Welcome to Canadian Punjabi Post
Follow us on

26

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਪੰਜਾਬੀ ਪੋਸਟ ਵਿਸ਼ੇਸ਼: ਕਰਤਾਰਪੁਰ ਦਾ ਲਾਂਘਾ - ਵਿਸ਼ਵਾਸ਼ ਦਾ ਲਾਂਘਾ

December 14, 2018 08:39 AM

ਪੰਜਾਬੀ ਪੋਸਟ ਵਿਸ਼ੇਸ਼

‘ਨਾ ਮਜ਼ਾਰ ਬਣਾਈ, ਨਾ ਉਸਨੇ ਸਿਵਾ ਰੱਖਿਆ

ਬਾਬੇ ਨਾਨਕ ਦੀ ਲੀਲਾ ਹੈ ਅਪਰ ਅਪਾਰ ਵੇਖੋ

ਮੁਸਲਮਾਨਾਂ ਹਿੰਦੂਆਂ ਨੂੰ ਏਕੇ ਵਿੱਚ ਬੰਨ ਰੱਖਿਆ’

 

ਗੁਰੂ ਨਾਨਕ ਦੇਵ ਜੀ ਰੱਬ ਦੇ ਸੱਚੇ ਦਰਵੇਸ਼ ਸਨ ਜੋ ਅੰਤਾਂ ਦੇ ਦੁੱਖਾਂ ਦੀ ਮਾਰ ਝੱਲ ਰਹੀ ਲੋਕਾਈ ਨੂੰ ਪਰੇਮ ਵਿੱਚ ਸਰਸ਼ਾਰ ਕਰਨ ਲਈ ਇਸ ਧਰਤ ਉੱਤੇ ਪਧਾਰੇ। ਗੁਰੂ ਸਾਹਿਬ ਨੇ ਸਮੁੱਚੀ ਹਿਯਾਤੀ ਉਦਾਸੀਆਂ ਕਰਦਿਆਂ, ਦੇਸ਼ਾਂ, ਪਰਦੇਸਾਂ ਦੀਆਂ ਫਰਜ਼ੀ ਵਲਗਣਾਂ, ਵੰਡਾਂ ਅਤੇ ਸਰਹੱਦਾਂ ਨੂੰ ਕੱਟਦਿਆਂ ਮਾਨਵਤਾ ਦੇ ਕਲਿਆਣ ਹਿੱਤ ਬਿਤਾਈ। ਇਸਨੂੰ ਕਲਯੁੱਗ ਦਾ ਵਰਤਾਰਾ ਹੀ ਆਖਿਆ ਜਾ ਸਕਦਾ ਹੈ ਕਿ ਅਜਿਹੇ ਰੱਬੀ ਗੁਰੂ ਦੀ ਯਾਦ ਨਾਲ ਸਬੰਧਿਤ ਪਵਿੱਤਰ ਮੁਕਾਮ ਮੁਲਕਾਂ ਦੀ ਵੰਡ ਦੇ ਘੇਰੇ ਵਿੱਚ ਆ ਗਿਆ। ਸਰਹੱਦ ਦੇ ਇੱਕ ਪਾਸੇ ਗੁਰੂ ਸਾਹਿਬ ਦਾ ਸਥਾਨ ਅਤੇ ਦੂਜੇ ਪਾਸੇ ਨਾਨਕ ਨਾਮ ਲੇਵਾ ਪ੍ਰਾਣੀਆਂ ਦਾ ਸਮੂਹ। ਸਰੱਹਦ ਜਿਵੇਂ ਮੂੰਹ ਟੱਡ ਕੇ ਆਖ ਰਹੀ ਹੋਵੇ ਕਿ ਮੈਂ ਹਾਂ ਉਸ ਕਲਯੁਗ ਦਾ ਸਿਰਨਾਵਾਂ ਹਾਂ ਜਿਸਤੋਂ ਖ਼ਬਰਦਾਰ ਹੋਣ ਲਈ ਨਾਨਕ ਨੇ ਦੁਨੀਆ ਦਾ ਫੇਰਾ ਪਾਇਆ ਸੀ।

