Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਰੁੱਖ ਬੋਲ ਨਾ ਸਕਦੇ ਭਾਵੇਂ..

September 01, 2021 02:52 AM

-ਡਾ. ਪ੍ਰਿਤਪਾਲ ਸਿੰਘ ਮਹਿਰੋਕ
ਰੁੱਖ ਕੋਲ ਕੁਦਰਤ ਦੀਆਂ ਅਨੇਕ ਦਾਤਾਂ ਹੁੰਦੀਆਂ ਹਨ, ਪਰ ਉਨ੍ਹਾਂ ਵਿੱਚੋਂ ਉਸ ਦਾ ਆਪਣਾ ਕੁਝ ਨਹੀਂ ਹੁੰਦਾ। ਰੁੱਖ ਕੋਲ ਜੋ ਕੁਝ ਹੁੰਦਾ ਹੈ, ਦੂਜਿਆਂ ਲਈ ਹੁੰਦਾ ਹੈ। ਉਹ ਦੂਜਿਆਂ ਲਈ ਜਿਉਂਦਾ ਹੈ, ਦੂਜਿਆਂ ਲਈ ਮਰਦਾ ਹੈ। ਦੂਜਿਆਂ ਦੇ ਕੰਮ ਆਉਣ ਦਾ ਸਬਕ ਕੋਈ ਰੁੱਖ ਕੋਲੋਂ ਸਿੱਖੋ! ਜੇ ਕੋਈ ਕਵੀ ਮਨ ਕਹਿੰਦਾ ਹੈ ਕਿ ਰੁੱਖ ਮਨੁੱਖ ਦੇ ਦੁੱਖੜੇ ਸੁਣਦਾ ਹੈ ਤੇ ਫਿਰ ਉਸ ਦੇ ਦੁੱਖ ਵੰਡਾਉਂਦਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ। ਰੁੱਖਾਂ ਨਾਲ ਮਨੁੱਖ ਦਾ ਮੁੱਢ ਕਦੀਮੀ ਰਿਸ਼ਤਾ ਹੈ। ਰੁੱਖ ਮਨੁੱਖ ਦੇ ਮੁੱਢਲੇ ਆਸਰਿਆਂ ਵਿੱਚੋਂ ਇੱਕ ਹੈ। ਪੇਟ ਦੀ ਭੁੱਖ ਮਿਟਾਉਣ ਅਤੇ ਤਨ ਨੂੰ ਕੱਜਣ ਲਈ ਮਨੁੱਖ ਨੇ ਸਭ ਤੋਂ ਪਹਿਲਾਂ ਰੁੱਖਾਂ ਉੱਤੇ ਨਿਰਭਰ ਕੀਤਾ ਤੇ ਉਨ੍ਹਾਂ ਦਾ ਆਸਰਾ ਲਿਆ ਸੀ। ਮਨੁੁੱਖੀ ਸੱਭਿਅਤਾ ਦੇ ਆਰੰਭ ਤੋਂ ਅੱਜ ਤੱਕ ਰੁੱਖ ਮਨੁੱਖ ਦੇ ਸਿਰ ਦੀ ਛਤਰੀ ਬਣਦਾ ਆਇਆ ਹੈ। ਸੂਰਜ ਦੀ ਤਪਸ਼ ਸਹਿੰਦਾ ਆਇਆ ਹੈ, ਖ਼ੁਦ ਸੇਕ ਝੱਲ ਕੇ ਮਨੁੱਖ ਨੂੰ ਛਾਂ ਦਿੰਦਾ ਆਇਆ ਹੈ, ਵੰਨ-ਸੁਵੰਨੇ ਫੁੱਲ ਅਤੇ ਫ਼ਲ ਦਿੰਦਾ ਆਇਆ ਹੈ, ਬਾਲਣ ਵਾਸਤੇ ਤੇ ਭਾਂਤ-ਭਾਂਤ ਦੀ ਵਰਤੋਂ ਵਾਸਤੇ ਲੱਕੜੀ ਦਿੰਦਾ ਆਇਆ ਹੈ, ਪਰ ਮਨੁੱਖ ਰੁੱਖਾਂ ਨੂੰ ਬੜੀ ਬੇਰਹਿਮੀ ਨਾਲ ਕੱਟਣ ਦਾ ਆਦੀ ਹੈ। ਮਨੁੱਖ ਇੰਨਾ ਖ਼ੁਦਗਰਜ਼ ਹੈ ਕਿ ਰੁੱਖ ਦੇ ਤਨ ਉੱਤੇ ਕੁਹਾੜਾ ਚਲਾਉਣ ਸਮੇਂ ਪ੍ਰਕਿਰਤੀ ਵੱਲ ਆਪਣੀ ਅਕ੍ਰਿਤਘਣਤਾ ਸਬੂਤ ਦੇ ਕੇ ਰਹਿੰਦਾ ਹੈ। ਮਨੁੱਖ ਜੰਗਲ ਨੂੰ ਅੱਗ ਲਾ ਕੇ ਸੁਆਹ ਕਰ ਦਿੰਦਾ ਹੈ। ਵਾਤਾਵਰਨ ਤਬਾਹ ਕਰਦਾ ਹੈ। ਰੁੱਖ ਤਾਂ ਪਹਿਲਾਂ ਹੀ ਬਹੁਤ ਦੁੱਖ ਤਕਲੀਫ਼ਾਂ ਝੱਲਦਾ ਹੈ। ਮੀਂਹ, ਹਨੇਰੀ, ਗਰਮੀ, ਸਰਦੀ, ਬਰਫ਼ਾਂ, ਹੜ੍ਹਾਂ ਆਦਿ ਆਫ਼ਤਾਂ ਦੀ ਕਰੋਪੀ ਸਹਾਰਦਾਂ ਹੈ।
ਰੁੱਖਾਂ ਪ੍ਰਤੀ ਮਨੁੱਖ ਨੇ ਆਪਣੇ ਫ਼ਰਜ਼ਾਂ ਨੂੰ ਬਹੁਤਾ ਪਛਾਣਿਆ ਨਹੀਂ। ਮਨੁੱਖ ਨੂੰ ਰੁੱਖ ਕੱਟਣ ਵਿੱਚ ਨਹੀਂ, ਸਗੋਂ ਵੱਧ ਰੁੱਖਾਂ ਦੇ ਪੌਦੇ ਲਾਉਣ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ। ਉਨ੍ਹਾਂ ਦੀ ਸੰਭਾਲ ਵੱਲ ਧਿਆਨ ਦੇਣਾ ਮਨੁੱਖ ਦੀ ਵੱਡੀ ਲੋੜ ਵੀ ਹੈ ਤੇ ਫ਼ਰਜ਼ ਵੀ। ਕਹਿੰਦੇ ਨੇ ਰੁੱਖ ਲਾਉਣ ਅਤੇ ਉਨ੍ਹਾਂ ਦੀ ਪਾਲਣਾ ਕਰਨ ਨਾਲ ਧੀਆਂ-ਪੁੱਤਾਂ ਨੂੰ ਪਾਲਣ ਵਰਗਾ ਫ਼ਲ ਮਿਲਦਾ ਹੈ। ਚੁੱਪ, ਇਕਾਂਤ ਤੇ ਖਾਮੋਸ਼ੀ ਦੇ ਪਾਸਾਰੇ ਵਾਲੇ ਚੌਗਿਰਦੇ ਵਿੱਚ ਰੁੱਖ ਮਧੁਰ ਧੁਨ ਪੈਦਾ ਕਰਨ ਵਰਗੀ ਇਬਾਰਤ ਲਿਖ ਦਿੰਦੇ ਹਨ। ਵਾਤਾਵਰਨ ਸੁਗੰਧਿਤ ਬਣਾ ਦਿੰਦੇ ਹਨ, ਸੰਨਾਟੇ ਵਿੱਚ ਰੌਣਕ ਲਾ ਦਿੰਦੇ ਹਨ। ਰੁੱਖ ਜਦੋਂ ਮਨੁੱਖ ਦੀ ਸੁੰਨੀ ਜ਼ਿੰਦਗੀ ਵਿੱਚ ਪ੍ਰਵੇਸ਼ ਕਰਦੇ ਹਨ ਤਾਂ ਉਹ ਉਸ ਲਈ ਬੇਅੰਤ ਖ਼ੁਸ਼ੀਆਂ ਲੈ ਕੇ ਆਉਂਦੇ ਹਨ।
