Welcome to Canadian Punjabi Post
Follow us on

21

May 2019
ਸੰਪਾਦਕੀ

ਕਿੰਨੇ ਕੁ ਹਨ ਪੈਟਰਿਕ ਬਰਾਊਨ ਦੇ ਬਰੈਂਪਟਨ ਮੇਅਰ ਬਣਨ ਦੇ ਆਸਾਰ?

September 12, 2018 10:05 AM

ਆ ਰਹੀਆਂ ਮਿਊਂਸੀਪਲ ਚੋਣਾਂ ਵਿੱਚ ਬਰੈਂਪਟਨ ੇ ਮੇਅਰ ਦੀ ਕੁਰਸੀ ਲਈ ਵਰਤਮਾਨ ਮੇਅਰ ਲਿੰਡਾ ਜੈਫਰੀ ਸਮੇਤ ਸੱਤ ਉਮੀਦਵਾਰ ਮੈਦਾਨ ਵਿੱਚ ਹਨ ਜਿਸ ਵਿੱਚ ਸਾਬਕਾ ਫੈਡਰਲ ਮੰਤਰੀ ਬਲ ਗੋਸਲ, ਰੀਜਨਲ ਕਾਉਂਸਲਰ ਜੋਹਨ ਸਪਰੋਵਰੀ, ਵੈਸਲੀ ਜੈਕਸਨ, ਮਨਸੂਰ ਅਮੀਰ ਸੁਲਤਾਨ ਅਤੇ ਵਿਨੋਦ ਕੁਮਾਰ ਮਹੇਸਨ ਤੋਂ ਇਲਾਵਾ ਚਰਚਿਤ ਸਿਆਸਤਦਾਨ ਪੈਟਰਿਕ ਬਰਾਊਨ ਸ਼ਾਮਲ ਹਨ। ਪੈਟਰਿਕ ਬਰਾਊਨ ਨੇ ਪਿਛਲੇ ਦਿਨੀਂ ਆਪਣੀ ਯੋਜਨਾ ਨੂੰ ਜਨਤਕ ਕੀਤਾ ਜਿਸਨੂੰ ਉਹ ਮੇਅਰ ਬਣਨ ਤੋਂ ਬਾਅਦ ਲਾਗੂ ਕਰਨਾ ਚਾਹੇਗਾ। 

ਮੇਅਰ ਬਣਨ ਤੋਂ ਬਾਅਦ ਪੈਟਰਿਕ ਬਰਾਊਨ ਸਮੁੱਚੀ ਬਰੈਂਪਟਨ ਕਮਿਉਨਿਟੀ ਨੂੰ ਸੁਰੱਖਿਅਤ ਕਰਨ ਲਈ ਹੋਰ ਪੁਲੀਸ ਅਫ਼ਸਰਾਂ ਦੀ ਭਰਤੀ ਕਰੇਗਾ। ਉਸਦਾ ਆਖਣਾ ਹੈ ਕਿ ਬਰੈਂਪਟਨ ਵਿੱਚ 1 ਲੱਖ ਲੋਕਾਂ ਪਿੱਛੇ ਸਿਰਫ਼ 138 ਪੁਲੀਸ ਅਫਸਰ ਹਨ ਜਿਸ ਕਾਰਣ ਕਮਿਉਨਿਟੀ ਵਿੱਚ ਜੁਰਮ ਫੈਲ ਰਿਹਾ ਹੈ। ਇਸੇ ਤਰਾਂ ਉਸਨੇ ਸਿਹਤ ਸੇਵਾਵਾਂ ਲਈ ਵਧੇਰੇ ਫੰਡ ਲਿਆਉਣ, ਮਾਨਸਿਕ ਸੇਵਾਵਾਂ ਨੂੰ ਮਜ਼ਬੂਤ ਕਰਨ, ਰੁਜ਼ਗਾਰ ਦੇ ਮੌਕੇ ਮੋਕਲੇ ਕਰਨ, ਹਾਊਸਿੰਗ ਲਈ ਲੋਕਾਂ ਦੇ ਰਾਹ ਖੋਲਣ, ਟੈਕਸ ਘੱਟ ਕਰਨ, ਅਤੇ ਹਾਈਵੇਅ 410 ਉੱਤੇ ਗਰਿੱਡਲਾਕ ਨੂੰ ਘੱਟ ਕਰਨ ਸਮੇਤ ਕਈ ਵਾਅਦੇ ਕੀਤੇ ਹਨ। ਜੇ ਪੈਟਰਿਕ ਬਰਾਊਨ ਦੀ ਵੈੱਬਸਾਈਟ ਉੱਤੇ ਪੰਛੀ ਝਾਤ ਮਾਰੀ ਜਾਵੇ ਤਾਂ ਹਰ ਵਾਅਦਾ ਪੂਰਾ ਕਰਨ ਲਈ ਉਸਨੇ ਬਰੈਂਪਟਨ ਨੂੰ ‘ਮੁੜ ਰਾਹ ਉੱਤੇ ਲਿਆਉਣ’ (get Brampton Back on Track!) ਦਾ ਨਾਅਰਾ ਲਾਇਆ ਹੈ। ਇਸ ਨਾਅਰੇ ਉੱਤੇ ਵਾਰ ਵਾਰ ਜੋਰ ਦੇਣਾ ਇੰਝ ਪ੍ਰਭਾਵ ਦੇਂਦਾ ਹੈ ਜਿਵੇਂ ਟਰੰਪ ਦਾ ‘ਮੇਕ ਅਮਰੀਕਾ ਗਰੇਟ ਅਗੇਨ (Make America Great Again) ਦਾ ਨਾਅਰਾ ਸੀ।

