Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਮੈਂ ਜਿੱਥੇ ਵੀ ਹਾਂ, ਦਿੱਲੀ ਦੀਆਂ ਬਰੂਹਾਂ ਉੱਤੇ ਹਾਂ...

August 23, 2021 03:01 AM

-ਹਰਮੀਤ ਵਿਦਿਆਰਥੀ
ਦੱਖਣ ਦੀ ਹਿੰਦੀ ਵਿੱਚ ਡੱਬ ਫਿਲਮ ‘ਨਾਟ ਆਊਟ’ ਦੇਖ ਰਿਹਾ ਸਾਂ। ਕਿਸਾਨ ਪਰਵਾਰ ਵਿੱਚੋਂ ਆਈ ਕੁਸ਼ੱਲਿਆ ਮੰਜੂਨਾਥ ‘ਵਿਮੈਨ ਆਫ ਦਿ ਮੈਚ’ ਸਨਮਾਨ ਪ੍ਰਾਪਤ ਕਰਨ ਪਿੱਛੋਂ ਬੋਲ ਰਹੀ ਹੈ: ‘‘ਅਸੀਂ ਗਿਆਰਾਂ ਪਲੇਅਰ ਵਰਲਡ ਕੱਪ ਜਿੱਤਣ ਆਏ ਹਾਂ, ਸਾਰਾ ਮੁਲਕ ਸਾਡੇ ਪਿੱਛੇ ਖੜ੍ਹਾ ਹੈ।’ ਫਿਲਮ ਵਿੱਚ ਉਹ ਇਹ ਗੱਲ ਆਪਣੇ ਪਰਵਾਰ ਦੇ ਪ੍ਰਸੰਗ ਵਿੱਚ ਕਰ ਰਹੀ ਸੀ, ਪਰ ਮੈਨੂੰ ਲੱਗਦਾ ਹੈ ਕਿ ਇਹ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਖੜ੍ਹਾ ਹੈ-ਕੀ ਕਿਸਾਨਾਂ ਦੀ ਲੜਾਈ ਦੀ ਜਿੱਤ ਲਈ ਕੋਈ ਖੜ੍ਹਾ ਹੈ? ਨੌਂ ਅਗਸਤ 2020 ਤੋਂ ਪੰਜਾਬ ਦੀਆਂ ਸੜਕਾਂ, ਰੇਲ ਪਟੜੀਆਂ, ਰਿਲਾਇੰਸ ਦੇ ਪੰਪਾਂ ਅਤੇ ਮਾਲਜ਼ ਤੋਂ ਸ਼ੁਰੂ ਹੋਏ ਇਸ ਅੰਦੋਲਨ ਨੂੰ 12 ਮਹੀਨੇ ਹੋ ਚੁੱਕੇ ਨੇ। ਦਿੱਲੀ ਦੀਆਂ ਬਰੂਹਾਂ ਮੱਲ ਕੇ ਬੈਠਿਆਂ ਨੂੰ ਵੀ ਸਾਢੇ ਅੱਠ ਮਹੀਨੇ ਹੋ ਚੁੱਕੇ ਹਨ। ਪੋਹ ਮਾਘ ਦਾ ਕੱਕਰ, ਮਨਫੀ ਡਿਗਰੀ ਤਾਪਮਾਨ, ਮੀਂਹ, ਭਰ ਗਰਮੀ, ਲੂ, ਹਨੇਰੀਆਂ। ਕੀ ਨਹੀਂ ਜਰਿਆ। ਅੰਨਦਾਤੇ ਨੇ ਖੁੱਲ੍ਹੇ ਅਸਮਾਨ ਥੱਲੇ ਬਿਸਤਰੇ ਲਾ ਕੇ ਕੱਟੇ ਨੇ।
