ਲੁਧਿਆਣਾ, 23 ਸਤੰਬਰ (ਪੋਸਟ ਬਿਊਰੋ)- ਪੰਜਾਬ ਦੇ ਸਕੂਲਾਂ ਵਿੱਚ ਸਿੰਗਲ ਪੇਰੈਂਟਸ ਨੂੰ ਬੱਚਿਆਂ ਦੇ ਦਾਖਲੇ ਵਿੱਚ ਔਖ ਨਹੀਂ ਆਏਗੀ। ਅੱਗੇ ਤੋਂ ਦਾਖਲਾ ਫਾਰਮ ਵਿੱਚ ਦੋਵਾਂ (ਮਾਤਾ-ਪਿਤਾ) ਦੇ ਨਾਂਅ ਲਿਖਣ ਦੀ ਮੰਗ ਸਕੂਲ ਨਹੀਂ ਕਰਨਗੇ। ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਨੇ ਇਸ ਸਬੰਧ ਵਿੱਚ ਸਾਰੇ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਹਨ।
ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਬੱਚਿਆਂ ਨੂੰ ਕਿਸੇ ਵੀ ਕੀਮਤ ਉੱਤੇ ਦਾਖਲਾ ਦੇਣ ਤੋਂ ਮਨ੍ਹਾ ਨਾ ਕੀਤਾ ਜਾਏ ਤੇ ਇਨ੍ਹਾਂ ਹੁਕਮਾਂ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਏਗਾ। ਨਾਲ ਸਾਫ ਕੀਤਾ ਗਿਆ ਹੈ ਕਿ ਨਿਯਮ ਤੋੜਨ ਵਾਲੇ ਸਕੂਲਾਂ ਉੱਤੇ ਕਾਰਵਾਈ ਹੋਵੇਗੀ। ਅਨੁਸਾਰ ਕੁਝ ਸਮਾਂ ਪਹਿਲਾਂ ਤੋਂ ਇਹ ਕੇਸ ਸਿੱਖਿਆ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਉਣ ਦੇ ਇਛੁੱਕ ਹਨ। ਜਦ ਬੱਚਿਆਂ ਦੇ ਦਾਖਲੇ ਲਈ ਸਕੂਲ ਜਾਂਦੇ ਹਨ ਤਾਂ ਦਾਖਲਾ ਫਾਰਮ ਵਿੱਚ ਮਾਤਾ-ਪਿਤਾ ਦਾ ਨਾਂਅ ਭਰਨਾ ਜ਼ਰੂਰੀ ਹੋਣ ਕਾਰਨ ਦਿੱਕਤ ਆਉਂਦੀ ਹੈ, ਜਿਸ ਦੇ ਬਾਅਦ ਇਸ ਮਾਮਲੇ ਉੱਤੇ ਅਧਿਕਾਰੀਆਂ ਨੇ ਵਿਚਾਰ ਕੀਤਾ ਅਤੇ ਸਿੱਖਿਆ ਵਿਭਾਗ ਨੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਕਿਸੇ ਵੀ ਕਾਰਨ ਤੋਂ ਜੇ ਇੱਕ ਨਾਂਅ ਦਾਖਲਾ ਫਾਰਮ ਵਿੱਚ ਦਰਜ ਕੀਤਾ ਜਾਂਦਾ ਹੈ ਤਾਂ ਅਜਿਹੇ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਮਨ੍ਹਾ ਨਾ ਕਰਨ।