ਰੁੱਖਾਂ ਦੇ ਅਮੋਲਵੇਂ ਮਹੱਤਵ ਨੂੰ ਪਛਾਣਦਿਆਂ ਹੋਇਆਂ ਸਮੇਂ ਦੀਆਂ ਸਰਕਾਰਾਂ ਮਨੁੱਖ ਨੂੰ ਜਾਗਰੂਕ ਕਰਨ ਦੇ ਯਤਨ ਕਰਦੀਆਂ ਹਨ। ਰੁੱਖਾਂ ਦੀ ਬਹੁਮੁੱਲੀ ਸੰਪਤੀ ਵਿੱਚ ਵਾਧਾ ਕਰਨ ਅਤੇ ਇਨ੍ਹਾਂ ਦੀ ਸੰਭਾਲ ਲਈ ਲੋਕਾਂ ਅੰਦਰ ਚੇਤਨਾ ਪੈਦਾ ਕੀਤੀ ਜਾਂਦੀ ਹੈ। ਸ਼ਹਿਰਾਂ ਨੂੰ ਵਿਉਂਤਣ, ਯੋਜਨਾਬੱਧ ਤਰੀਕੇ ਨਾਲ ਰੁੱਖ ਲਗਾਉਣ, ਸ਼ਹਿਰਾਂ ਦੀ ਖ਼ੂਬਸੂਰਤੀ ਵਿੱਚ ਵਾਧਾ ਕਰਨ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਵਿੱਚ ਰੁੱਖਾਂ ਦਾ ਮਹੱਤਵ ਪਛਾਣਿਆ ਤੇ ਪ੍ਰਚਾਰਿਆ ਜਾਂਦਾ ਰਿਹਾ ਹੈ। ਰੁੱਖਾਂ ਹੇਠਲੇ ਰਕਬੇ ਵਧਾਉਣ ਲਈ ਵੱਡੇ ਪੱਧਰ ਉੱਤੇ ਉਪਰਾਲੇ ਕੀਤੇ ਜਾਂਦੇ ਰਹੇ ਹਨ। ਰੁੱਖਾਂ ਨੇ ਮਨੁੱਖ ਦੇ ਜੀਵਨ ਦੇ ਵਿਕਾਸ ਤੇ ਮਨੁੱਖ ਨੂੰ ਖ਼ੁਸ਼ਹਾਲ ਬਣਾਉਣ ਵਿੱਚ ਬਹੁਤ ਅਹਿਮ ਹਿੱਸਾ ਪਾਇਆ ਹੈ। ਰੁੱਖਾਂ ਤੋਂ ਮਨੁੱਖ ਨੇ ਬਹੁਤ ਕੁਝ ਸਿੱਖਿਆ ਹੈ ਅਤੇ ਹੋਰ ਸਿੱਖਣ ਦੀਆਂ ਸੰਭਾਵਨਾਵਾਂ ਅਜੇ ਵੀ ਮੌਜੂਦ ਹਨ। ਰੁੱਖ ਮਨੁੱਖ ਦੇ ਦੁੱਖ ਦਰਦ ਵੰਡਾਉਂਦਾ ਆਇਆ ਹੈ-
ਰੁੱਖ ਬੋਲ ਨਾ ਸਕਦੇ ਭਾਵੇਂ,
ਬੰਦਿਆਂ ਦਾ ਦੁੱਖ ਪੁੱਛਦੇ।
ਜੀਵਨ ਦੇ ਸਲੀਕੇ ਨਾਲ ਸਰੋਕਾਰ ਰੱਖਣ ਵਾਲੇ ਕਈ ਗੁਣ ਮਨੁੱਖ ਨੇ ਰੁੱਖਾਂ ਕੋਲੋਂ ਲਏ ਹਨ। ਪੰਜਾਬੀ ਲੋਕ ਗੀਤਾਂ ਵਿੱਚ ਜਿਨ੍ਹਾਂ ਰੁੱਖਾਂ ਦਾ ਜ਼ਿਕਰ ਹੈ, ਉਨ੍ਹਾਂ ਦੀ ਗਿਣਤੀ ਅਸੀਮ ਹੈ। ਇਨ੍ਹਾਂ ਵਿੱਚ ਨਿੰਮ, ਧਰੇਕ, ਪਿੱਪਲ, ਬੋਹੜ, ਟਾਹਲੀ, ਕਿੱਕਰ, ਕਰੀਰ, ਨਾਖ, ਆੜੂ, ਚੰਦਰ, ਤੂਤ, ਬੇਰੀ, ਅੰਬ, ਜੰਡ, ਇਮਲੀ, ਜਾਮਨੂੰ, ਸ਼ਰੀਂਹ, ਨਿੰਬੂ, ਸਿੰਮਲ, ਨਾਸ਼ਪਾਤੀ, ਅਨਾਰ, ਖਜ਼ੂਰ, ਸਰੂ, ਫੁਲਾਹੀ ਆਦਿ ਦੇ ਨਾਂ ਲਏ ਜਾ ਸਕਦੇ ਹਨ। ਰੁੱਖ ਕਈ ਕੁਝ ਮਹਿਸੂਸ ਕਰਦੇ, ਕਈ ਕੁਝ ਕਹਿੰਦੇ, ਪੁੱਛਦੇ ਅਤੇ ਦੱਸਦੇ ਹਨ। ਪੰਜਾਬੀ ਲੋਕ ਗੀਤਾਂ ਵਿੱਚ ਰੁੱਖਾਂ ਦੇ ਆਕਾਰ, ਸੁਭਾਅ, ਰੰਗ-ਰੂਪ, ਗੁਣ-ਔਗੁਣ, ਫੁੱਲਾਂ-ਫ਼ਲਾਂ, ਉਨ੍ਹਾਂ ਦੇ ਸਵਾਦ ਅਤੇ ਖੁਰਾਕੀ ਤੱਤਾਂ ਵਿਚਲੇ ਮਹੱਤਵ ਆਦਿ ਕਰਕੇ ਚਰਚਾ ਕੀਤੀ ਗਈ ਹੈ। ਕਈ ਰੁੱਖ ਹਰਬਲ ਮਹੱਤਵ ਕਰ ਕੇ, ਕਈ ਕੀਮਤੀ ਤੇ ਉਪਯੋਗੀ ਲੱਕੜੀ ਕਰ ਕੇ ਬੜੇ ਲਾਹੇਵੰਦ ਤੇ ਗੁਣਕਾਰੀ ਮੰਨੇ ਜਾਂਦੇ ਹਨ। ਟਾਹਲੀ, ਤੂਤ, ਬੇਰੀ, ਬੋਹੜ, ਕਿੱਕਰ ਆਦਿ ਮਨੁੱਖ ਦੇ ਬਹੁਤ ਨੇੜੇ ਦੇ ਰੁੱਖ ਹਨ। ਪਿੱਪਲ ਨਾਲ ਕਈ ਤਰ੍ਹਾਂ ਦੇ ਲੋਕ ਵਿਸ਼ਵਾਸ ਤੇ ਮੰਨਤਾਂ-ਮਨੌਤਾਂ ਜੁੜੀਆਂ ਹਨ। ਪੰਜਾਬੀ ਲੋਕ ਗੀਤਾਂ ਵਿੱਚ ਪਿੱਪਲ ਦਾ ਜ਼ਿਕਰ ਕਈ ਕੋਣਾਂ ਤੋਂ ਕੀਤਾ ਗਿਆ ਹੈ-
* ਪਿੱਪਲਾ ਦੱਸ ਦੇ ਵੇ,
ਕਿਹੜਾ ਰਾਹ ਸੁਰਗਾਂ ਨੂੰ ਜਾਵੇ।
* ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ,
ਤੇਰੀਆਂ ਠੰਢੀਆਂ ਛਾਵਾਂ।
ਢਾਬ ਤੇਰੀ ਦਾ ਗੰਧਲਾ ਪਾਣੀ,
ਉਤੋਂ ਬੂਰ ਹਟਾਵਾਂ।
ਸੱਭੇ ਸਹੇਲੀਆਂ ਸਹੁਰੇ ਗਈਆਂ,
ਮੈਂ ਕਿੱਧਰ ਦੀ ਜਾਵਾਂ।
ਚਿੱਠੀਆਂ ਬੇਰੰਗ ਭੇਜਦਾ,
ਕਿਹੜੀ ਛਾਉਣੀ ਲੁਆ ਲਿਆ ਨਾਵਾਂ?
* ਬਾਜ਼ਾਰ ਵਿਕੇਂਦੀ ਤਰ ਵੇ
ਮੇਰਾ ਸਾਮ੍ਹਣੀ ਗਲੀ ਵਿੱਚ ਘਰ ਵੇ
ਪਿੱਪਲ ਨਿਸ਼ਾਨੀ ਜੀਵੇ ਢੋਲਾ..