ਲੜਾਈ ਵਕਤ ਦੀ ਹਕੂਮਤ ਦੀ ਕਾਰਪੋਰੇਟ ਘਰਾਣਿਆਂ ਦੀ ਪੁਸ਼ਤਪਨਾਹੀ ਲਈ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੀ ਹੈ। ਨਿੱਤ ਦਿਹਾੜੇ ਨਵੇਂ ਰੰਗੇ ਬਦਲਣ ਤੋਂ ਬਾਅਦ ਇਹ ਮੋਰਚਾ ਅੱਜ ਸਹਿਜ ਰੌਂਅ ਵਿੱਚ ਹੈ। ਸ਼ੰਭੂ, ਟਿਰਕੀ, ਸ਼ਾਹਜਹਾਂਪੁਰ, ਗਾਜ਼ੀਪੁਰ ਨੂੰ ਪਿਕਨਿਕ ਸਥਾਨ ਸਮਝ ਕੇ ਸੈਲਫੀਆਂ ਖਿਚਾਉਣ ਵਾਲੇ ਘਰੋ-ਘਰੀ ਆ ਚੁੱਕੇ ਨੇ। ਇਸ ਦੇ ਬਾਵਜੂਦ ਇਨ੍ਹਾਂ ਬਾਰਡਰਾਂ ਉੱਤੇ ਜਾਣ ਵਾਲਿਆਂ ਦੀ ਲੜੀ ਟੁੱਟਣ ਵਿੱਚ ਨਹੀਂ ਆ ਰਹੀ। ਇਹੀ ਇਸ ਲੜਾਈ ਦੀ ਤਾਕਤ ਹੈ। ਇਸ ਲੜਾਈ ਨੂੰ ਖਾਲਿਸਤਾਨੀ, ਸਿਰਫ ਪੰਜਾਬੀ, ਪਾਕਿਸਤਾਨੀ, ਚੀਨੀ, ਸਿੱਖ ਬਨਾਮ ਕਾਮਰੇਡ, ਪੰਜਾਬ ਬਨਾਮ ਦੇਸ਼, ਪੰਜਾਬ ਬਨਾਮ ਹਰਿਆਣਾ, ਸਤਲੁਜ ਜਮਨਾ ਲਿੰਕ ਨਹਿਰ, ਜਥੇਬੰਦੀਆਂ ਬਨਾਮ ਨੌਜਵਾਨ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਕੋਈ ਅੰਤ ਨਹੀਂ ਰਿਹਾ, ਪਰ ਸਰਕਾਰ ਦਾ ਹਰ ਹਰਬਾ ਫੇਲ੍ਹ ਰਿਹਾ, ਕਿਉਂਕਿ ਲੜਾਈ ਕਿਸਾਨ ਲੜ ਰਿਹਾ ਹੈ ਤੇ ਹਰ ਉਹ ਭਾਈਚਾਰਾ, ਜਿਸ ਨੂੰ ਮਿੱਟੀ ਨਾਲ ਮੋਹ ਹੈ, ਇਸ ਲੜਾਈ ਨੂੰ ਆਪਣੀ ਲੜਾਈ ਨੂੰ ਆਪਣੀ ਸਮਝ ਰਿਹਾ ਹੈ।
ਮਿੱਟੀ ਨੂੰ ਮੋਹ ਕਰਨ ਵਾਲਿਆਂ ਦੀ ਲੜਾਈ ਸਿਰਫ ਹਕੂਮਤ ਨਾਲ ਨਹੀਂ। ਜੇ ਗੱਲ ਸਿਰਫ ਇੰਨੀ ਕੁ ਹੁੰਦੀ ਤਾਂ ਅੱਜ ਤੱਕ ਮੁੱਕ ਗਈ ਹੁੰਦੀ। ਸਰਕਾਰ ਕਾਰਪੋਰੇਟਾਂ ਦੇ ਕਹਿਣੇ ਵਿੱਚ ਹੈ, ਅਤੇ ਕੌਮਾਂਤਰੀ ਮੁਦਰਾ ਕੋਸ਼ ਤੇ ਸੰਸਾਰ ਵਪਾਰ ਸੰਸਥਾ ਦੀ ਗੁਲਾਮ। ਨੱਬੇਵਿਆਂ ਦੇ ਸ਼ੁਰੂ ਵਿੱਚ ਗੈਟ ਸਮਝੌਤਿਆਂ ਅਤੇ ਡੰਕਲ ਡਰਾਫਟ ਖਿਲਾਫ ਬੋਲਣ ਵਾਲੇ ਕਾਮਰੇਡ ਲੋਕਾਂ ਨੂੰ ਪਾਗਲ ਲੱਗਦੇ ਸਨ, ਪਰ ਉਨ੍ਹਾਂ ਸਮਝੌਤਿਆਂ ਦੇ ਅਸਰ ਪਹਿਲਾਂ ਹੌਲੀ-ਹੌਲੀ ਅਤੇ 2014 ਤੋਂ ਬਾਅਦ ਤੇਜ਼ੀ ਨਾਲ ਸਾਡੇ ਸਾਹਮਣੇ ਆ ਰਹੇ ਹਨ। ਨਿਮਨ ਅਤੇ ਮੱਧ ਸ਼੍ਰੇਣੀ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਪਬਲਿਕ ਸੈਕਟਰ ਖਤਮ ਕੀਤਾ ਜਾ ਰਿਹਾ ਹੈ। ਘਰ ਦੇ ਭਾਂਡੇ ਵੇਚ ਕੇ ਐਸ਼ ਦਾ ਸਾਮਾਨ ਖਰੀਦਿਆ ਜਾਂਦਾ ਹੈ। ਰੇਲਵੇ, ਹਵਾਈ ਅੱਡੇ, ਬੰਦਰਗਾਹਾਂ, ਪੈਟਰੋਲੀਅਮ ਸਭ ਕੁਝ ਇੱਕ-ਇੱਕ ਕਰ ਕੇ ਵੇਚਿਆ ਜਾ ਰਿਹਾ ਹੈ। ਇੱਕ ਸਵਾਲ ਹਰ ਸ਼ਖਸ ਨੂੰ ਖੁਦ ਤੋਂ ਪੁੱਛਣਾ ਚਾਹੀਦਾ ਹੈ ਕਿ ਜੇ ਸਰਕਾਰੀ ਅਦਾਰੇ ਸੱਚਮੁੱਚ ਘਾਟੇ ਵਿੱਚ ਹਨ ਤਾਂ ਪ੍ਰਾਈਵੇਟ ਵਪਾਰੀ ਘਾਟੇ ਦਾ ਸੌਦਾ ਖਰੀਦਣ ਲਈ ਤਰਲੋਮੱਛੀ ਕਿਉਂ ਹੋ ਰਿਹਾ ਹੈ, ਅਤੇ ਜੇ ਸਰਕਾਰੀ ਅਦਾਰੇ ਮੁਨਾਫੇ ਵਿੱਚ ਹਨ ਤਾਂ ਸਰਕਾਰ ਇਨ੍ਹਾਂ ਨੂੰ ਵੇਚਣ ਲਈ ਕਿਉਂ ਪੱਬਾਂ ਭਾਰ ਹੋਈ ਖਲੋਤੀ ਹੈ। ਅਜਿਹੇ ਸਮਿਆਂ ਵਿੱਚ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਨਾ ਹੋਵੇ, ਇਸ ਲਈ ਹਕੂਮਤ ਰੋਜ਼ ਨਵੇਂ ਮਸਲੇ ਉਛਾਲਦੀ ਹੈ। ਇਨ੍ਹਾਂ ਮਸਲਿਆਂ ਦੇ ਵਾਵਰੋਲਿਆਂ ਵਿੱਚ ਅਸਲੀ ਸਵਾਲ ਗੁੰਮ ਗੁਆਚ ਜਾਂਦੇ ਨੇ। ਜਿਨ੍ਹਾਂ ਦੇ ਸਿਰ ਅਸਲ ਸਵਾਲਾਂ ਨੂੰ ਲੋਕਾਂ ਦੇ ਸਨਮੁੱਖ ਰੱਖ ਕੇ ਲਾਮਬੰਦੀ ਦੀ ਜ਼ਿੰਮੇਵਾਰੀ ਸੀ, ਉਹ ਫਾਸ਼ੀਵਾਦ ਦੀ ਭੂਲ-ਭੁਲੱਈਆ ਵਿੱਚ ਅਜਿਹੇ ਗੁਆਚੇ ਕਿ ਬਾਕੀ ਸਾਰੇ ਮਸਲੇ ਹੀ ਵਿਸਾਰ ਦਿੱਤੇ।
ਮਨੁੱਖੀ ਜ਼ਿੰਦਗੀ ਦਿਨ-ਬ-ਦਿਨ ਮੁਸ਼ਕਲ ਹੋ ਰਹੀ ਹੈ। ਪ੍ਰਾਈਵੇਟ ਸਕੂਲ ਤੇ ਹਸਪਤਾਲ, ਪ੍ਰਾਈਵੇਟ ਟਰਾਂਸਪੋਰਟ, ਸ਼ਾਪਿੰਗ ਮਾਲ, ਪੀ ਵੀ ਆਰ, ਐਕਸਪ੍ਰੈਸ ਵੇਅ। ਕਦੇ ਨਿਗਾਹ ਮਾਰ ਕੇ ਦੇਖਿਓ, ਇਨ੍ਹਾਂ ਥਾਵਾਂ ਉਤੇ ਕੌਣ ਲੋਕ ਹੁੰਦੇ ਹਨ। ਹਰ ਖੇਤਰ ਵਿੱਚੋਂ ਸਾਧਾਰਨ ਆਦਮੀ ਦੀ ਵਿਦਾਇਗੀ ਦੀ ਕਹਾਣੀ ਲਿਖੀ ਜਾ ਚੁੱਕੀ ਹੈ। ਲੋਕਾਂ ਵੱਲੋਂ, ਲੋਕਾਂ ਲਈ, ਲੋਕਾਂ ਦੀ ਹਕੂਮਤ ਦਾ ਮਾਣ ਕਰਨ ਵਾਲਾ ਮੀਡੀਆ ਵੀ ਨਜ਼ਰ ਰੱਖਣ ਦੀ ਥਾਂ ਪੂਛ ਹਿਲਾਉਣ ਵਾਲਾ ਬਣ ਗਿਆ ਹੈ। ਸਿਆਸਤਦਾਨ, ਕਾਰਪੋਰੇਟ, ਮੀਡੀਆ, ਪੁਲਸ, ਨੌਕਰਸ਼ਾਹੀ, ਸਭ ਆਮ ਲੋਕਾਂ ਖਿਲਾਫ ਬਣੇ ਮੋਰਚੇ ਦੇ ਭਾਈਵਾਲ ਹੋ ਗਏ। ਸੁੱਖ ਸਹੂਲਤਾਂ ਦੇ ਨਾਂਅ ਉਤੇ ਲੋਕਾਂ ਨੂੰ ਆਪਸ ਵਿੱਚ ਤੋੜ ਕੇ ਇਕੱਲਿਆਂ ਕਰ ਦੇਣ ਦਾ ਪ੍ਰੋਜੈਕਟ ਜ਼ੋਰਾਂ ਉਤੇ ਹੈ। ਆਨਲਾਈਨ ਸ਼ਾਪਿੰਗ ਤੇ ਬਿਲਿੰਗ, ਆਨਲਾਈਨ ਮੂਵੀ। ਹਰ ਉਹ ਥਾਂ ਜਿੱਥੇ ਚਾਰ ਜੀਅ ਰਲ ਕੇ ਬੈਠ ਸਕਦੇ ਹੋਣ, ਗੱਲ ਕਰ ਸਕਦੇ ਹੋਣ, ਉਹਦਾ ਖਾਤਮਾ ਕਰਨ ਲਈ ਬਾਜ਼ਾਰ ਪੱਬਾਂ ਭਾਰ ਹੈ। ਆਨਲਾਈਨ ਐਜੂਕੇਸ਼ਨ ‘ਚੱਲ’ ਰਹੀ ਹੈ।
