ਵਾਸ਼ਿੰਗਟਨ, 12 ਦਸੰਬਰ (ਪੋਸਟ ਬਿਊਰੋ)- ਅਮਰੀਕਾ `ਚ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦੀਪ ਪਾਰਲੀਮੈਂਟ ਮੈਂਬਰ ਜੋਅ ਲਾਫਗ੍ਰੇਨ ਨੇ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਗੂਗਲ ਦੇ ਭਾਰਤੀ ਮੂਲ ਦੇ ਮੁਖੀ ਸੁੰਦਰ ਪਿਚਾਈ ਨੂੰ ਆਪਣੇ ਸਵਾਲ ਨਾਲ ਪਰੇਸ਼ਾਨੀ ਵਿਚ ਪਾ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਲਾਫਗ੍ਰੇਨ ਨੇ ਉਨ੍ਹਾਂ ਨੂੰ ਪੁੱਛਿਆ, ‘ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਗੂਗਲ ਦਾ ਸਰਚ ਇੰਜਣ ਕਿਵੇਂ ਕੰਮ ਕਰਦਾ ਹੈ? ਮੈਂ ਜਦੋਂ ਵੀ ਗੂਗਲ ਉੱਤੇ ਈਡੀਅਟ ਟਾਈਪ ਕਰਦੀ ਹਾਂ ਤਾਂ ਡੋਨਾਲਡ ਟਰੰਪ ਦੀਆਂ ਫੋਟੋ ਦਿੱਸਦੀਆਂ ਹਨ। ਇਹ ਕਿਵੇਂ ਹੋ ਸਕਦਾ ਹੈ?` ਸੁੰਦਰ ਪਿਚਾਈ ਨੇ ਇਸ ਦਾ ਬੜੇ ਸੰਜਮ ਨਾਲ ਜਵਾਬ ਦਿੱਤਾ। ਉਨ੍ਹਾਂ ਕਿਹਾ, ‘ਸਰਚ ਨਤੀਜੇ 200 ਤੋਂ ਜ਼ਿਆਦਾ ਕਾਰਕਾਂ ਉੱਤੇ ਨਿਰਭਰ ਹਨ। ਇਸ ਵਿਚ ਪ੍ਰਸੰਗਿਕਤਾ, ਲੋਕਪ੍ਰਿਅਤਾ ਵੀ ਸ਼ਾਮਲ ਹਨ। ਇਸ ਦੇ ਇਲਾਵਾ ਉਹ ਕਾਫ਼ੀ ਹੱਦ ਤਕ ਯੂਜ਼ਰ ਉੱਤੇ ਆਧਾਰਤ ਹੁੰਦੇ ਹਨ।’
ਵਰਨਣ ਯੋਗ ਹੈ ਕਿ ਸੁੰਦਰ ਪਿਚਾਈ ਗੂਗਲ ਉੱਤੇ ਲੱਗਦੇ ਸਿਆਸੀ ਨਿਰਪੱਖਤਾ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਅਮਰੀਕੀ ਪਾਰਲੀਮੈਂਟ ਦੇ ਹੇਠਲੇ ਸਦਨ ਦੀ ਜੁਡੀਸ਼ਲ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸਨ। ਹਾਕਮ ਰਿਪਬਲਿਕਨ ਪਾਰਟੀ ਕਈ ਵਾਰੀ ਗੂਗਲ `ਤੇ ਨਿਰਪੱਖ ਨਾ ਹੋਣ ਦਾ ਦੋਸ਼ ਲਾ ਚੁੱਕੀ ਹੈ। ਅਗਸਤ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਟਵੀਟ `ਚ ਕਿਹਾ ਸੀ ਕਿ ਉਨ੍ਹਾਂ ਨਾਲ ਸਬੰਧਤ ਖ਼ਬਰਾਂ ਸਰਚ ਕਰਨ `ਤੇ ਸਿਰਫ਼ ਫੇਕ ਨਿਊਜ਼ ਸਾਹਮਣੇ ਆਉਂਦੀਆਂ ਹਨ। ਗੂਗਲ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ। ਸੁਣਵਾਈ ਤੋਂ ਪਹਿਲਾਂ ਜੁਡੀਸ਼ਲ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਭਰੋਸਾ ਹੈ ਕਿ ਗੂਗਲ ਵਰਗੀਆਂ ਕੰਪਨੀਆਂ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਤੇ ਨਿਰਪੱਖ ਬਹਿਸ ਨੂੰ ਬੜ੍ਹਾਵਾ ਦੇਣਗੀਆਂ। ਇਸ ਗੱਲ ਦੀ ਕੰਪਨੀਆਂ ਨੂੰ ਕਦਰ ਕਰਨੀ ਚਾਹੀਦੀ ਹੈ।