Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਵੈਸੇ ਬੀਮਾਰੀ ਤਾਂ ਕੋਈ ਨੀਂ

December 12, 2018 09:31 AM

-ਕੇ ਐੱਲ ਗਰਗ
ਸਾਡੇ ਬਾਬੂ ਟੀਟੂ ਮੱਲ ਪੱਕੇ ਅਸ਼ਟਾਮ ਪੇਪਰ ਉਤੇ ਲਿਖ ਦੇ ਕੇ ਸਕਦੇ ਨੇ ਕਿ ਉਨ੍ਹਾਂ ਨੂੰ ਕੋਈ ਬਿਮਾਰੀ ਨਹੀਂ। ਉਹ ਆਪਣੇ ਹਰ ਜਣੇ-ਖਣੇ ਨੰ ਮਿਲਣ ਵੇਲੇ ਆਖ ਦਿੰਦੇ ਹਨ : ‘‘ਬੰਧੂ, ਵੈਸੇ ਸਾਨੂੰ ਬੀਮਾਰੀ ਤਾਂ ਕੋਈ ਨੀਂ। ਊਂ ਮਾੜੀ-ਮੋਟੀ ਕਸਰ-ਬਸਰ ਜਿਊਂਦੇ ਬੰਦੇ ਨੂੰ ਹੁੰਦੀ ਈ ਰਹਿੰਦੀ ਐ, ਪਰ ਵੈਸੇ ਸਾਨੂੰ ਬਿਮਾਰੀ ਕੋਈ ਨੀਂ...।”
ਸੁਣਦਿਆਂ ਹੀ ਤੁਸੀਂ ਝੱਟ ਆਖ ਦਿੰਦੇ ਹੋ:
‘‘ਪਰ ਟੀਟੂ ਜੀ ਹਾਲੇ ਪਿਛਲੇ ਹਫਤੇ ਈ ਤਾਂ ਤੁਸੀਂ ਦਿੱਲੀ ਹਾਰਟ ਹਸਪਤਾਲ 'ਚ ਦੋ ਦਿਨ ਰਹਿ ਕੇ ਆਏ ਐਂ? ਡਾਕਟਰ ਮੋਠੂ ਸ਼ਾਹ ਤੋਂ ਦਵਾਈ ਲੈ ਕੇ ਆਏ ਆਂ। ਹਾਲੇ ਵੀ ਤੁਹਾਡੇ ਮੂੰਹ 'ਤੇ ਚਮਚੜਿੱਕਾਂ ਉਡ-ਉਡ ਬਹਿੰਦੀਆਂ।”
‘‘ਉਹ ਕਾਹਦੀ ਬੀਮਾਰੀ ਸੀ ਜੀ, ਐਵੇਂ ਬਲੱਡ ਪ੍ਰੈਸ਼ਰ ਭੋਰਾ ਕੁ ਜ਼ਿਆਦਾ ਹੀ ਛੜੱਪੇ ਮਾਰਨ ਲੱਗ ਗਿਆ ਸੀ। ਇਹੋ ਜਿਹੀਆਂ ਬਿਮਾਰੀਆਂ ਨੂੰ ਅਸੀਂ ਕੀ ਸਮਝਦੇ ਸੀ। ਦਵਾਈ ਦੱਸੀ ਜ਼ਰੂਰ ਸੀ ਡਾਕਟਰ ਮੋਠੂ ਸ਼ਾਹ ਨੇ, ਪਰ ਸਾਡੇ ਆਪਣੇ ਈ ਨੁਸਖੇ ਬਥੇਰੇ ਐ। ਪੰਜ-ਚਾਰ ਗੰਢੇ, ਦੋ-ਚਾਰ ਲਸਣ ਛਕ ਲਏ, ਗੋਲ ਗੱਪਿਆਂ ਦਾ ਪਾਣੀ ਪੀ ਲਿਆ ਦੋ ਗਲਾਸ ਭਰ ਕੇ। ਦਸ-ਬਾਰ੍ਹਾਂ ਡਕਾਰ ਆਏ ਵੱਡੇ-ਵੱਡੇ। ਮਿਹਦਾ ਸਾਫ ਹੋ ਗਿਆ। ਬਲੱਡ ਪ੍ਰੈਸ਼ਰ ਪਤਾ ਈ ਨੀਂ ਕਿੱਧਰ ਛੂ-ਛਿਪਣ ਹੋ ਗਿਆ। ਬਲੱਡ ਪ੍ਰੈਸ਼ਰ ਵੀ ਕੋਈ ਬੀਮਾਰੀ ਐ ਜੀ! ਆਹ ਦੇਖ ਲੋ, ਤੁਹਾਡੇ ਸਾਹਮਣੇ ਘੋੜੇ ਵਾਂਗ ਭੱਜੇ ਫਿਰਦੇ ਆਂ। ਬੀਮਾਰੀ ਤਾਂ ਉਹ ਹੁੰਦੀ ਐ, ਜੋ ਤੁਹਾਡੇ ਸਰੀਰ 'ਤੇ ਆਲ੍ਹਣਾ ਪਾ ਕੇ ਬੈਠ ਜਾਏ, ਉਥੇ ਹੀ ਆਂਡੇ ਦੇਣ ਲੱਗ ਪਵੇ ਤੇ ਉਥੇ ਹੀ ਬੱਚੇ ਕੱਢਣ ਲੱਗ ਪਵੇ। ਟਾਹਣੀ ਤੋਂ ਉਡ ਕੇ ਚਲੇ ਗਏ ਪੰਛੀ ਦੇ ਦੋ ਮਿੰਟ ਰੁਕਣ ਨੂੰ ਬਸੇਰਾ ਥੋੜ੍ਹੋ ਕਹਿੰਦੇ ਨੇ। ਊਂ ਜਿਊਂਦੇ ਬੰਦੇ ਨੂੰ ਮਾੜੀ-ਮੋਟੀ ਤਾਂ ਕਸਰ-ਬਸਰ ਹੁੰਦੀ ਈ ਰਹਿੰਦੀ ਐ। ਵੈਸੇ ਜੀ ਸਾਨੂੰ ਬੀਮਾਰੀ ਸ਼ਮਾਰੀ ਕੋਈ ਨੀਂ।” ਆਖਦਿਆਂ ਉਨ੍ਹਾਂ ਦਾ ਮੂੰਹ ਸੁੱਕਣ ਲੱਗ ਪਿਆ ਸੀ। ਗੱਲਾਂ ਕਰਦੇ-ਕਰਦੇ ਵਾਰ-ਵਾਰ ਬੁੱਲ੍ਹਾਂ 'ਤੇ ਜੀਭ ਫੇਰ ਲੈਂਦੇ ਸਨ।
ਤੁਸੀਂ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਜ਼ਰੂਰ ਹੁੰਦੇ ਹੋ। ਅਜੇ ਕੱਲ੍ਹ ਹੀ ਤਾਂ ਉਨ੍ਹਾਂ ਦੀ ਪਤਨੀ ਕੀਟੂ ਜੀ ਕਹਿ ਰਹੇ ਸਨ : ‘‘ਭਰਾ ਜੀ, ਇਨ੍ਹਾਂ ਦੀ ਸ਼ੂਗਰ ਬੜੀ ਵਿਗੜੀ ਹੋਈ ਹੈ। ਉਪਰਲੀ ਢਾਈ ਸੌ ਤੱਕ ਜਾ ਅੱਪੜਦੀ ਐ। ਭੋਰਾ ਖਿਆਲ ਨੀਂ ਕਰਦੇ। ਏਨੀ ਅਲਗਰਜ਼ੀ ਕੀ ਕਹਿ? ਭੋਰਾ ਪਰਹੇਜ਼ ਨੀਂ ਕਰਦੇ। ਦਵਾਈ ਲੈਣ ਦਾ ਨਾਂਅ ਤੱਕ ਨੀਂ ਲੈਂਦੇ।”
ਅਸੀਂ ਉਨ੍ਹਾਂ ਦੀ ਪਤਨੀ ਦੇ ਡਾਇਲਾਗ ਦੁਹਰਾਉਂਦਿਆਂ ਬਾਬੂ ਟੀਟੂ ਮੱਲ ਜੀ ਨੂੰ ਕਹਿਣੋਂ ਰਹਿ ਨਾ ਸਕੇ : ‘‘ਬਾਬੂ ਟੀਟੂ ਜੀ, ਅਜੇ ਕੱਲ੍ਹ ਤਾਂ ਤੁਹਾਨੂੰ ਸ਼ੂਗਰ ਦਾ ਅਟੈਕ ਹੋ ਕੇ ਹਟਿਆ। ਡਾਕਟਰ ਫੰਨੇ ਸ਼ਾਹ ਕੋਲ ਸਲਾਹਾਂ ਲੈਂਦੇ ਫਿਰਦੇ ਸੀ। ਮੂੰਹ 'ਤੇ ਤੁਹਾਡੇ ਤੋਤੇ ਉਡਦੇ ਸੀ। ਹਾਲੇ ਤੁਸੀਂ ਆਖੀਂ ਜਾਨੇਂ ਆਂ ਤੁਹਾਨੂੰ ਬੀਮਾਰੀ ਕੋਈ ਨੀਂ ਵੈਸੇ। ਬੀਮਾਰੀ ਤੇ ਗਲਤੀ ਛੁਪਾਉਣ ਦਾ ਕੀ ਫਾਇਦਾ?”