ਅਜਿਹੇ ਸਮੇਂ ਵਿੱਚ ਇਕਬਾਲ ਦੇ ਕਹਿਣ ਅਨੁਸਾਰ ‘ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ’। ਸਿਆਸੀ ਵਿਰੋਧੀਆਂ ਨੂੰ ਨਿੱਸਲ ਕਰ ਕੇ, ਯੂਨੀਵਰਸਿਟੀਆਂ ਨੂੰ ਲੋਕਾਂ ਵਿੱਚ ਬੱਦੂ ਕਰ ਕੇ, ਵਿਰੋਧ ਦੀ ਹਰ ਆਵਾਜ਼ ਨੂੰ ਪਿੰਜਰੇ ਪਾ ਕੇ ਆਪਣੇ ਖਾਸ ਯਾਰਾਂ ਦੇੇ ਮੁਨਾਫੇ ਦੀ ਹਾਭੜ ਪੂਰੀ ਕਰਨ ਲਈ ਕਿਸਾਨੀ ਨੂੰ ਕਾਰਪੋਰੇਟਾਂ ਦੀ ਗੁਲਾਮ ਬਣਾਉਣ ਲਈ ਸਰਕਾਰ ਖੇਤੀ ਕਾਨੂੰਨ ਲੈ ਕੇ ਆਈ। ਇਸ ਨੂੰ ਵਿਸ਼ਵਾਸ ਸੀ ਕਿ ਕੋਰੋਨਾ ਦਾ ਸਮਾਂ ਹੈ, ਲੋਕ ਡਰਾ ਦਿੱਤੇ ਗਏ ਨੇ। ਕਾਨੂੰਨਾਂ ਦੇ ਵਿਰੋਧ ਵਿੱਚ ਕੋਈ ਘਰੋਂ ਬਾਹਰ ਨਹੀਂ ਨਿਕਲੇਗਾ।
ਹੋਇਆ ਇਸ ਦੇ ਉਲਟ। ਪੰਜਾਬ ਨੇ ਅੰਗੜਾਈ ਲਈ ਅਤੇ ਨਵੀਂ ਊਰਜਾ ਨਾਲ ਜਾਗਿਆ। ਸੜਕਾਂ ਰੋਕਦਾ, ਰੇਲਾਂ ਡੱਕਦਾ ਪੰਜਾਬ ਦਿੱਲੀ ਦੇ ਰਾਹ ਪੈ ਗਿਆ। ਇਸ ਅੰਦੋਲਨ ਦੀ ਖੂਬਸੂਰਤੀ ਇਸ ਲੜਾਈ ਵਿੱਚ ਨੌਜਵਾਨਾਂ ਅਤੇ ਔਰਤਾਂ ਦੀ ਭਰਪੂਰ ਸ਼ਮੂਲੀਅਤ ਹੈ। ਔਰਤਾਂ ਇਸ ਲੜਾਈ ਵਿੱਚ ਦਰਸ਼ਕ, ਸਰੋਤਿਆਂ ਵਜੋਂ ਨਹੀਂ ਸਗੋਂ ਮੁਕੰਮਲ ਅੰਦੋਲਨਕਾਰੀਆਂ ਵਜੋਂ ਹਾਜ਼ਰ ਨੇ। ਉਹ ਸਟੇਜ ਚਲਾਉਂਦੀਆਂ ਨੇ, ਰਣਨੀਤੀ ਬਣਾਉਂਦੀਆਂ ਨੇ, ਲਾਮਬੰਦੀ ਕਰਦੀਆਂ, ਅੰਦੋਲਨ ਦੀ ਗਾਥਾ ਸੁਣਾਉਂਦੀਆਂ। ਮਜਾਜ਼ ਲਖਨਵੀ ਦੇ ਉਸ ਸੁਫਨੇ ਵਿੱਚ ਕਲਪਨਾ ਕੀਤੀ ਔਰਤ ਇਸ ਅੰਦੋਲਨੇ ਵਿੱਚ ਸਾਕਾਰ ਹੋ ਰਹੀ ਹੈ :
ਤੇਰੇ ਮਾਥੇ ਪੇ ਯੇ ਆਂਚਲ ਬਹੁਤ ਹੀ ਖੂਬ ਹੈ ਲੇਕਿਨ