ਕੋਈ ਵੀ ਕਮਿਉਨਿਟੀ ਜਾਂ ਸ਼ਹਿਰ ਉਸ ਵੇਲੇ ਤੱਕ ਮਹਾਨ ਨਹੀਂ ਬਣ ਸਕਦਾ ਜਦੋਂ ਤੱਕ ਉਸ ਦੇ ਲੀਡਰ ਦੀਆਂ ਜ਼ਮੀਨੀ ਪੱਧਰ ਉੱਤੇ ਜੜਾਂ ਨਾ ਜੁੜੀਆਂ ਹੋਣ। ਬੇਸ਼ੱਕ ਪੈਟਰਿਕ ਬਰਾਊਨ ਬਰੈਂਪਟਨ ਨਾਲ ਆਪਣੇ ਲੰਬੇ ਸਬੰਧਾਂ ਦਾ ਜਿ਼ਕਰ ਕਰਦਾ ਹੈ ਪਰ ਉਹ ਇਸ ਸ਼ਹਿਰ ਨੂੰ 17-18 ਸਾਲ ਤੋਂ ਵੱਧ ਸਮਾਂ ਪਹਿਲਾਂ ਛੱਡ ਕੇ ਜਾ ਚੁੱਕਾ ਹੈ। ਬਰੈਂਪਟਨ ਦੀ ਜੋ ਸਮਾਜਕ, ਆਰਥਕ ਅਤੇ ਸਿਆਸੀ ਰੂਪ ਰੇਖਾ ਅੱਜ ਹੈ, ਉਹ ਅਸਲ ਵਿੱਚ ਉੱਭਰ ਕੇ ਹੀ ਪਿਛਲੇ 15-16 ਸਾਲਾਂ ਵਿੱਚ ਆਈ ਹੈ। ਇਹ ਉਹ ਸਾਰਾ ਸਮਾਂ ਹੈ ਜੋ ਪੈਟਰਿਕ ਨੇ ਬਰੈਂਪਟਨ ਤੋਂ ਬਾਹਰ ਗੁਜ਼ਾਰਿਆ ਹੈ। ਸਾਲ 2000 ਵਿੱਚ ਉਹ 22 ਸਾਲ ਦੀ ਉਮਰ ਵਿੱਚ ਬੈਰੀ ਸ਼ਹਿਰ ਤੋਂ ਸਿਟੀ ਕਾਉਂਸਲਰ ਚੁਣਿਆ ਗਿਆ ਸੀ। 2004 ਵਿੱਚ ਉਸਨੇ ਵਿੰਡਸਰ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ। ਵਿੱਚ ਵਿਚਾਲੇ ਬਰੈਂਪਟਨ ਆ ਕੇ ਉਹ ਆਪਣੇ ਪਿਤਾ ਦੀ ਵਕਾਲਤ ਵਿੱਚ ਥੋੜਾ ਬਹੁਤਾ ਕੰਮ ਕਰਦਾ ਰਿਹਾ ਹੋ ਸਕਦਾ ਹੈ ਪਰ ਉਸਦਾ ਜਿ਼ਆਦਾ ਤਾਅਲੁੱਕ ਆਪਣੇ ਪਿਤਰੀ ਸ਼ਹਿਰ ਬੈਰੀ ਨਾਲ ਹੀ ਰਿਹਾ ਹੈ।

