ਵੈਲਿੰਗਟਨ, 6 ਮਈ (ਪੋਸਟ ਬਿਊਰੋ)- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਹਨ ਕਾਫੀ ਸਮੇਂ ਤੋਂ ਆਪਣੇ ਦੋਸਤ ਨਾਲ ਲਿਵਿੰਗ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਹੈ। ਇਸ ਬਾਰੇ ਲੋਕਾਂ ਤੇ ਕੌਮਾਂਤਰੀ ਮੀਡੀਆ ਵਿੱਚ ਕਈ ਅਟਕਲਾਂ ਜ਼ੋਰ ਫੜ ਰਹੀਆਂ ਸਨ ਕਿ ਦੋਵੇਂ ਜਣੇ ਕਦੋਂ ਵਿਆਹ ਕਰਾਉਣਗੇ। ਆਖਰ ਜੇਸਿੰਡਾ ਨੇ ਆਪਣੇ ਪ੍ਰੇਮੀ ਕਲਾਰਕ ਗੇਫੋਰਡ ਨਾਲ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਹੈ।
ਜੇਸਿੰਡਾ ਨੇ ਕਿਹਾ ਕਿ ਉਹ ਅਗਲੀਆਂ ਗਰਮੀਆਂ ਵਿੱਚ ਵਿਆਹ ਕਰਾਏਗੀ। ਇਹ ਗੱਲ ਉਨ੍ਹਾਂ ਇੱਕ ਇੰਟਰਵਿਊ ਮੌਕੇ ਦੱਸੀ, ਪਰ ਵਿਆਹ ਲਈ ਤਰੀਕ ਨਹੀਂ ਦੱਸੀ। ਜੇਸਿੰਡਾ ਅਰਡਰਨ ਆਪਣੇ ਪ੍ਰੇਮੀ ਨਾਲ ਪਹਿਲਾਂ ਤੋਂ ਰਹਿ ਰਹੀ ਹੈ। ਉਨ੍ਹਾਂ ਦੀ ਇੱਕ ਸਾਲ ਦੀ ਬੱਚੀ ਨੀਵ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਵਿਆਹ ਗਰਮੀ ਦੇ ਮੌਸਮ ਵਿੱਚ ਕਰਵਾਉਣ ਦੀ ਗੱਲ ਕਹੀ ਹੈ। ਨਾਰਥ ਪੋਲ ਵਿੱਚ ਗਰਮੀ ਦਾ ਮੌਸਮ ਦਸੰਬਰ ਤੋਂ ਫਰਵਰੀ ਵਿਚਾਲੇ ਦਾ ਹੈ। ਇਸ ਹਾਲਤ ਵਿੱਚ ਇਨ੍ਹਾਂ ਮਹੀਨਿਆਂ ਦੌਰਾਨ ਉਨ੍ਹਾਂ ਦਾ ਵਿਆਹ ਹੋਵੇਗਾ। ਪ੍ਰਧਾਨ ਮੰਤਰੀ ਜੇਸਿੰਡਾ ਤੇ ਕਲਾਰਕ ਗੇਫੋਰਡ ਲੰਬੇ ਸਮੇਂ ਤੱਕ ਦੋਸਤ ਰਹੇ ਹਨ। ਦੋ ਸਾਲ ਪਹਿਲਾਂ ਜੇਸਿੰਡਾ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਦੋਸਤ ਗੇਫੋਰਡ ਨਾਲ ਪਾਰਟਨਰ ਵਜੋਂ ਰਹੇਗੀ।
ਗੇਫੋਰਡ ਟੀ ਵੀ ਉਤੇ ਸ਼ੋਅ ਹੋਸਟ ਕਰਦੇ ਸਨ। ਉਹ ਫਿਸ਼ਿੰਗ ਸ਼ੋਅ ਦੇ ਪ੍ਰੈਜ਼ੈਂਟਰ ਰਹੇ ਹਨ। ਉਨ੍ਹਾਂ ਨੇ ਆਪਣੀ ਬੱਚੀ ਦੀ ਦੇਖਭਾਲ ਕਰਨ ਦਾ ਫੈਸਲਾ ਕੀਤਾ ਹੈ। ਜੇਸਿੰਡਾ ਦੂਸਰੀ ਅਜਿਹੀ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨੇ ਆਪਣੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਬੱਚੀ ਨੂੰ ਜਨਮ ਦਿੱਤਾ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਬੇਨਜ਼ੀਰ ਭੁੱਟੋ ਨੇ ਵੀ ਪ੍ਰਧਾਨ ਮੰਤਰੀ ਹੋਣ ਦੌਰਾਨ ਦੂਸਰੇ ਬੇਟੇ ਨੂੰ ਜਨਮ ਦਿੱਤਾ ਸੀ।