Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਪੇ੍ਰਮੀ ਜੋੜੇ ਦੀ ਸਕਿਉਰਿਟੀ ਤੋਂ ਤੌਬਾ

June 15, 2021 02:31 AM

-ਬਲਰਾਜ ਸਿੰਘ ਸਿੰਧੂ
ਪੰਜਾਬ ਪੁਲਸ ਦੀ ਅੱਧੀ ਤੋਂ ਵੱਧ ਗਿਣਤੀ ਲੀਡਰਾਂ, ਉਨ੍ਹਾਂ ਦੇ ਰਿਸ਼ਤੇਦਾਰਾਂ, ਤਥਾ-ਕਥਿਤ ਜ਼ਿਲ੍ਹਾ ਪ੍ਰਧਾਨਾਂ, ਬਲਾਕ ਪ੍ਰਧਾਨਾਂ, ਫਿਰਕੂ ਪ੍ਰਧਾਨਾਂ, ਅਖੌਤੀ ਬਾਬਿਆਂ ਤੇ ਗੰਨਮੈਨ ਲੈ ਕੇ ਫੁਕਰੀ ਮਾਰਨ ਵਾਲੇ ਵਿਅਕਤੀਆਂ ਦੀ ਸੁਰੱਖਿਆ ਵਾਸਤੇ ਤਾਇਨਾਤ ਹੈ। ਜਦੋਂ ਕਿਸੇ ਵਿਅਕਤੀ ਨੂੰ ਕੋਈ ਸਿਆਸੀ ਅਹੁਦਾ ਮਿਲਦਾ ਹੈ ਤਾਂ ਉਸ ਨੂੰ ਦਫ਼ਤਰ ਅਤੇ ਸਟਾਫ ਦੀ ਬਜਾਏ ਸਭ ਤੋਂ ਵੱਧ ਚਾਅ ਏ ਕੇ 47 ਵਾਲੇ ਗੰਨਮੈਨ ਲੈਣ ਦਾ ਹੁੰਦਾ ਹੈ। ਜੇ ਗੰਨਮੈਨ ਹੀ ਨਾ ਮਿਲੇ ਤਾਂ ਅਹੁਦੇ ਦਾ ਕੀ ਫ਼ਾਇਦਾ? ਲੋਕਾਂ ਨੂੰ ਕਿਵੇਂ ਪਤਾ ਚੱਲੇਗਾ ਕਿ ਉਹ ਸਾਧਾਰਨ ਲੋਕਾਂ ਦੀ ਸ਼੍ਰੋਣੀ ਵਿੱਚੋਂ ਨਿਕਲ ਗਿਆ ਅਤੇ ਵੀ ਆਈ ਪੀ ਦੀ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ। ਕਈ ਸੂਰਮੇ ਅਜਿਹੇ ਹਨ, ਜੋ ਕਿਸੇ ਹੋਰ ਤਰੀਕੇ ਨਾਲ ਗੰਨਮੈਨ ਲੈਣ ਤੋਂ ਅਸਫਲ ਰਹਿਣ ਉੱਤੇ ਹਰੇਕ ਅਸੈਂਬਲੀ ਅਤੇ ਪਾਰਲੀਮੈਂਟ ਚੋਣਾਂ ਵਿੱਚ ਨਾਮਜ਼ਦਗੀ ਕਾਗਜ਼ ਭਰ ਦਿੰਦੇ ਹਨ।