ਸੁਣਦਿਆਂ ਹੀ ਪਟਵੀਜ਼ਨੇ ਵਾਂਗ ਚਿੜ-ਚਿੜ ਕਰ ਕੇ ਕਹਿਣ ਲੱਗੇ : ‘‘ਓਏ ਨਹੀਂ ਬੰਧੂ, ਏਦਾਂ ਦੀ ਗੱਲ ਨਹੀਂ ਹੈ। ਭੋਰਾ ਕੁ ਸ਼ੂਗਰ ਦਾ ਅਟੈਕ ਹੋਇਆ ਜ਼ਰੂਰ ਸੀ, ਪਰ ਅਸੀਂ ਝੱਟ ਉਸ ਨੂੰ ਨਿਸਫਲ ਕਰ ਦਿੱਤਾ ਸੀ। ਇੱਕ ਤਾਂ ਸਾਡੀਆਂ ਤੀਵੀਆਂ ਨੀਂ ਟਿਕਦੀਆਂ। ਊਂ ਰੌਲਾ ਪਾ ਕੇ ਅਸਮਾਨ ਸਿਰ 'ਤੇ ਚੁੱਕ ਲੈਂਦੀਆਂ। ਇਨ੍ਹਾਂ ਨੂੰ ਡਾਕਟਰਾਂ ਦੇ ਜਾਣ ਦਾ ਊਂ ਸ਼ੌਕ ਚੜ੍ਹਿਆ ਰਹਿੰਦਾ। ਜ਼ਰਾ ਕੁ ਨਿੱਛ ਮਾਰਨ 'ਤੇ ਪੀ ਜੀ ਆਈ ਭੇਜਣ ਨੂੰ ਤਿਆਰ ਹੋ ਜਾਂਦੀਆਂ ਨੇ। ਡਾਕਟਰ ਕੋਲ ਜਾਣ ਤੋਂ ਪਹਿਲਾਂ ਹੀ ਸ਼ੂਗਰ ਹੇਠਾਂ ਆ ਗਈ। ਲਓ ਤੁਸੀਂ ਆਪ ਹੀ ਦੇਖ ਲਓ ਭਤੀਜੇ ਦੇ ਵਿਆਹ 'ਚ ਆਈ ਮਠਿਆਈ 'ਚੋਂ ਅੱਧਾ ਕਿਲੋ ਜਲੇਬੀਆਂ ਖਾ ਕੇ ਹਟਿਆ, ਸਾਰੇ ਲੱਡੂ ਵੀ ਮੈਂ ਹੀ ਖਾਧੇ। ਹਾਲੇ ਬਰਫੀ ਤੇ ਗੁਲਾਮ ਜਾਮੁਨਾ 'ਤੇ ਹੱਥ ਫੇਰਨੈ। ਆਪਾਂ ਇਹੋ ਜਿਹੀਆਂ ਸ਼ੂਗਰਾਂ-ਫੂਗਰਾਂ ਨੂੰ ਕੀ ਸਮਝਦੇ ਆਂ। ਸ਼ੂਗਰ ਵੀ ਕੋਈ ਬੀਮਾਰੀ ਐ? ਜੇ ਸ਼ੂਗਰ ਬੀਮਾਰੀ ਹੁੰਦੀ ਤਾਂ ਪ੍ਰਭੂ ਮਿੱਠੀਆਂ ਚੀਜ਼ਾਂ ਪੈਦਾ ਹੀ ਕਿਉਂ ਕਰਦਾ? ਪ੍ਰਭੂ ਪਰਹੇਜ਼ ਕਰਨ ਨੂੰ ਨਹੀਂ ਕਹਿੰਦਾ। ਖਾਣ ਲਈ ਆਖਦਾ ਹੈ। ਇਸੇ ਕਰ ਕੇ ਉਸ ਨੇ ਏਨੀਆਂ ਖੱਟ-ਮਿੱਠੀਆਂ ਚੀਜ਼ਾਂ ਬੰਦੇ ਨਾਂਅ ਦੇ ਜਾਨਵਰ ਲਈ ਪੈਦਾ ਕੀਤੀਆਂ।”
