ਚੰਡੀਗੜ੍ਹ, 12 ਦਸੰਬਰ (ਪੋਸਟ ਬਿਊਰੋ)- ਸ਼ਿਵ ਸੈਨਾ ਦੇ ਬਾਅਦ ਐਨ ਡੀ ਏ ਗੱਠਜੋੜ ਵਿੱਚ ਸ਼ਾਮਲ ਅਕਾਲੀ ਦਲ ਨੇ ਵੀ ਭਾਜਪਾ ਨੂੰ ਅੱਖਾਂ ਦਿਖਾ ਦਿੱਤੀਆਂ ਹਨ। ਅਕਾਲੀ ਦਲ ਦੇ ਪਾਰਲੀਮੈਂਟ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੱਲ੍ਹ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰਨ ਬਾਰੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਨੇ ਇਕ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਕਿਸਾਨਾਂ ਨਾਲ ਸਬੰਧਤ ਨੀਤੀਆਂ 'ਤੇ ਮੁੜ ਵਿਚਾਰ ਕਰਨਾ ਪਵੇਗਾ।
ਕੱਲ੍ਹ ਆਏ ਵਿਧਾਨ ਸਭਾ ਦੇ ਨਤੀਜਿਆਂ ਉਤੇ ਪ੍ਰਤੀਕਿਰਿਆ ਦੇਂਦਿਆਂ ਪਾਰਲੀਮੈਂਟ ਮੈਂਬਰ ਚੰਦੂਮਾਜਰਾ ਨੇ ਕਿਹਾ ਕਿ ਨਤੀਜਿਆਂ ਤੋਂ ਸਾਫ ਹੈ ਕਿ ਹਾਰ ਵਿੱਚ ਕਿਸਾਨਾਂ ਦੀ ਨਾਰਾਜ਼ਗੀ ਨੇ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕਈ ਯੋਜਨਾਵਾਂ ਬਣਾਈਆਂ, ਪਰ ਉਨ੍ਹਾਂ ਨੂੰ ਸਹੀ ਤਰ੍ਹਾਂ ਲਾਗੂ ਨਹੀਂ ਕਰਾਇਆ ਗਿਆ। ਪ੍ਰਧਾਨ ਮੰਤਰੀ ਨੂੰ ਇਸ ਉੱਤੇ ਸੂਬਾ ਸਰਕਾਰਾਂ ਨਾਲ ਮਿਲ ਕੇ ਮੁੜ ਵਿਚਾਰ ਕਰਨੀ ਹੋਵੇਗੀ। ਚੰਦੂਮਾਜਰਾ ਨੇ ਕਿਹਾ ਕਿ ਕਿਸਾਨਾਂ ਦੀ ਫਸਲੀ ਬੀਮਾ ਯੋਜਨਾ ਵੀ ਚੰਗੀ ਨੀਤ ਨਾਲ ਬਣੀ ਸੀ, ਪਰ ਇਸ ਦਾ ਫਾਇਦਾ ਕਿਸਾਨਾਂ ਨੂੰ ਨਾ ਮਿਲ ਕੇ ਕੰਪਨੀਆਂ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਨੀਤ ਠੀਕ ਹੈ, ਪਰ ਨੀਤੀ ਸੁਧਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਰਜ਼ ਮੁਆਫੀ ਬਾਰੇ ਕੇਂਦਰ ਨੂੰ ਸੂਬਾ ਸਰਕਾਰਾਂ ਨਾਲ ਮਿਲ ਕੇ ਯੋਜਨਾਵਾਂ ਚਲਾਉਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨ ਸੰਕਟ ਵਿੱਚ ਹਨ, ਜਦ ਕੇਂਦਰ ਸਰਕਾਰ ਇੰਡਸਟਰੀ ਤੇ ਕਾਰਪੋਰੇਟ ਘਰਾਣਿਆਂ ਨੂੰ ਕਰਜ਼ ਮੁਆਫੀ ਤੇ ਰਾਹਤ ਦੇ ਸਕਦੀ ਹੈ ਤਾਂ ਕਿਸਾਨਾਂ ਨਾਲ ਅਜਿਹਾ ਕਿਉਂ ਨਹੀਂ ਕੀਤਾ ਜਾ ਰਿਹਾ। ਚੰਦੂਮਾਜਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰੀਆਂ ਫਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਣ ਲਈ ਆਸ਼ਾ ਯੋਜਨਾ ਚਲਾਈ ਸੀ, ਉਸ 'ਚ ਸੂਬਾ ਸਰਕਾਰਾਂ ਨੇ ਫਾਰਮ ਹੀ ਨਹੀਂ ਭਰੇ ਤੇ ਕਿਸਾਨਾਂ ਤੱਕ ਇਸ ਦਾ ਫਾਇਦਾ ਨਹੀਂ ਪੁੱਜ ਸਕਿਆ।