Welcome to Canadian Punjabi Post
Follow us on

18

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਥਾਨ ਸੁਹਾਵਾ ਕਰਤਾਰਪੁਰ

December 19, 2018 09:12 AM

-ਗੁਰਮੀਤ ਕੌਰ
ਇਸ ਸਾਲ ਦੇ ਸ਼ੁਰੂ ਵਿੱਚ ਮੈਨੂੰ ਆਪਣੇ ਵਡੇਰਿਆਂ ਦੀ ਸਰਜ਼ਮੀਨ ਲਹਿੰਦੇ ਪੰਜਾਬ ਪਹਿਲੀ ਵਾਰ ਜਾਵਣ ਦਾ ਸੁਭਾਗ ਹੋਇਆ। ਮੈਂ ਕਰਮਾਂਵਾਲੀ ਆਂ ਕਿ ਪੰਜਾਹਾਂ ਨੂੰ ਢੁਕਣ ਵੇਲੇ ਗੁਰੂ ਨੇ ਮੇਰੇ 'ਤੇ ਮਿਹਰ ਕੀਤੀ। ਮੇਰੇ ਵਡੇਰੇ ਵਿੱਛੜੇ ਗੁਰਧਾਮਾਂ, ਜੱਦੀ ਥਾਵਾਂ ਨੂੰ ਮੁੜ ਜਾਵਣ ਨੂੰ ਤਰਸਦਿਆਂ ਮਰ ਮੁੱਕ ਗਏ, ਜਿਹੜੀਆਂ ਥਾਵਾਂ ਉਹ ਸੰਨ ਸੰਤਾਲੀ ਵੇਲੇ ਖਾਲੀ ਹੱਥ ਪਿੱਛੇ ਛੱਡ ਆਏ ਸਨ। ਜਿੰਨੀ ਅੰਨ੍ਹੀ ਨਫਰਤ ਉਨ੍ਹਾਂ ਜਰੀ ਸੀ, ਜੋ ਕਤਲੇਆਮ ਉਨ੍ਹਾਂ ਤੱਕੇ ਸਨ, ਜੋ ਘਰ ਤੇ ਘਰ ਦੇ ਜੀਅ ਉਨ੍ਹਾਂ ਤੋਂ ਖੁੱਸ ਗਏ ਸਨ, ਉਹ ਸਭ ਕਾਸੇ ਨੂੰ ਬਖਸ਼ਣ ਵਾਸਤੇ ਮੈਨੂੰ ਕਿਤਨੇ ਹੌਸਲੇ ਤੋਂ ਕੰਮ ਲੈਣਾ ਪਿਆ। ਆਪਣੇ ਦਾਦਕਿਆਂ ਨਾਨਕਿਆਂ 'ਚੋਂ ਮੈਂ ਪਹਿਲੀ ਸਾਂ ਤੇ ਨਾਲ ਮੇਰਾ ਪੁੱਤਰ ਸੀ। ਮੇਰੀ ਜ਼ਿੱਦ ਜਿਹੀ ਹੁੰਦੀ ਸੀ ਕਿ ਮੈਂ ਪਾਕਿਸਤਾਨ ਕਦੇ ਨਹੀਂ ਜਾਣਾ, ਪਰ ਸੋਸ਼ਲ ਮੀਡੀਆ ਤੇ ਇੰਟਰਨੈਟ ਸਦਕੋ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਦੀਆਂ ਪਾਲੀਆਂ ਨਫਰਤਾਂ ਨੂੰ ਲੱਗੇ ਖੋਰੇ ਕਰਕੇ ਹਾਲਾਤ ਬਹੁਤ ਬਦਲ ਗਏ ਨੇ।
ਅਮਰੀਕਾ ਤੋਂ ਚੱਲ ਕੇ ਲਾਹੌਰ ਹਵਾਈ ਅੱਡੇ ਅੱਪੜ ਕੇ ਵੀ ਮੈਨੂੰ ਇੰਜ ਪਿਆ ਲੱਗਦਾ ਸੀ ਕਿ ਮੈਂ ਕੋਈ ਸੁਪਨਾ ਲੈ ਰਹੀ ਹਾਂ। ਮੈਂ ਲਹੌਰ ਦੀ ਯੂਨੀਵਰਸਿਟੀ ਵਿੱਚ ਅਦਬੀ ਜੋੜ ਮੇਲੇ ਵਿੱਚ ਹਿੱਸਾ ਲੈਣ ਪੁੱਜੀ ਸਾਂ, ਜਿਥੇ ਮੈਂ ਬਾਲ ਸਾਹਿਤ ਛਾਪਣ ਦੇ ਆਪਣੇ ਕੰਮ ਬਾਰੇ ਦੱਸਣਾ ਸੀ ਤੇ ਹੋਰ ਥਾਂਵਾਂ 'ਤੇ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਮੇਰੀ ਆਪਣੀ ਕਿਸਮ ਦੀ ਛਪੀ ਪਹਿਲੀ ਕਿਤਾਬ ‘ਸੋਹਣੇ ਪੰਜਾਬ ਦੀਆਂ ਮੋਹਣੀਆਂ ਬਾਤਾਂ' ਦੀ ਚੱਠ ਹੋਣੀ ਸੀ। ਮੈਂ ਲਹੌਰ ਹੋਰ ਕਈ ਸਕੂਲਾਂ ਤੇ ਕਾਲਜਾਂ ਥਾਵੀਂ ਆਪਣੀ ਕਿਤਾਬ ਲੈ ਕੇ ਗਈ। ਹਰ ਥਾਂ ਬੜਾ ਭਰਵਾਂ ਹੁੰਗਾਰਾ ਤੇ ਪਿਆਰ ਮਿਲਿਆ। ਮੇਰੇ ਨਾਲ ਸਾਂਝੇ ਪੰਜਾਬ ਦਾ ਸੁਪਨਾ ਲੈਣ ਵਾਲੇ ਅਮਰਜੀਤ ਚੰਦਨ ਜੀ ਸਨ ਤੇ ਸ਼ਾਹਮੁਖੀ ਛਾਪ ਦੇ ਸੰਜੋਗੀ (ਸੰਪਾਦਕ) ਸ਼ਾਇਰ ਮਹਮੂਦ ਅਵਾਣ। ਲਹੌਰੋਂ ਅਸੀਂ ਸਿੱਧੇ ਨਨਕਾਣ ਸਾਹਿਬ ਤੇ ਕਰਤਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ।
ਜਿਸ ਦਿਹਾੜੇ ਮੈਨੂੰ ਪਾਕਿਸਤਾਨ ਦਾ ਵੀਜ਼ਾ ਮਿਲਿਆ, ਮੈਂ ਕਿਸੇ ਚਾਅ ਵਿੱਚ ਬਾਲਾਂ ਵਾਂਙ ਰੋਂਦੀ ਰਹੀ ਸਾਂ, ਟੱਪਦੀ ਫਿਰਦੀ ਸਾਂ। ਘਬਰਾਹਟ ਸੀ, ਡਰ ਵੀ ਲੱਗਦਾ ਸੀ। ਮੇਰਾ ਸਾਰਾ ਧਿਆਨ ਨਨਕਾਣੇ ਵੱਲ ਲੱਗਾ ਹੋਇਆ ਸੀ। ਮੈਂ ਕਿਹੜੇ ਜਿਗਰੇ ਨਾਲ ਆਪਣੇ ਗੁਰਧਾਮ ਦੇ ਦਰਸ਼ਨ ਦੀਦਾਰ ਕਰਸਾਂ, ਜਿਥੇ ਸਾਡੇ ਗੁਰੂਆਂ ਦੇ ਗੁਰੂ ਜੀ ਜਨਮੇ ਤੇ ਵੱਡੇ ਹੋਏ ਸਨ, ਪਰ ਜੋ ਮੈਂ ਓਥੇ ਅੱਪੜ ਕੇ ਵੇਖਿਆ, ਉਸ ਨਾਲ ਮੇਰੀਆਂ ਸਾਰੀਆਂ ਰੀਝਾਂ ਸੱਧਰਾਂ ਚਕਨਾਚੂਰ ਹੋ ਗਈਆਂ। ਗੁਰਦੁਆਰਾ ਜਨਮ ਅਸਥਾਨ ਉਚੀਆਂ ਕੁਹਜੀਆਂ ਇਮਾਰਤਾਂ ਨਾਲ ਵਲਿਆ ਦੂਰੋਂ ਨਜ਼ਰ ਨਹੀਂ ਆਂਵਦਾ। ਸੜਕਾਂ ਗਲੀਆਂ ਕੂੜੇ ਨਾਲ ਭਰੀਆਂ ਸਨ। ਸਾਹ ਘੁੱਟਵੀਂ ਸਕਿਉਰਿਟੀ ਸੀ। ਗੁਰਦੁਆਰੇ ਦੇ ਅੰਦਰ ਭਾਵੇਂ ਥਾਂ ਮ੍ਹੋਕਲੀ ਸੀ। ਕੰਧਾਂ ਚਿੱਟੀ ਤੇ ਪੀਲੀ ਕਲੀ ਨਾਲ ਲਿੱਪੀਆਂ ਖੰਡੇ ਦੇ ਨਿਸ਼ਾਨਾਂ ਨਾਲ ਭਰੀਆਂ ਪਈਆਂ ਸਨ। ਮਹਾਰਾਜਾ ਰਣਜੀਤ ਸਿੰਘ ਦੀ ਬਣਵਾਈ ਬਾਰਾਂਦਰੀ ਇਕ ਨੁੱਕਰੇ ਜਿਚਰ ਢਾਹੇ ਜਾਣ ਦੇ ਡਰੋਂ ਅਣਗੌਲੀ ਚੁੱਪ ਜਿਹੀ ਖਲੋਤੀ ਦਿਸਦੀ ਸੀ।
ਇਕ ਗੱਲ ਜਿਸ ਤੋਂ ਮੇਰਾ ਮਨ ਬਹੁਤ ਖੱਟਾ ਹੋਇਆ, ਉਹ ਇਹ ਸੀ ਕਿ ਸਾਰੇ ਅਸਥਾਨ ਵਿੱਚ ਕਿਤੇ ਵੀ ਸ਼ਾਂਤ ਇਕੱਲਵਾਂਝੀ ਅੰਤਰ ਧਿਆਨ ਹੋ ਕੇ ਬੈਠਣ ਲਈ ਜਗ੍ਹਾ ਨਹੀਂ। ਅੰਦਰ ਹਰ ਵੇਲੇ ਸੇਵਾਦਾਰ ਤੇ ਬਾਹਰ ਸਕਿਉਰਿਟੀ ਸਾਡੇ ਨਾਲ-ਨਾਲ ਲੱਗੇ ਰਹੇ। ਅਸੀਂ ਉਨ੍ਹਾਂ ਨੂੰ ਕਿੰਜ ਸਮਝਾਂਦੇ ਕਿ ਅਸੀਂ ਗੁਰੂ ਨਾਨਕ ਜੀ ਦੇ ਦਰਸ਼ਨ ਦੀਦਾਰ ਕਰਨ ਆਏ ਹਾਂ। ਅਸੀਂ ਕੋਈ ਸ਼ਾਹੀ ਮਹਿਮਾਨ ਨਹੀਂ ਤੇ ਨਾ ਅਸੀਂ ਕੋਈ ਅਜਾਇਬਘਰ ਤੱਕਣ ਆਏ ਹਾਂ। ਮੈਨੂੰ ਲੱਗਣ ਲੱਗਾ ਕਿ ਮੈਂ ਕੋਈ ਕਸੂਰ ਪਈ ਕਰਦੀ ਹਾਂ। ਭਰੇ ਦਿਲ ਨਾਲ ਮੈਂ ਲਹੌਰ ਮੁੜੀ ਤੇ ਤਹੱਈਆ ਕਰ ਲਿਆ ਕਿ ਅਗਲੇ ਦਿਨ ਅਮਰੀਕਾ ਵਾਪਸੀ ਤੋਂ ਪਹਿਲਾਂ ਕਰਤਾਰਪੁਰ ਦੇ ਦਰਸ਼ਨ ਕਰਨੇ ਈ ਕਰਨੇ ਨੇ।
