Welcome to Canadian Punjabi Post
Follow us on

19

March 2024
 
ਨਜਰਰੀਆ

ਆਮ ਆਦਮੀ ਪਾਰਟੀ ਨੋਟਾ ਤੋਂ ਹਾਰੀ, ਪਰ ਕੇਜਰੀਵਾਲ ਖੁਸ਼

December 14, 2018 09:10 AM

-ਗਗਨ ਭੱਟ

ਇਸ ਵਾਰੀ ਹੋਈਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਭਾਜਪਾ ਪੱਛੜ ਗਈ ਹੈ। ਮੱਧ ਪ੍ਰਦੇਸ਼ ਤੇ ਰਾਜਸਥਾਨ ਬਾਰੇ ਕਾਂਗਰਸ ਤੇ ਭਾਜਪਾ ਦੋਵਾਂ ਦਾ ਪੂਰਾ ਜ਼ੋਰ ਲੱਗਾ ਪਿਆ ਸੀ ਤੇ ਦੋਵਾਂ ਸੂਬਿਆਂ ਵਿੱਚ ਕਾਂਗਰਸ ਨੇ ਭਾਜਪਾ ਨਾਲੋਂ ਜ਼ਿਆਦਾ ਸੀਟਾਂ ਜਿੱਤੀਆਂ। ਭਾਜਪਾ ਲੋਕਾਂ ਦੇ ਦਿੱਤੇ ਫਤਵੇ ਨੂੰ ਮਨਜ਼ੂਰ ਕਰ ਕੇ ਸਵੈ ਨਿਰੀਖਣ ਕਰਨ ਦੀ ਗੱਲ ਕਰ ਰਹੀ ਹੈ ਅਤੇ ਕਾਂਗਰਸ ਆਪਣੀ ਜਿੱਤ ਦਾ ਸਿਹਰਾ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਦੇ ਰਹੀ ਹੈ, ਪਰ ਇਨ੍ਹਾਂ ਹੀ ਚੋਣਾਂ ਵਿੱਚ ਤਿੰਨ ਸੂਬਿਆਂ ਅੰਦਰ ‘ਨੋਟਾ' ਤੋਂ ਹਾਰੀ ‘ਆਮ ਆਦਮੀ ਪਾਰਟੀ’ ਦੇ ਨੇਤਾ ਅਰਵਿੰਦ ਕੇਜਰੀਵਾਲ ‘ਮੋਦੀ ਰਾਜ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ’ ਟਵੀਟ ਕਰ ਕੇ ਖੁਸ਼ ਹੁੰਦੇ ਨਜ਼ਰ ਆਏ।

ਭਾਜਪਾ ਦੇ ਪੱਛੜਨ 'ਤੇ ਕੇਜਰੀਵਾਲ ਇੰਨੇ ਖੁਸ਼ ਹਨ ਕਿ ਉਨ੍ਹਾਂ ਨੂੰ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਆਪਣੀ ਪਾਰਟੀ ਨੂੰ ‘ਨੋਟਾ’ ਤੋਂ ਮਿਲੀ ਹਾਰ ਦਾ ਵੀ ਦੁੱਖ ਨਹੀਂ। ‘ਆਮ ਆਦਮੀ ਪਾਰਟੀ’ (ਆਪ) ਨੇ ਤਿੰਨਾਂ ਸੂਬਿਆਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਅਤੇ ਇਹ ‘ਨੋਟਾ’ ਵਿੱਚ ਮਿਲੀਆਂ ਵੋਟਾਂ ਨਾਲੋਂ ਘੱਟ ਵੋਟਾਂ ਲੈ ਕੇ ਹਾਰ ਗਈ। ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਪਏ ਅੰਕੜਿਆਂ ਮੁਤਾਬਕ ਛੱਤੀਸਗੜ੍ਹ ਵਿੱਚ ‘ਆਮ ਆਦਮੀ ਪਾਰਟੀ’ ਨੂੰ 123526 ਵੋਟਾਂ ਮਿਲੀਆਂ, ਜਦ ਕਿ ਸੂਬੇ ਵਿੱਚ ‘ਨੋਟਾ’ ਨੂੰ 282744 ਵੋਟਾਂ ਮਿਲੀਆਂ। ‘ਨੋਟਾ’ ਦਾ ਮਤਲਬ ਹੁੰਦਾ ਹੈ ਕਿ ਵੋਟਰ ਕਿਸੇ ਵੀ ਉਮੀਦਵਾਰ ਨੂੰ ਆਪਣੀ ਵੋਟ ਦਾ ਹੱਕਦਾਰ ਨਹੀਂ ਸਮਝਦਾ ਤੇ ਇੱਕ ਤਰ੍ਹਾਂ ਇਹ ਖਰਾਬ ਵੋਟ ਹੁੰਦੀ ਹੈ। ਮੱਧ ਪ੍ਰਦੇਸ਼ ਵਿੱਚ ‘ਆਪ’ ਨੂੰ 253101 ਵੋਟਾਂ ਮਿਲੀਆਂ, ਜਦ ਕਿ 542295 ਲੋਕਾਂ ਨੇ ‘ਨੋਟਾ' ਦਾ ਬਟਨ ਦਬਾਇਆ। ਰਾਜਸਥਾਨ ਵਿੱਚ 467781 ਲੋਕਾਂ ਨੇ ‘ਨੋਟਾ’ ਦਾ ਬਟਨ ਦਬਾਇਆ, ਜਦ ਕਿ ‘ਆਪ’ ਨੂੰ ਸਿਰਫ 135816 ਵੋਟਾਂ ਮਿਲੀਆਂ। ਅਰਵਿੰਦ ਕੇਜਰੀਵਾਲ ਇਸ 'ਤੇ ਕੁਝ ਨਹੀਂ ਬੋਲੇ ਹਨ। ਜਦੋਂ ਕੇਜਰੀਵਾਲ ਨੇ ਆਪਣੀਆਂ ਕਸਮਾਂ ਤੋੜ ਕੇ ਸਿਆਸਤ ਵਿੱਚ ਪੈਰ ਰੱਖਿਆ ਸੀ ਤਾਂ ਉਹ ਕਾਂਗਰਸ ਨੂੰ ਦੇਸ਼ ਦੀ ਦੁਸ਼ਮਣ ਅਤੇ ਸਭ ਤੋਂ ਭਿ੍ਰਸ਼ਟ ਪਾਰਟੀ ਦੱਸਦੇ ਹਨ, ਪਰ ਜਦੋਂ ਕਾਂਗਰਸ ਸੱਤਾ ਤੋਂ ਹਟੀ ਅਤੇ ਭਾਜਪਾ ਸੱਤਾ ਵਿੱਚ ਆ ਗਈ ਤਾਂ ਉਹ ਭਾਜਪਾ ਦੇ ਵਿਰੁੱਧ ਹੋ ਗਏ।

ਸੱਤਾਧਾਰੀ ਪਾਰਟੀ ਦਾ ਵਿਰੋਧ ਕਰਨਾ ਤਾਂ ਸਮਝ 'ਚ ਆਉਂਦਾ ਹੈ, ਪਰ ਜਿਸ ਪਾਰਟੀ ਨੂੰ ਸੱਤਾ 'ਚੋਂ ਹਟਾਉਣ ਲਈ ਮਿਹਨਤ ਕਰ ਰਹੇ ਹਨ, ਜਿਨ੍ਹਾਂ ਵਿਰੁੱਧ ਕੇਜਰੀਵਾਲ ਸਬੂਤਾਂ ਦੇ ਢੇਰ ਚੁੱਕੀ ਘੁੰਮਦੇ ਸਨ, ਉਸੇ ਦੀ ਜਿੱਤ ਦੀ ਉਹ ਖੁਸ਼ੀ ਮਨਾ ਰਹੇ ਹਨ। ਕੇਜਰੀਵਾਲ ਸ਼ਾਇਦ ਇਹ ਮੰਨਣ ਲੱਗੇ ਹਨ ਕਿ ‘ਆਪ’ ਨੂੰ ਛੱਡ ਕੇ ਦੇਸ਼ ਵਿੱਚ ਹੋਰ ਕੋਈ ਇਮਾਨਦਾਰ ਰਿਹਾ ਹੀ ਨਹੀਂ, ਪਰ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਜਿੱਥੇ ਜਿੱਥੇ ਵੀ ਆਪ ਨੇ ਚੋਣਾਂ ਲੜੀਆਂ, ਉਥੇ ਉਥੇ ਲੋਕਾਂ ਨੇ ‘ਆਪ’ ਨੂੰ ਨਕਾਰਿਆ। ਅੰਨਾ ਅੰਦੋਲਨ ਨਾਲ ਭਾਰਤ ਦੀ ਸਿਆਸਤ 'ਚ ਉਮੀਦ ਦੀ ਕਿਰਨ ਬਣ ਕੇ ਉਭਰੇ ਕੇਜਰੀਵਾਲ ਦੇਸ਼ ਨੂੰ ਬਦਲਣ ਦਾ ਦਾਅਵਾ ਕਰ ਕੇ ਸਿਆਸਤ ਵਿੱਚ ਆਏ ਸਨ। ਉਨ੍ਹਾਂ ਨੇ ਭਿ੍ਰਸ਼ਟਾਚਾਰ ਤੇ ਅਪਰਾਧ ਨੂੰ ਜੜ੍ਹੋਂ ਖਤਮ ਕਰਨ ਦਾ ਦਿੱਲੀ ਵਾਸੀਆਂ ਨੂੰ ਅਜਿਹਾ ਸੁਫਨਾ ਦਿਖਾਇਆ ਅਤੇ ਦੋ ਵਾਰ ਆਪਣੀ ਸਰਕਾਰ ਬਣਾਉਣ ਵਿੱਚ ਸਫਲ ਹੋ ਗਏ, ਇਹ ਵੱਖਰੀ ਗੱਲ ਹੈ ਕਿ ਸੱਤਾ ਵਿੱਚ ਆਉਣ ਤੋਂ ਕੁਝ ਸਮੇਂ ਬਾਅਦ ਹੀ ਕੇਜਰੀਵਾਲ ਨੂੰ ਆਪਣੇ ਹੀ ਵਿਧਾਇਕਾਂ ਕਾਰਨ ਕਈ ਵਾਰ ਸ਼ਰਮਸਾਰ ਹੋਣਾ ਪਿਆ।

ਗੁਜਰਾਤ, ਗੋਆ, ਪੰਜਾਬ, ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਦੀਆਂ ਚੋਣਾਂ ਤੋਂ ਬਾਅਦ ‘ਆਪ' ਅੱਜ ਕੱਲ੍ਹ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ 'ਚ ਜੁੱਟ ਗਈ ਹੈ। ਲੋਕਾਂ ਨੂੰ ਮੋਬਾਈਲ 'ਤੇ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜਿਨ੍ਹਾਂ 'ਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਅਰਵਿੰਦ ਕੇਜਰੀਵਾਲ ਦਾ ਸਾਥ ਦੇਣ। ‘ਆਪ' ਦੇ ਹੋਰਡਿੰਗ ਤੇ ਪੋਸਟਰ ਜਗ੍ਹਾ ਜਗ੍ਹਾ ਰਾਤੋ ਰਾਤ ਅਚਾਨਕ ਪ੍ਰਗਟ ਹੋ ਰਹੇ ਹਨ।

ਇਨ੍ਹਾਂ ਪੋਸਟਰਾਂ 'ਚ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲਦੀ ਹੈ। ਕੈਥਲ ਜ਼ਿਲ੍ਹੇ ਦੇ ਗੁਹਲਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਪੋਸਟਰਾਂ ਵਿੱਚ ਪਾਰਟੀ ਦੇ ਉਮੀਦਵਾਰ ਦੀ ਫੋਟੋ ਹੇਠਾਂ ਅਤੇ ਛੋਟੀ ਜਿਹੀ ਲਾਈ ਗਈ ਹੈ, ਜਦ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਫੋਟੋ ਕੇਜਰੀਵਾਲ ਦੇ ਬਿਲਕੁਲ ਸਾਹਮਣੇ ਅਤੇ ਓਨੇ ਹੀ ਆਕਾਰ ਦੀ ਹੈ। ਖੱਟੜ ਦੀ ਫੋਟੋ ਨਾਲ ਇੱਕ ਸਵਾਲ ਛਾਪਿਆ ਗਿਆ ਹੈ ਕਿ ਕੇਜਰੀਵਾਲ ਨੇ ਦਿੱਲੀ 'ਚ ਸਕੂਲ ਤੇ ਹਸਪਤਾਲ ਦਰੁੱਸਤ ਕਰ ਦਿੱਤੇ ਹਨ, ਖੱਟੜ ਨੇ ਕਿਉਂ ਨਹੀਂ ਕੀਤੇ? ਅਜਿਹੇ ਸਵਾਲ ਹਰ ਸਿਆਸੀ ਪਾਰਟੀ ਸੱਤਾਧਾਰੀ ਪਾਰਟੀ ਨੂੰ ਕਰਦੀ ਹੈ ਕਿ ਖੱਟੜ ਨੇ ਕੀਤਾ ਕੀ ਹੈ? ਸਵਾਲ ਤਾਂ ਹੈ ਅਤੇ ਪੁੱਛਿਆ ਵੀ ਜਾਣਾ ਚਾਹੀਦਾ ਹੈ, ਪਰ ਕੇਜਰੀਵਾਲ ਆਪਣੇ ‘ਵਿਕਾਸ ਪੁਰਸ਼’ ਹੋਣ ਦਾ ਸਰਟੀਫਿਕੇਟ ਖੁਦ ਹੀ ਦੇ ਰਹੇ ਹਨ ਤੇ ਉਨ੍ਹਾਂ ਦੀ ਦਿਲਚਸਪੀ ਦਿੱਲੀ ਛੱਡ ਕੇ ਹਰ ਦੂਜੇ ਸੂਬੇ ਵਿੱਚ ਵਧ ਰਹੀ ਹੈ। ਕਿਉਂ?

