(ਸੰਸਾਰ ਰਾਜਨੀਤੀ ਦੇ ਮਾਹਰ ਦੀ ਕਲਮ ਤੋਂ)
ਚੀਨ ਦਾ ਇੱਕ ਦਾਅ ਉਸੇ ਉੱਤੇ ਭਾਰੀ ਪੈ ਗਿਆ ਹੈ। ਉਹ ਆਪਣੇ ਦੇਸ਼ ਵਿੱਚ ਮਨਮਾਨੀਆਂ ਨੀਤੀਆਂ ਬਣਾਉਂਦਾ ਹੈ, ਇਹ ਗੱਲ ਸਾਰੇ ਜਾਣਦੇ ਹਨ। ਪਿੱਛੇ ਜਿਹੇ ਅਲੀ ਬਾਬਾ ਕੰਪਨੀ ਦੇ ਮਾਲਕ ਜੈਕ ਮਾ ਉੱਤੇ ਉਸ ਨੇ ਨੱਥੀ ਕੱਸੀ ਤੇ ਜੈਕ ਪੂਰੀ ਤਰ੍ਹਾਂ ਬਰਬਾਦ ਹੋ ਗਏ। ਇਸੇ ਤਰ੍ਹਾਂ ਚੀਨ ਨੇ ਆਪਣੀਆਂ ਕਈ ਟੈਕ ਕੰਪਨੀਆਂ ਦੀ ਨੱਥ ਕੱਸੀ ਅਤੇ ਇਸ ਦਾ ਭਾਰੀ ਆਰਿਥਕ ਨੁਕਸਾਨ ਉਠਾਉਣਾ ਪਿਆ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਇਨ੍ਹਾਂ ਟੈਕ ਕੰਪਨੀਆਂ ਦੇ ਭਾਅ ਵਿੱਚ ਵੱਡੀ ਗਿਰਾਵਟ ਆ ਗਈ। ਅਜਿਹਾ ਇਸ ਲਈ ਹੋਇਆ ਕਿ ਚੀਨ ਕਿਸੇ ਵੀ ਕੰਪਨੀ ਨੂੰ ਬਹੁਤਾ ਉਪਰ ਨਹੀਂ ਉਠਣ ਦਿੰਦਾ। ਜਦੋਂ ਵੀ ਕੋਈ ਕੰਪਨੀ ਜ਼ਿਆਦਾ ਤਰੱਕੀ ਕਰਦੀ ਹੈ ਤਾਂ ਚੀਨ ਦੀ ਸਰਕਾਰ ਉਸ ਦੇ ਖੰਭ ਕੁਤਰ ਦਿੰਦੀ ਹੈ।
ਅਸਲ ਵਿੱਚ ਚੀਨ ਨੇ ਆਪਣੇ ਦੇਸ਼ ਵਿੱਚ ਡਾਟਾ ਪ੍ਰੋਟੈਕਸ਼ਨ ਕਾਨੂੰਨ ਬਣਾ ਦਿੱਤਾ ਹੈ ਅਤੇ ਇਹ ਇਸ ਸਾਲ ਨਵੰਬਰ ਤੋਂ ਲਾਗੂ ਹੋ ਜਾਵੇਗਾ। ਉਸ ਦਾ ਪਾਸ ਕੀਤਾ ਇਹ ਕਾਨੂੰਨ ਦੁਨੀਆ ਦਾ ਸਭ ਤੋਂ ਸਖਤ ਡਾਟਾ ਕਾਨੂੰਨ ਹੈ। ਚੀਨ ਆਪਣੇ ਘਰ ਵਿੱਚ ਨਿੱਜੀ ਕੰਪਨੀਆਂ, ਖਾਸ ਕਰ ਕੇ ਤਕਨਾਲੋਜੀ ਦੀਆਂ ਮਹਾਰਥੀ ਕੰਪਨੀਆਂ ਉੱਤੇ ਆਪਣੀ ਨੱਥ ਕੱਸਣੀ ਚਾਹੁੰਦਾ ਹੈ, ਪਰ ਅਜਿਹਾ ਨਹੀਂ ਕਿ ਸਿਰਫ ਨਿੱਜੀ ਕੰਪਨੀਆਂ ਉੱਤੇ ਨੱਥੀ ਕੱਸੀ ਜਾ ਰਹੀ ਹੈ, ਇਸ ਘੇਰੇ ਵਿੱਚ ਜਨਤਕ ਕੰਪਨਆਂ ਵੀ ਆ ਜਾਂਦੀਆਂ ਹਨ, ਖਾਸ ਕਰ ਕੇ ਇਨ੍ਹਾਂ ਕੰਪਨੀਆਂ ਵੱਲੋਂ ਗਾਹਕਾਂ ਦੀਆਂ ਸੂਚਨਾਵਾਂ ਨੂੰ ਸੁਰੱਖਿਅਤ ਰੱਖਣ ਅਤੇ ਇਨ੍ਹਾਂ ਨੂੰ ਕਿਸੇ ਦੂਸਰੇ ਵਿਅਕਤੀ ਜਾਂ ਕੰਪਨੀ ਨੂੰ ਨਾ ਵੇਚਣਾ ਸ਼ਾਮਲ ਹੈ। ਕੰਪਨੀਆਂ ਨੂੰ ਸਖਤ ਹਦਾਇਤ ਦਿੱਤੀ ਗਈ ਹੈ ਕਿ ਕਿਸੇ ਵੀ ਗਾਹਕ ਦੀ ਸੂਚਨਾ ਸਾਂਝੀ ਕਰਨ ਤੋਂ ਪਹਿਲਾਂ ਉਸ ਦੀ ਰਜ਼ਾਮੰਦੀ ਜ਼ਰੂਰ ਲੈਣ ਤੇ ਗਾਹਕ ਜੇ ਰਜ਼ਾਮੰਦ ਨਾ ਹੋਵੇ ਤਾਂ ਉਸ ਨੂੰ ਕੰਪਨੀਆਂ ਆਪਣੀਆਂ ਸੇਵਾਵਾਂ ਦੇਣ ਤੋਂ ਨਾਂਹ ਵੀ ਨਹੀਂ ਕਰ ਸਕਦੀਆਂ।
ਕੁਝ ਨਿੱਜੀ ਕੰਪਨੀਆਂ ਉੱਤੇ ਸ਼ੱਕ ਸੀ ਕਿ ਉਹ ਆਪਣੇ ਗਾਹਕਾਂ ਦੀ ਨਿੱਜੀ ਸੂਚਨਾ ਦੂਸਰੀ ਕੰਪਨੀ ਨੂੰ ਬਿਨਾਂ ਉਨ੍ਹਾਂ ਦੀ ਇਜਾਜ਼ਤ ਦੇ ਵੇਚ ਸਕਦੀਆਂ ਹਨ ਤੇ ਇਸ ਦੀ ਅੱਗੇ ਦੁਰਵਰਤੋਂ ਹੋ ਸਕਦੀ ਹੈ। ਜਿਵੇਂ ਉਨ੍ਹਾਂ ਦੇ ਬੈਂਕ ਅਕਾਊਂਟ ਵਿੱਚ ਸੰਨ੍ਹ ਲਾਉਣੀ, ਉਨ੍ਹਾਂ ਤੋਂ ਕਿਸੇ ਸਕੀਮ ਦੇ ਵੱਧ ਪੈਸੇ ਲੈਣੇ ਆਦਿ। ਇਸ ਤੋਂ ਬਚਣ ਲਈ ਚੀਨ ਨੇ ਨਿੱਜੀ ਸੂਚਨਾ ਸੁਰੱਖਿਆ ਕਾਨੂੰਨ ਬਣਾਇਆ ਹੈ। ਆਮ ਤੌਰ ਉੱਤੇ ਟੈਕ ਕੰਪਨੀਆਂ ਲੋਕਾਂ ਦਾ ਨਿੱਜੀ ਡਾਟਾ ਲੈ ਕੇ ਉਨ੍ਹਾਂ ਤੋਂ ਵੱਧ ਪੈਸੇ ਵੀ ਉਗਰਾਹ ਲੈਂਦੀਆਂ ਹਨ। ਮਿਸਾਲ ਵਜੋਂ ਕੰਪਨੀ ਕੋਲ ਉਸ ਦੇ ਸਾਰੇ ਗਾਹਕਾਂ ਦੀ ਸੂਚੀ ਹੁੰਦੀ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਕੀਤੀ ਗਈ ਖਰੀਦਦਾਰੀ ਦਾ ਰਿਕਾਰਡ ਹੁੰਦਾ ਹੈ। ਇਸ ਦੇ ਬਾਅਦ ਜੇ ਕੋਈ ਵਿਅਕਤੀ ਮਹਿੰਗੇ ਕੱਪੜੇ, ਬੂਟ ਜਾਂ ਕਾਸਮੈਟਿਕ ਦਾ ਕੋਈ ਵੀ ਸਾਮਾਨ ਨਹੀਂ ਖਰੀਦਦਾ ਤਾਂ ਕੰਪਨੀ ਉਸ ਨੂੰ ਉਨ੍ਹਾਂ ਉਤਪਾਦਾਂ ਉੱਤੇ ਡਿਸਕਾਊਂਟ ਦੇਵੇਗੀ, ਪਰ ਜੋ ਕੋਈ ਖਰੀਦਦਾਰੀ ਵਿੱਚ ਮਹਿੰਗਾ ਸਾਮਾਨ ਖਰੀਦਦਾ ਹੈ, ਉਸ ਨੂੰ ਕੰਪਨੀਆਂ ਇਹ ਡਿਸਕਾਊਂਟ ਨਹੀਂ ਦੇਣਗੀਆਂ। ਇਸ ਕਾਨੂੰਨ ਦੇ ਪਾਸ ਹੋਣ ਦੇ ਬਾਅਦ ਕੰਪਨੀਆਂ ਗਾਹਕਾਂ ਦੇ ਨਾਲ ਅਜਿਹਾ ਕੋਈ ਵੀ ਵਿਤਕਰਾ ਨਹੀਂ ਕਰ ਸਕਣਗੀਆਂ।
ਇਸ ਕਾਨੂੰਨ ਦੀ ਕੋਈ ਕਾਪੀ ਕਿਸੇ ਕੋਲ ਨਹੀਂ ਹੈ, ਇਸ ਲਈ ਚੀਨ ਜੋ ਦਲੀਲ ਦੇ ਰਿਹਾ ਹੈ, ਸਾਰੇ ਲੋਕਾਂ ਨੂੰ ਉਸ ਨੂੰ ਮੰਨਣਾ ਪੈ ਰਿਹਾ ਹੈ। ਤਿੰਨ ਸਾਲ ਪਹਿਲਾਂ ਭਾਵ 2017 ਵਿੱਚ ਠੀਕ ਇਸੇ ਤਰ੍ਹਾਂ ਦਾ ਕਾਨੂੰਨ ਯੂਰਪੀ ਯੂਨੀਅਨ ਵਿੱਚ ਵੀ ਲਾਗੂ ਕੀਤਾ ਗਿਆ ਸੀ ਜਿਸ ਨੂੰ ਯੂਰਪ ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਕਿਹਾ ਗਿਆ। ਇੱਥੇ ਵੀ ਨਿੱਜੀ ਕੰਪਨੀਆਂ ਵੱਲੋਂ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਦੀ ਗਲਤ ਵਰਤੋਂ ਨੂੰ ਰੋਕਣ ਦੀ ਮੁਹਿੰਮ ਚਲਾਈ ਸੀ। 