ਇਸਲਾਮਾਬਾਦ, 18 ਦਸੰਬਰ (ਪੋਸਟ ਬਿਊਰੋ)- ਭਾਰਤੀ ਕੈਦੀ ਹਾਮਿਦ ਨਿਹਾਲ ਅੰਸਾਰੀ (33) ਨੂੰ ਪਾਕਿਸਤਾਨ ਨੇ ਕੱਲ੍ਹ ਰਿਹਾਅ ਕਰ ਦਿੱਤਾ। ਉਸ ਨੂੰ ਪਾਕਿਸਤਾਨੀ ਖੁਫੀਆ ਏਜੰਸੀਆਂ ਨੇ 2012 ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਫਿਰ ਫਰਜ਼ੀ ਪਾਕਿਸਤਾਨੀ ਪਛਾਣ ਪੱਤਰ ਰੱਖਣ ਦੇ ਦੋਸ਼ ਵਿੱਚ ਫੌਜੀ ਅਦਾਲਤ ਨੇ ਉਸ ਨੂੰ 15 ਦਸੰਬਰ 2015 ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ ਸੁਣਾਏ ਜਾਣ ਪਿੱਛੋਂ ਮੁੰਬਈ ਵਾਸੀ ਹਾਮਿਦ ਨੂੰ ਪੇਸ਼ਾਵਰ ਸੈਂਟਰਲ ਜੇਲ੍ਹ ਵਿੱਚ ਰੱਖਿਆ ਗਿਆ ਸੀ। ਉਸ ਦੀ ਤਿੰਨ ਸਾਲ ਦੀ ਸਜ਼ਾ 15 ਦਸੰਬਰ 2018 ਨੂੰ ਪੂਰੀ ਹੋ ਗਈ ਸੀ, ਪਰ ਕਾਨੂੰਨੀ ਦਸਤਾਵੇਜ਼ ਤਿਆਰ ਨਾ ਹੋਣ ਦੇ ਕਾਰਨ ਉਸ ਨੂੰ ਰਿਹਾਅ ਨਹੀਂ ਕੀਤਾ ਜਾ ਸਕਿਆ ਸੀ।
ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਦਾਅਵਾ ਕੀਤਾ ਕਿ ਅੰਸਾਰੀ ਇੱਕ ਭਾਰਤੀ ਜਾਸੂਸ ਸੀ, ਜੋ ਗੈਰ ਕਾਨੂੰਨੀ ਢੰਗ ਨਾਲ ਪਾਕਿਸਤਾਨ ਆਇਆ ਸੀ। ਉਹ ਸਰਕਾਰ ਵਿਰੋਧੀ ਅਪਰਾਧਾਂ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਵਿੱਚ ਸ਼ਾਮਲ ਸੀ। ਸਾਲ 2012 ਵਿੱਚ ਕੋਹਾਟ ਵਿੱਚ ਪਾਕਿਸਤਾਨੀ ਖੁਫੀਆ ਏਜੰਸੀਆਂ ਤੇ ਸਥਾਨਕ ਪੁਲਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੇ ਬਾਅਦ ਹਾਮਿਦ ਨਿਹਾਲ ਅੰਸਾਰੀ ਲਾਪਤਾ ਹੋ ਗਿਆ ਸੀ। ਪਤਾ ਲੱਗਾ ਹੈ ਕਿ ਹਾਮਿਦ ਆਨਲਾਈਨ ਫਰੈਂਡ ਬਣੀ ਇੱਕ ਲੜਕੀ ਨੂੰ ਮਿਲਣ ਲਈ ਅਫਗਾਨਿਸਤਾਨ ਰਸਤੇ ਪਾਕਿਸਤਾਨ ਪੁੱਜਾ ਸੀ। ਵੀਰਵਾਰ ਨੂੰ ਪੇਸ਼ਾਵਰ ਹਾਈ ਕੋਰਟ ਨੇ ਵਕੀਲ ਕਾਜ਼ੀ ਮੁਹੰਮਦ ਅਨਵਰ ਦੇ ਜ਼ਰੀਏ ਹਾਮਿਦ ਦੀ ਅਪੀਲ 'ਤੇ ਸੁਣਵਾਈ ਕੀਤੀ।