ਅਰਵਿੰਦ ਕੇਜਰੀਵਾਲ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਦਿੱਲੀ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਕੇਜਰੀਵਾਲ ਦਾ ਹਿਸਾਬ ਕਮਜ਼ੋਰ ਨਜ਼ਰ ਆਉਂਦਾ ਹੈ। ਦਿੱਲੀ ਵਿੱਚ 15 ਲੱਖ ਕੈਮਰੇ ਲੱਗਣੇ ਸਨ ਤੇ ਪੂਰਾ ਦਿੱਲੀ ਸ਼ਹਿਰ ਫ੍ਰੀ ਇੰਟਰਨੈਟ ਨਾਲ ਜੁੜਨ ਵਾਲਾ ਸੀ, ਪਰ ਇਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੋ ਸਕਿਆ। ਕੇਜਰੀਵਾਲ ਦੀ ਸਿਆਸਤ ਬਹੁਤ ਤੇਜ਼ੀ ਨਾਲ ਬਦਲੀ ਹੈ, ਜੋ ਲੋਕ ਸਰਕਾਰ ਬਣਨ ਤੋਂ ਪਹਿਲਾਂ ਉਨ੍ਹਾਂ ਦੇ ਨਾਲ ਸਨ, ਹੁਣ ਉਹ ਨਜ਼ਰ ਨਹੀਂ ਆਉਂਦੇ। ਇਹ ਚਾਹੇ ਕਪਿਲ ਮਿਸ਼ਰਾ ਹੋਣ, ਯੋਗੇਂਦਰ ਯਾਦਵ ਹੋਣ ਜਾਂ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਹੋਣ। ਕੁਮਾਰ ਵਿਸ਼ਵਾਸ ਤਾਂ ‘ਆਪ’ ਵੱਲੋਂ ਚੋਣ ਲੜਨ ਲਈ ਅਮੇਠੀ ਵੀ ਗਏ ਸਨ ਅਤੇ ‘ਆਪ’ ਦੇ ਹੋਂਦ 'ਚ ਆਉਣ ਤੋਂ ਪਹਿਲਾਂ ਦੇਸ਼-ਵਿਦੇਸ਼ 'ਚ ਪ੍ਰਸਿੱਧ ਸਨ, ਪਰ ਕੇਜਰੀਵਾਲ ਨੇ ਉਨ੍ਹਾਂ ਨੂੰ ਵੀ ਬਾਹਰਲਾ ਰਸਤਾ ਦਿਖਾ ਦਿੱਤਾ। ਹੁਣ ਵਿਸ਼ਵਾਸ ਕੇਜਰੀਵਾਲ ਲਈ ਵੀ ਸ਼ਾਇਰੀ ਪੜ੍ਹਦੇ ਨਜ਼ਰ ਆਉਂਦੇ ਹਨ।