 

ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਹੋਣ ਦੌਰਾਨ ਪੈਟਰਿਕ ਵਿਰੁੱਧ ਲੱਗੇ ਸੈਕਸੁਅਲ ਅਸਾਲਟ ਦੋਸ਼ਾਂ ਕਾਰਣ ਉਸਦਾ ਪ੍ਰੀਮੀਅਰ ਬਣਨ ਦਾ ਸੁਫਨਾ ਚਕਨਾਚੂਰ ਹੋ ਗਿਆ। ਇਸਤੋਂ ਬਾਅਦ ਬੈਰੀ ਦੇ ਸਾਬਕਾ ਸਿਟੀ ਕਾਉਂਸਲਰ ਅਤੇ ਉਸ ਸ਼ਹਿਰ ਦੇ 2006 ਤੋਂ 2015 ਤੱਕ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਪੈਟਰਿਕ ਬਰਾਊਨ ਨੂੰ ਅਚਾਨਕ ਆਪਣਾ ਸਿਆਸੀ ਕੈਰੀਅਰ ਪੀਲ ਰੀਜਨਲ ਚੇਅਰ ਦੀ ਕੁਰਸੀ ਵਿੱਚ ਲੁਕਿਆ ਵਿਖਾਈ ਦਿੱਤਾ। ਉਸਨੇ ਰਾਤੋ ਰਾਤ ਆਪਣੀ ਪਰੇਮਿਕਾ ਭਾਵ ਪਾਰਟਨਰ ਦੇ ਸ਼ਹਿਰ ਮਿਸੀਸਾਗਾ ਵਿੱਚ ਰਹਿਣਾ ਆਰੰਭ ਕਰ ਦਿੱਤਾ। ਮੰਦੇਭਾਗਾਂ ਨੂੰ ਡੱਗ ਫੋਰਡ ਨੇ ਬਿੱਲ 5 ਪਾਸ ਕਰਕੇ ਪੀਲ ਰੀਜਨ ਸਮੇਤ ਚਾਰ ਰੀਜਨਲ ਕਾਉਂਸਲਾਂ ਦੇ ਚੇਅਰਾਂ ਦੀ ਚੋਣ ਰੱਦ ਕਰ ਦਿੱਤੀ ਜਿਸਦਾ ਮੁੱਖ ਕਾਰਣ ਬਰਾਊਨ ਨੂੰ ਠਿੱਬੀ ਲਾਉਣਾ ਸੀ। ਰੀਜਨਲ ਚੇਅਰ ਚੋਣ ਰੱਦ ਹੋਣ ਤੋਂ ਬਾਅਦ ਜਿੱਧਰ ਗਈਆਂ ਬੇੜੀਆਂ ਉੱਧਰ ਗਏ ਮੱਲਾਹ ਦੀ ਕਹਾਵਤ ਨੂੰ ਸੱਚ ਕਰਦੇ ਹੋਏ ਪੈਟਰਿਕ ਹੋਰੀਂ ਆਪਣੀ ਪਾਰਟਰਨ ਸਮੇਤ ਰਾਤੋ ਰਾਤ ਬਰੈਂਪਟਨ ਵਾਸੀ ਬਣ ਗਏ।

 

ਜੇ ਪੈਟਰਿਕ ਦੇ ਸਫ਼ਲ ਸਿਆਸੀ ਕੈਰੀਅਰ ਉੱਤੇ ਝਾਤੀ ਮਾਰੀ ਜਾਵੇ ਤਾਂ ਕੋਈ ਸ਼ੱਕ ਨਹੀਂ ਕਿ ਉਹ ਇੱਕ ਅਸਰਦਾਰ ਆਗੂ ਹੈ। ਉਸ ਵਿੱਚ ਉਹ ਸਾਰੇ ਗੁਣ ਮੌਜੂਦ ਹਨ ਜੋ ਜੱਥੇਬੰਦਕ ਪਹੁੰਚ ਅਪਣਾ ਕੇ ਮੁਹਿੰਮ ਸਫ਼ਲ ਕਰਨ ਲਈ ਲੋੜੀਂਦੇ ਹੋਣੇ ਚਾਹੀਦੇ ਹਨ। ਪੈਟਰਿਕ ਇੱਕ ਅਜਿਹਾ ਆਗੂ ਹੈ ਜੋ ਸਮੇਂ ਸਥਾਨ ਮੁਤਾਬਕ ਢੱਲਣ ਦੀ ਜਾਚ ਜਾਣਦਾ ਹੈ। ਉਹ ਪੁਰਾਣੇ ਤੋਂ ਪੁਰਾਣੇ ਸਾਥੀਆਂ ਦੇ ਨਾਮ ਤੱਕ ਚੇਤੇ ਰੱਖਣ ਦੀ ਕਾਬਲੀਅਤ ਰੱਖਦਾ ਹੈ।

ਵੈਸੇ ਪੈਟਰਿਕ ਵਿੱਚ ਵੇਲਾ ਵਿਹਾਅ ਚੁੱਕੇ ਸਾਥੀਆਂ ਨੂੰ ਦਰਗੁਜ਼ਰ ਕਰਨ ਦੀ ਸਮਰੱਥਾ ਵੀ ਮੌਜੂਦ ਹੈ। ਮਿਸਾਲ ਵਜੋਂ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ੱਪ ਮੁੱਖ ਰੂਪ ਵਿੱਚ ਉਸਨੇ ਬਰੈਂਪਟਨ ਦੇ ਪੰਜਾਬੀ ਭਾਈਚਾਰੇ ਦੇ ਸਮਰੱਥਨ ਨਾਲ ਜਿੱਤੀ ਸੀ। ਬਾਅਦ ਵਿੱਚ ਉਸਨੇ ਪੰਜਾਬੀ ਕਮਿਉਨਿਟੀ ਦੇ ਆਗੂਆਂ ਨੂੰ ਇੱਕ ਦੂਜੇ ਖਿਲਾਫ਼ ਕਰਨ ਤੋਂ ਸੰਕੋਚ ਨਹੀਂ ਕੀਤਾ। ਹੁਣ ਹਾਲਾਤ ਇਹ ਹਨ ਕਿ ਪੰਜਾਬੀ ਕਮਿਉਨਿਟੀ ਆਗੂਆਂ ਨਾਲ ਕਦਮ ਮਿਲਾ ਕੇ ਚੱਲਣਾ ਉਸਦੀ ਗੇਮ ਪਲਾਨ ਦਾ ਹਿੱਸਾ ਹੀ ਨਹੀਂ ਜਾਪਦਾ। ਉਸਨੇ ਆਪਣੀ ਮੇਅਰ ਚੋਣ ਮੁਹਿੰਮ ਨੂੰ ਸਫ਼ਲ ਕਰਨ ਲਈ ਕਈ ਆਨਰੇਰੀ ਚੇਅਰ ਬਣਾਏ ਹਨ। ਇਹਨਾਂ ਵਿੱਚ ਇੰਡੋ ਕੈਨੇਡਾ ਫਾਉਂਡੇਸ਼ਨ ਦੇ ਰਾਮੇਸ਼ ਚੋਟਾਈ, ਉਰਦੂ ਟਾਈਮਜ਼ ਦੇ ਵੱਕਾਸ ਗੋਂਦਲ, ਆਈ ਟ੍ਰਿਪਲ ਸੀ (ICCC) ਦੀ ਆਸ਼ਾ ਲੁਥਰਾ, ਸੀਨੇਟਰ ਵਿਕਟਰ ਹੋਅ, ਫਾਦਰ ਡੇਨੀਅਲ ਪੁਲੇਲਿਲ, ਫਿਲੀਪੀਨੋ ਆਗੂ ਰੱਫੀ ਰੋਮਾਨੋ ਅਤੇ ਬਲੈਕ ਕਮਿਉਨਿਟੀ ਦੇ ਚਰਚਿਤ ਆਗੂ ਗਾਰਨੈੱਟ ਮੈਨਿੰਗ ਸ਼ਾਮਲ ਹਨ। ਇਵੇਂ ਹੀ ਉਹ ਪੀਲ ਰੀਜਨਲ ਪੁਲੀਸ ਐਸੋਸੀਏਸ਼ਨ ਦੇ ਪ੍ਰਧਾਨ ਐਡਰੀਅਨ ਵੂਲੀ, ਧਾਰਮਿਕ ਆਗੂ ਗੈਰੀ ਥੋਮਸਨ, ਰਿਟਾਇਰ ਹੋਣ ਜਾ ਰਹੀ ਰੀਜਨਲ ਕਾਉਂਸਲਰ ਗੇਲ ਮਾਈਲਜ਼ ਨਾਲ ਆਪਣੇ ਸਬੰਧਾਂ ਨੂੰ ਆਪਣੀ ਵੈੱਬਸਾਈਟ ਤੋਂ ਇਲਾਵਾ ਸਮੇਂ 2 ਊੱਤੇ ਮੁੱਖ ਧਾਰਾ ਦੇ ਮੀਡੀਆ ਵਿੱਚ ਚਮਕਾਉਂਦਾ ਰਹਿੰਦਾ ਹੈ ਪਰ ਕਿਸੇ ਪੰਜਾਬੀ ਨਾਮ ਨਾਲ ਆਪਣਾ ਨਾਮ ਜੋੜਨਾ ਪਸੰਦ ਨਹੀਂ ਕਰ ਰਿਹਾ?

