ਯੇਰੂਸ਼ਲਮ, 14 ਜੂਨ (ਪੋਸਟ ਬਿਊਰੋ)- ਇਜ਼ਰਾਈਲ ਵਿੱਚ ਬੈਂਜਾਮਿਨ ਨੇਤਨਯਾਹੂ (71) ਦੀ ਸੱਤਾ ਖਤਮ ਕਰਨ ਦਾ ਵਿਰੋਧੀਆਂ ਦਾ ਸੁਫਨਾ ਕੱਲ੍ਹ ਪੂਰਾ ਹੋ ਗਿਆ। ਨੀਸੇਟ (ਪਾਰਲੀਮੈਂਟ) ਵਿੱਚ ਭਰੋਸੇ ਦੀ ਵੋਟ ਹਾਸਲ ਕਰਨ ਦੇ ਬਾਅਦ ਸਾਂਝੇ ਗੱਠਜੋੜ ਦੇ ਨੇਤਾ ਨਾਫਤਾਲੀ ਬੈਨੇਟ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਣ ਗਏ।
ਸਭ ਤੋਂ ਲੰਬੇ ਸਮੇਂ ਤੱਕ 12 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ‘ਬੀਬੀ’ ਦੇ ਨਾਂਅ ਤੋਂ ਮਸ਼ਹੂਰ ਨੇਤਨਯਾਹੂ ਜਾਂਦੇ-ਜਾਂਦੇ ਫਿਰ ਵਾਪਸੀ ਦਾ ਐਲਾਨ ਕਰ ਗਏ। ਉਨ੍ਹਾਂ ਨੇ ਪਾਰਲੀਮੈਂਟ ਵਿੱਚ ਭਾਸ਼ਣ ਦੇ ਦੌਰਾਨ ਨਵੀਂ ਸਰਕਾਰ ਨੂੰ ਖਤਰਨਾਕ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਪੂਰੀ ਸਮਰੱਥਾ ਨਾਲ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣਗੇ ਅਤੇ ਲਿਕੁਡ ਪਾਰਟੀ ਦੀ ਅਗਵਾਈ ਕਰਨਗੇ ਅਤੇ ਗੱਠਜੋੜ ਸਰਕਾਰ ਨੂੰ ਸੱਤਾ ਤੋਂ ਹਟਾਏ ਬਗੈਰ ਚੈਨ ਨਾਲ ਨਹੀਂ ਬੈਠਣਗੇ। ਇਜ਼ਰਾਈਲ ਦੀ ਸੁਰੱਖਿਆ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਉਦੇਸ਼ ਹੈ। ਟਵਿੱਟਰ ਉੱਤੇ ਦੇਸ਼ਵਾਸੀਆਂ ਲਈ ਨੇਤਨਯਾਹੂ ਨੇ ਪਿਆਰ ਲਈ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਕੱਲ੍ਹ ਗੱਠਜੋੜ ਸਰਕਾਰ ਦੇ ਭਰੋਸੇ ਦੀ ਵੋਟ ਲਈ ਨੀਸੇਟ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੀ। ਇਜ਼ਰਾਈਲ ਦੀ ਸੰਵਿਧਾਨਕ ਵਿਵਸਥਾ ਮੁਤਾਬਕ ਪ੍ਰਧਾਨ ਮੰਤਰੀ ਅਹੁਦੇ ਲਈ ਦਾਅਵਾ ਕਰਨ ਵਾਲੇ ਨੇਤਾ ਨੂੰ ਪਹਿਲਾਂ ਭਰੋਸੇ ਦੀ ਵੋਟ ਹਾਸਲ ਕਰਨੀ ਪੈਂਦੀ ਹੈ, ਇਸ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਦਾ ਹੈ। ਨਵੇਂ ਪ੍ਰਧਾਨ ਮੰਤਰੀ ਬੈਨੇਟ ਹਾਈਟੈਕ ਧਨ ਕੁਬੇਰ ਸੇਠ ਹਨ। ਉਨ੍ਹਾਂ ਨਾਲ ਸਰਕਾਰ ਵਿੱਚ ਖੱਬੇ ਪੱਖੀ ਪਾਰਟੀਆਂ, ਮੱਧ ਮਾਰਗੀ ਪਾਰਟੀਆਂ ਤੇ ਅਰਬ ਪਾਰਟੀ ਵੀ ਭਾਈਵਾਲ ਹਨ। ਬੈਨੇਟ ਨੇ ਯਾਈਰ ਲੈਪਿੰਡ ਨਾਲ ਮਿਲ ਕੇ ਗੱਠਜੋੜ ਤਿਆਰ ਕੀਤਾ ਹੈ। ਲੈਪਿਡ ਨਵੀਂ ਸਰਕਾਰ ਦਾ ਅੱਧਾ ਕਾਰਜਕਾਲ ਪੂਰਾ ਹੋਣ ਉੱਤੇ ਉਨ੍ਹਾਂ ਨੂੰ ਸਮਝੌਤੇ ਮੁਤਾਬਕ ਪ੍ਰਧਾਨ ਮੰਤਰੀ ਦਾ ਅਹੁਦਾ ਮਿਲੇਗਾ। ਦੋ ਸਾਲ ਤੋਂ ਘੱਟ ਸਮੇਂ ਵਿੱਚ ਇਜ਼ਰਾਈਲ ਵਿੱਚ ਚਾਰ ਚੋਣਾਂ ਹੋ ਚੁੱਕੀਆਂ ਹਨ।