ਕੁਝ ਸਾਲਾਂ ਤੋਂ ਪੁਲਸ ਸੁਰੱਖਿਆ ਲੈਣ ਲਈ ਇੱਕ ਨਵੀਂ ਤਰ੍ਹਾਂ ਦੇ ਜੀਵ ਪ੍ਰਗਟ ਹੋ ਗਏ ਹਨ, ਆਪਣੇ ਘਰੋਂ ਦੌੜ ਕੇ ਵਿਆਹ ਕਰਾਉਣ ਵਾਲੇ ਕਥਿਤ ਪ੍ਰੇਮੀ। ਉਹ ਗੱਲ ਵੱਖਰੀ ਹੈ ਕਿ ਅਕਸਰ ਇਸ ਤਰ੍ਹਾਂ ਦਾ ਵਿਆਹ ਦੋ-ਚਾਰ ਸਾਲ ਤੋਂ ਵੱਧ ਨਹੀਂ ਟਿਕਦਾ। ਪੰਜਾਬ ਵਿੱਚ ਭਾਰਤ ਵਿੱਚੋਂ ਸਭ ਤੋਂ ਵੱਧ ਅਣਖ ਖ਼ਾਤਰ ਕਤਲ ਹੁੰਦੇ ਹਨ। ਇਸ ਲਈ ਸੁਰੱਖਿਆ ਮੰਗਣ ਵਾਲੇ ਹਰ ਪ੍ਰੇਮੀ ਜੋੜੇ ਨੂੰ ਹਾਈ ਕੋਰਟ ਘੱਟੋ-ਘੱਟ ਦੋ ਸੁਰੱਖਿਆ ਮੁਲਾਜ਼ਮ ਅਲਾਟ ਕਰ ਹੀ ਦਿੰਦੀ ਹੈ।
ਜੇ ਤੁਸੀਂ ਸਵੇਰੇ 10-11 ਵਜੇ ਹਾਈ ਕੋਰਟ ਜਾਉ ਤਾਂ ਵੇਖੋਗੇ ਕਿ ਚੀਫ਼ ਜਸਟਿਸ ਦੀ ਅਦਾਲਤ ਪੁਲਸ ਸੁਰੱਖਿਆ ਮੰਗਣ ਵਾਲੇ ਜੋੜਿਆਂ ਨਾਲ ਭਰੀ ਹੁੰਦੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਲੜਕੀਆਂ ਜਿਸ ਪਰਵਾਰ ਵਿੱਚ 20-21 ਸਾਲ ਤੱਕ ਨਾਲ ਪਲੀਆਂ, ਵੱਡੀਆਂ ਹੁੰਦੀਆਂ ਹਨ, ਉਸੇ ਪਰਵਾਰ ਤੋਂ ਉਨ੍ਹਾਂ ਨੂੰ ਪ੍ਰੇਮ ਵਿਆਹ ਤੋਂ ਬਾਅਦ ਖ਼ਤਰਾ ਪੈਦਾ ਹੋ ਜਾਂਦਾ ਹੈ। ਸਾਰੀ ਉਮਰ ਜਿਸ ਮਾਂ-ਪਿਓ ਅਤੇ ਭਰਾਵਾਂ ਨੇ ਉਨ੍ਹਾਂ ਨੂੰ ਲਾਡ ਲਡਾਏ ਹੁੰਦੇ ਹਨ, ਉਹ ਦੁਸ਼ਮਣ ਤੇ ਸਾਲ-ਦੋ ਸਾਲ ਤੋਂ ਜ਼ਿੰਦਗੀ ਵਿੱਚ ਆਇਆ ਕੋਈ ਅਨਜਾਣ ਪ੍ਰੇਮੀ ਸਭ ਤੋਂ ਵੱਡਾ ਹਿਤੈਸ਼ੀ ਲੱਗਣ ਲੱਗ ਜਾਂਦਾ ਹੈ।
ਸੰਨ 2003-04 ਦੀ ਗੱਲ ਹੈ ਕਿ ਮੈਂ ਮਾਝੇ ਦੀ ਕਿਸੇ ਸਬ ਡਵੀਜ਼ਨ ਵਿੱਚ ਡੀ ਐਸ ਪੀ ਲੱਗਾ ਹੋਇਆ ਸੀ। ਸਬ ਡਵੀਜ਼ਨ ਦੇ ਇੱਕ ਪਿੰਡ ਦੇ ਦੋ ਨਿਮਨ ਮੱਧ ਵਰਗੀ ਪਰਵਾਰਾਂ ਦੇ ਲੜਕਾ-ਲੜਕੀ, ਜੋ ਆਪਸ ਵਿੱਚ ਗੁਆਂਢੀ ਸਨ ਅਤੇ ਆਹਮੋ-ਸਾਹਮਣੇ ਘਰਾਂ ਵਿੱਚ ਰਹਿੰਦੇ ਸਨ, ਨੇ ਘਰੋਂ ਦੌੜ ਕੇ ਪ੍ਰੇਮ ਵਿਆਹ ਕਰਵਾ ਲਿਆ। ਫਿਰ ਉਹ ਪਿੰਡ ਆਉਣ ਦੀ ਥਾਂ ਅੰਮ੍ਰਿਤਸਰ ਕਿਰਾਏ ਦਾ ਕਮਰਾ ਲੈ ਕੇ ਰਹਿਣ ਲੱਗ ਪਏ ਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਨ ਲੱਗੇ। ਲੜਕੀ ਦੇ ਪਰਵਾਰ ਵਾਲੇ ਸ਼ਰੀਫ ਇਨਸਾਨ ਸਨ, ਇਸ ਲਈ ਉਨ੍ਹਾਂ ਨੇ ਸਬਰ ਦਾ ਘੁੱਟ ਭਰ ਲਿਆ। ਲੜਕੇ ਵਾਲਿਆਂ ਨੇ ਵੀ ਪਿੰਡ ਨੂੰ ਜਚਾਉਣ ਖ਼ਾਤਰ ਲੜਕੇ ਤੋਂ ਨਾਤਾ ਤੋੜ ਕੇ ਅਖ਼ਬਾਰ ਵਿੱਚ ਬੇਦਖ਼ਲੀ ਨੋਟਿਸ ਦੇ ਦਿੱਤਾ। ਪਿੰਡ ਵਿੱਚ ਲੜਕੇ ਦੀ ਕਰਿਆਨੇ ਦੀ ਦੁਕਾਨ ਸੀ ਤੇ ਗੁਜ਼ਾਰਾ ਠੀਕ ਚੱਲਦਾ ਸੀ। ਜਦੋਂ ਸ਼ਹਿਰ ਵਿੱਚ ਆਟਾ ਤੇ ਦਾਲ-ਸਬਜ਼ੀ ਮੁੱਲ ਦੀ ਲੈਣੀ ਪਈ ਤਾਂ ਉਨ੍ਹਾਂ ਨੂੰ ਪਿੰਡ ਚੇਤੇ ਆਉਣ ਲੱਗ ਪਿਆ। ਇੱਕ ਰਾਤ ਉਹ ਚੁੱਪ-ਚਪੀਤੇ ਵਾਪਸ ਪਿੰਡ ਪਹੁੰਚ ਗਏ। ਸਾਰੇ ਪਿੰਡ ਵਿੱਚ ਹਾਹਾਕਾਰ ਮਚ ਗਈ। ਪਿੰਡ ਦੇ ਵਿਹਲੜ ਮੁਸ਼ਟੰਡੇ ਲੜਕੀ ਦੇ ਭਰਾਵਾਂ ਦਾ ਮਖੌਲ ਉਡਾਉਣ ਲੱਗੇ ਅਤੇ ਗੱਲ ਮਰਨ-ਮਾਰਨ ਤੱਕ ਪਹੁੰਚ ਗਈ।
ਦੋ ਦਿਨਾਂ ਬਾਅਦ ਲੜਕੀ ਦਾ ਬਾਪ ਪੰਚਾਇਤ ਲੈ ਕੇ ਮੇਰੇ ਦਫ਼ਤਰ ਆ ਗਿਆ ਤੇ ਲੱਗਭਗ ਰੋਂਦੇ ਹੋਏ ਬੋਲਿਆ ਕਿ ਉਸ ਨੇ ਲੜਕੀ ਦਾ ਵਿਆਹ ਉਸ ਲੜਕੇ ਨਾਲ ਹੋਣ ਨੂੰ ਬਰਦਾਸ਼ਤ ਕਰ ਲਿਆ ਸੀ, ਪਰ ਜਦੋਂ ਲੜਕੀ ਉਸ ਦੇ ਘਰ ਦੇ ਸਾਹਮਣੇ ਰਹਿਣ ਲੱਗ ਪਈ ਤਾਂ ਉਸ ਤੋਂ ਪਿੰਡ ਵਾਲਿਆਂ ਦੇ ਤਾਅਨੇ-ਮਿਹਣੇ ਬਰਦਾਸ਼ਤ ਨਹੀਂ ਹੋ ਰਹੇ। ਲੜਕੇ-ਲੜਕੀ ਨੂੰ ਕਿਹਾ ਜਾਵੇ ਕਿ ਉਹ ਜਿੱਥੇ ਮਰਜ਼ੀ ਵੱਸਣ, ਪਰ ਪਿੰਡ ਨਾ ਰਹਿਣ, ਨਹੀਂ ਤਾਂ ਮੇਰੇ ਬੇਟਿਆਂ ਨੇ ਕੁਝ ਕਰ ਬੈਠਣਾ ਹੈ। ਪੰਚਾਇਤ ਨੇ ਵੀ ਉਸ ਦੀ ਗੱਲ ਦੀ ਪ੍ਰੋੜ੍ਹਤਾ ਕੀਤੀ। ਲੜਕੀ ਵਾਲਿਆਂ ਤੋਂ ਦਰਖਾਸਤ ਲੈ ਕੇ ਮੈਂ ਪ੍ਰੇਮੀ ਜੋੜੇ ਤੇ ਉਸ ਦੇ ਪਰਵਾਰ ਨੂੰ ਅਗਲੇ ਦਿਨ ਬੁਲਾ ਲਿਆ। ਉਹ ਹਫ਼ਤਾ ਭਰ ਮੇਰੇ ਕੋਲ ਨਾ ਆਏ। ਪੰਜ-ਸੱਤ ਦਿਨਾਂ ਬਾਅਦ ਲੜਕੇ ਦਾ ਪਿਉ ਪ੍ਰੇਮੀ ਜੋੜੇ ਨੂੰ ਮੇਰੇ ਦਫ਼ਤਰ ਲੈ ਆਇਆ। ਜਦੋਂ ਮੈਂ ਲੜਕੀ ਦੇ ਪਰਵਾਰ ਦੀ ਦਰਖਾਸਤ ਦੀ ਗੱਲ ਕੀਤੀ ਤਾਂ ਪੇ੍ਰਮੀ ਨੇ ਹਾਈ ਕੋਰਟ ਦੇ ਹੁਕਮ ਮੇਰੇ ਮੇਜ਼ ਉੱਤੇ ਰੱਖ ਦਿੱਤੇ ਕਿ ਇਨ੍ਹਾਂ ਨੂੰ ਸਹੁਰਾ ਪਰਵਾਰ ਤੋਂ ਖ਼ਤਰਾ ਹੈ, ਇਸ ਲਈ ਦੋ ਸੁਰੱਖਿਆ ਮੁਲਾਜ਼ਮ ਦਿੱਤੇ ਜਾਣ। ਲੜਕੇ ਲੜਕੀ ਨੇ ਪਿੰਡ ਛੱਡ ਕੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਹਾਈ ਕੋਰਟ ਦੇ ਆਰਡਰ ਤਾਂ ਸਭ ਨੂੰ ਮੰਨਣੇ ਹੀ ਪੈਂਦੇ ਹਨ। ਮੈਂ ਸਬੰਧਤ ਥਾਣੇ ਦੇ ਐਸ ਐਚ ਓ ਨੂੰ ਦਫ਼ਤਰ ਬੁਲਾ ਕੇ ਆਰਡਰ ਤਾਮੀਲ ਕਰਨ ਲਈ ਉਸ ਦੇ ਅੱਗੇ ਰੱਖ ਦਿੱਤੇ। ਐਸ ਐਚ ਓ ਦੋ ਦਿਨ ਪਹਿਲਾਂ ਹੀ ਕਰਾਈਮ ਮੀਟਿੰਗ ਦੌਰਾਨ ਥਾਣੇ ਵਿੱਚ ਵਧਦੀਆਂ ਜਾਂਦੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਐਸ ਐਸ ਪੀ ਤੋਂ ਚੰਗੀ ਬੇਇੱਜ਼ਤੀ ਕਰਵਾ ਕੇ ਆਇਆ ਸੀ। ਆਰਡਰ ਪੜ੍ਹ ਕੇ ਉਸ ਨੂੰ ਅੱਗ ਲੱਗ ਗਈ। ਕਹਿਣ ਲੱਗਾ; ਜਨਾਬ, ਥਾਣੇ ਵਿੱਚ ਤਾਂ ਪਹਿਲਾਂ ਹੀ ਕੋਈ ਮੁਲਾਜ਼ਮ ਨਹੀਂ ਹੈਗਾ, ਮੈਂ ਇਨ੍ਹਾਂ ਦੀ ਰਾਖੀ ਲਈ ਗਾਰਦ ਕਿੱਥੋਂ ਲਿਆਂਵਾ? ਮੈਂ ਉਸ ਨੂੰ ਸਮਝਾਇਆ ਕਿ ਇਹ ਆਰਡਰ ਮੰਨਣੇ ਪੈਣੇ ਹਨ। ਜੇ ਕੋਈ ਉਨੀ-ਇੱਕੀ ਹੋ ਗਈ ਤਾਂ ਆਪਾਂ ਦੋਵੇਂ ਨੌਕਰੀ ਤੋਂ ਜਾਵਾਂਗੇ। ਉਹ ਸੜਿਆ-ਬਲਿਆ ਮੁਲਾਜ਼ਮ ਲੈਣ ਲਈ ਥਾਣੇ ਚਲਾ ਗਿਆ। ਮੈਂ ਪ੍ਰੇਮੀ ਜੋੜੇ ਨੂੰ ਬਾਹਰ ਇੰਤਜ਼ਾਰ ਕਰਨ ਲਈ ਕਹਿ ਦਿੱਤਾ। ਘੰਟੇ ਕੁ ਬਾਅਦ ਐਸ ਐਚ ਓ ਥਾਣੇ ਦੇ ਦੋ ਸਭ ਤੋਂ ਛਟੇ ਹੋਏ ਡਿਫਾਲਟਰ ਸਿਪਾਹੀ ਥਰੀ ਨਾਟ ਥਰੀ ਰਾਈਫਲਾਂ ਸਮੇਤ ਲੈ ਕੇ ਵਾਪਸ ਆ ਗਿਆ। ਸ਼ਾਇਦ ਉਹ ਉਨ੍ਹਾਂ ਦੇ ਕੰਨ ਵਿੱਚ ਕੋਈ ਫੂਕ ਮਾਰ ਕੇ ਲਿਆਇਆ ਸੀ। ਉਨ੍ਹਾਂ ਸਿਪਾਹੀਆਂ ਦੀ ਚਾਲ-ਢਾਲ ਤੋਂ ਸਾਫ਼ ਲੱਗਦਾ ਸੀ ਕਿ ਉਹ ਧੱਕੇ ਨਾਲ ਲਿਆਂਦੇ ਗਏ ਸਨ। ਪ੍ਰੇਮੀ ਜੋੜਾ ਖ਼ੁਸ਼ੀ-ਖ਼ੁਸ਼ੀ ਦੋਵਾਂ ਸਿਪਾਹੀਆਂ ਨੂੰ ਆਪਣੇ ਨਾਲ ਲੈ ਗਿਆ ਕਿ ਪਿੰਡ ਵਿੱਚੋਂ ਕੋਈ ਕੁਸਕ ਕੇ ਵਿਖਾਵੇ। ਦੋਵਾਂ ਸਿਪਾਹੀਆਂ ਨੇ ਜਾਂਦਿਆਂ ਹੀ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਤਿੰਨ ਟਾਈਮ ਪੰਦਰਾਂ-ਪੰਦਰਾਂ ਰੋਟੀਆਂ ਖਾਣ ਤੋਂ ਬਾਅਦ ਰਾਤ ਨੂੰ ਪੈੱਗ ਪਿਆਲੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਰਾਤ ਨੂੰ ਸੌਣ ਲੱਗੇ ਆਖਣ ਕਿ ਅਸੀਂ ਤਾਂ ਤੁਹਾਡੇ ਲਾਗੇ ਮੰਜਾ ਡਾਹਾਂਗੇ। ਜੇ ਕੋਈ ਰਾਤ ਤੁਹਾਨੂੰ ਮਾਰ ਗਿਆ ਤਾਂ ਅਸੀਂ ਕਿਸ ਦੀ ਮਾਂ ਨੂੰ ਮਾਸੀ ਆਖਾਂਗੇ, ਸਾਡੀ ਨੌਕਰੀ ਦਾ ਸਵਾਲ ਹੈ। ਦਿਨ ਵੇਲੇ ਦੋਵੇਂ ਲੜਕੇ ਦੀ ਦੁਕਾਨ ਅੱਗੇ ਅਟੈਨਸ਼ਨ ਹੋ ਕੇ ਖੜ੍ਹੇ ਹੋ ਜਾਂਦੇ ਅਤੇ ਆਉਣ ਵਾਲੇ ਗਾਹਕਾਂ ਦੀ ਜਾਮਾ-ਤਲਾਸ਼ੀ ਲੈ ਕੇ ਅੰਦਰ ਵੜਨ ਦਿੰਦੇ। ਗਾਹਕ ਦੁਕਾਨ ਵੱਲ ਆਉਂਦੇ ਡਰਨ ਲੱਗੇ ਕਿ ਕਿਹੜਾ ਪੈਸੇ ਦੇ ਕੇ ਆਪਣੀ ਬੇਇੱਜ਼ਤੀ ਕਰਵਾਵੇ? ਉਨ੍ਹਾਂ ਨੇ ਦਸ ਦਿਨ ਦੇ ਅੰਦਰ ਪ੍ਰੇਮੀ ਜੋੜੇ ਦੀ ਭੂਤਨੀ ਭਵਾ ਦਿੱਤੀ। ਲੜਕੀ ਰੋਟੀਆਂ ਪਕਾ-ਪਕਾ ਕੇ ਮਰਨ ਵਾਲੀ ਹੋ ਗਈ ਅਤੇ ਲੜਕੇ ਦੀ ਦੁਕਾਨ ਬੰਦ ਹੋਣ ਕਿਨਾਰੇ ਪਹੁੰਚ ਗਈ। ਪੰਦਰਾਂ ਕੁ ਦਿਨਾਂ ਬਾਅਦ ਪ੍ਰੇਮੀ ਜੋੜਾ ਮੁੜ ਪੰਚਾਇਤ ਤੇ ਆਪਣੇ ਪਰਵਾਰ ਨੂੰ ਲੈ ਕੇ ਮੇਰੇ ਦਫ਼ਤਰ ਆ ਗਿਆ। ਉਹ ਕਹਿਣ ਲੱਗੇ ਕਿ ਸਾਨੂੰ ਨਹੀਂ ਗੰਨਮੈਨ ਚਾਹੀਦੇ। ਅਸੀਂ ਕੱਲ੍ਹ ਹੀ ਅੰਮ੍ਰਿਤਸਰ ਚਲੇ ਜਾਵਾਂਗੇ। ਮੈਂ ਦੋਵਾਂ ਕੋਲੋਂ ਪੰਚਾਇਤਨਾਮਾ ਤੇ ਐਫੀਡੇਵਿਟ ਲਿਖਵਾ ਕੇ ਲੈ ਲਿਆ ਕਿ ਸਾਨੂੰ ਸੁਰੱਖਿਆ ਦੀ ਲੋੜ ਨਹੀਂ ਹੈ। ਦੋ ਕੁ ਦਿਨਾਂ ਬਾਅਦ ਹੀ ਉਹ ਸਚਮੁੱਚ ਪਿੰਡ ਛੱਡ ਕੇ ਚਲੇ ਗਏ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”