ਰੱਬ ਸਬੱਬੀ ਮੇਰੀ ਕਰਤਾਰਪੁਰ ਦੀ ਯਾਤਰਾ ਅਗੰਮੀ ਸੀ। ਅਸੀਂ ਜਿਵੇਂ ਕਿਸੇ ਹੋਰ ਈ ਦੁਨੀਆ ਵਿੱਚ ਚਲੇ ਗਏ। ਅਸੀਂ ਚਾਰ ਈ ਜਣੇ ਸਾਂ; ਚੰਦਨ ਜੀ, ਅਕਰਮ ਵੜੈਚ, ਮੈਂ ਤੇ ਮੇਰਾ ਪੁੱਤਰ ਅੰਗਦ। ਸਾਡੇ 'ਤੇ ਕਿਸੇ ਦਾ ਪਹਿਰਾ ਨਹੀਂ ਸੀ ਲੱਗਿਆ। ਕੋਈ ਸਾਨੂੰ ਤਾੜਦਾ ਨਹੀਂ ਸੀ ਪਿਆ। ਇੰਜ ਜਾਪਿਆ ਅਸੀਂ ਬਾਬਾ ਜੀ ਦੇ ਅੰਗਸੰਗ ਹਾਂ। ਆਸਪਾਸ ਗੂੜ੍ਹੀਆਂ ਸਾਵੀਆਂ ਫਸਲਾਂ, ਰੁੱਖ, ਪੰਛੀ, ਸੁੱਚੀ ਹਵਾ, ਮਿੱਟੀ ਦੀ ਮਹਿਕ ਸਾਡੇ ਅੰਗ ਅੰਗ ਪਈ ਸਮਾਂਦੀ ਸੀ। ਇਨ੍ਹਾਂ ਦੀ ਖੇਤਾਂ ਦੀ ਮਿੱਟੀ ਨਾਲ ਬਾਬਾ ਜੀ ਮਿੱਟੀ ਹੁੰਦੇ ਹੋਣਗੇ। ਮੈਂ ਨਿੰਵ ਕੇ ਕੱਚੇ ਰਾਹ ਦੀ ਧੂੜ ਮੱਥੇ ਲਾਈ। ਮੇਰੀਆਂ ਅੱਖੀਆਂ ਭਰ ਆਈਆਂ। ਜਾਪਿਆ, ਉਨ੍ਹਾਂ ਦਾ ਹੱਥ ਮੇਰੇ ਸਿਰ 'ਤੇ ਟਿਕਿਆ ਸੀ।
ਬਾਬਾ ਜੀ ਨੇ ਇਕ ਸੌ ਏਕੜ ਥਾਂ ਵਲ਼ ਕੇ ਖੇਤੀ ਕੀਤੀ, ਸੰਗਤ ਜੋੜੀ ਸੀ। ਇਹ ਥਾਂ ਸੰਨ ਸੰਤਾਲੀ ਤੋਂ ਪਹਿਲਾਂ ਗੁਰਦੁਆਰੇ ਕੋਲ ਸੀ। ਅੱਜ ਕੱਲ੍ਹ ਟਰੱਸਟ ਵਾਲੇ ਕੁਝ ਏਕੜ ਖਰੀਦ ਕੇ ਦੇਸੀ (ਔਰਗੈਨਿਕ) ਖੇਤੀ ਕਰਦੇ ਨੇ। ਓਹੀ ਅੰਨ, ਸਬਜ਼ੀ, ਦਾਲ ਗੁਰਦੁਆਰੇ ਦੇ ਲੰਗਰ ਵਿੱਚ ਪੱਕਦੀ ਹੈ। ਖੇਤਾਂ ਵਿੱਚ ਭਉਂਦਿਆਂ ਨਾਮ ਜਪਣ, ਕਿਰਤ ਕਰਨ, ਵੰਡ ਛਕਣ ਦੀ ਮਹਿਮਾ ਨਜ਼ਰ ਆਂਵਦੀ ਏ। ਈਸਾਈ ਲਾਂਗਰੀ ਦੇ ਹੱਥਾਂ ਦਾ ਪੱਕਿਆ ਲੰਗਰ ਅਸਾਂ ਪੰਗਤ ਵਿੱਚ ਬਹਿ ਕੇ ਛਕਿਆ। ਨਾਲ ਮੁਸਲਮਾਨ ਸੰਗਤੀਏ ਵੀ ਸਨ। ਏਨਾ ਸਵਾਦ ਤੇ ਵਿਸਮਾਦ ਅਸਾਂ ਨੂੰ ਪਹਿਲੀ ਵਾਰ ਨਸੀਬ ਹੋਇਆ। ਫੇਰ ਗੁਰਦੁਆਰੇ ਦੇ ਭਾਈ ਜੀ ਤੇ ਇਨ੍ਹਾਂ ਦੀ ਪਤਨੀ ਨੇ ਸਾਨੂੰ ਕਮਾਦ 'ਚੋਂ ਗੰਨੇ ਭੰਨ ਕੇ ਚੂਪਣ ਲਈ ਦਿੱਤੇ। ਰਸ ਨਿਰਾ ਅਮ੍ਰਿਤ ਸੀ।
