Welcome to Canadian Punjabi Post
Follow us on

15

November 2019
ਸੰਪਾਦਕੀ

ਚੀਨ ਅਮਰੀਕਾ ਦੀ ਲੜਾਈ ਵਿੱਚ ਕੈਨੇਡਾ ਦੇ ਪੈਰੀਂ ਕੁਹਾੜੀ?

December 19, 2018 08:23 AM

ਚੀਨ ਅਮਰੀਕਾ ਦੀ ਲੜਾਈ ਵਿੱਚ ਕੈਨੇਡਾ ਦੇ ਪੈਰੀਂ ਕੁਹਾੜੀ?

ਪੰਜਾਬੀ ਪੋਸਟ ਸੰਪਾਦਕੀ

ਅਮਰੀਕਾ ਅਤੇ ਚੀਨ ਦਰਮਿਆਨ ਚੱਲ ਰਹੀ ਟਰੇਡ ਜੰਗ ਵਿੱਚ ਕੈਨੇਡਾ ਵਿਚਾਰਾ ਜਿਹਾ ਹੋ ਕੇ ਨਮੋਸ਼ੀ ਦੇ ਪਲ ਝੱਲ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ਉੱਤੇ ਕੈਨੇਡਾ ਦੀ ਸਥਿਤੀ ਅਜਿਹੀ ਬਣ ਚੁੱਕੀ ਹੈ ਕਿ ਪ੍ਰਭੂਸੱਤਾ ਮੁਲਕ ਵਜੋਂ ਇਸਦੀ ਆਨ, ਬਾਣ ਅਤੇ ਸ਼ਾਨ ਦਾ ਪਿਟਾਰਾ ਸ਼ਰੇਆਮ ਚੌਂਕ ਵਿੱਚ ਖੁੱਲ ਰਿਹਾ ਹੈ। ਚੀਨ ਦੀ ਟੈਲੀਕਾਮ ਕੰਪਨੀ ਵਾਅਵੇਅ ਦੀ ਚੀਫ ਫਾਨਾਂਸ਼ੀਅਲ ਅਫ਼ਸਰ ਮੈਂਗ ਵੈਂਜ਼ੂ ਦੀ ਗ੍ਰਿਫਤਾਰੀ ਨੂੰ ਲੈ ਕੇ ਚੀਨ ਅਤੇ ਅਮਰੀਕਾ ਦੋ ਪਹਿਲਵਾਨਾਂ ਦੇ ਭੇੜ ਵਿੱਚ ਕੈਨੇਡਾ ਦੇ ਦਰੜੇ ਜਾਣ ਦੀ ਕਹਾਣੀ ਬਣਦੀ ਜਾ ਰਹੀ ਹੈ। (ਅੰਗਰੇਜ਼ੀ ਵਿੱਚ ਇਸ ਕੰਪਨੀ ਨੂੰ ੍ਹੁਅੱੲ ਿਲਿਖਿਆ ਜਾਂਦਾ ਹੈ)। ਇਸ ਕਿੱਸੇ ਦਾ ਆਰੰਭ ਸਾਊਦੀ ਅਰਬੀਆ ਵਿੱਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਬਾਰੇ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਕੀਤੇ ਗਏ ਇੱਕ ਟਵੀਟ ਤੋਂ ਆਰੰਭ ਹੋਇਆ ਸੀ। ਸਾਊਦੀ ਅਰਬੀਆ ਨੇ ਜਿਸ ਢੰਗ ਨਾਲ ਕੈਨੇਡਾ ਨੂੰ ਇੱਕ ਬਚਕਾਨਾ ਜਿਹਾ ਮੁਲਕ ਸਮਝ ਕੇ ਵਿਹਾਰ ਕੀਤਾ ਅਤੇ ਅਮਰੀਕਾ ਨੇ ਕੈਨੇਡਾ ਦਾ ਸਾਥ ਦੇਣ ਤੋਂ ਸਪੱਸ਼ਟ ਨਾਂਹ ਕੀਤੀ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਸੀ।

 

