ਮਿਸੀਸਾਗਾ, 13 ਦਸੰਬਰ (ਪੋਸਟ ਬਿਊਰੋ) : ਸਿਟੀ ਆਫ ਮਿਸੀਸਾਗਾ ਨੇ ਅੱਜ ਕਾਉਂਸਲ ਮੀਟਿੰਗ ਵਿੱਚ ਮਿਸੀਸਾਗਾ ਵਿੱਚ ਪ੍ਰਾਈਵੇਟ ਤੌਰ ਉੱਤੇ ਆਪਰੇਟ ਕੀਤੇ ਜਾਣ ਵਾਲੇ ਮੈਰੀਜੁਆਨਾ ਦੇ ਰਿਟੇਲ ਸਟੋਰਜ਼ ਖੋਲ੍ਹੇ ਜਾਣ ਦੀ ਇਜਾਜ਼ਤ ਨਾ ਦੇਣ ਦਾ ਫੈਸਲਾ ਕੀਤਾ ਹੈ।
ਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਕਿ ਅੱਜ ਸਾਡੀ ਕਾਉਂਸਲ ਨੇ ਅਜਿਹੇ ਸਟੋਰਜ਼ ਮਿਸੀਸਾਗਾ ਵਿੱਚ ਨਾ ਖੋਲ੍ਹੇ ਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਆਖਿਆ ਕਿ ਇਹ ਰਿਟੇਲ ਕੈਨਾਬਿਸ ਮਾਡਲ ਐਨੀ ਜਲਦੀ ਸਾਹਮਣੇ ਆਏ ਹਨ ਤੇ ਕਈ ਸਵਾਲਾਂ ਦੇ ਜਵਾਬ ਅਜੇ ਵੀ ਮਿਲਣੇ ਬਾਕੀ ਹਨ। ਉਨ੍ਹਾਂ ਆਖਿਆ ਕਿ ਪ੍ਰੋਵਿੰਸ ਨੇ ਮਿਉਂਸਪੈਲਿਟੀਜ਼ ਨੂੰ ਇਹ ਫੈਸਲਾ ਕਰਨ ਦੀ ਗੁੰਜਾਇਸ਼ ਤੱਕ ਨਹੀਂ ਦਿੱਤੀ ਕਿ ਸ਼ਹਿਰ ਵਿੱਚ ਮੈਰੀਜੁਆਨਾ ਦੇ ਸਟੋਰਜ਼ ਕਿੱਥੇ ਹੋ ਸਕਦੇ ਹਨ।
ਇਹ ਚਿੰਤਾ ਦਾ ਵੱਡਾ ਵਿਸ਼ਾ ਹੈ। ਉਨ੍ਹਾਂ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਸਿਟੀ ਆਫ ਮਿਸੀਸਾਗਾ ਇਸ ਦੌਰਾਨ ਇਸ ਸਬੰਧ ਵਿੱਚ ਕੋਈ ਹੋਰ ਫੈਸਲਾ ਕਰੇ ਪਰ ਅਸੀਂ ਆਪਣੀ ਕਮਿਊਨਿਟੀ ਨਾਲ ਸਲਾਹ ਮਸ਼ਵਰਾ ਕਰਨਾ ਜਾਰੀ ਰੱਖਾਂਗੇ। ਇਸ ਲਈ ਅਸੀਂ ਸਹੀ ਸਮੇਂ ਉੱਤੇ ਸਹੀ ਫੈਸਲਾ ਕਰਨਾ ਚਾਹਾਂਗੇ। ਉਨ੍ਹਾਂ ਆਖਿਆ ਕਿ ਮਿਊਂਸਪੈਲਿਟੀਜ਼ ਨੂੰ ਹੋਰ ਸ਼ਕਤੀਆਂ ਦੇਣ ਲਈ ਉਨ੍ਹਾਂ ਵੱਲੋਂ ਪ੍ਰੋਵਿੰਸ ਨੂੰ ਚਿੱਠੀ ਲਿਖੀ ਜਾਵੇਗੀ।
ਜਿ਼ਕਰਯੋਗ ਹੈ ਕਿ ਓਨਟਾਰੀਓ ਸਰਕਾਰ ਵੱਲੋਂ ਮਿਉਂਸਪੈਲਿਟੀਜ਼ ਨੂੰ 22 ਜਨਵਰੀ, 2019 ਤੱਕ ਦਾ ਸਮਾਂ ਇਹ ਫੈਸਲਾ ਕਰਨ ਲਈ ਦਿੱਤਾ ਗਿਆ ਹੈ ਕਿ ਉਹ ਰਿਟੇਲ ਮੈਰੀਜੁਆਨਾ ਸਟੋਰਜ਼ ਖੋਲ੍ਹਣੇ ਚਾਹੁੰਦੀਆਂ ਹਨ ਜਾਂ ਨਹੀਂ।