ਆਪਣੀ ਕਰਤਾਰਪੁਰੀ ਵਿੱਚ ਵੀ ਕੁਝ ਗੱਲਾਂ ਰੜਕਵੀਆਂ ਨਜਰ ਆਂਵਦੀਆਂ ਸਨ-ਚਾਰੇ ਪਾਸੇ ਸਕਿਉਰਿਟੀ ਦੇ ਪੱਜ ਉਸਾਰੀ ਉਚੀ ਕੰਧ ਤੇ ਬਾਬਾ ਜੀ ਦੀਆਂ ਕੁਹਜੀਆਂ ਮੂਰਤਾਂ ਵਾਲੇ ਬਣਾਏ ਵੱਡੇ-ਵੱਡੇ ਫਲੈਕਸ ਅਤੇ ਅੰਦਰ ਚੀਨ ਦੇ ਬਣੇ ਪਲਾਸਟਿਕ ਦੇ ਫੁੰਮਣ ਫੁੱਲ ਤੇ ਹਾਰ ਟੰਗੇ ਹੋਏ ਸਨ। ਅੱਖਾਂ ਨੂੰ ਚੁੱਭਦੇ ਸ਼ੋਖ ਰੰਗਾਂ ਦੀਆਂ ਬੱਤੀਆਂ ਜਗਦੀਆਂ ਸਨ। ਖੈਰ, ਇਹ ਕੋਈ ਵੱਡੀ ਗੱਲ ਨਹੀਂ। ਇਹਨੂੰ ਸੁਹਜਾ ਬਣਾਣਾ ਔਖਾ ਨਹੀਂ। ਅੱਜ ਕੱਲ੍ਹ ਦੇ ਲਾਂਘੇ ਦੀਆਂ ਖਬਰਾਂ ਨਾਲ ਦੁਨੀਆ ਭਰ ਦੀ ਨਾਨਕ ਸੰਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਏ। ਸਰਕਾਰਾਂ ਦਾ ਕੀਤਾ ਸਿਰ ਮੱਥੇ। ਮੈਨੂੰ ਇਕ ਗੱਲ ਦੀ ਚਿੰਤਾ ਏ। ਇਹ ਮੈਂ ਜਲੰਧਰ ਦੇ ਕਿਸੇ ਪੰਜਾਬੀ ਅਖਬਾਰ ਵਿੱਚ ਦੱਸੀ ਸੀ। ਮੇਰੇ ਆਖੇ ਦਾ ਦੁਨੀਆ ਭਰ ਦੇ ਸੈਂਕੜੇ ਪਾਠਕਾਂ ਨੇ ਹੁੰਗਾਰਾ ਭਰਿਆ। ਕਰਤਾਰਪੁਰ ਵਿੱਚ ਫਾਈਵ ਸਟਾਰ ਹੋਟਲ ਖੋਲ੍ਹਣ ਤੇ ਟੂਰਿਜ਼ਮ ਦੇ ਨਾਂ 'ਤੇ ਅੰਨ੍ਹੇਵਾਹ ਬਿਨਾਂ ਸੋਚ ਕੇ ਬਣਾਈਆਂ ਪਲੈਨਾਂ ਤੇ ਫਿਲਮ ਵਿੱਚ ਦਿਖਾਏ ਮਾਡਲਾਂ ਨੂੰ ਵੇਖ ਸੁਣ ਕੇ ਮੇਰਾ ਚਾਅ ਮੱਠਾ ਪੈ ਗਿਆ। ਮੈਨੂੰ ਡਰ ਲੱਗ ਰਿਹਾ ਹੈ ਕਿ ਇਹ ਲੋਕ ਕਰਤਾਰਪੁਰ ਦੀ ਰੂਹਾਨੀ ਦਿਖ ਵੀ ਨਨਕਾਣੇ ਵਾਲੀ ਨਾ ਬਣਾ ਦੇਣ। ਕਾਰਸੇਵਾ ਦੇ ਨਾਂ 'ਤੇ ਪੂਰਬੀ ਪੰਜਾਬ ਵਿੱਚ ਸਾਡੀ ਵਿਰਾਸਤ ਰੋਲ ਕੇ ਥਾਂ-ਥਾਂ ਸੰਗਮਰਮਰ ਤੇ ਸ਼ੀਸ਼ਾਗਿਰੀ ਥੱਪੀ ਗਈ ਹੈ। ਸਦੀਆਂ ਪਹਿਲਾਂ ਬਣੇ ਕੰਧ ਚਿਤਰਾਂ 'ਤੇ ਕਲੀ ਫੇਰ ਦਿੱਤੀ ਗਈ। ਪਾਕਿਸਤਾਨ ਵਿੱਚ ਥੋਹੜਾ ਬਚਾਅ ਹੋ ਗਿਆ, ਕਿਉਂਕਿ ਕਾਰ ਸੇਵਾ ਵਾਲੇ ਓਥੇ ਪੂਰੀ ਤਰ੍ਹਾਂ ਪੁੱਜ ਨਹੀਂ ਸਕੇ। ਗੁਰਦੁਆਰਾ ਡੇਰਾ ਸਾਹਿਬ, ਬਾਲ ਲੀਲਾ ਤੇ ਸਿੰਘ ਸਿੰਘਣੀਆਂ ਵਿੱਚ ਬਣਾਉਟੀ ਸਜਾਵਟ ਦਾ ਕਹਿਰ ਸ਼ੁਰੂ ਹੋ ਗਿਆ ਏ।
ਮੇਰੀ ਤੇ ਮੇਰੇ ਵਰਗੀ ਲੱਖਾਂ ਦੀ ਸੰਗਤ ਦੀ ਇਹ ਪੁਕਾਰ ਪਾਕਿਸਤਾਨ ਸਰਕਾਰ ਦੇ ਕੰਨੀਂ ਕੋਈ ਪਾ ਦੇਵੇ। ਉਂਜ ਮੱਕੇ, ਯੋਰੂਸ਼ਲੋਮ ਤੇ ਵੈਟੀਕਨ ਰੋਮ ਅਤੇ ਅਨੇਕ ਧਾਰਮਿਕ ਸਥਾਨਾਂ ਦੀਆਂ ਚੰਗੀਆਂ ਮਿਸਾਲਾਂ ਸਾਡੇ ਸਾਹਮਣੇ ਹਨ। ਉਹ ਅਪਣਾਉਣ 'ਚ ਕੋਈ ਹਰਜ਼ ਨਹੀਂ-
1. ਕਰਤਾਰਪੁਰ ਵਿੱਚ ਪ੍ਰਕਿਰਤੀ ਦੇ ਵਾਸੇ ਵਾਸਤੇ ਗੁਰਦੁਆਰੇ ਦੁਆਲੇ ਖੇਤਾਂ ਨੂੰ ਕੋਈ ਨਾ ਛੇੜੇ। ਓਥੇ ਪਹਿਲਾਂ ਵਾਂਗ ਦੇਸੀ ਖੇਤੀ ਹੁੰਦੀ ਰਹੇ। ਇਕ ਸੌ ਏਕੜ 'ਚੋ ਅੱਧੀ ਜ਼ਮੀਨ ਵਿੱਚ ਵਣ ਲਾ ਦਿੱਤਾ ਜਾਵੇ, ਜਿਥੇ ਦੇਸੀ ਰੁੱਖ ਲਾਏ ਜਾਣ। ਇਸ ਨਾਲ ਸਵੱਛ ਪੌਣ ਪਾਣੀ ਦਾ, ਪੰਛੀਆਂ ਪੰਖੇਰੂਆਂ ਦਾ ਵਾਸਾ ਹੋਵੇਗਾ, ਜਿਚਰ ਗੁਰੂ ਜੀ ਵੇਲੇ ਹੁੰਦਾ ਸੀ।
