ੍ਰੇਰਨਾ ਲਈ ਵਿਸ਼ਵਾਸਯੋਗ ਮਿੱਤਰਾਂ ਦੀ ਬਹੁਤ ਲੋੜ ਹੁੰਦੀ ਹੈ। ਉਹ ਤੁਹਾਨੂੰ ਉਤਸ਼ਾਹਿਤ ਕਰਦੇ ਤੇ ਤੁਹਾਨੂੰ ਦੱਸਦੇ ਹਨ ਕਿ ਜ਼ਿੰਦਗੀ ਵਿੱਚ ਤੁਸੀਂ ਕਿੱਥੋਂ ਹੋ? ਇਹ ਹੋਰ ਅੱਗੇ ਕਿਵੇਂ ਲਿਜਾਣਾ ਹੈ। ਇਸ ਨੂੰ ਹੋਰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਉਹ ਤੁਹਾਡੀ ਮਦਦ ਕਰਦੇ ਹਨ। ਸਾਡੇ ਰਚਨਾਤਮਕ ਕੰਮਾਂ ਦੇ ਪ੍ਰਸੰਸਕ ਵੀ ਸਾਡੇ ਅਸਲ ਮਿੱਤਰ ਹੁੰਦੇ ਹਨ। ਉਹ ਲੋਕ ਜੋ ਤੁਹਾਡੇ ਅੰਦਰਲੀ ਸਿਰਜਣਾ ਨੂੰ ਬਾਹਰ ਕੱਢਣ ਵਿੱਚ ਸਹਾਇਤਾ ਕਰਦੇ ਹਨ, ਤੁਹਾਡੇ ਲਈ ਬਹੁਤ ਮਹੱਤਵਪੂਰਨ ਹਨ, ਕਿਉਂਕਿ ਉਹ ਸਾਡੇ ਬਾਹਰੀ ਤੇ ਅੰਦਰੂਨੀ ਸੰਸਾਰ ਦੇ ਮੇਲ ਲਈ ਸਾਧਨ ਬਣਦੇ ਹਨ। ਅਜਿਹੇ ਮਿੱਤਰ ਸਾਨੂੰ ਆਪਾ ਜ਼ਹਿਰ ਕਰਨ ਲਈ ਪ੍ਰੇਰਿਤ ਕਰਦੇ ਹਨ ਤੇ ਮਿੱਤਰਾਂ ਦੇ ਮਿੱਠੇ ਤੇ ਸਲੂਣੋ ਸਹਿਯੋਗ ਕਰ ਕੇ ਅਸੀਂ ਆਪਣੇ ਬਾਰੇ ਵਧੇਰੇ ਸੋਚਦੇ ਹਾਂ। ਇਸ ਮਾਨਸਿਕ ਕਸਰਤ ਨਾਲ ਸਾਡੇ ਅਜਿਹੇ ਰਚਨਾਤਮਕ ਪੱਖ ਬਾਹਰ ਆਉਂਦੇ ਹਨ, ਜਿਨ੍ਹਾਂ ਬਾਰੇ ਅਸੀਂ ਕਦੇ ਸੋਚਿਆ ਨਹੀਂ ਹੁੰਦਾ। ਕੇਵਲ ਬੋਲਣਾ ਹੀ ਨਹੀਂ ਹੁੰਦਾ, ਕਦੇ ਕਦੇ ਸਾਹਮਣੇ ਵਾਲੇ ਨੂੰ ਸੁਣਨਾ ਵੀ ਹੁੰਦਾ ਹੈ। ਉਹ ਸ਼ਾਂਤ ਸਰੋਤੇ ਚੰਗੇ ਮਿੱਤਰ ਹੋ ਨਿੱਬੜਦੇ ਹਨ।
ਕੁਝ ਖ਼ਾਸ ਗੱਲਾਂ ਕੁਝ ਖ਼ਾਸ ਬੰਦਿਆਂ ਨਾਲ ਸਾਂਝੀਆਂ ਕਰਕੇ ਸੁਆਦ ਆਉਂਦਾ ਹੈ। ਅਸੀਂ ਗੱਲਾਂ-ਗੱਲਾਂ ਵਿੱਚ ਉਨ੍ਹਾਂ ਨਾਲ ਸਲਾਹ ਮਸ਼ਵਰੇ ਕਰਦੇ ਹਾਂ ਅਤੇ ਇਹ ਅਦਾਨ-ਪ੍ਰਦਾਨ ਜੀਵਨ ਜਿੱਤਾਂ ਦਾ ਆਧਾਰ ਬਣਦਾ ਹੈ। ਜ਼ਿੰਦਗੀ ਦੀ ਉਲਝੀ ਤਾਣੀ ਸੁਲਝਾਉਣ ਲਈ ਤਤਕਾਲੀ ਹਾਲਤਾਂ ਅਨੁਸਾਰ ਅਸੀਂ ਜਿੰਨ੍ਹਾਂ ਮਸਲਿਆਂ ਦਾ ਸਾਹਮਣਾ ਕਰਦੇ ਹੰੁਦੇ ਹਾਂ, ਉਨ੍ਹਾਂ ਬਾਰੇ ਵਿਚਾਰ ਚਰਚਾ ਵੀ ਮਿੱਤਰਾਂ ਨਾਲ ਕਰਦੇ ਹਾਂ। ਇਸ ਗੱਲਬਾਤ ਵਿੱਚੋਂ ਹੈਰਾਨੀਜਨਕ ਹੱਲ ਨਿਕਲਦੇ ਹਨ। ਅਜਿਹੇ ਔਖੇ ਸਮੇਂ ਮਿੱਤਰ ਦਾ ਮਿਲਣਾ ਤਿਹਾਏ ਨੂੰ ਪਾਣੀ ਮਿਲਣ ਬਰੋਬਰ ਹੁੰਦਾ ਹੈ। ਇਹ ਉਹ ਲੋਕ ਹੁੰਦੇ ਹਨ ਜੋ ਹਮੇਸ਼ਾ ਸਾਨੂੰ ਦੱਸਣ ਲਈ ਤਿਆਰ ਰਹਿੰਦੇ ਹਨ ਕਿ ਹੁਣ ਅੱਗੇ ਕੀ ਕਰਨਾ ਹੈ।
