Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛਤਰਪਤੀ ਕਤਲ ਕੇਸ `ਚ ਰਾਮ ਰਹੀਮ ਅਤੇ 3 ਹੋਰ ਦੋਸ਼ੀਆਂ ਨੂੰ ਉਮਰਕੈਦ ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਨਜਰਰੀਆ

ਅਥਾਹ ਸ਼ਕਤੀ ਦਾ ਸਰੋਤ-ਸ਼ਬਦ

December 19, 2018 09:11 AM

-ਕੈਲਾਸ਼ ਚੰਦਰ ਸ਼ਰਮਾ
ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਤੇ ਦੂਜਿਆਂ ਨੂੰ ਸਮਝਣ ਦੀ ਸ਼ਕਤੀ ਗੱਲਾਂ ਵਿੱਚ ਹੁੰਦੀ ਹੈ। ਵਿਅਕਤੀ ਦੀਆਂ ਗੱਲਾਂ ਹੀ ਹੁੰਦੀਆਂ ਹਨ ਜਿਨ੍ਹਾਂ ਤੋਂ ਅਸੀਂ ਉਸ ਦੇ ਮਨ ਦੀਆਂ ਤਹਿਆਂ ਫੋਲ ਲੈਂਦੇ ਹਾਂ। ਗੱਲਾਂ ਵਿੱਚ ਵਰਤੇ ਗਏ ਸ਼ਬਦਾਂ ਤੋਂ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਵਿਅਕਤੀ ਗੱਪਾਂ ਮਾਰਦਾ ਹੈ, ਸਲਾਹ ਦੇਂਦਾ ਹੈ, ਹਮਦਰਦੀ ਜਤਾ ਰਿਹਾ ਹੈ, ਹੰਕਾਰਿਆ ਹੋਇਆ ਜਾਂ ਮਜ਼ਾਕ ਉਡਾ ਰਿਹਾ ਹੈ। ਹਰ ਮਨੁੱਖ ਦੀ ਇੱਛਾ ਹੁੰਦੀ ਹੈ ਕਿ ਦੂਜਿਆਂ ਸਾਹਮਣੇ ਉਸ ਦੀ ਇੱਕ ਵੱਖਰੀ ਪਛਾਣ ਬਣੇ, ਲੋਕ ਉਸ ਵੱਲ ਖਿੱਚੇ ਚਲੇ ਆਉਣ। ਵਧੀਆ ਮਨੁੱਖ ਆਪਣੇ ਸ਼ਬਦਾਂ ਦੇ ਪ੍ਰਗਟਾਉਣ ਦੇ ਢੰਗ ਤੋਂ ਪਛਾਣਿਆ ਜਾਂਦਾ ਹੈ, ਇਸ ਲਈ ਆਪਣੀ ਗੱਲਬਾਤ ਦੌਰਾਨ ਉਹ ਪ੍ਰਭਾਵਸ਼ਾਲੀ ਸ਼ਬਦਾਂ ਦੀ ਵਰਤੋਂ ਕਰਦਾ ਹੈ।
ਚੰਗੇ ਸ਼ਬਦਾਂ ਦਾ ਮਹੱਤਵ ਦਿਲ ਦੀਆਂ ਧੜਕਣਾਂ ਵਾਂਗ ਹੁੰਦਾ ਹੈ। ਸ਼ਬਦ ਬਹੁਤ ਵੱਡਾ ਹਥਿਆਰ ਹਨ। ਜਦੋਂ ਇਨ੍ਹਾਂ ਦੀ ਵਰਤੋਂ ਜ਼ੁਲਮਾਂ ਵਿਰੁੱਧ ਕੀਤੀ ਜਾਂਦੀ ਹੈ ਤਾਂ ਇਹ ਤੋਪਾਂ ਗੋਲਿਆਂ ਤੋਂ ਵੱਧ ਤਿੱਖੇ ਵਾਰ ਕਰਦੇ ਹਨ। ਜਦੋਂ ਕਿਸੇ ਦੀ ਖੁਸ਼ੀ ਵਾਸਤੇ ਵਰਤੇ ਜਾਣ ਤਾਂ ਤੀਆਂ ਦੇ ਗਿੱਧੇ ਵਾਂਗ ਝੂੰਮਣ ਲਾ ਦਿੰਦੇ ਹਨ, ਅੰਬਰ ਨੱਚਦਾ ਪ੍ਰਤੀਤ ਹੁੰਦਾ, ਧਰਤੀ ਗੀਤ ਗਾਉਂਦੀ ਜਾਪਦੀ ਤੇ ਪੰਛੀਆਂ ਦੀਆਂ ਕਲੋਲਾਂ ਚਿੱਤ ਨੂੰ ਬਾਗੋਬਾਗ ਕਰ ਦਿੰਦੀਆਂ ਹਨ। ਕਿਸੇ ਦੇ ਦੁੱਖ ਵਿੱਚ ਵਰਤੇ ਗਏ ਹਮਦਰਦੀ ਤੇ ਹੌਸਲਾ ਦੇਣ ਵਾਲੇ ਸ਼ਬਦ ਉਸ ਦਾ ਮਨੋਬਲ ਵਧਾ ਦਿੰਦੇ ਹਨ ਅਤੇ ਕਈ ਵਾਰ ਇਹੀ ਸ਼ਬਦ ਕਿਸੇ ਨੂੰ ਦੁਖੀ ਕਰਨ ਲਈ ਵਰਤੇ ਜਾਣ ਤਾਂ ਹੱਸਦਿਆਂ ਨੂੰ ਵੀ ਰੁਆ ਦਿੰਦੇ ਹਨ। ਸਿਆਣਿਆਂ ਨੇ ਸੱਚ ਹੀ ਕਿਹਾ ਹੈ :
ਸ਼ਬਦ ਸੇ ਖੁਸ਼ੀ, ਸ਼ਬਦ ਸੇ ਗ਼ਮ,
ਸ਼ਬਦ ਸੇ ਪੀੜਾ, ਸ਼ਬਦ ਸੇ ਮਰਹਮ।
ਜਿਸ ਤਰ੍ਹਾਂ ਫੁੱਲਾਂ ਦੀ ਖੁਸ਼ਬੂ ਹਵਾ ਦੇ ਰੁਖ਼ ਵੱਲ ਜਾਂਦੀ ਹੈ, ਉਸੇ ਤਰ੍ਹਾਂ ਚੰਗੇ ਸ਼ਬਦ ਬੋਲਣ ਵਾਲੇ ਦੀ ਸੁਗੰਧੀ ਵੀ ਚੁਫੇਰੇ ਫੈਲਦੀ ਹੈ। ਆਪਣੀ ਗੱਲਬਾਤ ਦੌਰਾਨ ਸ਼ਬਦਾਂ ਦੀ ਸੁਚੱਜੀ ਵਰਤੋਂ ਨਾਲ ਅਸੀਂ ਹਰ ਮੈਦਾਨ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ ਤੇ ਇਹ ਸਾਡੀ ਸ਼ਖਸੀਅਤ ਨੂੰ ਨਿਖਾਰਦੇ ਹਨ। ਬੋਲੀ ਦੀ ਮਿਠਾਸ ਅਤੇ ਸ਼ਬਦਾਂ ਦੀ ਢੁੱਕਵੀਂ ਚੋਣ ਜਾਦੂ ਦਾ ਅਸਰ ਕਰਦੀ ੈਹ। ਜਦੋਂ ਖਿੜੇ ਚਿਹਰੇ 'ਚੋਂ ਜ਼ੁਬਾਨ ਵਧੀਆ ਸ਼ਬਦਾਂ ਦੇ ਫੁੱਲ ਕੇਰਦੀ ਹੈ ਤਾਂ ਸਾਡੀ ਕਾਮਯਾਬੀ ਅਤੇ ਅੱਗੇ ਵਧਣ ਦਾ ਜ਼ਰੀਆ ਬਣਦੇ ਹਨ। ਅਜਿਹੇ ਵਿਅਕਤੀ ਆਪਣੀ ਗੱਲਬਾਤ ਦੌਰਾਨ ਵਰਤੇ ਸ਼ਬਦਾਂ ਨਾਲ ਅਜਿਹੀ ਛੋਹ ਛੱਡਦੇ ਹਨ ਕਿ ਇਸ ਦੇ ਅਹਿਸਾਸ ਨਾਲ ਦੂਜੇ ਵਿਅਕਤੀ ਆਨੰਦਮਈ ਜੀਵਨ ਬਤੀਤ ਕਰ ਲੈਂਦੇ ਹਨ। ਕਿਸੇ ਨੇ ਸੱਚ ਕਿਹਾ ਹੈ :
ਨਾ ਜਾਨੇ ਕੌਨ ਸੀ ਦੌਲਤ ਹੈ, ਕੁਛ ਲੋਗੋਂ ਕੇ ਸ਼ਬਦਾਂ ਮੇਂ,
ਬਾਤ ਕਰਤੇ ਹੈਂ ਤੋ ਮਨ ਹੀ ਖਰੀਦ ਲੇਤੇ ਹੈਂ।
ਇਸ ਲਈ ਰਸ ਭਰੇ ਸ਼ਬਦਾਂ ਨੂੰ ਆਪਣੀ ਕਾਰਜ ਪ੍ਰਣਾਲੀ ਦਾ ਹਿੱਸਾ ਬਣਾਓ। ਕਿਸੇ ਵਿਅਕਤੀ ਦੀ ਲਿਆਕਤ ਇਸ ਗੱਲ ਵਿੱਚ ਨਹੀਂ ਹੁੰਦੀ ਕਿ ਉਸ ਨੇ ਕਿੱਦਾਂ ਦੀ ਯੋਜਨਾ ਬਣਾਈ ਹੈ ਸਗੋਂ ਉਸ ਦੀ ਸਿਆਣਪ ਗੱਲਬਾਤ ਦੌਰਾਨ ਵਰਤੇ ਗਏ ਸ਼ਬਦਾਂ ਦੀ ਗਹਿਰਾਈ ਤੇ ਵਿਚਾਰਾਂ ਦੀ ਸ਼ੁੱਧੀ ਤੋਂ ਝਲਕਦੀ ਹੈ। ਵਰਤੇ ਗਏ ਸ਼ਬਦ ਵਿਅਕਤੀ ਦੀ ਜ਼ਿੰਦਗੀ ਦੀ ਬੁਨਿਆਦ ਹੁੰਦੇ ਹਨ, ਉਸ ਦੀ ਪਛਾਣ ਸਥਾਪਤ ਕਰਦੇ ਹਨ ਅਤੇ ਕਈ ਵਾਰ ਨਿਵੇਕਲੇ ਮਾਣ ਸਨਮਾਨ ਵੀ ਬਖਸ਼ਦੇ ਹਨ। ਕਈ ਵਾਰ ਵਿਅਕਤੀ ਦੀਆਂ ਭਾਵਨਾਵਾਂ ਕਾਬੂ ਹੇਠ ਨਹੀਂ ਹੁੰਦੀਆਂ। ਭਾਵਨਾਵਾਂ ਬੇਕਾਬੂ ਹੋਣ ਕਰ ਕੇ ਉਨ੍ਹਾਂ ਦਾ ਆਪਣੇ ਬੋਲੇ ਜਾ ਰਹੇ ਸ਼ਬਦਾਂ 'ਤੇ ਵੀ ਕੰਟਰੋਲ ਨਹੀਂ ਰਹਿੰਦਾ। ਇਸ ਕਾਰਨ ਕਈ ਵਾਰ ਕਠੋਰਤਾ ਤੇ ਕੁੜੱਤਣ ਭਰੇ ਸ਼ਬਦਾਂ ਨਾਲ ਗੱਲਾਂ ਕਰ ਕੇ ਉਹ ਸਹੀ ਭਾਵ ਨਹੀਂ ਪ੍ਰਗਟਾ ਸਕਦੇ। ਇਸ ਲਈ ਉਨ੍ਹਾਂ ਦਾ ਜੀਵਨ ਲੜਖੜਾਉਣ ਲੱਗਦਾ ਹੈ। ਜੀਵਨ ਦੀ ਸਾਰਥਿਕਤਾ ਲਈ ਭਾਵਨਾਾਂ ਦਾ ਕਾਬੂ ਹੇਠ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਕਈ ਵਾਰ ਵਿਅਕਤੀ ਵੱਲੋਂ ਵਰਤੇ ਗਏ ਸ਼ਬਦਾਂ ਤੋਂ ਉਸ ਦੀ ਬਾਹਰੀ ਤੇ ਅੰਦਰੂਨੀ ਸ਼ਖਸੀਅਤ ਦਾ ਆਪਾ-ਵਿਰੋਧ ਸਾਫ ਨਜ਼ਰ ਆਉਂਦਾ ਹੈ। ਅਜਿਹੇ ਵਿਅਕਤੀ ਆਪਣੇ ਵਰਤੇ ਗਏ ਸ਼ਬਦਾਂ ਨਾਲ ਭਰੋਸਾ ਗੁਆ ਲੈਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਚੰਗੇ ਸੰਸਕਾਰ ਦੇਣ ਵਿੱਚ ਫਾਡੀ ਰਹਿ ਜਾਂਦੇ ਹਨ।
ਸਾਡੇ ਵੱਲੋਂ ਬੋਲੇ ਸ਼ਬਦ ਸਾਡੇ ਦੋਸਤ ਵੀ ਹਨ ਅਤੇ ਦੁਸ਼ਮਣ ਵੀ। ਇਹ ਦੂਜਿਆਂ ਦੇ ਕਸ਼ਟ, ਸੰਤਾਪ ਅਤੇ ਦੁੱਖਾਂ ਦਾ ਹਰਨ ਵੀ ਕਰਦੇ ਹਨ। ਸਹੀ ਸ਼ਬਦ ਸੰਤ ਦੀ ਤਰ੍ਹਾਂ ਨਿਰਮਲ ਅਤੇ ਨਿਰਛਲ ਹੁੰਦੇ ਹਨ। ਉਹ ਹਿਰਦੇ ਰੂਪੀ ਸਰੋਵਰ ਵਿੱਚ ਲੋਕਾਂ ਦਾ ਕਲਿਆਣ ਕਰਦੇ ਹਨ। ਅਜਿਹੇ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਲੋਕ ਜੀਵਨ ਵਿੱਚ ਸਿਤਾਰਿਆਂ ਵਾਂਗ ਚਮਕਦੇ ਰਹਿੰਦੇ ਹਨ। ਅਜਿਹੇ ਲੋਕਾਂ ਦੇ ਰਿਸ਼ਤਿਆਂ ਦੀ ਸਾਂਝ ਪਕੇਰੀ ਤੇ ਵਡੇਰੀ ਉਮਰ ਦੀ ਹੁੰਦੀ ਹੈ। ਜ਼ਿੰਦਗੀ ਵਿੱਚ ਉਚਾ ਉਠਣ ਲਈ ਚੰਗੇ ਸ਼ਬਦ ਇਨਸਾਨ ਨੂੰ ਬਾਦਸ਼ਾਹ ਬਣਾ ਦਿੰਦੇ ਹਨ। ਹੰਕਾਰ ਵਿੱਚ ਗੜੁੱਚ ਵਿਅਕਤੀ ਲਈ ਤੁਹਾਡੇ ਪ੍ਰਸ਼ੰਸਾ ਭਰੇ ਸ਼ਬਦ ਉਸ ਦਾ ਪੂਰਾ ਦਿਨ ਖੇੜੇ ਭਰਿਆ ਬਣਾ ਸਕਦੇ ਹਨ। ਮਾੜੀ ਸੰਗਤ ਤੋਂ ਪ੍ਰੇਰਿਤ ਸ਼ਬਦ ਸਮਾਜ ਵਿੱਚ ਜ਼ਹਿਰ ਘੋਲਣ ਦਾ ਕੰਮ ਕਰਦੇ ਹਨ। ਕਠੋਰਤਾ ਤੇ ਕੁੜੱਤਣ ਦੇ ਸ਼ਬਦ ਲਾਵੇ ਵਾਂਗ ਅਸਰ ਕਰਦੇ ਹੋਏ ਅੱਗਾਂ ਲਾਉਂਦੇ ਹੋਏ ਸੁਣਨ ਵਾਲਿਆਂ ਦਾ ਕਲੇਜਾ ਛਲਣੀ ਕਰੀ ਜਾਂਦੀ ਹੈ। ਸਾਧਾਰਨ ਤੇ ਸ਼੍ਰੇਸ਼ਠ ਵਿਅਕਤੀ ਦਾ ਅੰਤਰ ਵੀ ਉਸ ਵੱਲੋਂ ਗੱਲਬਾਤ ਦੌਰਾਨ ਵਰਤੋਂ ਵਿੱਚ ਲਿਆਉਂਦੇ ਸ਼ਬਦਾਂ ਤੋਂ ਪਤਾ ਲੱਗ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਸੰਸਾਰ ਵਿੱਚ ਕੇਵਲ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜਿਸ ਦਾ ਜ਼ਹਿਰ ਉਸ ਦੇ ਦੰਦਾਂ ਵਿੱਚ ਨਹੀਂ, ਉਸ ਦੇ ਸ਼ਬਦਾਂ ਵਿੱਚ ਹੈ।
ਜ਼ਹਿਰ ਦੇਣ ਨਾਲ ਵਿਅਕਤੀ ਇੱਕ ਵਾਰ ਮਰਦਾ ਹੈ, ਪਰ ਸ਼ਬਦਾਂ ਦੇ ਤੀਰਾਂ ਨਾਲ ਦਿੱਤਾ ਜ਼ਹਿਰ ਵਿਅਕਤੀ ਨੂੰ ਹਰ ਪਲ ਮਾਰਦਾ ਹੈ। ਜ਼ੁਬਾਨ ਨਾਲ ਦਿੱਤੇ ਜ਼ਖਮ ਠੀਕ ਨਹੀਂ ਹੁੰਦੇ। ਜ਼ੁਬਾਨ ਵਿੱਚੋਂ ਨਿਕਲੇ ਭੈੜੇ ਬੋਲ ਤਲਵਾਰ ਨਾਲੋਂ ਵੀ ਡੂੰਘਾ ਜ਼ਖਮ ਕਰ ਜਾਂਦੇ ਅਤੇ ਸਦਾ ਤੜਫਦੇ ਰਹਿੰਦੇ ਹਨ। ਇਸ ਲਈ ਕਦੇ ਵੀ ਸ਼ਬਦਾਂ ਦੀ ਵਰਤੋਂ ਲਾਪਰਵਾਹੀ ਨਾਲ ਨਾ ਕਰੋ ਕਿਉਂਕਿ ਇੱਕ ਵਾਰ ਮੂੰਹੋਂ ਨਿਕਲੇ ਸ਼ਬਦ ਵਾਪਸ ਨਹੀਂ ਆਉਂਦੇ।

Have something to say? Post your comment