2. ਗੁਰਦੁਆਰੇ ਦਾ ਅੱਜ ਵਾਲਾ ਭਵਨ ਤੇ ਵਿਹੜਾ ਵੀ ਇੰਜ ਦਾ ਹੀ ਰੱਖਿਆ ਜਾਵੇ। ਖੋਜ ਕਰਕੇ ਗੁਰੂ ਜੀ ਨਾਲ ਜੁੜੀਆਂ ਥਾਵਾਂ ਮੁੜ ਉਸਾਰੀਆਂ ਜਾਵਣ ਤੇ ਉਨ੍ਹਾਂ ਨੂੰ ਦਰਬਾਰ ਸਾਹਿਬ ਤੇ ਨਾਲ ਖੂਹੀ ਨਾਲ ਪੈਦਲ ਡੰਡੀ ਨਾਲ ਜੋੜਿਆ ਜਾਵੇ। ਨਵੀਂ ਉਸਾਰੀ ਦੀ ਦਿੱਖ ਗੁਰੂ ਜੀ ਦੇ ਵੇਲੇ ਵਾਲੀ ਹੋਵੇ, ਵੀਹ-ਵੀਹ ਮੰਜ਼ਿਲਾਂ ਵਾਲੀ ਅੱਜ ਦੀ ਕੁਹਜੀ ਮਾਡਰਨ ਦਿੱਖ ਨਹੀਂ। ਰਿਹਾਇਸ਼ੀ ਇਮਾਰਤਾਂ ਜੇ ਬਣਾਉਣੀਆਂ ਜ਼ਰੂਰੀ ਹੋਣ, ਤਾਂ ਉਹ ਦਰਬਾਰ ਸਾਹਿਬ ਤੋਂ ਚੋਖੀ ਦੂਰ ਹੋਣ।
3. ਆਵਾਜਾਈ ਵਧੇਰੇ ਪੈਦਲ ਵਾਲੀ ਰੱਖੀ ਜਾਵੇ। ਹਰ ਦਿਨ ਦੀ ਸੰਗਤ ਦੀ ਤਾਦਾਦ ਮਿਥੀ ਜਾਵੇ। ਬਜ਼ੁਰਗਾਂ ਤੇ ਨਿਰਯੋਗ ਸੰਗਤ ਨੂੰ ਢੋਣ ਲਈ ਬਿਜਲੀ ਵਾਲੀਆਂ ਗੱਡੀਆਂ ਹੋਣ। ਲਾਂਘੇ ਵਿੱਚ ਕੋਈ ਆਪਣੀ ਪੈਟਰੋਲ ਫੂਕ ਗੱਡੀ ਨਾ ਲਿਆ ਸਕੇ। ਪਲਾਸਟਿਕ ਬੈਗਾਂ, ਸ਼ਾਪਰਾਂ, ਬੋਤਰਾਂ ਤੇ ਜੰਕ ਫੂਡ 'ਤੇ ਸਖਤ ਰੋਕ ਲੱਗੇ।
4. ਇਸ ਕਿਸਮ ਦਾ ਪ੍ਰਬੰਧ ਰਾਵੀ ਪਾਰ ਡੇਰਾ ਬਾਬਾ ਨਾਨਕ ਵਿੱਚ ਵੀ ਹੋਵੇ। ਆਖਰਕਾਰ ਦੋਹਵੇਂ ਸਥਾਨ ਇਕੋ ਰਸਤੇ ਦੇ ਦੋ ਸਿਰੇ ਹੋਣਗੇ।
5. ਪੱਛਮੀ ਤੇ ਪੂਰਬੀ ਪੰਜਾਬ ਵਿੱਚ ਦੋਹਵੀਂ ਪਾਸੀਂ ਬੜੇ ਆਹਲਾ ਕਿਸਮ ਦੇ ਕਾਰੀਗਲ ਆਰਕੀਟੈਕਟ ਸੇਵਾ ਲਈ ਤਿਆਰ ਹਨ। ਸਾਨੂੰ ਭੱਜ ਕੇ ਇਜ਼ਰਾਈਲ ਦੇਸ ਦੇ ਆਰਕੀਟੈਕਟਾਂ ਨਾਲੋਂ ਘਰ ਦੇ ਬੰਦਿਆਂ ਦੀ ਸਾਰ ਲੈਣ ਦੀ ਲੋੜ ਹੈ।
ਰੱਬ ਦੇ ਵਾਸਤੇ ਕਰਤਾਰਪੁਰ ਕਰਤਾਰਪੁਰ ਹੀ ਰੱਖਣਾ, ਇਹਨੂੰ ਡਿਜ਼ਨੀਲੈਂਡ ਨਾ ਬਣਾ ਘੱਤਣਾ।

Have something to say? Post your comment