ਅੱਜ ਦੇ ਯੁੱਗ ਵਿੱਚ ਵਿਦੇਸ਼ ਨੀਤੀ ਦਾ ਇੱਕੋ ਇੱਕ ਸੂਤਰ ਟਰੇਡ ਹੈ। ‘ਜੰਗ ਅਤੇ ਪਰੇਮ ਵਿੱਚ ਸੱਭ ਸੱਚ’ ਹੋਣ ਦਾ ਕੌੜਾ ਸੱਚ ਅੱਜ ਟਰੇਡ ਵਿੱਚ ਲਾਗੂ ਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਟਰੂਡੋ ਦਰਮਿਆਨ ਖੱਟੇ ਸਬੰਧ ਅਤੇ ਨਾਫਟਾ ਗੱਲਬਾਤ ਦੌਰਾਨ ਆਈਆਂ ਦਿੱਕਤਾਂ ਕੈਨੇਡਾ ਨੇ ਕੈਨੇਡਾ ਦੇ ਨੀਤੀ ਘਾੜਿਆਂ ਲਈਮੁਸ਼ਕਲਾਂ ਖੜੀਆਂ ਕੀਤੀਆਂ ਹੋਈਆਂ ਹਨ। ਨਾਫਟਾ ਸੰਧੀ ਉੱਤੇ ਦਸਤਖਤ ਹੋ ਜਾਣ ਤੋਂ ਬਾਅਦ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੀਆਂ ਜਾਣ ਵਾਲੀਆਂ ਧਮਕੀਆਂ ਦੇ ਪ੍ਰਭਾਵ ਨੂੰ ਘੱਟ ਰੱਖਣ ਲਈ ਵਾਅਵੇਅ ਦੀ ਮੈਂਗ ਵੈਂਜ਼ੂ ਨੂੰ ਗ੍ਰਿਫਤਾਰ ਕਰਨ ਵਿੱਚ ਭਲਾ ਸਮਝਿਆ। ਚੀਨ ਲਈ ਅਮਰੀਕਾ ਅੱਖਾਂ ਵਿਖਾਉਣੀਆਂ ਔਖੀਆਂ ਸਨ, ਸੋ ਉਸਨੇ ਕੈਨੇਡਾ ਵਿਰੁੱਧ ਆਪਣਾ ਗੁੱਸਾ ਕੱਢਣਾ ਆਰੰਭ ਕਰ ਦਿੱਤਾ। ਚੀਨ ਦਾ ਆਖਣਾ ਹੈ ਕਿ ਕੈਨੇਡਾ-ਚੀਨ ਦੁੱਵਲੇ ਟਰੇਡ ਵਿੱਚ ਹੋਣ ਵਾਲੇ ਨੁਕਸਾਨ ਲਈ ਕੈਨੇਡਾ ਖੁਦ ਜੁੰਮੇਵਾਰ ਹੋਵੇਗਾ। 

ਦੂਜੇ ਪਾਸੇ ਰਾਸ਼ਟਰਪਤੀ ਟਰੰਪ ਨੇ ਆਪਣੀ ਦੋਗਲੀ ਪਹੁੰਚ ਨੂੰ ਜਾਰੀ ਰੱਖਦੇ ਹੋਏ ਆਖ ਦਿੱਤਾ ਹੈ ਕਿ ਉਹ ਵਾਅਵੇਅ ਵਿਵਾਦ ਨੂੰ ‘ਅਮਰੀਕਾ ਅਤੇ ਚੀਨ’ ਦਰਮਿਆਨ ਟਰੇਡ ਨੂੰ ਪ੍ਰਭਾਵਿਤ ਨਹੀਂ ਹੋਣ ਦੇਵੇਗਾ। ਇਸਦਾ ਅਰਥ ਹੈ ਕਿ ਜੇ ਲੋੜ ਪਈ ਤਾਂ ਮੈਂਗ ਵੈਜ਼ੂ ਵਿਰੁੱਧ ਅਮਰੀਕਾ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਵਾਅਵੇਅ ਦਾ ਕੱਦਕਾਠ ਕਿੰਨਾ ਕੁ ਉੱਚਾ ਹੈ ਜਿਸ ਵਾਸਤੇ ਐਨੀ ਵੱਡੀ ਲੜਾਈ ਛਿੜੀ ਹੋਈ ਹੈ। ਵਾਅਵੇਅ ਦੇ ਟੈਲੀਕਾਮ ਉਤਪਾਦਨ ਅਤੇ ਸੇਵਾਵਾਂ170 ਦੇਸ਼ਾਂ ਵਿੱਚ ਵੇਚੀਆਂ ਜਾਂਦੀਆਂ ਹਨ। ਇਸਦੀ ਪੈਂਠ ਐਨੀ ਵੱਡੀ ਹੈ ਕਿ 2012 ਵਿੱਚ ਇਸ ਨੇ ਐਰਿਕਸਨ (Ericson ਨੂੰ ਖਰੀਦ ਲਿਆ ਸੀ ਜਿਸਤੋਂ ਬਾਅਦ ਇਹ ਦੁਨੀਆ ਦੀ ਸੱਭ ਤੋਂ ਵੱਡੀ ਟੈਲੀਫੂਨ ਬਣਾਉਣ ਵਾਲੀ ਕੰਪਨੀ ਬਣ ਗਈ ਸੀ। 2018 ਵਿੱਚ ਇਸਨੇ ਐਪਲ (Apple) ਨੂੰ ਹੱੜਪ ਲਿਆ ਹੈ। 2017 ਵਿੱਚ ਵਿਸ਼ਵ ਦੀਆਂ 500 ਗਲੋਬਲ ਫਾਰਚਿਊਨ ਕੰਪਨੀਆਂ ਵਿੱਚੋਂ ਇਸਦਾ 72ਵਾਂ ਨੰਬਰ ਸੀ। ਵਾਅਵਅੇ ਦੇ ਇਰਾਨ ਨਾਲ ਸ਼ੱਕੀ ਟਰੇਡ ਸਬੰਧ ਹੋਣ ਕਾਰਣ ਅਮਰੀਕਾ ਵਿੱਚ ਮੁੱਕਦਮਾ ਦਾਖ਼ਲ ਹੈ ਜਿਸ ਦੇ ਆਧਾਰ ਉੱਤੇ ਅਮਰੀਕਾ ਵੱਲੋਂ Extradition Act ਤਹਿਤ ਕੈਨੇਡਾ ਉੱਤੇ ਮੈਂਗ ਨੂੰ ਗ੍ਰਿਫਤਾਰ ਕਰਨ ਲਈ ਜੋਰ ਪਾਇਆ ਗਿਆ। ਕ੍ਰਿਸਟੀਆ ਫਰੀਲੈਂਡ ਨੇ ਕੱਲ ਕਬੂਲ ਕੀਤਾ ਕਿ ਕੈਨੇਡਾ ਕੋਲ ਗ੍ਰਿਫਤਾਰੀ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸਨ।