ਉਨ੍ਹਾਂ ਦੇ ਤਰਕ ਮੂਹਰੇ ਤੁਸੀਂ ਕੀ ਆਖ ਸਕਦੇ ਹੋ, ਪਰ ਜੋ ਕੁਝ ਦਿਸਦਾ ਹੋਵੇ, ਉਸ ਨੂੰ ਤੁਸੀਂ ਦਰਗੁਜ਼ਰ ਨਹੀਂ ਕਰ ਸਕਦੇ। ਹਾਲੇ ਮਹੀਨਾ ਪਹਿਲਾਂ ਗੈਸ ਟ੍ਰਬਲ ਨਾਲ ਮੇਲਦੇ ਫਿਰਦੇ ਸੀ ਬਾਬੂ ਟੀਟੂ ਸ਼ਾਹ। ਉਨ੍ਹਾਂ ਦੀ ਪਤਨੀ ਸਾਡੀ ਘਰ ਵਾਲੀ ਕੋਲ ਸ਼ਿਕਾਇਤ ਕਰ ਰਹੀ ਸੀ : ‘‘ਭੈਣ ਖਾਣ ਵੇਲੇ ਤਾਂ ਇਹ ਦੇਖਦੇ ਨੀਂ ਅੱਗਾ-ਪਿੱਛਾ। ਗੜੱਪ-ਗੜੱਪ ਛਕੀ ਜਾਂਦੇ ਐ ਹਰ ਚੀਜ਼। ਜਾਹ ਤਾਂ ਹੱਥ ਪਿੱਛੇ ਖਿੱਚ ਲੈਣ। ਪਾਪੀ ਪੇਟ ਨੂੰ ਤਾਂ ਆਪਾਂ ਰਜਾ ਸਕਦੇ ਆਂ, ਫਿੱਟੀ ਨੀਅਤ ਨੂੰ ਕਿਹੜਾ ਰਜਾ ਸਕਦੇ ਆਂ। ਪਹਿਲਾਂ ਖਾਈ ਜਾਂਦੇ ਆਂ, ਖਾਈ ਜਾਂਦੇ ਆਂ, ਮੁੜ ਗੈਸ ਤੇ ਬਦਹਜ਼ਮੀ ਨਾਲ ਲਿਟਦੇ ਫਿਰਦੇ ਆਂ। ਘਰ ਕਿਹੜਾ ਚੂਰਨ ਨੀਂ ਰੱਖਿਆ ਹੋਇਆ? ਬਾਬਾ ਰਾਮਦੇਵ ਤੋਂ ਲੈ ਕੇ ਡਾਬਰ ਅਤੇ ਹਰਿਦੁਆਰ ਫਾਰਮੇਸੀ ਵਾਲਿਆਂ ਦਾ ਹਰੇਕ ਚੂਰਨ ਅਲਮਾਰੀ 'ਚ ਸਜਾ-ਸਜਾ ਰੱਖਿਆ ਹੋਇਆ। ਫੇਰ ਜੁਆਕ ਜੰਮਣ ਵਾਲੀ ਜ਼ਨਾਨੀ ਵਾਂਗ ਢਿੱਡ ਫੜੀ ਤੁਰੇ ਫਿਰਦੇ ਆਂ।”
ਆਪਣੀ ਪਤਨੀ ਦੀਆਂ ਗੱਲਾਂ ਸੁਣ ਕੇ ਅਸੀਂ ਬਾਬੂ ਟੀਟੂ ਸ਼ਾਹ ਨੂੰ ਕਹਿ ਦਿੱਤਾ: ‘‘ਬਾਬੂ ਜੀ, ਗੈਸ ਤੇ ਬਦਹਜ਼ਮੀ ਤਾਂ ਸਭ ਬੀਮਾਰੀਆਂ ਦੀਆਂ ਮਾਂ-ਮਾਸੀਆਂ ਨੇ। ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਬੀਮਾਰੀ ਨੀਂ। ਇਹ ਕਿਵੇਂ ਚੱਲੀ ਜਾਂਦੈ?”