ਕਦੇ ਕਦੇ ਇੰਜ ਪ੍ਰਤੀਤ ਹੁੰਦਾ ਹੈ, ਜਿਵੇਂ ਰੁੱਖ ਆਪਣੇ ਗੁਣਾਂ, ਸੁਭਾਅ ਅਤੇ ਬੀਤੇ ਸਮੇਂ ਦੇ ਆਧਾਰ ਉੱਤੇ ਮਨੁੱਖ ਨੂੰ ਕੋਈ ਸੁਨੇਹਾ ਦਿੰਦੇ ਆ ਰਹੇ ਹੋਣ। ਅਜਿਹੇ ਕੁਝ ਸੰਦੇਸ਼ ਲੋਕ ਗੀਤਾਂ ਵਿੱਚ ਦਰਜ ਹਨ, ਜਿਵੇਂ-
* ਨਦੀ ਕਿਨਾਰੇ ਰੁੱਖੜਾ, ਖੜਾ ਸੀ ਅਮਨ ਅਮਾਨ
ਡਿੱਗਦਾ ਹੋਇਆ ਬੋਲਿਆਂ, ‘ਜੀਅ ਦੇ ਨਾਲ ਜਹਾਨ।'
* ਮੈਂ ਸੌ ਸੌ ਰੁੱਖ ਪਈ ਲਾਵਾਂ,
ਰੁੱਖ ਤਾਂ ਹਰੇ ਭਰੇ,
ਮਾਵਾਂ ਠੰਢੀਆਂ ਛਾਵਾਂ, ਛਾਵਾਂ ਕੌਣ ਕਰੇ।
* ਅੰਬ ਕੋਲੇ ਇੰਬਲੀ, ਨੀਂ ਜੰਡ ਕੋਲੇ ਟਾਹਲੀ,
ਅਕਲ ਬਿਨਾਂ ਨੀਂ, ਗੋਰਾ ਰੰਗ ਜਾਵੇ ਖਾਲੀ।
* ਫ਼ਲ ਨੀਵਿਆਂ ਰੁੱਖ ਨੂੰ ਲੱਗਦੇ
ਸਿੰਮਲਾ, ਗੁਮਾਨ ਨਾ ਕਰੀਂ।
* ਕੱਲਾ ਰੁੱਖ ਜੰਗਲਾਂ ਵਿੱਚ ਡੋਲੇ
ਕੱਲਾ ਰੱਬਾ ਕੋਈ ਨਾ ਹੋਵੇ।
ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ,
ਕੱਲਾ ਨਾ ਹੋਵੇ ਪੁੱਤ ਜੱਟ ਦਾ..
* ਰੁੱਖ ਰੋਣ ਉਜਾੜਾਂ ਦੇ
ਦੁੱਖ ਸਾਡਾ ਸੁਣ ਸੁਣ ਕੇ
ਰੋਂਦੇ ਪੱਥਰ ਪਹਾੜਾਂ ਦੇ..
ਪੰਜਾਬੀ ਦੇ ਕਈ ਲੋਕ ਗੀਤਾਂ ਵਿੱਚ ਰੁੱਖ ਸਵੈ ਨਾਲ, ਮਨੁੱਖ ਨਾਲ, ਧਰਤੀ, ਆਕਾਸ਼ ਅਤੇ ਮੌਸਮਾਂ ਆਦਿ ਨਾਲ ਵੀ ਗੱਲਾਂ ਕਰਦੇ ਪ੍ਰਤੀਤ ਹੁੰਦੇ ਹਨ। ਜਦੋਂ ਕੋਈ ਕੁੜੀ ‘ਵੀਰ ਮੇਰੇ ਨੇ ਬਾਗ਼ ਲਗਾਇਆ, ਬਾਗੀਂ ਠੰਡੀਆਂ ਛਾਵਾਂ' ਵਾਲੇ ਲੋਕ ਗੀਤ ਦੀ ਪੰਕਤੀ ਗਾਉਂਦੀ ਹੈ ਤਾਂ ਆਪਣੇ ਵੀਰ ਦੀ ਸ਼ਖ਼ਸੀਅਤ, ਉਸ ਦੇ ਭੈਣ ਪ੍ਰਤੀ ਪਿਆਰ ਤੇ ਉਸਦੇ ਬਾਗ਼ ਲਾਉਣ ਦੇ ਸ਼ੌਕ ਉਪਰ ਬਲ ਦੇ ਕੇ, ਉਹ ਧਰਤੀ ਦੀ ਹਰਿਆਵਲ ਵਿੱਚ ਵਾਧਾ ਕਰਨ, ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਤੇ ਬਾਗ਼ ਨੂੰ ਗੁਜ਼ਾਰੇ ਦੇ ਸਾਧਨ ਵਜੋਂ ਵਿਕਸਤ ਕਰਨ ਦੀ ਲੋੜ ਵੱਲ ਵੀ ਸੰਕੇਤ ਕਰ ਰਹੀ ਹੰੁਦੀ ਹੈ-
* ਬਾਗ਼ ਲਗਾਵਾਂ, ਬਗ਼ੀਚਾ ਲਗਾਵਾਂ
ਵਿੱਚ ਲਗਾਵਾਂ ਬੇਰੀ ਓ
ਬੇਰ ਪੱਕੇ ਤੇ ਕਿਰ ਕਿਰ ਪੈਂਦੇ
ਇੱਕ ਮਾਲੀ ਦੀ ਦੇਰੀ ਓ..
* ਆੜੂਏ ਦਾ ਬੂਟਾ ਅਸਾਂ ਪਾਣੀ ਦੇ ਦੇ ਪਾਲਿਆ
ਆਸ ਵਾਲਾ ਦੀਵਾ ਅਸਾਂ ਵਿਹੜੇ ਵਿੱਚ ਬਾਲਿਆ
* ਵੀਰਾ ਘਰ ਘਰ ਧਰੇਕਾਂ ਫੁਲੀਆਂ
ਇਨ੍ਹਾਂ ਧਰੇਕਾਂ ਦੀ ਠੰਢੜੀ ਛਾਂ
ਵੀਰਾ, ਵੇ ਤੂੰ ਆ ਘਰੇ..
ਰੁੱਖ ‘ਠੰਢੜੀ ਛਾਂ' ਬਣ ਕੇ ਅਤੇ ‘ਆਸ ਵਾਲਾ ਦੀਵਾ' ਬਣ ਕੇ ਮਨੁੱਖ ਦੀ ਜ਼ਿੰਦਗੀ ਵਿੱਚ ਬਹਾਰ ਲਿਆਉਂਦੇ ਹਨ। ਕਿੱਕਰ ਦਾ ਰੁੱਖ ਕੰਡਿਆਲਾ ਹੁੰਦਾ ਹੈ। ਇਸ ਦੇ ਪੱਤੇ ਬੜੇ ਬਾਰੀਕ ਅਤੇ ਫੁੱਲ ਪੀਲੇ ਰੰਗ ਦੇ ਹੁੰਦੇ ਹਨ। ਟਾਹਣੀਆਂ ਦੀ ਦਾਤਣ ਬੜੀ ਉਪਯੋਗੀ ਹੁੰਦੀ ਹੈ। ਕਿੱਕਰ ਦਾ ਛਿਲਕਾ ਚਮੜਾ ਰੰਗਣ ਦੇ ਕੰਮ ਆਉਂਦੇ ਅਤੇ ਫ਼ਲੀਆਂ ਨੂੰ ਬੱਕਰੀਆਂ ਬਹੁਤ ਖ਼ੁਸ਼ ਹੋ ਕੇ ਖਾਂਦੀਆਂ ਹਨ। ਫ਼ਲੀਆਂ ਨੂੰ ਪੀਸ ਕੇ ਕਈ ਦੇਸੀ ਦਵਾਈਆਂ ਵਿੱਚ ਵੀ ਵਰਤਿਆ ਜਾਂਦਾ ਹੈ। ਕਿੱਕਰ ਦੇ ਰੁੱਖ ਤੋਂ ਨਿਕਲਣ ਵਾਲੀ ਗੂੰਦ ਨੂੰ ਮਨੁੱਖ ਕਈ ਤਰ੍ਹਾਂ ਵਰਤੋਂ ਵਿੱਚ ਲਿਆਉਂਦਾ ਹੈ। ਕਿੱਕਰ ਦੀ ਲੱਕੜੀ ਬੜੀ ਸਖ਼ਤ ਮੰਨੀ ਜਾਂਦੀ ਹੈ, ਇਸ ਲਈ ਕਈ ਖੇਤੀ ਦੇ ਸੰਦ ਬਣਾਉਣ ਦੇ ਕੰਮ ਆਉਂਦੀ ਹੈ। ਕਿੱਕਰ ਦੇ ਰੁੱਖ ਨਾਲ ਕਈ ਤਰ੍ਹਾਂ ਦੇ ਭਰਮ ਅਤੇ ਲੋਕ ਵਿਸ਼ਵਾਸ ਵੀ ਜੁੜੇ ਹਨ। ਕਿਹਾ ਜਾਂਦਾ ਹੈ ਕਿ ਇਹ ਰੁੱਖ ਉਜਾੜ ਮੰਗਦਾ ਹੈ। ਪੰਜਾਬੀ ਲੋਕ ਗੀਤਾਂ ਵਿੱਚ ਕਿੱਕਰ ਦਾ ਜ਼ਿਕਰ ਕਰਦਿਆਂ ਇਸ ਰੁੱਖ ਦੇ ਸੁਭਆ ਦੇ ਕਈ ਪੱਖਾਂ ਵੱਲ ਸੰਕੇਤ ਕੀਤੇ ਗਏ ਮਿਲਦੇ ਹਨ, ਮਿਸਾਲ ਵੱਜੋਂ-