ਮੌਜ-ਮਸਤੀ ਵੀ ਸਾਡੇ ਜੀਵਨ ਦਾ ਅਟੁੱਟ ਹਿੱਸਾ ਹੈ। ਸਾਡੇ ਮੂਡ ਨੂੰ ਰੰਗਦਾਰ ਵਿੱਚ ਮਿੱਤਰਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਮਨੋਰੰਜਨ ਕਰਨ ਤੇ ਕਰਵਾਉਣ ਵਾਲੇ ਮਿੱਤਰ ਸਾਹਸੀ ਤੇ ਖੁੱਲ੍ਹ-ਦਿਲੇ ਹੁੰਦੇ ਹਨ ਤਾਂ ਹੀ ਈਰਖਾਲੂ ਤੇ ਸੜੀਅਲ ਲੋਕਾਂ ਦਾ ਕੋਈ ਮਿੱਤਰ ਨਹੀਂ ਹੁੰਦਾ। ਸਾਗਰਾਂ ਵਰਗੇ ਵਿਸ਼ਾਲ ਹਿਰਦਿਆਂ ਵਾਲੇ ਅਜਿਹੇ ਮਿੱਤਰ ਸਾਨੂੰ ਜ਼ਿੰਦਗੀ ਦੇ ਸੰਗਰਾਮ ਨੂੰ ਫਤਹਿ ਕਰਨ ਦੇ ਅਜਿਹੇ ਨੁਕਤੇ ਦੱਸਦੇ ਹਨ ਕਿ ਅਸੀਂ ਜਿੱਤਾਂ ਦਰਜ ਕਰਦੇ ਅੱਗੇ ਵਧ ਜਾਂਦੇ ਹਾਂ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਅਜੋਕੇ ਸਮੇਂ ਵਿੱਚ ਬੰਦੇ ਅੰਦਰੋਂ ਉਸਦਾ ਅਸਲ ਮਾਨਵੀ ਖਾਸਾ ਦਿਨੋ-ਦਿਨ ਮਨਫੀ ਹੁੰਦਾ ਜਾਂਦਾ ਹੈ ਜਿਸ ਕਰਕੇ ਸਮਾਜ ਤੇ ਘਰ ਤੇਜ਼ੀ ਨਾਲ ਟੁੱਟ ਰਹੇ ਹਨ।
ਕ੍ਰਿਸ਼ਨ ਤਅੇ ਸੁਦਾਮੇ ਵਾਲੀ ਮਿੱਤਰਤਾ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਈ ਹੈ। ਅੱਜਕੱਲ੍ਹ ਤਾਂ ਗੱਫੇ ਲੈਣ ਲਈ ਯਾਰੀਆਂ ਵੀ ਵੱਡਿਆਂ ਨਾਲ ਹੀ ਗੰਢੀਆਂ ਜਾਂਦੀਆਂ ਹਨ। ਸਮਾਜ ਅੰਦਰ ਆਪਣੀ ਫੋਕੀ ਪੈਂਠ ਬਣਾਈ ਰੱਖਣ ਲਈ ਸੋਸ਼ਲ ਮੀਡੀਆ ਉੱਤੇ ਅਖੌਤੀ ਉਚਿਆਂ ਨਾਲ ਫੋਟੋਆਂ ਪਾਉਣ ਦਾ ਰੁਝਾਨ ਹੈ, ਪਰ ਆਲੇ-ਦੁਆਲੇ ਠੰਢਕ ਤੇ ਸਮੂਹਿਕ ਵਿਕਾਸ ਲਈ ਸੱਚੇ ਸਾਰਥੀ ਸਮੇਂ ਦੀ ਵੱਡੀ ਲੋੜ ਹਨ। ਆਓ! ਆਪਾਂ ਵੀ ਕਿਸੇ ਦੇ ਸੰਗੀ ਬਣ ਮਿੱਤਰਾਂ ਨੂੰ ਸਿਖਰਾਂ ਉੱਤੇ ਲੈ ਕੇ ਜਾਣ ਦੇ ਸੂਤਰਧਾਰ ਬਣੀਏ ਕਿਉਂਕਿ ਇਹ ਹੀ ਅਸਲ ਜੀਵਨ ਧਾਰਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”