ਤੂ ਇਸ ਆਂਚਲ ਸੇ ਏਕ ਪਰਚਮ ਬਨਾ ਲੇਤੀ ਤੋ ਅੱਛਾ ਥਾ
ਦਿੱਲੀ ਦੀਆਂ ਸਰਹੱਦਾਂ ਉਤੇ ਮੋਰਚਾ ਜਾਰੀ ਹੈ। ਇਸ ਨੂੰ ਬੇਪਨਾਹ ਸਹਿਯੋਗ ਅਤੇ ਸਮਰਥਨ ਮਿਲਿਆ ਹੈ। ਇਸ ਕਿਸਮ ਦੇ ਅੰਦੋਲਨ ਰੋਜ਼ ਨਹੀਂ ਉਸਾਰੇ ਜਾ ਸਕਦੇ। ਸਮੁੱਚਾ ਦੇਸ਼ ਨਹੀਂ, ਸਾਰੇ ਸੰਸਾਰ ਦਾ ਲੋਕ ਇਸ ਅੰਦੋਲਨ ਵੱਲ ਦੇਖ ਰਿਹਾ ਹੈ। ਅੰਦੋਲਨ ਦੀ ਸਫਲਤਾ ਵਿੱਚੋਂ ਉਸ ਨੂੰ ਆਪਣੀ ਬੰਦ ਖਲਾਸੀ ਦੀ ਨਵੀਂ ਲੜਾਈ ਦੇ ਨਕਸ਼ ਜ਼ਰੂਰ ਰਹੇ ਹਨ।
ਇਹ ਉਹ ਲੜਾਈ ਹੈ, ਜਿਹੜੇ ਜੇ ਕਿਸਾਨ ਅੰਦੋਲਨ ਹਾਰਦਾ ਹੈ ਤਾਂ ਸੱਤਾ ਦੀ ਚੜ੍ਹ ਮੱਚੇਗੀ। ਆਪਣਾ ਵਿਸ਼ਵਸ ਗੁਆ ਚੁੱਕੀਆਂ ਰਾਜਸੀ ਧਿਰਾਂ ਲਗਾਤਾਰ ਭੰਬਲਬੂਸਾ ਪੈਦਾ ਕਰਨ ਦਾ ਯਤਨ ਕਰ ਰਹੀਆਂ ਨੇ। ਆਪਣੇ ਆਪ ਨੂੰ ਕਿਸਾਨਾਂ ਦਾ ਖੈਰ ਖਵਾਹ ਸਿੱਧ ਕਰਨ ਲਈ ਦਮਗਜੇ ਮਾਰੇ ਜਾ ਰਹੇ ਹਨ। ਰਾਜਸੀ ਪਾਰਟੀਆਂ ਲਈ ਮੁੱਖ ਸਵਾਲ ਸਿਰਫ ਮੁਨਾਫੇ ਵਿੱਚ ਹਿੱਸੇਦਾਰੀ ਦਾ ਹੈ। ਧਰਮ ਪੁੱਤਰਾਂ ਲਈ ਇਹ ਹੋਂਦ ਦੀ ਲੜਾਈ ਹੈ। ਇਸ ਫਰਕ ਨੂੰ ਸਮਝੇ ਬਗੈਰ ਆਮ ਲੋਕਾਂ ਨੂੰ ਸਮਝੇ ਬਿਨਾਂ ਪਾਰ ਉਤਾਰਾ ਨਹੀਂ ਹੋਣਾ। ਨਵਤੇਜ ਭਾਰਤੀ ਵਾਰ-ਵਾਰ ਚੇਤੇ ਆ ਰਿਹਾ ਹੈ :
ਮੈਂ ਜਿੱਥੇ ਵੀ ਹਾਂ
ਦਿੱਲੀ ਦੀਆਂ ਬਰੂਹਾਂ `ਤੇ ਹਾਂ
ਉਹੀ ਨਵਤੇਜ ਭਾਰਤੀ ਫਿਰ ਆਖਦਾ ਹੈ :
ਮੈਂ ਆਪਣੇ ਆਪ ਨੂੰ ਪੁੱਛਦਾ ਹਾਂ
ਜੇ ਦਿੱਲੀ ਵਿੱਚ ਨਹੀਂ
ਤਾਂ ਕਿੱਥੇ ਹਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’