* ਉਥੇ ਕਿੱਕਰਾਂ ਨੂੰ ਲੱਗਦੇ ਮੋਤੀ
ਜਿੱਥੋਂ ਦੀ ਮੇਰਾ ਵੀਰ ਲੰਘਦਾ..
* ਸੂਹੇ ਵੇ ਚੀਰੇ ਵਾਲਿਆ, ਫੁੱਲ ਕਿੱਕਰਾਂ ਦੇ
ਕਿੱਕਰਾਂ ਲਾਈ ਬਹਾਰ, ਮੇਲੇ ਮਿੱਤਰਾਂ ਦੇ..
* ਕਿੱਕਰਾਂ ਉਤੋਂ ਫੁੱਲ ਪਏ ਝੜਦੇ, ਲੱਗਦੇ ਬੋਲ ਪਿਆਰੇ
ਜਲ ਉੱਤੇ ਫੁੱਲ ਤਰਦਾ, ਨਿਉਂ ਕੇ ਚੁੱਕ ਮੁਟਿਆਰੇ..
ਕਰੀਰ ਵੀ ਕੰਡੇਦਾਰ ਰੁੱਖ ਹੁੰਦਾ ਹੈ। ਇਸ ਨੂੰ ਡੇਲੇ ਨਾਂ ਦਾ ਫ਼ਲ ਲੱਗਦਾ ਹੈ। ਲੋਕ-ਧਾਰਾ ਵਿੱਚ ਇਸ ਬਿਰਖ ਬਾਰੇ ਕਈ ਮਨੌਤਾਂ ਮਿਲਦੀਆਂ ਹਨ। ਪੰਜਾਬੀ ਲੋਕ ਗੀਤਾਂ ਵਿੱਚ ਕਰੀਰ ਦੀ ਲੱਕੜੀ, ਫ਼ਲ, ਫੁੱਲਾਂ ਆਦਿ ਦਾ ਜ਼ਿਕਰ ਹੈ-
ਘੁੰਮ ਵੇ ਕਰੀਰਾ, ਘੁੰਮ ਵੇ ਕਰੀਰਾ,
ਰੱਬ ਤੈਨੂੰ ਲਾਵੇ ਡੇਲੇ,
ਸੋਹਣੇ ਫੁੱਲ ਖਿੜੇ ਸਈਓ,
ਥਾਂ-ਥਾਂ ਲੱਗਦੇ ਮੇਲੇ।
ਕਰੀਰ ਵਾਂਗ ਫੱਲਾਹ ਦਾ ਰੁੱਖ ਦਾ ਵੀ ਪੰਜਾਬੀ ਲੋਕ ਜੀਵਨ ਵਿੱਚ ਵਿਸ਼ੇਸ਼ ਥਾਂ ਹੈ। ਇਸ ਦੇ ਪੱਤੇ ਭੇਡਾਂ ਬੱਕਰੀਆਂ ਬੜੇ ਚਾਅ ਨਾਲ ਖਾਂਦੀਆਂ ਹਨ। ਇਸਦੇ ਫੁੱਲਾਂ ਦੀ ਖ਼ੁਸ਼ਬੋ ਬੜੀ ਭਿੰਨੀ ਹੁੰਦੀ ਹੈ ਤੇ ਇਸ ਦਾ ਇਤਰ ਬਣਾਇਆ ਜਾਂਦਾ ਹੈ। ਪੰਜਾਬੀ ਦੇ ਇੱਕ ਲੋਕ ਗੀਤ ਦੇ ਬੋਲ ਹਨ-
ਵਿਹੜੇ ਤਾਂ ਸਾਡੇ ਹਰੀ ਫਲਾਹੀ,
ਮੋੜ ਘੋੜਾ ਛਾਵੇਂ ਬਹਿ ਜਾਈਂ
ਛਾਵੇਂ ਵੀ ਬਹਿ ਗਿਆ, ਗੱਲਾਂ ਵੀ ਕਰ ਗਿਆ
ਉਹੋ ਮਾਹੀ ਸਾਨੂੰ ਛਲ ਗਿਆ..