ਬਹੁਤ ਹੀ ਸੜਿਆ ਜਿਹਾ ਡਕਾਰ ਮਾਰ ਕੇ ਬਾਬੂ ਟੀਟੂ ਮੱਲ ਕਹਿਣ ਲੱਗੇ : ‘‘ਬੰਧੂ, ਪ੍ਰਭੂ ਨੇ ਹਰ ਚੀਜ਼ ਖਾਣ ਲਈ ਬਣਾਈ ਐ। ਚੀਜ਼ ਹੈ ਤੇ ਮਿਲਦੀ ਵੀ ਹੋਵੇ ਤਾਂ ਖਾ ਲੈਣੀ ਚਾਹੀਦੀ। ਗੈਸ ਜਾਂ ਬਦਹਜ਼ਮੀ ਕੀ ਚੀਜ਼ ਹੁੰਦੀ ਹੈ? ਕਿਸ ਬਲਾ ਦਾ ਨਾਂਅ ਹੁੰਦੇ। ਭੋਰਾ ਕੁ ਚੂਰਨ ਖਾ ਲਓ ਤਾਂ ਗੈਸ ਇੰਜਣ ਦੀ ਸਟੀਮ ਵਾਂਗ ਬਾਹਰ ਭੱਜ ਤੁਰਦੀ ਐ। ਖਾਣਾ-ਪੀਣਾ ਮਨ ਕਾ ਚਾਊ। ਤੁਸੀਂ ਮੁਹਾਵਰਾ ਸੁਣਿਆ ਹੀ ਹੋਵੇਗਾ-‘ਦੱਬ ਕੇ ਕਮਾ, ਰੱਜ ਕੇ ਖਾ'।”
ਚੰਦਰੇ ਲੋਕ ਹੀ ਖਾਣ-ਪੀਣ ਤੋਂ ਪਰਹੇਜ਼ ਕਰਨ ਲਈ ਕਹਿੰਦੇ ਹੁੰਦੇ ਆ। ਸਾਡਾ ਤਾਂ ਵਤੀਰਾ ਤੇ ਸੋਚੋ ਹੀ ਇਹੋ ਹੈ : ਆਏ ਹੈਂ ਇਸ ਜਗਤ ਮੇਂ, ਕੁਛ ਖਾ ਕੇ ਜਾਏਂਗੇ। ਜਾਏਂਗੇ ਇਸ ਜਗਤ ਸੇ, ਕੁਛ ਖਾ ਕੇ ਜਾਏਂਗੇ। ਗੈਸਾਂ-ਫੈਸਾਂ ਦੀ ਪਰਵਾਹ ਨੀਂ ਕਰਨੀ ਚਾਹੀਦੀ। ਇਸੇ ਲਈ ਅਸੀਂ ਆਖਦੇ ਹਾਂ ਕਿ ਵੈਸੇ ਤਾਂ ਸਾਨੂੰ ਬੀਮਾਰੀ ਕੋਈ ਨੀਂ...।” ਆਖ ਉਹ ਜ਼ੋਰ-ਜ਼ੋਰ ਦੀ ਹੱਸਣ ਲੱਗ ਪਏ। ਤੁਸੀਂ ਤਾਂ ਸਿਆਣੇ-ਬਿਆਣੇ ਤੇ ਬੁੱਧੀਮਾਨ ਸ਼ਖਸ ਹੋ, ਹਾਲੇ ਵੀ ਤੁਸੀਂ ਕਹਿ ਸਕਦੇ ਹੋ ਕਿ ਬਾਬੂ ਟੀਟੂ ਮੱਲ ਨੂੰ ਵੈਸੇ ਤਾਂ ਕੋਈ ਬਿਮਾਰੀ ਨਹੀਂ ਹੈ।

Have something to say? Post your comment