2020 ਵਿੱਚ ਬਰਾਜ਼ੀਲ ਵਿੱਚ ਵੀ ਅਜਿਹਾ ਹੀ ਕਾਨੂੰਨ ਲਿਆਂਦਾ ਗਿਆ ਸੀ। ਇਸ ਕਾਨੂੰਨ ਦੇ ਪਾਸ ਹੋਣ ਦੇ ਬਾਅਦ ਸਭ ਤੋਂ ਵੱਧ ਅਸਰ ਦੁਨੀਆ ਭਰ ਦੀਆਂ ਤਕਨਾਲੋਜੀ ਕੰਪਨੀਆਂ ਉੱਤੇ ਪਿਆ ਅਤੇ ਅਮਰੀਕਾ ਵਿੱਚ ਟੈਕ ਕੰਪਨੀਆਂ ਦੇ ਸ਼ੇਅਰ ਵਿੱਚ ਸਭ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ। ਇਨ੍ਹਾਂ ਕੰਪਨੀਆਂ ਵਿੱਚ ਬਹੁਤ ਸਾਰੀਆਂ ਚੀਨੀ ਕੰਪਨੀਆਂ ਹਨ ਜਿਨ੍ਹਾਂ ਵਿੱਚ ਟੇਨਸੇਂਟ, ਅਲੀ ਬਾਬਾ, ਬਾਈਦੂ, ਜੇਡੀ, ਪਿਨਤੁਓਤੁਓ, ਵੇਈਬੋ, ਆਈ ਵੀ ਆਈ ਵਾਈ ਆਈ, ਬਿਲੀਬਿਲੀ, ਯਮ ਚਾਈਨਾ, ਲੁਫਾਕਸ, ਜ਼ੈਡ ਟੀ ਓ, ਟਿ੍ਰਫ ਡਾਟਕਾਮ, ਮੇਈਥਵਾਨ, ਤੀਤੀ, ਨਿਓ, ਜੀ ਡੀ ਐਸ ਦੇ ਨਾਲ ਕਈ ਹੋਰ ਕੰਪਨੀਆਂ ਵੀ ਹਨ, ਜਿਨ੍ਹਾਂ ਦੇ ਸ਼ੇਅਰ ਮੂਧੇ ਮੂੰਹ ਡਿੱਗੇ ਹਨ। ਸਾਰੀਆਂ ਚੀਨੀ ਤਕਨੀਕੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਸਾਢੇ ਚਾਰ ਤੋਂ ਪੰਜ ਫੀਸਦੀ ਦੀ ਗਿਰਾਵਟ ਦਰਜ ਹੋਈ। ਇਸ ਦੇ ਇਲਾਵਾ ਨੇਸਡੈਕ ਗੋਲਡਨ ਡ੍ਰੈਗਨ ਇੰਡੈਕਸ, ਜਿਸ ਵਿੱਚ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਚੀਨੀ ਸਟਾਕ ਕੰਪਨੀਆਂ ਹਨ, ਵੀ ਚੀਨੀ ਸ਼ੇਅਰਾਂ ਦੀ ਸੱਤ ਫੀਸਦੀ ਦੀ ਗਿਰਾਵਟ ਦੇਖੀ ਗਈ।