ਜੋ ਅਰਵਿੰਦ ਕੇਜਰੀਵਾਲ ਸਾਰਾ ਦਿਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਸਰਕਾਰ ਨੂੰ ਨਿਕੰਮੀ ਦੱਸਦੇ ਸਨ, ਉਹ ਖੁਦ ਸੱਤਾ ਵਿੱਚ ਆਉਣ ਤੋਂ ਬਾਅਦ ਟਵਿੱਟਰ 'ਤੇ ਦਿੱਲੀ ਦਾ ਵਿਕਾਸ ਨਾ ਹੋਣ ਦਾ ਸਾਰਾ ਭਾਂਡਾ ਪ੍ਰਧਾਨ ਮੰਤਰੀ ਦੇ ਸਿਰ ਭੰਨਦੇ ਰਹਿੰਦੇ ਸਨ। ਲੱਗਦਾ ਹੈ ਕਿ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨਾ ਹੋ ਕੇ ਬਾਕੀ ਸਭ ਕੁਝ ਹੋਣ। ਕੁਝ ਦਿਨ ਪਹਿਲਾਂ ਉਹ ਹਰਿਆਣਾ 'ਚ ਜਾ ਕੇ ਸਰਕਾਰੀ ਹਸਪਤਾਲਾਂ ਦੀ ਜਾਂਚ ਕਰ ਰਹੇ ਸਨ। ਇਸ ਤੋਂ ਪਹਿਲਾਂ ਉਹ ਪੰਜਾਬ ਅਤੇ ਕਈ ਹੋਰ ਸੂਬਿਆਂ ਵਿੱਚ ਵੀ ਅਜਿਹਾ ਕਰ ਚੁੱਕੇ ਹਨ।

ਕਈ ਸੂਬਿਆਂ ਵਿੱਚ ‘ਆਮ ਆਦਮੀ ਪਾਰਟੀ' ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ, ਪਰ ਕੇਜਰੀਵਾਲ ਉਸ ਤੋਂ ਬਾਅਦ ਵੀ ਦਿੱਲੀ ਨੂੰ ਛੱਡ ਕੇ ਹਰ ਜਗ੍ਹਾ ਆਪਣੀਆਂ ਤਿੱਖੀਆਂ ਨਜ਼ਰਾਂ ਟਿਕਾ ਰਹੇ ਹਨ। ਦਿੱਲੀ ਵਿੱਚ ਜਦੋਂ ਉਪ ਚੋਣਾਂ ਵਿੱਚ ਪਾਰਟੀ ਦੀ ਹਾਰ ਹੁੰਦੀ ਹੈ ਤਾਂ ਮੰਨਦੇ ਵੀ ਹਨ ਕਿ ਉਨ੍ਹਾਂ ਦਾ ਧਿਆਨ ਹੋਰਨਾਂ ਸੂਬਿਆਂ 'ਚ ਹੋਣ ਕਰ ਕੇ ਦਿੱਲੀ ਦੇ ਲੋਕ ਉਨ੍ਹਾਂ ਤੋਂ ਨਾਰਾਜ਼ ਹਨ, ਪਰ ਅਜਿਹਾ ਕਰਨ ਤੋਂ ਬਾਜ਼ ਨਹੀਂ ਆਉਂਦੇ। ਦੂਜੇ ਪਾਸੇ ਦਿੱਲੀ ਦੇ ਲੋਕ 15 ਲੱਖ ਕੈਮਰਿਆਂ ਅਤੇ ਫਰੀ ਇੰਟਰਨੈੱਟ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਕੇਜਰੀਵਾਲ ਪਹਿਲਾਂ ਸਰਕਾਰੀ ਬੰਗਲੇ ਤੇ ਗੱਡੀਆਂ ਦੀ ਵਰਤੋਂ ਕਰਨ ਵਾਲੇ ਨੇਤਾਵਾਂ ਨੂੰ ਆਮ ਲੋਕਾਂ ਦੇ ਦੁਸ਼ਮਣ ਦੱਸਦੇ ਸਨ, ਪਰ ਅੱਜ ਕੱਲ੍ਹ ਖੁਦ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦੇ ਹਨ। ਕੇਜਰੀਵਾਲ ਜਿਸ ਮੁੱਹਲਾ ਕਲੀਨਿਕ ਦੀ ਤਾਰੀਫ ਕਰਦੇ ਨਹੀਂ ਥੱਕਦੇ, ਉਸ ਬਾਰੇ ਕਈ ਹੈਰਾਨ ਕਰਨ ਵਾਲੀਆਂ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਹਨ।