ਅੱਜ ਵਿਸ਼ਵ ਭਰ ਦੇ ਸਿੱਖ ਹੀ ਨਹੀਂ ਸਗੋਂ ਹਰ ਵਰਗ ਦੇ ਲੋਕ ਖੁਸ਼ੀਆਂ ਵਿੱਚ ਖੀਵੇ ਹਨ ਕਿ ਗੁਰੁਦਆਰਾ ਕਰਤਾਰਪੁਰ ਸਾਹਿਬ ਨੂੰ ਜਾਣ ਲਈ ਭਾਰਤ- ਪਾਕਿਸਤਾਨ ਦਰਮਿਆਨ ਲਾਂਘੇ ਭਾਵ ਕਾਰੀਡੋਰ ਨੂੰ ਬਣਾਉਣ ਦਾ ਸ਼ੁਭ ਆਰੰਭ ਹੋ ਚੁੱਕਾ ਹੈ। 1947 ਤੋਂ ਬਾਅਦ ਹਰ ਦਿਨ ਹਰ ਵਕਤ ਸਿੱਖ ਅਰਦਾਸਾਂ ਵਿੱਚ ਵਿੱਛੜ ਗਏ ਗੁਰੂਧਾਮਾਂ ਦੇ ਖੁੱਲੇ ਦਰਸ਼ਨ ਦਿਦਾਰ ਲਈ ਜੋਦੜੀਆਂ ਕਰਦੇ ਆ ਰਹੇ ਹਨ। ਕਰਤਾਰਪੁਰ ਸਾਹਿਬ ਨੂੰ ਜਾਣ ਲਈ ਬਣਨ ਵਾਲਾ ਲਾਂਘਾ ਸ਼ਾਇਦ ਇਹਨਾਂ ਅਰਦਾਸਾਂ ਜੋਦੜੀਆਂ ਦਾ ਹੀ ਫਲ ਹੈ, ਬੇਸ਼ੱਕ ਪਰਤੱਖ ਰੂਪ ਵਿੱਚ ਕੁੱਝ ਵਿਸ਼ੇਸ਼ ਲੋਕਾਂ ਵੱਲੋਂ ਕੀਤੇ ਉੱਦਮ ਸਾਰਥਕ ਸਾਬਤ ਹੋਏ ਵਿਖਾਈ ਦੇਂਦੇ ਹਨ। ਜੇ ਬਾਬਾ ਨਾਨਕ ਦੀ ਗੱਲ ਨੂੰ ਪੱਲੇ ਬੰਨ ਕੇ ਸੋਚੀਏ ਤਾਂ ‘ਸੰਤਾਂ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ’ ਹੀ ਸੱਚ ਹੈ।

 

ਪੰਜਾਬੀ ਦੀ ਆਮ ਕਹਾਵਤ ਇਹ ਵੀ ਹੈ ਕਿ ਰੱਬ ਬਣਾਵੇ ਸੱਬਬ। ਇਸ ਲਾਂਘੇ ਬਾਬਤ ਅਨੇਕਾਂ ਫੁਰਨੇ, ਅਤੇ ਘਾੜਤਾਂ ਅਨੇਕਾਂ ਸੁਹਿਰਦ ਲੋਕਾਂ ਦੇ ਦਿਲਾਂ ਦਿਮਾਗਾਂ ਵੱਖੋ ਵੱਖਰੇ ਸਮੇਂ ਵਿੱਚ ਆਉਂਦੀਆਂ ਰਹੀਆਂ ਹਨ। ਉਹ ਸਾਰੇ ਲੋਕ ਵਧਾਈਆਂ ਅਤੇ ਸ਼ਾਬਾਸ਼ ਦੇ ਹੱਕਦਾਰ ਹਨ ਜਿਹਨਾਂ ਨੇ ਆਪਣੇ ਫੁਰਨਿਆਂ ਅਤੇ ਸੁਫ਼ਨਿਆਂ ਨੂੰ ਸਾਕਾਰ ਕਰਨ ਵਾਸਤੇ ਧਰਮ ਦਾ ਕਾਜ ਨਿਭਾਇਆ ਹੈ ਅਤੇ ਨਿਭਾ ਰਹੇ ਹਨ।

 

ਇਤਿਹਾਸ ਵਿੱਚ ਅਜਿਹੀਆਂ ਮਿਸਾਲਾਂ ਦੀ ਘਾਟ ਨਹੀਂ ਹੈ ਕਿ ਮਹਾਨ ਗੁਰੂਆਂ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਵਾਹਿਗਰੂ ਸਦਾ ਹੀ ਵਡਿਆਈਆਂ ਅਤੇ ਮਹਾਨਤਾ ਬਖ਼ਸਦਾ ਹੈ। ਰੱਬ ਕਰੇ ਲੰਬੀ ਉਮਰ ਹੋਵੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜਿਸਨੇ ਮੋਹਰੀ ਰੋਲ ਅਦਾ ਕੀਤਾ ਹੈ। ਦੁਆਵਾਂ ਲੱਗਣ ਲੱਗੇ ਨਵਜੋਤ ਸਿੰਘ ਸਿੱਧੂ ਨੂੰ ਜਿਸਨੇ ਇਸ ਬਾਬਤ ਅੱਛੀ ਖਾਸੀ ਚਾਰਾਜੋਈ ਕੀਤੀ ਹੈ। ਬਹੁਤ 2 ਸ਼ੁਕਰਾਨਾ ਪਾਕਿਸਤਾਨ ਅਤੇ ਭਾਰਤ ਦੇ ਸਮੁੱਚੇ ਸਰਕਾਰੀ ਅਤੇ ਗੈਰਸਰਕਾਰੀ ਤੰਤਰ ਦਾ ਜਿਹਨਾਂ ਨੇ ਇਸ ਮੁੱਕਦਸ ਉੱਦਮ ਵਿੱਚ ਹਿੱਸਾ ਪਾਇਆ ਹੈ। ਉਹਨਾਂ ਭਲੇ ਲੋਕਾਂ ਦਾ ਵੀ ਧੰਨਵਾਦ ਜਿਹਨਾਂ ਨੇ ਇੱਕ ਜਾਂ ਦੂਜੇ ਬਹਾਨੇ ਇਸ ਲਾਂਘੇ ਦਾ ਵਿਰੋਧ ਕੀਤਾ ਹੋਵੇਗਾ। ਅਜਿਹੇ ਲੋਕਾਂ ਦਾ ਧੰਨਵਾਦ ਇਸ ਲਈ ਕਿਉਂਕਿ ਰੱਬ ਦੇ ਨਿਜ਼ਾਮ ਵਿੱਚ ਗੱਲ ਬਿਨਾ ਕਾਰਣ ਨਹੀਂ ਵਾਪਰਦੀ। ਇਹਨਾਂ ਵਿਚਾਰਿਆਂ ਨੂੰ ‘ਅੜਿੱਕਾ ਸਿੰਘ’ ਬਣਨ ਦਾ ਹੀ ਰੋਲ ਮਿਲਿਆ ਹੋਵੇਗਾ। ਇਹ ਦੁਨੀਆ ਚੰਗੇ ਮੰਦੇ ਅਦਾਕਾਰਾਂ ਦੁਆਰਾ ਖੇਡਿਆ ਜਾ ਰਿਹਾ ਇੱਕ ਅਜੀਬ ਨਾਟਕ ਜੋ ਹੋਇਆ।

 

ਉਮੀਦ ਕਰਨੀ ਚਾਹੀਦੀ ਹੈ ਕਿ ਜਿਸ ਸਥਾਨ ਉੱਤੇ ਨਾਨਕ ਸਾਹਿਬ ਨੇ ਹੱਥੀਂ ਕਿਰਤ ਕੀਤੀ, ਸੰਗਤ ਅਤੇ ਪੰਗਤ ਦੀ ਪਿਰਤ ਦਾ ਵਿਧੀਵਤ ਆਰੰਭ ਕੀਤਾ, ਉਸ ਥਾਂ ਲਈ ਬਣਨ ਵਾਲਾ ਲਾਂਘਾ ਮਾਨਵਤਾ ਦੇ ਦਿਲਾਂ ਦੇ ਰਾਹ ਮੋਕਲੇ ਅਤੇ ਨਿਰਮਲ ਹੋਣ ਦਾ ਸਬੱਬ ਬਣੇ। ਰੱਬ ਕਰੇ ਕਿ ਅਸੀਂ ਆਪਸੀ ਕਿੜਾਂ ਅਤੇ ਨੁਕਸ ਕੱਢਣ ਦੀ ਥਾਂ ਇੱਕ ਦੂਜੇ ਪ੍ਰਤੀ ਮੁਹੱਬਤਾਂ ਦੇ ਗਲਿਆਰਿਆਂ ਵਿੱਚ ਬੰਨੇ ਜਾਈਏ। ਨਾਨਕ ਸਾਹਿਬ ਦੀਆਂ ਯਾਤਰਾਵਾਂ, ਉਹਨਾਂ ਦੇ ਅਮਰ ਸੰਦੇਸ਼ ਜੇ ਕਿਸੇ ਇੱਕ ਗੱਲ ਦਾ ਸੂਚਕ ਹਨ ਤਾਂ ਮਨੁੱਖੀ ਏਕੇ ਦਾ। ਕਰਤਾਰਪੁਰ ਲਾਂਘਾ ਮਹਿਜ਼ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਦੀ ਸਹੂਲਤ, ਗੁਰਦੁਆਰੇ ਜਾ ਕੇ ਮਨਮੱਤੀ ਮੱਥਾ ਟੇਕਣ ਦਾ ਅਵਸਰ ਨਾ ਹੋ ਕੇ ਇੱਕ ਸਦੀਵੀ ਅਮਨ, ਮਨੁੱਖੀ ਖੁਸ਼ਹਾਲੀ, ਧਰਮ ਵਿੱਚ ਦ੍ਰਿੜ ਵਿਸ਼ਵਾਸ਼ ਅਤੇ ਧਾਰਮਿਕ ਸਵਤੰਤਰਤਾ ਦਾ ਸੂਚਕ ਬਣੇ, ਤਾਂ ਹੀ ਅਸੀਂ ਨਾਨਕ ਦੇ ਸੱਚੇ ਲਾਂਘੇ ਵਿੱਚ ਦਾਖ਼ਲ ਹੋਣ ਦੇ ਹੱਕਦਾਰ ਬਣ ਸਕਾਂਗੇ।

Have something to say? Post your comment