ਬਠਿੰਡਾ, 27 ਸਤੰਬਰ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਵਿੱਚ ਜਾਨ ਗੁਆ ਚੁੱਕੇ ਕਿਸਾਨ ਦੇ ਘਰ ਖੁਦ ਜਾ ਕੇ ਉਸ ਦੇ ਇੱਕ ਵਾਰਸ ਨੂੰ ਤਰਸ ਦੇ ਆਧਾਰ ਉੱਤੇ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ ਹੈ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਉਪ ਮੁੱਖ ਮੰਤਰੀ ਸਖਜਿੰਦਰ ਸਿੰਘ ਰੰਧਾਵਾ ਵੀ ਸਨ। ਉਨ੍ਹਾਂ ਨੇ ਪਿੰਡ ਮੰਡੀ ਕਲਾਂ ਦੇ ਸ਼ਹੀਦ ਕਿਸਾਨ ਸੁਖਪਾਲ ਸਿੰਘ ਦੇ ਵਾਰਸ ਨੱਥਾ ਸਿੰਘ ਨੂੰ ਨੌਕਰੀ ਦਾ ਪੱਤਰ ਦਿੱਤਾ ਤੇਓਸੇ ਘਰ ਦਾਲ ਅਤੇ ਚਟਣੀ ਨਾਲ ਸਾਦਾ ਖਾਣਾ ਖਾ ਕੇ ਕਿਸਾਨ ਸੰਘਰਸ਼ ਦੀ ਹਮਾਇਤ ਦਾ ਸੁਨੇਹਾ ਦਿੱਤਾ।
ਇਸ ਮੌਕੇ ਨੱਥਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਛੋਟੇ ਹੁੰਦਿਆਂ ਗੁਜ਼ਰ ਗਏ ਸਨ ਅਤੇ ਪਿਛਲੇ ਸਾਲ ਭਰਾ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਦੌਰਾਨ ਸ਼ਹੀਦ ਹੋ ਗਿਆ ਸੀ। ਉਸ ਨੇ ਦੱਸਿਆ, ‘ਸਾਡਾ ਘਰ ਵੀ ਮੀਂਹ ਕਾਰਨ ਡਿੱਗ ਗਿਆ ਸੀ ਅਤੇ ਜਿਊਣ ਦੀ ਆਸ ਖਤਮ ਹੋਈ ਪਈ ਸੀ, ਪਰ ਮੁੱਖ ਮੰਤਰੀ ਚਰਨਜੀਤ ਸਿੰਘ ਸਾਡੇ ਲਈ ਮਸੀਹਾ ਬਣ ਕੇ ਆਏ ਹਨ। ਮੈਂ ਉਨ੍ਹਾਂ ਦਾ ਬਹੁਤ ਧੰਨਵਾਦ ਕਰਦਾ ਹਾਂ।’ ਇਸ ਮੌਕੇ ਵੱਖ-ਵੱਖ ਕਿਸਾਨ ਸੰਗਠਨ ਦੇ ਆਗੂ ਵੀ ਮੁੱਖ ਮੰਤਰੀ ਨੂੰ ਮਿਲੇ ਤੇ ਉਨ੍ਹਾਂ ਨੇ ਪਿਛਲੇ ਸਾਲਾਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਦਰਜ ਹੋਏ ਕੇਸ ਰੱਦ ਕਰਨ ਅਤੇ ਪਿੰਡਾਂ ਵਿੱਚ ਨਸ਼ੇ ਦੇ ਕਾਰੋਬਾਰ ਨੂੰ ਨੱਥ ਪਾਉਣ ਦੇ ਨਾਲ ਹੋਰ ਮੰਗਾਂ ਦਾ ਪੱਤਰ ਦਿਤਾ। ਮੁੱਖ ਮੰਤਰੀ ਨੇ ਦਿੱਲੀ ਦੇ ਟਿਕਰੀ ਬਾਰਡਰ ਉੱਤੇ ਸ਼ਹੀਦ ਹੋਏ ਪਿੰਡ ਚਾਉਕੇ ਦੇ ਨੌਜਵਾਨ ਜਸ਼ਨਪ੍ਰੀਤ ਸਿੰਘ (17) ਦੇ ਘਰ ਜਾ ਕੇ ਵੀ ਪਰਵਾਰ ਨੂੰ ਨਿਯੁਕਤੀ ਪੱਤਰ ਦੇਣਾ ਸੀ, ਪਰ ਪ੍ਰੋਗਰਾਮ ਰੱਦ ਹੋਣ ਕਾਰਨ ਬਠਿੰਡਾ ਦੇ ਏ ਡੀ ਸੀ ਵਿਕਾਸ ਦੀ ਹਾਜ਼ਰੀ ਵਿੱਚ ਹਲਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਸੀਨੀਅਰ ਕਾਂਗਰਸ ਆਗੂ ਭੁਪਿੰਦਰ ਸਿੰਘ ਗੋਰਾ ਨੇ ਨਿਯੁਕਤੀ ਪੱਤਰ ਦਿਤਾ।