ਅੰਨਾ ਹਜ਼ਾਰੇ ਨਾਲ ਜੋ ਕੇਜਰੀਵਾਲ ਦੇਸ਼ ਨੂੰ ‘ਬਚਾਉਣ' ਨਿਕਲੇ ਸਨ, ਉਹੀ ਉੜੀ ਹਮਲੇ ਦੇ ਜਵਾਬ 'ਚ ਭਾਰਤੀ ਫੌਜ ਵੱਲੋਂ ਕੀਤੇ ਆਪਰੇਸ਼ਨ ਸਰਜੀਕਲ ਸਟਰਾਈਕ ਦਾ ਸਬੂਤ ਮੰਗਦੇ ਨਜ਼ਰ ਆਏ। ਜਿਸ ਲਾਲੂ ਯਾਦਵ ਨੂੰ ਸਿਆਸਤ ਵਿੱਚ ਆਉਣ ਤੋਂ ਪਹਿਲਾ ਕੇਜਰੀਵਾਲ ਭਿ੍ਰਸ਼ਟ ਦੱਸਦੇ ਸਨ, ਸਿਆਸਤ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੇ ਹੀ ਹਮਦਰਦ ਬਣ ਗਏ ਅਤੇ ਕਈ ਵਾਰ ਉਨ੍ਹਾਂ ਨਾਲ ਮੰਚ ਵੀ ਸਾਂਝਾ ਕੀਤਾ। ਹੋ ਸਕਦਾ ਹੈ ਕਿ ਕੁਝ ਗੱਲਾਂ ਸਿਰਫ ਸੱਤਾ 'ਚ ਆਉਣ ਤੋਂ ਬਾਅਦ ਸਮਝ ਆਉਂਦੀਆਂ ਹੋਣ। ਕੇਜਰੀਵਾਲ ਦੇ ਦਫਤਰ ਨੇ ਪਿਛਲੇ ਤਿੰਨ ਸਾਲਾਂ 'ਚ ਸਿਰਫ ਚਾਹ-ਬਿਸਕੁਟਾਂ 'ਤੇ ਇੱਕ ਕਰੋੜ ਰੁਪਏ ਤੋਂ ਵੱਧ ਪੈਸਾ ਖਰਚ ਕੀਤਾ ਹੈ, ਜਿਸ ਦੀ ਰਿਪੋਰਟ ਕਈ ਅਖਬਾਰਾਂ ਵਿੱਚ ਛਪੀ ਵੀ, ਪਰ ਕੇਜਰੀਵਾਲ ਦੀ ਸਿਆਸਤ 'ਚ ਉਨ੍ਹਾਂ ਨੂੰ ਅਜਿਹੀਆਂ ਛੋਟੀਆਂ ਮੋਟੀਆਂ ਗੱਲਾਂ 'ਤੇ ਗੌਰ ਨਾ ਕਰਨ ਲਈ ਮਜਬੂਰ ਕਰਦੀ ਹੈ। 

ਇਹ ਗੱਲ ਪੂਰੀ ਤਰ੍ਹਾਂ ਵੱਖਰੀ ਹੈ ਕਿ ਕੇਜਰੀਵਾਲ ਆਪਣੀ ਸੱਤਾ ਦੇ ਸ਼ੁਰੂਆਤੀ ਦਿਨਾਂ ਵਿੱਚ ਟਵਿੱਟਰ ਦੇ ਜ਼ਰੀਏ ਨਵੀਆਂ ਨਵੀਆਂ ਫਿਲਮਾਂ ਦੀ ਸਮੀਖਿਆ ਕਰਦੇ ਸਨ। ਕੁਝ ਵੀ ਹੋਵੇ ਭਾਰਤ ਨੂੰ ਬਦਲਣ ਤੁਰੇ ਕੇਜਰੀਵਾਲ ਹੁਣ ਸਿਰਫ ਸਿਆਸਤ ਬਦਲਣ ਦੇ ਪ੍ਰਯੋਗ ਕਰਦੇ ਨਜ਼ਰ ਆਉਂਦੇ ਹਨ। ਅੰਨਾ ਅੰਦੋਲਨ ਦੇ ਸਮੇਂ ਅਰਵਿੰਦ ਕੇਜਰੀਵਾਲ ਨੇ ਰਾਮਲੀਲਾ ਮੈਦਾਨ ਤੋਂ ਬੋਲਦਿਆਂ ਲੋਕਾਂ ਨੂੰ ਚੀਕ ਚੀਕ ਕੇ ਕਿਹਾ ਸੀ ਕਿ ਸ਼ਾਇਦ ਇਸ ਕੁਰਸੀ 'ਚ ਹੀ ਕੁਝ ਅਜਿਹਾ ਹੈ, ਜੋ ਸੱਤਾ 'ਚ ਆਉਣ ਤੋਂ ਬਾਅਦ ਇਨਸਾਨ ਨੂੰ ਬਦਲ ਦਿੰਦਾ ਹੈ। ਕੇਜਰੀਵਾਲ ਦੇ ਸ਼ਬਦਾਂ ਦੀ ਸੱਚਾਈ ਤੇ ਗੰਭੀਰਤਾ ਪਤਾ ਲੱਗ ਰਹੀ ਹੈ।

 

  

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