ਸੁਆਲ ਹੈ ਕਿ ਕੀ ਬਰੈਂਪਟਨ ਦੀ ਸੱਭ ਤੋਂ ਵੱਡੀ ਪੰਜਾਬੀ ਕਮਿਉਨਿਟੀ ਨੂੰ ਅੱਖੋਂ ਪਰੋਖੇ ਕਰਕੇ ਉਹ ਮੇਅਰ ਦੀ ਕੁਰਸੀ ਉੱਤੇ ਬਿਰਾਜਮਾਨ ਹੋ ਸਕਦਾ ਹੈ? ਜੇ ਚੋਣ ਜਿੱਤ ਵੀ ਜਾਵੇ ਕੀ ਉਹ ਪੰਜਾਬੀ ਭਾਈਚਾਰੇ ਸਮੇਤ ਹੋਰ ਐਥਨਿਕ ਕਮਿਉਨਿਟੀਆਂ ਨਾਲ ਭਾਵਨਾਤਮਿਕ ਸਾਂਝ ਬਣਾ ਸਕੇਗਾ? ਇਹ ਸਿਰਫ਼ ਸੁਆਲ ਹੈ?

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਚਾਈਲਡ ਟੈਕਸ ਬੈਨੇਫਿਟ ਨੂੰ ਲੈ ਕੇ ਸਿਆਸਤ
ਨਸ਼ੇ ਚੈੱਕਿੰਗ ਲਈ ਬਰੈਥਲਾਈਜ਼ਰ ਟੈਸਟ:- ਚਾਰਟਰ ਚੁਣੌਤੀ ਕਰ ਸਕਦੀ ਹੈ ਪੁਲੀਸ ਦੀ ਤਾਕਤ ਨੂੰ ਦਰੁਸਤ
ਯੂਨਾਈਟਡ ਨੇਸ਼ਨਜ਼ ਸੁਰੱਖਿਆ ਕਾਉਂਸਲ ਸੀਟ ਲਈ ਕੈਨੇਡਾ ਦਾ ਵੱਕਾਰ ਦਾਅ ਉੱਤੇ