ਅਮਰੀਕਾ ਵਿੱਚ ਚੀਨੀ ਸਟਾਕ ਵਿੱਚ ਸਾਲ 2008 ਵਿੱਚ ਵੱਡੀ ਆਰਥਿਕ ਮੰਦੀ ਦੇ ਬਾਅਦ ਜੁਲਾਈ 2021 ਵਿੱਚ ਹੋਈ ਇਹ ਸਭ ਤੋਂ ਵੱਡੀ ਗਿਰਾਵਟ ਹੈ। ਕੁੱਲ ਚੀਨੀ ਸਟਾਕ ਦੇ ਰੇਟਾਂ ਵਿੱਚ 43 ਫੀਸਦੀ ਦੀ ਗਿਰਾਵਟ ਦਰਜ ਹੋਈ, ਜਿਸ ਦਾ ਪੈਸਿਆਂ ਵਿੱਚ ਅਨੁਮਾਨ ਲਾਇਆ ਜਾਵੇਗਾ ਤਾਂ ਇੱਕ ਖਰਬ ਅਮਰੀਕੀ ਡਾਲਰ ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ। ਇਹ ਚੀਨ ਲਈ ਵੱਡਾ ਆਰਥਿਕ ਝਟਕਾ ਹੈ ਜਿਸ ਲਈ ਉਹ ਖੁਦ ਜ਼ਿੰਮੇਵਾਰ ਹੈ ਅਤੇ ਜੇ ਚੀਨ ਆਪਣੀਆਂ ਟੈਕ ਕੰਪਨੀਆਂ ਦੀ ਨੱਥ ਇੰਨੀ ਨਾ ਕੱਸਦਾ ਤਾਂ ਚੀਨੀ ਕੰਪਨੀਆਂ ਦੇ ਸ਼ੇਅਰਾਂ ਦਾ ਇੰਨਾ ਬੁਰਾ ਹਾਲ ਨਾ ਹੁੰਦਾ। ਚੀਨ ਇਨ੍ਹਾਂ ਕੰਪਨੀਆਂ ਉੱਤੇ ਦੂਸਰੇ ਢੰਗ ਨਾਲ ਵੀ ਪਾਬੰਦੀਆਂ ਲਗਾ ਸਕਦਾ ਸੀ ਤਾਂ ਕਿ ਉਸ ਨੂੰ ਆਰਥਿਕ ਨੁਕਸਾਨ ਨਾ ਹੋਵੇ।
ਪਹਿਲਾਂ ਚੀਨੀ ਕੰਪਨੀਆਂ ਸ਼ੇਅਰ ਬਾਜ਼ਾਰਾਂ ਵਿੱਚ ਬੜੀ ਚੰਗੀ ਕਾਰਗੁਜ਼ਾਰੀ ਕਰ ਰਹੀਆਂ ਸਨ, ਪਰ ਜਦੋਂ ਸਰਕਾਰ ਨੇ ਪਾਬੰਦੀ ਲਾਈ, ਉਨ੍ਹਾਂ ਦੇ ਸ਼ੇਅਰ ਅਚਾਨਕ ਹੇਠਾਂ ਡਿੱਗਣ ਲੱਗੇ ਅਤੇ ਇਸ ਸਮੇਂ ਹਾਲਾਤ ਅਜਿਹੇ ਹਨ ਕਿ ਚੀਨ ਦੀਆਂ ਕਈ ਕੰਪਨੀਆਂ ਸੜਕ ਉੱਤੇ ਆ ਗਈਆਂ ਹਨ। ਅਜਿਹਾ ਸਿਰਫ ਇਸ ਲਈ ਹੋਇਆ ਕਿਉਂਕਿ ਚੀਨ ਸਰਕਾਰ, ਜਿਸ ਕੋਲ ਅਰਥਵਿਵਸਥਾ ਅਤੇ ਕਾਰਪੋਰੇਟ ਖੇਤਰਾਂ ਵਿੱਚ ਕੋਈ ਤਜਰਬਾ ਨਹੀਂ ਹੈ, ਉਸ ਨੇ ਇਨ੍ਹਾਂ ਕੰਪਨੀਆਂ ਦੇ ਅਰਥ ਤੰਤਰ ਦੇ ਨਾਲ ਛੇੜਛਾੜ ਕੀਤੀ। ਹੁਣ ਚੀਨ ਕੋਲ ਪਛਤਾਉਣ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।