 ਚੀਨ ਅਮਰੀਕਾ ਭੇੜ ਵਿੱਚ ਆ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਦਾ ਇਹ ਐਲਾਨ ਹੈਰਾਨ ਕਰਨ ਵਾਲਾ ਹੈ ਕਿ ਕੈਨੇਡਾ ਵੱਲੋਂ ਸਾਊਦੀ ਅਰਬੀਆ ਨਾਲ 13 ਬਿਲੀਅਨ ਡਾਲਰ ਦੇ ਇਕਰਾਰਨਾਮੇ ਨੂੰ ਤੋੜ ਦਿੱਤਾ ਜਾਵੇਗਾ। ਜੇ ਅਜਿਹਾ ਕਰਨਾ ਹੀ ਸੀ ਤਾਂ ਅਗਸਤ ਮਹੀਨੇ ਵਿੱਚ ਕੀਤਾ ਜਾਂਦਾ ਤਾਂ ਜੋ ਸਾਊਦੀ ਅਰਬੀਆ ਦੇ ਮੂੰਹ ਉੱਤੇ ਚਪੇੜ ਥਾ ਵੱਜਦੀ ਅਤੇ ਅੱਜ ਹੋਰ ਮੁਲਕ ਸਾਨੂੰ ਦੁੱਧ ਪੀਣ ਵਾਲਾ ਬੱਚਾ ਨਾ ਸਮਝਦੇ। ਇਹ ਕਦੋਂ ਤੱਕ ਹੁੰਦਾ ਰਹੇਗਾ ਕਿ ਦੁਨੀਆ ਦੇ ਪਹਿਲਵਾਨ ਲੜਨਗੇ ਅਤੇ ਅਸੀਂ ਕੈਨੇਡੀਅਨ ਕਿਨਾਰੇ ਖੜੇ ਰੋਂਦੇ ਰਹਾਂਗੇ? ਕੈਨੇਡੀਅਨਾਂ ਬਾਰੇ ਇੱਕ ਪ੍ਰਭਾਵ ਹੈ ਕਿ ਇਹ ਸਾਊ, ਨਿਮਾਣੇ ਅਤੇ ਮਿੱਠਬੋਲੜੇ ਹੁੰਦੇ ਹਨ। ਪ੍ਰਧਾਨ ਮੰਤਰੀ ਟਰੂਡੋ ਹੋਰਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ ਇਸ ਧਾਰਨਾ ਨੂੰ ਹੋਰ ਮਜ਼ਬੂਤ ਕਰਕੇ ਆਪਣੇ ਨਿੱਜੀ ਅਕਸ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਖੂਬ ਚਮਕਾਇਆ ਹੈ। ਪਰ ਹੁਣ ਸਮਾਂ ਹੈ ਕਿ ਦੇਸ਼ ਦੇ ਅਕਸ ਨੂੰ ਠੀਕ ਕਰਨ ਲਈ ਉੱਦਮ ਕੀਤੇ ਜਾਣ।

Have something to say? Post your comment