ਅਨੇਕ ਰੁੱਖਾਂ ਦੀ ਚਕਿਤਸਾ ਵਿਗਿਆਨ ਦੇ ਖੇਤਰ ਵਿੱਚ ਬਹੁਤ ਮਹਾਨਤਾ ਹੈ। ਵਪਾਰਕ ਪਹਿਲੂ ਤੋਂ ਵੀ ਰੁੱਖਾਂ ਦਾ ਵਡਮੁੱਲਾ ਮਹੱਤਵ ਹੈ। ਕਿਸਾਨ ਬਾਗ਼ ਲਗਾਉਂਦਾ ਹੈ ਤਾਂ ਵਪਾਰਕ ਨਜ਼ਰੀਏ ਤੋਂ। ਸਫ਼ੈਦੇ ਤੇ ਪਾਪੂਲਰ ਦੇ ਰੁੱਖਾਂ ਦੀ ਕਾਸ਼ਤ ਕਰਦਾ ਹੈ ਤਾਂ ਵਾਪਰਕ ਨਜ਼ਰੀਏ ਨੂੰ ਮੁੱਖ ਰੱਖ ਕੇ ਕਰਦਾ ਹੈ। ਲੱਖਾਂ ਕਰੋੜਾਂ ਲੋਕਾਂ ਦੀ ਰੋਜ਼ੀ ਰੁੱਖਾਂ ਉਪਰ ਨਿਰਭਰ ਹੈ। ਰੁੱਖ ਧਰਤੀ ਦੀ ਸੁੰਦਰਤਾ ਵਿੱਚ ਵਾਧਾ ਕਰਨ ਦੇ ਨਾਲ ਮਨੁੱਖ ਲਈ ਬਰਕਤਾਂ ਦੇ ਭੰਡਾਰ ਵੀ ਖੋਲ੍ਹਦੇ ਹਨ। ਇਹ ਮਨੁੱਖ ਦੇ ਦੁੱਖ ਵੰਡਾਉਂਦੇ ਹਨ ਤੇ ਘਟਾਉਂਦੇ ਹਨ। ਮਨੁੱਖ ਨੂੰ ਸਾਂਝੇ ਯਤਨਾਂ ਨਾਲ ਵਿਆਪਕ ਪੱਧਰ ਉੱਤੇ ਰੁੱਖਾਂ ਦੀ ਰਾਖੀ ਕਰਨੀ ਚਾਹੀਦੀ ਹੈ। ਮਨੁੱਖ ਦੀਆਂ ਸੈਂਕੜੇ ਲੋੜਾਂ ਪੂਰੀਆਂ ਕਰਨ ਵਾਲੇ, ਦੁੱਖ-ਦਰਦ ਪੁੱਛਣ ਤੇ ਵੰਡਾਉਣ ਵਾਲੇ ਰੁੱਖ ਦਾ ਜਿਗਰਾ ਬਹੁਤ ਵੱਡਾ ਹੈ। ਮਨੁੱਖ ਨੂੰ ਵੀ ਰੁੱਖ ਦੀ ਡੰੂਘੀ ਪੀੜ ਨੂੰ ਸਮਝਣ ਦਾ ਯਤਨ ਕਰਨ ਅਤੇ ਆਪਣੇ ਸਿਰ ਚੜ੍ਹੇ ਉਸਦੇ ਰਿਣ ਨੂੰ ਉਤਾਰਨ ਦੇ ਯਤਨ ਕਰਨੇ ਚਾਹੀਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’